ਹੁਣ ਕੁਦਰਤ
ਸਾਡਾ ਇਮਤਿਹਾਨ ਲੈ ਰਹੀ ਹੈ
ਤੇ ਕਾਦਰ ਤਕ ਰਿਹਾ
ਬੰਦੇ ਦੀ ਬੇਵਸੀ ਨੂੰ।
ਉਸੇ ਬੰਦੇ ਨੂੰ
ਜੋ ਰੱਬ ਦਾ ਸਿਰਜਣਹਾਰਾ
ਕਾਇਨਾਤ ਦਾ ਮਹਾਂਭੇਤੀ
ਵਿਗਿਆਨ ਦਾ ਹੰਕਾਰੀ
ਕਹਾਉਂਦਾ ਸੀ ਬੁੱਧੀਮਾਨ
ਆਪਣੇ ਆਪ ਨੂੰ।
ਇਕ ਨਿੱਕੇ ਜਿਹੇ
ਅਣਦਿੱਸਦੇ ਜੀਵਾਣੂੰ ਨੇ
ਉਸਦੇ ਹੰਕਾਰ ਨੂੰ ਵੰਗਾਰਿਆ
ਤੇ ਘਰਾਂ ‘ਚ ਬੰਦ
ਰਹਿਣ ਲਈ ਕਰ ਦਿੱਤਾ ਮਜਬੂਰ।
ਕਿੱਥੇ ਗਏ ਉਹਦੇ ਹੁਣ
ਉਹ ਟੂਣੇ-ਟਾਮਣ
ਜੋਤਿਸ਼ ਦੀਆਂ ਮਹਾਂ-ਪੋਥੀਆਂ
ਵਿਗਿਆਨ ਦੇ ਦਾਅਵੇ
ਕਾਇਨਾਤ ਨੂੰ ਮੁੱਠੀ ‘ਚ
ਬੰਦ ਕਰਨ ਦੇ ਸੁਪਨੇ
ਅਤੇ ਥਾਂ ਥਾਂ ‘ਤੇ
ਸਿਰਜੇ ਹੋਏ ਰੱਬ।
ਬਾਹਰ ਪੰਛੀ ਚਹਿਕਦੇ
ਟਿਮਟਿਮਾਉਂਦੇ ਹੋਏ ਤਾਰੇ
ਸ਼ਬਨਮ ਭਿੱਜੇ ਟਹਿਕਦੇ ਫੁੱਲ
ਸ਼ਾਇਦ ਕਹਿ ਰਹੇ ਨੇ
ਹੁਣ ਵੀ ਬੰਦਾ ਬਣ
ਕਾਦਰ ਦੀ ਕੁਦਰਤ ਨਾਲ
ਬੰਦ ਕਰ ਕਰਨੀਆਂ ਛੇੜਖਾਨੀਆਂ
ਧਰਤ ਨੂੰ ਜ਼ਹਿਰੀ ਨਾ ਬਣਾ
ਨਾ ਧੁਆਂਖ ਪੌਣਾਂ ਨੂੰ
ਪਾਣੀਆਂ ਨੂੰ ਕਰ ਨਾ ਵਿਸ਼ੈਲਾ
ਰੁੱਖਾਂ ਸੰਗ ਦੋਸਤੀਆਂ ਪਾ।
ਹੁਣ ਵੀ ਜੇ ਬੰਦੇ ਨੇ
ਇਹ ਸਬਕ ਨਾ ਵਾਚਿਆ
ਤਾਂ ਉਹਦੇ ਸਾਹਾਂ ਦਾ
ਸੱਚ ਜਾਣਿਓ
ਕੋਈ ਸਹਾਈ ਨਹੀਂ ਹੋਣਾ।
ਰਵਿੰਦਰ ਭੱਠਲ (ਮੋ: 98780-11557)