17 C
United Kingdom
Sunday, June 21, 2026

More

    ਆਜ਼ਾਦੀ, ਬਰਬਾਦੀ ਤੇ ਆਬਾਦਕਾਰ!

    ਬਾਪੂ ਗੁਰਦੀਪ ਸਿੰਘ ਅਣਖੀ ਜੀ ਨਾਲ ਲੇਖਕ ਇੰਦਰਜੀਤ ਚੁਗਾਵਾਂ


    -ਇੰਦਰਜੀਤ ਚੁਗਾਵਾਂ
    ਬਾਪੂ ਗੁਰਦੀਪ ਸਿੰਘ ‘ਅਣਖੀ’ ਇੱਕ ਸਹਿਜ ਸੁਭਾਅ ਦੇ ਮਾਲਕ ਹਨ। ਨਿੱਕੇ ਨਿੱਕੇ ਮਜ਼ਾਕ ਕਰਨਾ, ਹਮੇਸ਼ਾ ਮੁਸਕਰਾਉਂਦੇ ਰਹਿਣਾ, ਹਾਲਾਤ ਨੂੰ ਸਮਝਦਿਆਂ ਚੱਲਣਾ ਉਨ੍ਹਾ ਨੂੰ ਆਉਂਦੈ। ਉਨ੍ਹਾ ਕੋਲ ਸਮੇਂ ਮੁਤਾਬਕ ਆਪਣੀ ਗੱਲ ਕਹਿਣ ਦਾ ਹੁਨਰ ਹੈ। ਉਮਰ ਦਾ ਨੌਵਾਂ ਦਹਾਕਾ ਪੂਰਾ ਕਰਨ ਵੱਲ ਵਧ ਰਹੇ ਬਾਪੂ ਅਣਖੀ ਦੀ ਯਾਦਾਸ਼ਤ ਕਮਾਲ ਦੀ ਹੈ। ਇਕੱਲਾ ਇਕੱਲਾ ਉਹ ਪਿੰਡ ਜੋ ਭਾਵੇਂ ਉਨ੍ਹਾ ਗਾਹਿਆ ਸੀ ਜਾਂ ਉਨ੍ਹਾ ਦੇ ਦੂਸਰੇ ਯੁੱਧਸਾਥੀਆਂ ਨੇ, ਉਨ੍ਹਾ ਨੂੰ ਚੰਗੀ ਤਰ੍ਹਾਂ ਯਾਦ ਹੈ ਤੇ ਜਥਿਆਂ ‘ਚ ਸ਼ਾਮਲ ਲਗਪਗ ਸਭਨਾਂ ਸਾਥੀਆਂ ਦੇ ਨਾਂਅ ਵੀ ਯਾਦ ਹਨ। ਉਹ ਜਿੱਥੇ ਵੀ ਹੁੰਦੇ ਹਨ, ਜਥਾ ਬਣਾ ਲੈਂਦੇ ਹਨ।
    ਉਨ੍ਹਾ ਨਾਲ ਗਲਬਾਤ ਦੌਰਾਨ ਜਦ ਆਬਾਦਕਾਰਾਂ ਦਾ ਜਿਕਰ ਆਇਆ ਤਾਂ ਇਕ ਸ਼ਾਨਦਾਰ ਵਿਰਾਸਤ ਸਾਹਮਣੇ ਆਈ ਤੇ ਇਸ ਵਿਰਾਸਤ ਦੀ ਗਾਥਾ ਉਹ ਬੜੇ ਮਾਣ ਨਾਲ ਦੱਸਦੇ ਹਨ। ਜਦ ਉਹ ਯਾਦਾਂ ਦੀ ਪਟਾਰੀ ਖੋਲ੍ਹ ਰਹੇ ਸਨ ਤਾਂ ਮਹਾਨ ਸ਼ਾਇਰ ਪ੍ਰੋ ਮੋਹਨ ਸਿੰਘ ਹੁਰਾਂ ਦੀ ਕਵਿਤਾ ਵਾਰ ਵਾਰ ਜ਼ਿਹਨ ‘ਚ ਆ ਰਹੀ ਸੀ;
    ਦੋ ਟੋਟਿਆਂ ਦੇ ਵਿਚ ਭੋਂ ਟੁੱਟੀ
    ਇਕ ਮਹਿਲਾਂ ਦਾ ਇਕ ਢੋਕਾਂ ਦਾ

    ਦੋ ਧੜਿਆਂ ਵਿਚ ਖਲਕਤ ਵੰਡੀ
    ਇਕ ਲੋਕਾਂ ਦਾ ਇਕ ਜੋਕਾਂ ਦਾ ।

    ਉਹਨਾਂ ਨੂੰ ਯਾਦ ਹੈ ਕਿ ਮੰਡ ਦੇ ਆਬਾਦਕਾਰ ਕਿਸ ਤਰ੍ਹਾਂ ਮੁੱਢ ਤੋਂ ਹੀ ਹਕੂਮਤਾਂ, ਅਫਸਰਸ਼ਾਹੀ ਤੇ ਸਰਕਾਰੀ ਤੰਤਰ ਦੀ ਸ਼ਹਿ ਪ੍ਰਾਪਤ ਗੁੰਡਾ ਅਨਸਰਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ ਰਹੇ ਹਨ ਤੇ ਇਸ ਧੱਕੇ ਵਿਰੁੱਧ ਲੜਦੇ ਵੀ ਰਹੇ ਹਨ। ਬਹੁਤ ਦੁਖੀ ਮਨ ਨਾਲ ਬਾਪੂ ਅਣਖੀ ਨੇ ਕਿਹਾ,” ਸਾਡੇ ਭਗਤ, ਸਰਾਭਿਆਂ, ਸਾਡੇ ਗਦਰੀ ਬਾਬਿਆਂ ਇਹੋ ਜਿਹੇ ਹਿੰਦੁਸਤਾਨ ਦਾ ਸੁਪਨਾ ਤਾਂ ਨਹੀਂ ਸੀ ਲਿਆ। ਉਹ ਤਾਂ ਚਾਹੁੰਦੇ ਸਨ ਇਕ ਅਜਿਹਾ ਹਿੰਦੁਸਤਾਨ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਜਿੱਥੇ ਧਰਮ ਲੋਕਾਂ ਨੂੰ ਪਾੜਨ ਦਾ ਜਰੀਆ ਨਾ ਬਣੇ, ਜਿੱਥੇ ਮਜ਼ਦੂਰ-ਕਿਸਾਨ ਦੇ ਪਸੀਨੇ ਦਾ ਸਹੀ ਮੁੱਲ ਪਵੇ। ਜਿਵੇਂ ਦਸਮ ਗ੍ਰੰਥ ‘ਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ;
    ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ।।
    ਤੇ ਗੁਰੂ ਅਰਜਨ ਦੇਵ ਜੀ ਨੇ ਵੀ ਲਿਖਿਐ;
    ਸਭੈ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
    ਦੇਸ਼ ਭਗਤਾਂ ਦਾ ਇਹ ਸੁਪਨਾ ਹਕੀਕਤ ‘ਚ ਬਦਲ ਨਹੀਂ ਸਕਿਆ, ਜਾਂ ਇਹ ਕਹਿ ਲਵੋ ਕਿ ਅਸੀਂ ਇਸ ਸੁਪਨੇ ਨੂੰ ਹਕੀਕਤ ‘ਚ ਬਦਲ ਨਹੀਂ ਸਕੇ। ਇਹ ਹੁਣ ਤੁਹਾਡਾ ਕੰਮ ਐ, ਸਾਡੀ ਸੰਤਾਨ ਦਾ। ਤੁਸੀਂ ਇਸ ਸੁਪਨੇ ਨੂੰ ਬਦਲੋ ਹਕੀਕਤ ‘ਚ !”
    ਬਾਪੂ ਅਣਖੀ ਚੁੱਪ ਹੋ ਗਏ । ਮੈਂ ਡੂੰਘੀਆਂ ਸੋਚਾਂ ‘ਚ ਉਤਰ ਗਿਆ ਕਿ ਨੁਕਸ ਕਿੱਥੇ ਹੈ ਤੇ ਸੀ, ਜਿਸ ਲਹਿਰ ਵੱਲ ਲੋਕ ਬਹੁਤ ਆਸ ਲਾ ਕੇ ਦੇਖਿਆ ਕਰਦੇ ਸਨ, ਉਸ ਨੂੰ ਗੈਰਪ੍ਸੰਗਿਕਤਾ ਦੀ ਹੱਦ ਤੱਕ ਧੱਕਣ ਲਈ ਟਿੱਲ ਲਾਉਣ ਵਾਲੇ ਕੌਣ ਹਨ ?
    ਮੇਰੀਆਂ ਸੋਚਾਂ ਦੀ ਲੜੀ ਬਾਪੂ ਦੇ ਖੰਘੂਰੇ ਨਾਲ ਟੁੱਟੀ। ਉਹ ਬੋਲਣ ਲੱਗੇ, ” ਬਰਤਾਨੀਆ ਤੋਂ ਮੁਕਤੀ ਤਾਂ ਮਿਲ ਗਈ, ਸਾਮਰਾਜ ਫਿਰ ਬੂਹੇ ਮੱਲੀ ਬੈਠਾ ਹੈ, ਜੇ ਕੁੱਝ ਬਦਲਿਆ ਹੈ ਤਾਂ ਇਹ ਕਿ ਟੋਪ ਦੀ ਥਾਂ ਟੋਪੀ ਨੇ ਲੈ ਲਈ ਹੈ। ਆਬਾਦਕਾਰਾਂ ਨਾਲ ਉਦੋਂ ਵੀ ਧੱਕਾ ਹੁੰਦਾ ਸੀ, ਅੱਜ ਵੀ ਧੱਕਾ ਹੋ ਰਿਹੈ। ਵੰਡ ਤੋਂ ਬਾਅਦ ਵੀ ਆਬਾਦਕਾਰਾਂ ਦੀ ਰਾਖੀ ਲਈ ਕਮਿਊਨਿਸਟ ਆਏ ਸਨ, ਹੁਣ ਵੀ ਉਹੋ ਈ ਢਾਲ ਬਣੇ ਹੋਏ ਹਨ। ਕਾਕਾ, ਜਿੰਨੀ ਮਿਹਨਤ ਮੰਡ ਨੂੰ ਆਬਾਦ ਕਰਨ ਲਈ ਇਨ੍ਹਾਂ ਆਬਾਦਕਾਰਾਂ ਨੇ ਕੀਤੀ ਹੈ ਉਸ ਦਾ ਮੁੱਲ ਤਾਂ ਕੋਈ ਤਾਰ ਈ ਨਹੀਂ ਸਕਦਾ। ਕਾਹੀ, ਕਾਨ੍ਹੇ ਪੁੱਟ ਕੇ, ਜ਼ਹਿਰੀਲੇ ਸੱਪਾਂ ਤੇ ਹੋਰ ਖਤਰਨਾਕ ਜਾਨਵਰਾਂ ਨਾਲ ਆਹਢਾ ਲੈ ਕੇ ਜ਼ਮੀਨ ਨੂੰ ਵਾਹੀਯੋਗ ਬਣਾਉਣਾ ਕੋਈ ਖੇਡ ਨਹੀਂ ਸੀ। ਏਨਾ ਝੱਲ ਮੱਲਿਆ ਪਿਆ ਸੀ ਕਿ ਬੰਦਾ ਤਾਂ ਕੀ, ਹਾਥੀ ਵੀ ਨਜ਼ਰ ਨਾ ਆਵੇ।
    ਫਿਲੌਰ ਸ਼ਹਿਰ ਦੇ ਨਾਲ ਲਗਦੇ ਮੰਡ ਦੀ ਚਾਰ ਪੰਜ ਪਿੰਡਾਂ ਦੀ ਸੱਤ ਸੌ ਏਕੜ ਜ਼ਮੀਨ ਦਰਿਆਈ ਬੰਨ੍ਹ ਤੋਂ ਬਾਹਰ ਸੀ। ਕੋਈ ਸੜਕ ਨਹੀਂ, ਆਉਣ ਜਾਣ ਬਹੁਤ ਮੁਸ਼ਕਲ ਸੀ। ਗਰੀਬ ਆਬਾਦਕਾਰ ਆਪਣੀ ਜ਼ਮੀਨ ‘ਚ ਕਾਹੀ-ਕਾਨਿਆਂ ਦੇ ਛੱਪਰ ਬਣਾ ਕੇ ਰਹਿੰਦੇ ਸਨ। ਨਾ ਬੱਚਿਆਂ ਦੀ ਪੜ੍ਹਾਈ ਲਈ ਕੋਈ ਸਕੂਲ, ਨਾ ਕੋਈ ਡਾਕਟਰ। ਦਵਾ ਦਾਰੂ ਲਈ, ਇਥੋਂ ਤੱਕ ਕਿ ਸੌਦਾ ਪੱਤਾ ਲੈਣ ਲਈ ਵੀ ਮੀਲਾਂ ਦਾ ਸਫਰ ਕਰਨਾ ਪੈਂਦਾ। ਬਹੁਤ ਤਰਸਯੋਗ ਹਾਲਤ ਸੀ ਉਨ੍ਹਾਂ ਸਮਿਆਂ ‘ਚ ਆਬਾਦਕਾਰਾਂ ਦੀ।
    ਵੰਡ ਤੋਂ ਬਾਅਦ ਇਨ੍ਹਾਂ ਇਹ ਸੋਚ ਕੇ ਮਿਹਨਤ ਕੀਤੀ ਕਿ ਹੁਣ ਕਾਹਦਾ ਡਰ ! ਅਸੀਂ ਆਜ਼ਾਦ ਆਂ, ਸਰਕਾਰ ਸਾਡੀ ਆਪਣੀ ਐਂ। ਜ਼ਮੀਨ ਵਿਹਲੀ ਪਈ ਐ, ਪੱਧਰੀ ਕਰਕੇ ਚਾਰ ਸਿਆੜ ਮੱਕੀ ਬਾਜਰਾ ਬੀਜ ਲਵਾਂਗੇ ਬੱਚਿਆਂ ਦਾ ਪੇਟ ਪਾਲਣ ਲਈ। ਪਰ ਇਨ੍ਹਾਂ ਦਾ ਭਰਮ ਛੇਤੀਂ ਹੀ ਟੁੱਟ ਗਿਆ।”
    ਲੜੀ ਜੋੜਦਿਆਂ ਬਾਪੂ ਅਣਖੀ ਦੱਸਣ ਲੱਗੇ, ” ਇਨ੍ਹਾਂ ਆਬਾਦਕਾਰਾਂ ਦੀਆਂ ਮੁਸ਼ਕਲਾਂ, ਤਕਲੀਫਾਂ ਕਮਿਊਨਿਸਟ ਪਾਰਟੀ ਕੋਲ ਪੁੱਜ ਰਹੀਆਂ ਸਨ। ਜਨਵਰੀ 1968 ‘ਚ ਇਨ੍ਹਾਂ ਨੂੰ ਜਥੇਬੰਦ ਕਰਨ ਦਾ ਮੁੱਢ ਬੱਝਾ ਜਦ ਸੀਪੀਆਈ ਐਮ ਦੀ ਫਿਲੌਰ ਤਹਿਸੀਲ ਦਾ ਪਹਿਲਾ ਅਜਲਾਸ ਪਿੰਡ ਰਾਮਗੜ੍ਹ ‘ਚ ਹੋਇਆ। ਤਾਰਾ ਸਿੰਘ ਪੁਆਦੜਾ ਸਰਬ ਸੰਮਤੀ ਨਾਲ ਇਸ ਤਹਿਸੀਲ ਕਮੇਟੀ ਦੇ ਸਕੱਤਰ ਚੁਣੇ ਗਏ ਸਨ ਤੇ ਬਖਤੌਰ ਸਿੰਘ ਬੜਾ ਪਿੰਡ, ਸਰਵਣ ਸਿੰਘ ਚੀਮਾ, ਕਰਤਾਰ ਸਿੰਘ ਦੁਸਾਂਝ, ਠਾਕਰ ਦਾਸ ਦਿਧਰਾ, ਮਹਿੰਦਰ ਸਿੰਘ ਜੌਹਲ, ਜੁਗਿੰਦਰ ਸਿੰਘ ਪੁਆਦੜਾ, ਮਿਹਰ ਸਿੰਘ ਬੜਾ ਪਿੰਡ ਤੇ ਮੈਂ ਖੁਦ( ਗੁਰਦੀਪ ਸਿੰਘ ਅਣਖੀ) ਕਮੇਟੀ ਮੈਂਬਰ ਚੁਣੇ ਗਏ ਸਨ। ਇਸ ਕਮੇਟੀ ਦੀ ਪਹਿਲੀ ਮੀਟਿੰਗ ‘ਚ ਫੈਸਲਾ ਹੋਇਆ ਕਿ ਤਹਿਸੀਲ ਫਿਲੌਰ ਦੇ ਦਰਿਆ (ਸਤਲੁਜ) ਨਾਲ ਲਗਦੇ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਮੰਡ ਦੀ ਜ਼ਮੀਨ ਨੂੰ ਆਬਾਦ ਕਰਨ ਵਾਲੇ ਗਰੀਬ ਖੇਤ ਮਜ਼ਦੂਰਾਂ, ਕਿਸਾਨਾਂ ਨੂੰ ਕਿਸਾਨ ਸਭਾ ਦੇ ਝੰਡੇ ਹੇਠ ਜਥੇਬੰਦ ਕਰਕੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਦੇ ਜਥੇਬੰਦਕ ਹੱਲ ਲਈ ਤਿਆਰ ਕੀਤਾ ਜਾਵੇ। ਇਕੱਲਾ ਬੰਦਾ ਹਮੇਸ਼ਾ ਮਾਰ ਈ ਖਾਂਦੈ। ਜਥੇਬੰਦੀ ਤੋਂ ਬਿਨਾਂ ਕਿਸੇ ਵੀ ਥਾਂ ਰਿਹਾ ਨਹੀਂ ਜਾ ਸਕਦਾ। ਸਾਡਾ ਮਕਸਦ ਸੀ ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਲਈ ਇੱਕ ਜੁਝਾਰੂ ਜਥੇਬੰਦੀ ਉਸਾਰਨਾ। ਕਾਮਰੇਡ ਸਰਵਣ ਸਿੰਘ ਚੀਮਾ ਨੂੰ ਏਸ ਫਰੰਟ ਦਾ ਇਨਚਾਰਜ ਬਣਾਇਆ ਗਿਆ। ਇਸ ਦੇ ਨਾਲ ਈ ਸਨਅਤੀ ਮਜ਼ਦੂਰਾਂ ਨੂੰ ਵੀ ਜਥੇਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ। ਉਨ੍ਹੀਂ ਦਿਨੀਂ ਲਾਂਡਰਾ ਟੋਕਾ ਫੈਕਟਰੀ ‘ਚ ਹੜਤਾਲ ਚਲ ਰਹੀ ਸੀ, ਜੋ 66 ਦਿਨ ਚੱਲੀ ਸੀ। ਇਸ ਫੈਕਟਰੀ ਦਾ ਮਾਮਲਾ ਲੇਬਰ ਕੋਰਟ ‘ਚ ਚਲਾ ਗਿਆ ਜਿਸ ਦੀ ਪੈਰਵੀ ਦੀ ਡਿਊਟੀ ਕਾਮਰੇਡ ਠਾਕਰ ਦਾਸ ਦੀ ਲਗਾਈ ਗਈ ਸੀ। ਮਜ਼ਦੂਰਾਂ ਨਾਲ ਰਾਬਤਾ ਕਾਇਮ ਰੱਖਣ ਲਈ ਇਹ ਫੈਸਲਾ ਕੀਤਾ ਗਿਆ ਕਿ ਫੈਕਟਰੀ ਅੱਗੇ ਨੂਰ ਮਹਿਲ ਰੋਡ ‘ਤੇ ਸ਼ਿਵ ਦਿਆਲ ਲਾਂਦੜਾ ਦੀ ਫੈਕਟਰੀ ਦੇ ਸਾਹਮਣੇ ਚਾਹ ਦੀ ਦੁਕਾਨ ਖੋਲ੍ਹ ਕੇ ਉਸ ਤੋਂ ਪਾਰਟੀ ਦਫਤਰ ਦਾ ਕੰਮ ਲਿਆ ਜਾਵੇ।
    ਇਹ ਦੁਕਾਨ ਖੋਲ੍ਹਣ ਦੀ ਜ਼ਿੰਮੇਵਾਰੀ ਮੇਰੇ ( ਖੁਦ ਅਣਖੀ ਜੀ) ਸਿਰ ਪਾਈ ਗਈ। ਆਬਾਦਕਾਰਾਂ ਦੇ ਮਸਲੇ ‘ਤੇ ਜਿਲ੍ਹਾ ਪੱਧਰ ‘ਤੇ ਵੀ ਫੈਸਲਾ ਲਿਆ ਗਿਆ ਕਿ ਪੰਜਾਬ ਕਿਸਾਨ ਸਭਾ ਫਿਲੌਰ ਤੇ ਨਕੋਦਰ ਤਹਿਸੀਲ ‘ਚ ਸਤਲੁਜ ਦਰਿਆ ਦੇ ਮੰਡ ਦੇ ਆਬਾਦਕਾਰਾਂ ਨੂੰ ਜਥੇਬੰਦ ਕਰਨ ਲਈ ਉਚੇਚੀ ਮੁਹਿੰਮ ਚਲਾਵੇ।”
    ਦਰਅਸਲ ਮੰਡ ਦੀ ਇਸ ਜ਼ਮੀਨ ‘ਤੇ ਮੰਤਰੀਆਂ ਤੇ ਅਫਸਰਸ਼ਾਹੀ ਦੀ ਅੱਖ ਸੀ। ਆਬਾਦ ਹੋਈ ਜ਼ਮੀਨ ਉਹ ਵਿੰਗੇ ਟੇਢੇ ਢੰਗ ਨਾਲ ਹਾਸਲ ਕਰਨਾ ਚਾਹੁੰਦੇ ਸਨ । ( ਹਾਲਾਤ ਅੱਜ ਵੀ ਉਹੀ ਹਨ।) ਇਸ ਮਕਸਦ ਦੀ ਪ੍ਰਾਪਤੀ ਲਈ ਉਨ੍ਹਾਂ ਗੁੰਡਾ ਅਨਸਰਾਂ ਨੂੰ ਪੂਰੀ ਖੁੱਲ੍ਹ ਦੇ ਰੱਖੀ ਸੀ। ਇਹ ਗੁੰਡਾ ਅਨਸਰ ਹਰ ਸਮੇਂ ਆਬਾਦਕਾਰਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ। ਉਨ੍ਹਾਂ ਦੀਆਂ ਕੁੱਲੀਆਂ ਢਾਅ ਦਿੰਦੇ ਜਾਂ ਅੱਗ ਲਾ ਦਿੰਦੇ। ਆਬਾਦਕਾਰ ਪੁਲਸ ਕੋਲ ਸ਼ਿਕਾਇਤ ਕਰਦੇ ਪਰ ਕੋਈ ਸੁਣਵਾਈ ਨਾ ਹੁੰਦੀ। ਉਲਟਾ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ। ਆਬਾਦ ਕੀਤੀਆਂ ਜ਼ਮੀਨਾਂ ਸਰਕਾਰੀ ਆਖ ਕੇ ਉਥੋਂ ਭਲੀਭਾਂਤ ਹਟ ਜਾਣ ਦੀਆਂ ਸਮਝੌਣੀਆਂ ਦਿੱਤੀਆਂ ਜਾਂਦੀਆਂ। ਅਜਿਹੇ ਮੌਕੇ ਇਨ੍ਹਾਂ ਭਾਈ ਲਾਲੋਆਂ ਦੀ ਬਾਂਹ ਫੜਨੀ ਬੇਹੱਦ ਜਰੂਰੀ ਸੀ ਤੇ ਇਹ ਕੰਮ ਬਾਬਾ ਨਾਨਕ ਦੇ ਵਾਰਿਸ ਹੀ ਕਰ ਸਕਦੇ ਸਨ। ਇਸ ਲਈ ਇਹ ਜਿੰਮੇਵਾਰੀ ਕਬੂਲਦਿਆਂ ਸੀ ਪੀ ਆਈ ਐਮ ਦੀ ਅਗਵਾਈ ਵਾਲੀ ਪੰਜਾਬ ਕਿਸਾਨ ਸਭਾ ਨੇ ਝੰਡਾ ਚੁੱਕਿਆ। ਫੈਸਲਾ ਲਿਆ ਗਿਆ ਕਿ ਸਰਕਾਰ, ਅਫਸਰਸ਼ਾਹੀ ਤੇ ਗੁੰਡਾ ਅਨਸਰਾਂ ਦੀ ਧੱਕੇਸ਼ਾਹੀ ਦੇ ਟਾਕਰੇ ਲਈ ਆਬਾਦਕਾਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ, ਕੁੱਲੀਆਂ ਤੱਕ ਜਾ ਕੇ ਉਨਾਂ ਨਾਲ ਨੇੜਲੇ ਸੰਬੰਧ ਬਣਾਕੇ, ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੇੜਿਉਂ ਹੋ ਕੇ ਸਮਝਿਆ ਜਾਵੇ। ਫਿਰ ਉਨ੍ਹਾਂ ਦੀਆਂ ਮੰਗਾਂ ਦਾ ਚਾਰਟਰ ਤਿਆਰ ਕਰਕੇ ਇੱਕ ਕਾਨਫਰੰਸ ਕੀਤੀ ਜਾਵੇ ਤੇ ਲਾਮਬੰਦੀ ਦੌਰਾਨ ਉਨ੍ਹਾਂ ਵਿੱਚੋਂ ਨਵੀਂ ਲੀਡਰਸ਼ਿਪ ਉਭਾਰੀ ਜਾਵੇ।
    ਬਾਪੂ ਅਣਖੀ ਦੱਸਦੇ ਹਨ, ” ਕਾਮਰੇਡ ਚੀਮਾ ਦੀ ਰਹਿਨੁਮਾਈ ਹੇਠ ਆਬਾਦਕਾਰਾਂ ਦੀ ਲਾਮਬੰਦੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ। ਮੰਡ ‘ਚ ਥਾਂ ਥਾਂ ਜਥੇ ਆਬਾਦਕਾਰਾਂ ਦੀਆਂ ਕੁੱਲੀਆਂ ਤੱਕ ਪਹੁੰਚ ਕਰਨ ਲੱਗੇ। ਕਿਸਾਨ ਸਭਾ ਨੇ ਜੋ ਨਾਅਰੇ ਆਬਾਦਕਾਰਾਂ ਨੂੰ ਜਥੇਬੰਦ ਕਰਨ ਲਈ ਘੜੇ ਸਨ, ਉਹ ਆਪਣਾ ਰੰਗ ਦਿਖਾ ਰਹੇ ਸਨ; ਵਾਹੀਆਂ ਜ਼ਮੀਨਾਂ ਨਹੀਂ ਛੱਡਾਂਗੇ, ਆਬਾਦਕਾਰਾਂ ਦੇ ਹੱਕਾਂ ਦੀ ਰਾਖੀ ਅਸੀਂ ਕਰਾਂਗੇ, ਸਰਕਾਰੀ ਧੱਕੇਸ਼ਾਹੀ ਮੁਰਦਾਬਾਦ, ਗੁੰਡਾਗਰਦੀ ਮੁਰਦਾਬਾਦ, ਪੰਜਾਬ ਕਿਸਾਨ ਸਭਾ ਜ਼ਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਲਾਲ ਝੰਡਾ ਉੱਚਾ ਹੋ ! ਇਹ ਉਹ ਨਾਅਰੇ ਸਨ ਜੋ ਆਬਾਦਕਾਰਾਂ ਨਾਲ ਨੇੜਿਓਂ ਜੁੜੇ ਹੋਏ ਸਨ, ਸਿੱਟੇ ਵਜੋਂ ਉਹ ਕਿਸਾਨ ਸਭਾ ਵੱਲ ਖਿੱਚੇ ਚਲੇ ਆ ਰਹੇ ਸਨ। ਜਿਲ੍ਹਾ ਕਮੇਟੀ ਦੇ ਫੈਸਲੇ ਅਨੁਸਾਰ ਦੋ ਜਥੇ ਆਬਾਦਕਾਰਾਂ ਦੀ ਕਿਸਾਨ ਸਭਾ ‘ਚ ਭਰਤੀ ਲਈ ਹਰ ਕੁੱਲੀ ਤੱਕ ਪਹੁੰਚ ਕਰਨ ਤੁਰ ਪਏ। ਇੱਕ ਜਥਾ ਕਾਮਰੇਡ ਤਾਰਾ ਸਿੰਘ ਪੁਆਦੜਾ ਦੀ ਅਗਵਾਈ ਹੇਠ ਤੁਰਿਆ ਜਿਸ ਵਿੱਚ ਬਾਬਾ ਭੋਲਾ ਸਿੰਘ ਚੀਮਾ, ਤਲਵਣ, ਉੱਪਲ ਭੂਪਾ, ਸੰਗੋਵਾਲ ਤੇ ਬਿਲਗਾ ਦੇ ਸਾਥੀ ਸ਼ਾਮਲ ਸਨ। ਇਸ ਜਥੇ ਨੇ ਤਲਵਣ, ਗਦਰੇ, ਭੋਡੇ, ਸੰਗੋਵਾਲ, ਕੁੱਲੀਆਂ ਟਹਿਲ ਸਿੰਘ, ਮੌ ਸਾਹਿਬ, ਮੀਓਂਵਾਲ, ਆਲੋਵਾਲ, ਭੋਲੇਵਾਲ, ਰਾਮਗੜ੍ਹ, ਨੰਗਲ, ਗੰਨਾ ਪਿੰਡ ਆਦਿ ‘ਚ ਪਹੁੰਚ ਕਰਕੇ ਆਬਾਦਕਾਰਾਂ ਨੂੰ ਕਿਸਾਨ ਸਭਾ ‘ਚ ਭਰਤੀ ਕੀਤਾ। ਥਾਂ ਥਾਂ ਮੀਟਿੰਗਾਂ ਕਰਕੇ ਉਨ੍ਹਾਂ ‘ਚ ਉਭਾਰ ਲਿਆਂਦਾ। ਜਿਸ ਪਿੰਡ ਜਥਾ ਰਾਤ ਠਹਿਰਦਾ, ਉਥੇ ਰਾਤ ਨੂੰ ਜਲਸਾ ਜਰੂਰ ਕੀਤਾ ਜਾਂਦਾ।
    ਫਿਲੌਰ ਵਾਲੇ ਜਥੇ ‘ਚ ਕਾਮਰੇਡ ਜੁਗਿੰਦਰ ਸਿੰਘ ਫਿਲੌਰ, ਬਖਤੌਰ ਸਿੰਘ ਬੜਾ ਪਿੰਡ, ਪਿਆਰਾ ਸਿੰਘ ਲਾਂਦੜਾ, ਮਹਿੰਦਰ ਸਿੰਘ ਜੌਹਲ, ਅਜੀਤ ਸਿੰਘ ਪੰਛੀ ਰਾਮਗੜ੍ਹ, ਚੂਨੀ ਲਾਲ ਅਸ਼ਾਹੂਰ, ਮਲਕੀਤ ਸਿੰਘ, ਜਸਵੰਤ ਸਿੰਘ ਬੁੱਕਣ, ਕਰਤਾਰ ਸਿੰਘ ਦੁਸਾਂਝ, ਸਰਵਣ ਸਿੰਘ ਚੀਮਾ, ਬਾਬਾ ਬੰਤਾ ਸਿੰਘ, ਬਾਬਾ ਢੇਰੂ ਰਾਮ ਤੇ ਕਈ ਹੋਰ ਸਾਥੀ ਸ਼ਾਮਲ ਸਨ।”

    ਬਾਪੂ ਅਣਖੀ ਅਨੁਸਾਰ ਇਸ ਜਥੇ ਨੇ ਪਹਿਲਾਂ ਪਾਰਟੀ ਹਮਦਰਦਾਂ ਨੂੰ ਲੈ ਕੇ ਫਿਲੌਰ ਦੇ ਪਿੰਡਾਂ ਗੜ੍ਹਾ, ਬੱਛੋਵਾਲ, ਸੈਫਾਬਾਦ, ਰਸੂਲਪੁਰ, ਚਾਣਚੱਕ ਆਦਿ ‘ਚ ਮਾਰਚ ਕੀਤਾ। ਰਾਤ ਨੂੰ ਫਿਲੌਰ ‘ਚ ਕਿਸਾਨਾਂ ਦੇ ਮੁਹੱਲੇ ਇੱਕ ਪ੍ਰਭਾਵਸ਼ਾਲੀ ਜਲਸਾ ਕੀਤਾ। ਦੂਸਰੇ ਦਿਨ ਇਹ ਜੱਥਾ ਫਿਲੌਰ ਕਿਲੇ ਦੇ ਨਾਲ ਲਗਦੇ ਬੰਨ੍ਹ ਰਾਹੀਂ ਮੰਡ ‘ਚ ਦਾਖਲ ਹੋਇਆ। ਮੰਡ ਦੇ ਆਬਾਦਕਾਰਾਂ ਨੂੰ ਜਥੇ ਦੀ ਆਮਦ ਬਾਰੇ ਪਹਿਲਾਂ ਹੀ ਖਬਰ ਸੀ। ਇਸ ਲਈ ਜਥੇ ਦੇ ਸੁਆਗਤ ਲਈ ਉਤਸ਼ਾਹ ਦੇਖਿਆਂ ਈ ਬਣਦਾ ਸੀ। ਬੱਚੇ, ਬੁੱਢੇ, ਬੀਬੀਆਂ ਸਭ ਨਾਅਰੇ ਲਾਉਂਦੇ ਜਥੇ ‘ਚ ਸ਼ਾਮਲ ਹੋ ਗਏ। ਇਹ ਉਤਸ਼ਾਹ ਇੱਕ ਇੱਕ ਕੁੱਲੀ ਤੱਕ ਕੀਤੀ ਗਈ ਪਹੁੰਚ ਦਾ ਨਤੀਜਾ ਸੀ। ਆਬਾਦਕਾਰਾਂ ਨੇ ਜਥੇ ਦੇ ਸੁਆਗਤ ‘ਚ ਕੋਈ ਕਸਰ ਬਾਕੀ ਨਾ ਛੱਡੀ। ਉਹ ਨਾਅਰੇ ਮਾਰਦੇ ਜਥੇ ਨੂੰ ਡੁਮੇਲੀ ਵਾਲਿਆਂ ਦੀਆਂ ਕੁੱਲੀਆਂ ‘ਚ ਲੈ ਗਏ। ਬਹੁਤ ਚਾਅ ਤੇ ਉਤਸ਼ਾਹ ਨਾਲ ਜਥੇ ਨੂੰ ਚਾਹ-ਪਾਣੀ ਛਕਾਇਆ ਗਿਆ। ਇਕੱਠ ਬਹੁਤ ਈ ਪ੍ਰਭਾਵਸ਼ਾਲੀ ਸੀ। ਕਾਮਰੇਡ ਸਵਰਣ ਸਿੰਘ ਚੀਮਾ ਨੇ ਬਹੁਤ ਈ
    ਸਿੱਧੀ ਤੇ ਸਰਲ ਭਾਸ਼ਾ ‘ਚ ਕਿਸਾਨ ਸਭਾ ਬਾਰੇ ਲੋਕਾਂ ਨੂੰ ਦੱਸਿਆ। ਫਿਰ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਬਾਰੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਕਿਹਾ ਕਿ ਇਨ੍ਹਾਂ ਦਾ ਸਾਹਮਣਾ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ, ਸਿਰਫ ਤੇ ਸਿਰਫ ਏਕਾ ਕਰਕੇ ਹੀ ਸਾਹਮਣਾ ਤੇ ਹੱਲ ਕੀਤਾ ਜਾ ਸਕਦੈ ਤੇ ਕਿਸਾਨ ਸਭਾ ਤੁਹਾਡੀ ਬਾਂਹ ਫੜਨ ਲਈ ਤਿਆਰ ਹੈ। ਹੋਰ ਬੁਲਾਰੇ ਵੀ ਬੋਲੇ। ਮੁਸੀਬਤਾਂ, ਦੁੱਖ-ਤਕਲੀਫਾਂ ਦੇ ਭੰਨੇ ਆਬਾਦਕਾਰਾਂ ‘ਤੇ ਕਿਸਾਨ ਆਗੂਆਂ ਦੀ ਅਪੀਲ ਦਾ ਜਾਦੂਈ ਅਸਰ ਹੋਇਆ। ਉਸੇ ਦਿਨ ਹੀ ਕਿਸਾਨ ਸਭਾ ਦੀ ਭਰਤੀ ਤਿੰਨ ਸੌ ਹੋ ਗਈ। ਤਿੰਨ ਪਿੰਡਾਂ ਦੀਆਂ ਦੋ ਕਮੇਟੀਆਂ ਬਣਾ ਦਿੱਤੀਆਂ ਗਈਆਂ। ਚੋਣ ਕਰਕੇ ਕਿਸਾਨ ਸਭਾ ਦਾ ਝੰਡਾ ਲਾ ਦਿੱਤਾ ਗਿਆ।
    ਇਹ ਕਹਾਣੀ ਸੁਣਾਉਂਦਿਆਂ ਉਨ੍ਹਾ ਦੇ ਚਿਹਰੇ ਦੀ ਲਾਲੀ ਦੇਖਿਆਂ ਈ ਬਣਦੀ ਸੀ। ਉਹ ਦੱਸ ਰਹੇ ਸਨ,” ਵੀਹ ਸਾਥੀਆਂ ਦਾ ਜਥਾ ਲਗਾਤਾਰ ਪੰਜ ਦਿਨ ਮੰਡ ਫਿਲੌਰ, ਮੰਡ ਗੜ੍ਹਾ, ਚਾਣਚੱਕ, ਫਤਿਹਗੜ੍ਹ ਲੱਖਾ, ਝੁੱਗੀਆਂ, ਕਤਪਾਲੋਂ, ਅਸ਼ਾਹੂਰ, ਕਡਿਆਣਾ, ਝੰਡੀ ਪੀਰ, ਰਾਏਪੁਰ ਅਰਾਈਆਂ, ਸੇਲਕੀਆਣਾ, ਪੁਆਰੀ, ਮੰਡ ਲਸਾੜਾ ਆਦਿ ਦੇ ਹਰ ਡੇਰੇ, ਜਿੱਥੇ ਵੀ ਕੋਈ ਕੁੱਲੀ ਸੀ, ਜਿੱਥੇ ਵੀ ਬੰਨ੍ਹ ਅੰਦਰ ਜ਼ਮੀਨ ਸੀ, ਉੱਥੇ ਜਾ ਕੇ ਆਬਾਦਕਾਰਾਂ ਨਾਲ ਸੰਪਰਕ ਕਰਦਾ, ਮੀਟਿੰਗਾਂ ਕਰਦਾ, ਰਾਤ ਨੂੰ ਜਲਸੇ ਕਰਦਾ। ਮੰਡ ਤੋਂ ਉੱਪਰਲੇ ਪਿੰਡਾਂ ਨਗਰ, ਥਲਾ, ਬਾਂਸੀਆਂ, ਭਾਰ ਸਿੰਘਪੁਰਾ, ਸੁਲਤਾਨਪੁਰ, ਢੱਕ ਮਜਾਰਾ, ਦਿਆਲਪੁਰ, ਸੇਲਕੀਆਣਾ ਹੁੰਦੇ ਹੋਏ ਇਸ ਜੱਥੇ ਨੇ ਆਖਰੀ ਪੜਾਅ ਲਸਾੜੇ ਕੀਤਾ। ਲਸਾੜਾ ਪਿੰਡ ‘ਚ ਰਾਤ ਨੂੰ ਜਲਸੇ ‘ਚ ਬਹੁਤ ਹੀ ਭਰਵਾਂ ਇਕੱਠ ਹੋਇਆ। ਇਸ ਜਲਸੇ ‘ਚ ਮੰਡ ‘ਚੋਂ ਆਬਾਦਕਾਰ ਹੱਥਾਂ ‘ਚ ਝੰਡੇ ਲੈ ਕੇ ਨਾਅਰੇ ਮਾਰਦੇ ਪੂਰੇ ਜੋਸ਼ ਨਾਲ ਸ਼ਾਮਲ ਹੋਏ। ਆਬਾਦਕਾਰਾਂ ਦੇ ਜਥਿਆਂ ‘ਚ ਵੱਡੀ ਗਿਣਤੀ ਔਰਤਾਂ ਵੀ ਸਨ ਤੇ ਉਨ੍ਹਾਂ ਸਭਨਾ ਦੇ ਹੱਥਾਂ ‘ਚ ਝੰਡੇ ਫੜੇ ਹੋਏ ਸਨ। ਉਨ੍ਹਾਂ ਦੇ ਇਸ ਉਤਸ਼ਾਹ ਨੂੰ ਦੇਖ ਕਿਸਾਨ ਆਗੂਆਂ ਨੂੰ ਵੀ ਹੌਸਲਾ ਹੋਇਆ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆ ਰਹੀ ਹੈ। ਮੰਚ ਤੋਂ ਜਦ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਸਭਾ, ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ, ਇੱਕ ਵੀ ਆਬਾਦਕਾਰ ਦਾ ਉਜਾੜਾ ਨਹੀਂ ਹੋਣ ਦੇਵੇਗੀ ਤੇ ਸਰਕਾਰੀ ਜਬਰ, ਗੁੰਡਾ ਗਿਰੋਹਾਂ ਦਾ ਪੂਰਾ ਮੁਕਾਬਲਾ ਕਰੇਗੀ।
    ਬਾਪੂ ਅਣਖੀ ਦੱਸਦੇ ਹਨ ਕਿ ਇਹ ਸਮਾਂ ਇੱਕ ਸਿਫਤੀ ਤਬਦੀਲੀ ਵੱਲ ਇਸ਼ਾਰਾ ਕਰ ਰਿਹਾ ਸੀ। ਸਰਕਾਰੀ ਅਫਸਰਸ਼ਾਹੀ ਤੇ ਗੁੰਡਾ ਗਿਰੋਹਾਂ ਦੇ ਸਤਾਏ ਆਬਾਦਕਾਰ ਹੁਣ ਅੱਖਾਂ ‘ਚ ਅੱਖਾਂ ਪਾਉਣ ਲੱਗੇ ਸਨ। ਉਨ੍ਹਾਂ ‘ਚ ਇੱਕ ਉਭਾਰ ਸਪੱਸ਼ਟ ਨਜ਼ਰ ਆ ਰਿਹਾ ਸੀ। ਇਹ ਉਭਾਰ ਕਮਿਊਨਿਸਟ, ਕਿਸਾਨ ਆਗੂਆਂ ਲਈ ਜਿੱਥੇ ਤਸੱਲੀ ਦਾ ਸਬੱਬ ਬਣ ਰਿਹਾ ਸੀ, ਉੱਥੇ ਅਫਸਰਸ਼ਾਹੀ ਤੇ ਉਸ ਦੇ ਪਾਲੇ ਗੁੰਡਾ ਗਿਰੋਹਾਂ ਲਈ ਵੱਡੀ ਸਿਰਦਰਦੀ ਵੀ ਬਣ ਰਿਹਾ ਸੀ ਜਿਨ੍ਹਾਂ ਦੀ ਅੱਖ ਆਬਾਦ ਹੋਈ ਜ਼ਮੀਨ ਨੂੰ ਹਰ ਹੀਲਾ ਵਰਤ ਕੇ ਹਥਿਆਉਣ ‘ਤੇ ਸੀ। ਦੋ ਧਿਰਾਂ ਆਪੋ ਆਪਣੇ ਹਿੱਤਾਂ ਖਾਤਰ ਇਕੱਠੀਆਂ ਹੋ ਰਹੀਆਂ ਸਨ, ਦੋਹਾਂ ਵਿਚਕਾਰ ਇੱਕ ਲਕੀਰ ਵਗ ਰਹੀ ਸੀ ਜੋ ਦਿਨੋ ਦਿਨ ਹੋਰ ਡੂੰਘੀ ਹੋ ਰਹੀ ਸੀ।

    ਆਬਾਦਕਾਰਾਂ ਦਾ ਹੈੱਡ ਕੁਆਟਰ; ਅਸ਼ਾਹੂਰ
    ਕਿਸਾਨ ਸਭਾ ਦੀ ਮਿਹਨਤ ਰੰਗ ਲਿਆ ਰਹੀ ਸੀ। ਮੰਡ ਦੀ ਸ਼ਾਇਦ ਈ ਕੋਈ ਕੁੱਲੀ ਹੋਵੇ, ਜਿਹੜੀ ਲਾਲ ਝੰਡੇ ਤੋਂ ਸੱਖਣੀ ਹੋਵੇ। ਉੱਚਾ ਕਰਕੇ ਬੰਨ੍ਹਿਆਂ ਲਾਲ ਝੰਡਾ ਦੂਰੋਂ ਈ ਨਜ਼ਰ ਪੈ ਜਾਂਦਾ ਸੀ। ਆਬਾਦਕਾਰਾਂ ‘ਚ ਸਿਆਸੀ ਜਾਗਰੂਕਤਾ ਭਾਵੇਂ ਓਨੀ ਨਹੀਂ ਸੀ ਪੈਦਾ ਹੋਈ ਪਰ ਉਹ ਲਾਲ ਝੰਡਾ ਲਾ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਲੱਗੇ ਸਨ। ਇਸ ਲਈ ਉਹ ਝੰਡਾ ਉੱਚਾ ਕਰ ਕੇ ਬੰਨ੍ਹਦੇ ਤਾਂ ਕਿ ਉਨ੍ਹਾਂ ‘ਤੇ ਬੁਰੀ ਨਜ਼ਰ ਰੱਖਣ ਵਾਲੇ ਨੂੰ ਇਹ ਪਤਾ ਹੋਵੇ ਕਿ ਇਸ ਪਰਵਾਰ ਪਿੱਛੇ ਕੋਈ ਖੜਾ ਹੈ। ਜੇ ਕੋਈ ਊਚ ਨੀਚ ਹੋ ਜਾਂਦੀ ਤਾਂ ਉਹ ਕਿਸਾਨ ਸਭਾ ਤੱਕ ਪਹੁੰਚ ਕਰਦੇ।
    ਇੱਕ ਵਾਰ ਕਾਮਰੇਡ ਬਖਤੌਰ ਸਿੰਘ ਬੜਾ ਪਿੰਡ, ਅੱਪਰਾ ਇਲਾਕੇ ‘ਚ ਜਥਾ ਲੈ ਕੇ ਘੁੰਮ ਰਿਹਾ ਸੀ। ਜਦ ਉਹ ਅੱਪਰਾ ਦੇ ਬਾਜ਼ਾਰ ‘ਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਅਸ਼ਾਹੂਰ ਦੇ ਬਾਬਾ ਢੇਰੂ ਰਾਮ, ਬਾਬਾ ਬੰਤਾ ਸਿੰਘ ਤੇ ਮਹਿੰਦਰ ਸਿੰਘ ਮਿਲ ਪਏ। ਉਨ੍ਹਾਂ ਅਸ਼ਾਹੂਰ ਦੇ ਮੰਡ ਬੇਟ ਦੇ ਮਾੜੇ ਹਾਲਾਤ ਬਾਰੇ ਗੱਲ ਕੀਤੀ ਤਾਂ ਬਖਤੌਰ ਸਿੰਘ ਨੇ ਦੂਸਰੇ ਦਿਨ ਬਾਰਾਂ ਵਜੇ ਪੁੱਜਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਬੰਤਾ ਸਿੰਘ ਦੇ ਡੇਰੇ ‘ਤੇ ਲਾਗਲੇ ਡੇਰਿਆਂ ਤੋਂ ਜਿੰਨੇ ਵਧ ਤੋਂ ਵਧ ਬੰਦੇ ਹੋ ਸਕਣ, ਇਕੱਠੇ ਕਰ ਲੈਣੇ। ਬੰਤਾ ਸਿੰਘ ਤੇ ਮਹਿੰਦਰ ਸਿੰਘ ਨੇ ਵੀਹ ਪੱਚੀ ਬੰਦੇ ਇਕੱਠੇ ਕਰ ਲਏ ਤੇ ਬਖਤੌਰ ਸਿੰਘ ਦਿੱਤੇ ਸਮੇਂ ‘ਤੇ ਦਿਆਲਪੁਰ ਵਾਲੇ ਹਰਬੰਸ ਸਿੰਘ ਨੂੰ ਨਾਲ ਲੈ ਕੇ ਬੰਤਾ ਸਿੰਘ ਦੇ ਡੇਰੇ ‘ਤੇ ਪਹੁੰਚ ਗਿਆ।
    ਬਖਤੌਰ ਸਿੰਘ ਬੜਾ ਪਿੰਡ ਬਹੁਤ ਹਿੰਮਤੀ ਤੇ ਉਤਸ਼ਾਹੀ ਕਾਮਾ ਸੀ। ਉਸ ਦੇ ਸਾਈਕਲ ਨਾਲ ਹਰ ਵੇਲੇ ਲਾਲ ਝੰਡਾ ਤੇ ਸਾਈਕਲ ਦੇ ਕਰੀਅਰ ‘ਤੇ ਢੋਲ ਤੇ ਡਗਾ ਬੰਨ੍ਹੇ ਹੁੰਦੇ ਸਨ। ਜਿਥੇ ਪੰਜ-ਦਸ ਬੰਦੇ ਬੈਠੇ ਦੇਖਣੇ, ਢੋਲ ਵਜਾਉਣ ਲਗ ਪੈਣਾ ਤੇ ਇਕੱਠ ਹੋਰ ਭਰਨ ‘ਤੇ ਪਾਰਟੀ ਜਾਂ ਕਿਸਾਨ ਸਭਾ ਦਾ ਸੁਨੇਹਾ ਦੇਣ ਲੱਗ ਪੈਣਾ। ਉਸ ਦੇ ਇਸ ਉਤਸ਼ਾਹ ਕਾਰਨ ਪਿੰਡ ਪਿੰਡ ਕਿਸਾਨ ਕਮੇਟੀਆਂ ਬਣ ਗਈਆਂ ਸਨ।
    ਬਖਤੌਰ ਸਿੰਘ ਨੇ ਇਕੱਠੇ ਹੋਏ ਆਬਾਦਕਾਰਾਂ ਦੀ ਗੱਲ ਸੁਣੀ ਤੇ ਉਨ੍ਹਾਂ ਨੂੰ ਸਮਝਾਇਆ ਕਿ ਜਥੇਬੰਦੀ ਤੋਂ ਬਿਨਾਂ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਤੇ ਕਿਸਾਨ ਸਭਾ ‘ਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਇਕੱਠੇ ਹੋਏ ਸਭ ਜਣੇ ਕਿਸਾਨ ਸਭਾ ਦੇ ਮੈਂਬਰ ਬਣ ਗਏ ਤੇ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ‘ਤੇ ਕਰਨ ਦਾ ਫੈਸਲਾ ਹੋ ਗਿਆ । ਉਸਨੇ ਵਾਅਦਾ ਕੀਤਾ ਕਿ ਉਹ ਆਪਣੀ ਪਾਰਟੀ ਤੇ ਕਿਸਾਨ ਸਭਾ ਦੇ ਆਗੂਆਂ ਨਾਲ ਗੱਲਬਾਤ ਕਰੇਗਾ ਤੇ ਕਾਮਰੇਡ ਚੀਮਾ ਤੇ ਤਾਰਾ ਸਿੰਘ ਪੁਆਦੜਾ ਨੂੰ ਲੈ ਕੇ ਜਲਦੀ ਆਵੇਗਾ। ਉਸਨੇ ਦੂਸਰੇ ਹੀ ਦਿਨ ਕਿਸਾਨ ਸਭਾ ਦੀ ਮੀਟਿੰਗ ਦੌਰਾਨ ਅਸ਼ਾਹੂਰ ਦੇ ਹਾਲਾਤ ਬਾਰੇ ਰਿਪੋਰਟ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਨੋਟ ਕਰਦਿਆਂ ਫੈਸਲਾ ਕੀਤਾ ਗਿਆ ਕਿ ਅਸ਼ਾਹੂਰ ‘ਚ ਪੂਰੀ ਤਿਆਰੀ ਨਾਲ ਆਬਾਦਕਾਰ ਕਾਨਫਰੰਸ ਕੀਤੀ ਜਾਵੇ। ਮੀਟਿੰਗ ਤੋਂ ਦੂਸਰੇ ਦਿਨ ਬਖਤੌਰ ਸਿੰਘ ਨੇ ਸਰਵਣ ਸਿੰਘ ਚੀਮਾ, ਤਾਰਾ ਸਿੰਘ ਪੁਆਦੜਾ ਤੇ ਮਹਿੰਦਰ ਸਿੰਘ ਜੌਹਲ ਨੂੰ ਲੈ ਕੇ ਅਸ਼ਾਹੂਰ ‘ਚ ਮੀਟਿੰਗ ਵੀ ਕਰਵਾ ਦਿੱਤੀ। ਸਰਕਾਰ ਦੇ ਧਿਆਨ ‘ਚ ਆਬਾਦਕਾਰਾਂ ਦੀਆਂ ਮੁਸ਼ਕਲਾਂ ਲਿਆਉਣ ਲਈ ਅਸ਼ਾਹੂਰ ‘ਚ ਭਰਵੀਂ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ ਤੇ ਤਾਰੀਖ ਤੈਅ ਕਰਕੇ ਤਿਆਰੀ ਕਮੇਟੀ ਬਣਾ ਦਿੱਤੀ ਗਈ ਤੇ ਇਸ ਸੰਬੰਧੀ ਇਸ਼ਤਿਹਾਰ ਵੀ ਕੱਢ ਦਿੱਤਾ ਗਿਆ।
    ਬਾਪੂ ਅਣਖੀ ਮੁਤਾਬਕ ਸਤਲੁਜ ਦੇ ਮੰਡ ‘ਚ ਆਬਾਦਕਾਰਾਂ ਦੇ ਮਸਲਿਆਂ ਨੂੰ ਉਭਾਰਨ ਲਈ ਇਹ ਕਿਸੇ ਵੀ ਜਥੇਬੰਦੀ ਵਲੋਂ ਕੀਤੀ ਜਾਣ ਵਾਲੀ ਪਹਿਲੀ ਕਾਨਫਰੰਸ ਸੀ। ਸਰਕਾਰੀ ਤੰਤਰ ਦੇ ਕੰਨ ਖੜੇ ਹੋਣੇ ਕੁਦਰਤੀ ਸਨ। ਇਸ ਇਲਾਕੇ ‘ਚ ਜ਼ਮੀਨਾਂ ‘ਤੇ ਅੱਖ ਰੱਖੀ ਬੈਠੀ ਅਫਸਰਸ਼ਾਹੀ ਨੇ ਆਪਣੇ ਜ਼ਰਖਰੀਦਾਂ ਨੂੰ ਸਰਗਰਮ ਕਰ ਦਿੱਤਾ । ਚੌਧਰੀ ਲਾਣਾ ਵੀ ਵੱਟ ਛਾਣਨ ਲੱਗਾ।ਅਸ਼ਾਹੂਰ, ਕਤਪਾਲੋਂ, ਕੜਿਆਣਾ ਆਦਿ ਪਿੰਡਾਂ ‘ਚ ਲੋਕਾਂ ਦੇ ਉਤਸ਼ਾਹ ਨੂੰ ਮੱਠਾ ਕਰਨ ਲਈ ਕਈ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਜਾਣ ਲੱਗੀਆਂ। ਲੋਕਾਂ ‘ਚ ਉਤਸ਼ਾਹ ਸੀ ਤੇ ਡਰ ਵੀ। ਕਿਸਾਨ ਆਗੂਆਂ ਕਾਨਫਰੰਸ ਦੀ ਤਿਆਰੀ ਲਈ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਉਤਸ਼ਾਹ ਨੂੰ ਹੁਲਾਰਾ ਦੇਈ ਰੱਖਿਆ। ਸਿੱਟੇ ਵਜੋਂ ਅਸ਼ਾਹੂਰ ਤੇ ਕੜਿਆਣਾ ਦੇ ਵਰਕਰਾਂ ਨੇ ਆਪਣੇ ਤੌਰ ‘ਤੇ ਜੱਥੇ ਬਣਾ ਕੇ ਪ੍ਰਚਾਰ ਦਾ ਕੰਮ ਸਾਂਭ ਲਿਆ। ਅਸ਼ਾਹੂਰ ਪਿੰਡ ਵਾਲਿਆਂ ਚਾਹ ਪਾਣੀ ਤੇ ਲੰਗਰ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ। ਬਾਬਾ ਬੰਤਾ ਸਿੰਘ, ਬਾਬਾ ਢੇਰੂ ਰਾਮ, ਚੂਨੀ ਲਾਲ, ਮਲਕੀਤ ਸਿੰਘ, ਮੰਗਲ ਸਿੰਘ, ਸਵਰਨ ਸਿੰਘ ਨੇ ਪਿੰਡਾਂ ‘ਚੋਂ ਤੇ ਮੰਡ ‘ਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਕਾਨਫਰੰਸ ਦੀ ਤਿਆਰੀ ਲਈ ਆਪਣੇ ਨਾਲ ਤੋਰ ਲਿਆ। ਗਰੀਬੀ ਦੀ ਮਾਰ ਝੱਲ ਰਹੇ ਆਬਾਦਕਾਰਾਂ ਦੀਆਂ ਬੀਬੀਆਂ ਵੀ ਪੂਰੀ ਸਰਗਰਮੀ ਦਿਖਾ ਰਹੀਆਂ ਸਨ। ਕਾਨਫਰੰਸ ਵਾਲਾ ਦਿਨ ਵੀ ਆ ਗਿਆ। ਨਗਰ ਤੋਂ ਅਸ਼ਾਹੂਰ ਜਾਣ ਵਾਲਾ ਰਸਤਾ ਲਾਲ ਝੰਡਿਆਂ ਨਾਲ ਸਜਾਇਆ ਹੋਇਆ ਸੀ ਤੇ ਪੂਰਾ ਅਸ਼ਾਹੂਰ ਲਾਲ ਝੰਡਿਆਂ ਨਾਲ ਭਰਿਆ ਪਿਆ ਸੀ। ਕਿਤੇ ਲੰਗਰ, ਕਿਤੇ ਚਾਹ-ਪਾਣੀ ਤਿਆਰ ਹੋ ਰਿਹਾ ਸੀ। ਬਾਹਾਂ ‘ਤੇ ਲਾਲ ਪੱਟੀਆਂ ਬੰਨ੍ਹੀਂ ਤੇ ਹੱਥਾਂ ‘ਚ ਲਾਠੀਆਂ ਲਈ ਵਲੰਟੀਅਰ ਥਾਂ ਥਾਂ ਖੜੇ ਸਨ।
    ਬਾਪੂ ਅਣਖੀ ਅਨੁਸਾਰ, “ਤਾਰਾ ਸਿੰਘ ਪੁਆਦੜਾ, ਬਖਤੌਰ ਸਿੰਘ, ਮਹਿੰਦਰ ਸਿੰਘ ਜੌਹਲ ਤੇ ਮੈਂ ਅਤੇ ਹੋਰ ਸਰਗਰਮ ਸਾਥੀ ਆਪਣੇ ਜਥੇ ਲੈ ਕੇ ਪੁੱਜ ਗਏ। ਪਾਲਾਂ, ਲਾਂਦੜਾ, ਅੱਪਰਾ ਏਰੀਏ ‘ਚੋਂ ਵੱਡਾ ਜੱਥਾ ਸਾਈਕਲਾਂ ‘ ਤੇ ਪੁੱਜਾ। ਮੰਡ ‘ਚੋਂ ਆਏ ਜਥੇ ‘ਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ। ਕਤਪਾਲੋਂ ਤੋਂ ਆਏ ਜਥੇ ‘ਚ ਨੌਜਵਾਨ ਮੁਟਿਆਰਾਂ ਦੀ ਗਿਣਤੀ ਦੇਖਣ ਵਾਲੀ ਸੀ। 25-30 ਆਬਾਦਕਾਰਾਂ ਦਾ ਇੱਕ ਜਥਾ ਦਰਿਆਓਂ ਪਾਰ ਤੋਂ ਪੁੱਜਾ। ਦੁਪਹਿਰ ਤੱਕ ਅਸ਼ਾਹੂਰ ਨੂੰ ਆਉਣ ਵਾਲੇ ਸਾਰੇ ਰਾਹ ਲਾਲ ਹੋ ਗਏ ਸਨ। ਕਾਮਰੇਡ ਰਾਜਿੰਦਰ ਸਿੰਘ ਸਰੀਂਹ, ਪੰਡਿਤ ਕਿਸ਼ੋਰੀ ਲਾਲ ਜੀ, ਕਾਮਰੇਡ ਦਲੀਪ ਸਿੰਘ ਜੌਹਲ, ਸਰਵਣ ਸਿੰਘ ਚੀਮਾ ਸਮੇਤ ਸਭ ਆਗੂ ਸਮੇਂ ਸਿਰ ਪਹੁੰਚੇ ਹੋਏ ਸਨ। ਪੰਡਿਤ ਕਿਸ਼ੋਰੀ ਲਾਲ ਜੀ ਤੇ ਕਾਮਰੇਡ ਦਲੀਪ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਕਾਨਫਰੰਸ ਸ਼ੁਰੂ ਹੋਈ। ਬਾਬਾ ਢੇਰੂ ਰਾਮ, ਜੋ ਸੁਆਗਤੀ ਕਮੇਟੀ ਦੇ ਪ੍ਰਧਾਨ ਸਨ, ਵੀ ਸਟੇਜ ‘ਤੇ ਬੈਠੇ ਹੋਏ ਸਨ। ਪੰਜਾਬ ਕਿਸਾਨ ਸਭਾ ਦਾ ਝੰਡਾ ਲਹਿਰਾਉਣ ਤੋਂ ਬਾਅਦ ਕਾਨਫਰੰਸ ਸ਼ੁਰੂ ਹੋਈ। ਕਾਮਰੇਡ ਚੀਮਾ, ਕਾਮਰੇਡ ਸਰੀਂਹ ਤੇ ਪੰਡਿਤ ਜੀ ਦੀਆਂ ਤਕਰੀਰਾਂ ਨੇ ਆਬਾਦਕਾਰਾਂ ‘ਚ ਜੋਸ਼ ਭਰ ਦਿੱਤਾ। ਆਬਾਦਕਾਰਾਂ ਤੇ ਹੋਰ ਕਿਸਾਨੀ ਮਸਲਿਆਂ ‘ਤੇ ਖੂਬ ਵਿਚਾਰਾਂ, ਤਕਰੀਰਾਂ ਹੋਈਆਂ। ਸਟੇਜ ਤੋਂ ਕਾਮਰੇਡ ਚੀਮਾ ਨੇ ਮਤਾ ਰੱਖਿਆ ਕਿ ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਇਹ ਵੀ ਐਲਾਨ ਕੀਤਾ ਗਿਆ ਕਿ ਆਬਾਦਕਾਰਾਂ ਦੀ ਹਰ ਤਰ੍ਹਾਂ ਰਾਖੀ ਕੀਤੀ ਜਾਵੇਗੀ ਤੇ ਸਰਕਾਰੀ ਧੌਂਸ ਦਾ ਜਥੇਬੰਦਕ ਢੰਗ ਨਾਲ ਟਾਕਰਾ ਕੀਤਾ ਜਾਵੇਗਾ । ਇਹ ਐਲਾਨ ਪੂਰਾ ਗੱਜ ਵੱਜ ਕੇ ਕੀਤਾ ਗਿਆ ਕਿ ਅਫਸਰਸ਼ਾਹੀ ਦੀ ਸ਼ਹਿ ‘ਤੇ ਗੁੰਡਾ ਗਿਰੋਹਾਂ ਨੇ ਜੇ ਆਬਾਦਕਾਰਾਂ ਦਾ ਕੋਈ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਸਟੇਜ ਤੋਂ ਨਾਅਰਾ ਬੁਲੰਦ ਹੋਇਆ; ਕਿਸਾਨ ਸਭਾ ਲਲਕਾਰਦੀ ਜ਼ਮੀਨ ਕਾਸ਼ਤਕਾਰ ਦੀ।”
    ਇਹ ਨਾਅਰਾ ਕੋਈ ਆਮ ਨਾਅਰਾ ਨਹੀਂ ਸੀ, ਇਸ ਨੇ ਮੰਡ ਦੀ ਜ਼ਮੀਨ ਦੇ ਭਵਿੱਖ ਦੀ ਰੂਪਰੇਖਾ ਦਾ ਬਾਨ੍ਹਣੂੰ ਬੰਨ੍ਹ ਦਿੱਤਾ ਸੀ। ਪੰਡਿਤ ਕਿਸ਼ੋਰੀ ਲਾਲ ਜੀ ਦੀ ਅਗਵਾਈ ਹੇਠ ਅੱਪਰਾ ਤੋਂ ਹੌਜ਼ਰੀ ਸਨਅਤ ਦੇ ਮਜ਼ਦੂਰਾਂ ਦੀ ਇਸ ਕਾਨਫਰੰਸ ‘ਚ ਪ੍ਰਭਾਵਸ਼ਾਲੀ ਸ਼ਮੂਲੀਅਤ ਨੇ ਲਾਮਬੰਦੀ ਦਾ ਘੇਰਾ ਹੋਰ ਵਸੀਹ ਕਰ ਦਿੱਤਾ ਸੀ। ਪਿੰਡ ਤੇ ਇਲਾਕੇ ਦੇ ਚੌਧਰੀ (ਵੱਡੇ ਜ਼ਿੰਮੀਦਾਰ) ਦੂਰੋਂ ਬੈਠ ਕਾਨਫਰੰਸ ਵੱਲ ਟੇਢੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਕਾਨਫਰੰਸ ਵੱਲੋਂ ਕੀਤੇ ਐਲਾਨ ਉਨ੍ਹਾਂ ਦੀਆਂ ਮੱਥੇ ਦੀਆਂ ਲਕੀਰਾਂ ਡੂੰਘੀਆਂ ਕਰੀ ਜਾ ਰਹੇ ਸਨ। ਹਾਲਾਤ ਤੋਂ ਭਲੀਭਾਂਤ ਜਾਣੂ ਤਾਰਾ ਸਿੰਘ ਪੁਆਦੜਾ, ਬਖਤੌਰ ਸਿੰਘ, ਮਹਿੰਦਰ ਸਿੰਘ ਜੌਹਲ ਹਰ ਪਾਸੇ ਨਿਗ੍ਹਾ ਰੱਖ ਰਹੇ ਸਨ, ਵਲੰਟੀਅਰਾਂ ਨੂੰ ਵਾਰ ਵਾਰ ਕੋਲ ਜਾ ਕੇ ਹੱਲਾਸ਼ੇਰੀ ਦੇ ਰਹੇ ਸਨ ਤਾਂ ਕਿ ਕੋਈ ਵੀ ਸਾਥੀ ਅਵੇਸਲਾ ਨਾ ਰਹੇ। ਸ਼ਾਮ ਤੱਕ ਚੱਲੀ ਇਸ ਕਾਨਫਰੰਸ ਦੀ ਗੂੰਜ ਅਫਸਰਸ਼ਾਹੀ ਦੇ ਕੰਨਾਂ ਵਿਚ ਪੈ ਰਹੀ ਸੀ। ‘ਕਿਸਾਨ ਸਭਾ ਲਲਕਾਰਦੀ, ਜ਼ਮੀਨ ਕਾਸ਼ਤਕਾਰ ਦੀ’ ਤੇ ‘ਵਾਹੀਆਂ ਜ਼ਮੀਨਾਂ ਨਹੀਂ ਛੱਡਾਂਗੇ’ ਦੇ ਨਾਅਰੇ ਫਿਜ਼ਾ ਦਾ ਰੰਗ ਬਦਲ ਰਹੇ ਸਨ। ਅਸ਼ਾਹੂਰ ਪਿੰਡ ਤੋਂ ਕੜਿਆਣਾ, ਕਤਪਾਲੋਂ, ਝੁੱਗੀਆਂ ਮਹਾਂ ਸਿੰਘ, ਫਤਿਹਗੜ੍ਹ ਲੱਖਾ ਤੇ ਸਮੁੱਚੇ ਮੰਡ ਖੇਤਰ ‘ਚੋਂ ਆਏ ਆਬਾਦਕਾਰ ਤੇ ਕਿਸਾਨ ਇੱਕ ਨਵੇਂ ਉਤਸ਼ਾਹ ਨਾਲ ਵਾਪਸ ਜਾ ਰਹੇ ਸਨ। ਕਾਨਫਰੰਸ ਆਸ ਨਾਲੋਂ ਕਿਤੇ ਵੱਧ ਸਫਲ ਹੋਈ। ਏਨੀ ਵੱਡੀ ਹਾਜ਼ਰੀ ਨੇ ਲੀਡਰਸ਼ਿਪ ਨੂੰ ਵੀ ਉਤਸ਼ਾਹਿਤ ਕੀਤਾ।
    ਇਸ ਕਾਨਫਰੰਸ ਤੋਂ ਦਸ ਕੁ ਦਿਨ ਬਾਅਦ ਮੰਡ ‘ਚ ਚੂਨੀ ਲਾਲ ਦੇ ਡੇਰੇ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਮਰੇਡ ਸਰਵਣ ਸਿੰਘ ਚੀਮਾ, ਤਾਰਾ ਸਿੰਘ ਪੁਆਦੜਾ, ਬਖਤੌਰ ਸਿੰਘ, ਮਹਿੰਦਰ ਸਿੰਘ ਜੌਹਲ ਸ਼ਾਮਲ ਹੋਏ। ਪਤਾ ਲੱਗਾ ਕਿ ਕਾਨਫਰੰਸ ਦਾ ਪੂਰੇ ਮੰਡ ‘ਚ ਬਹੁਤ ਉਤਸ਼ਾਹਜਨਕ ਅਸਰ ਪਿਆ ਹੈ। ਇਸ ਮੌਕੇ ਇੱਕ ਆਰਜ਼ੀ ਕਮੇਟੀ ਬਣਾਈ ਗਈ ਜਿਸ ਵਿਚ ਚੂਨੀ ਲਾਲ, ਮਲਕੀਤ ਸਿੰਘ, ਬਾਬਾ ਢੇਰੂ ਰਾਮ, ਕਰਤਾਰ ਸਿੰਘ, ਮੱਸਾ ਸਿੰਘ ਨਿਹੰਗ, ਧੰਨਾ ਰਾਮ, ਕਾਕਾ ਸਰਵਣ ਰਾਮ, ਜੀਤ ਰਾਮ, ਜਸਵੰਤ ਸਿੰਘ ਬੁੱਕਣ ਮੈਂਬਰ ਲਏ ਗਏ ਤੇ ਇਹ ਸਾਰੇ ਮੈਂਬਰ ਬਾਅਦ ‘ਚ ਕਾਫੀ ਜਿੰਮੇਵਾਰ ਵਰਕਰ ਬਣ ਕੇ ਵਿਚਰੇ। ਕਾਮਰੇਡ ਚੀਮਾ ਨੇ ਮੀਟਿੰਗ ਦੌਰਾਨ ਹਾਜ਼ਰ ਸਭਨਾਂ ਨੂੰ ਮੁਢਲਾ ਗੁਰ ਇਹ ਦਿੱਤਾ ਕਿ ਬਾਕੀ ਗੱਲਾਂ ਬਾਅਦ ‘ਚ, ਪਹਿਲਾਂ ਆਪਸੀ ਭਾਈਚਾਰਾ ਮਜਬੂਤ ਕਰੋ। ਕਾਮਰੇਡ ਚੀਮਾ ਨੇ ਇਹ ਵੀ ਸਮਝਾਇਆ ਕਿ ਕੋਈ ਨਜਾਇਜ਼ ਕੰਮ ਨਹੀਂ ਕਰਨਾ, ਲੜਾਈਆਂ ਝਗੜਿਆਂ ‘ਚ ਨਹੀਂ ਉਲਝਣਾਂ, ਜੇ ਕੋਈ ਮਸਲਾ ਹੋਵੇ ਤਾਂ ਪਹਿਲਾਂ ਖੁਦ ਭਾਈਚਾਰੇ ‘ਚ ਬੈਠ ਕੇ ਨਜਿੱਠੋ ਤੇ ਲੋੜ ਪੈਣ ‘ਤੇ ਪਾਰਟੀ ਤੱਕ ਪਹੁੰਚ ਕਰੋ। ਪਾਰਟੀ ਤੱਕ ਪਹੁੰਚ ਕਰਨ ਲਈ ਫਿਲੌਰ ‘ਚ ਨੂਰ ਮਹਿਲ ਰੋਡ ‘ਤੇ ਸ਼ਿਵ ਦਿਆਲ ਦੀ ਫੈਕਟਰੀ ਅੱਗੇ ਚਾਹ ਦੀ ਦੁਕਾਨ ‘ਤੇ ਜਾ ਕੇ ਕਾਮਰੇਡ ਗੁਰਦੀਪ ਸਿੰਘ ਅਣਖੀ ਨੂੰ ਦੱਸਿਆ ਜਾਵੇ। ਇਸ ਮੀਟਿੰਗ ਤੋਂ ਬਾਅਦ ਮੰਡ ‘ਚ ਮਾਹੌਲ ਬਦਲ ਗਿਆ। ਆਬਾਦਕਾਰ ਨਿੱਕੇ ਮੋਟੇ ਵੱਟ-ਬੰਨੇ ਦੇ ਝਗੜੇ ਖੁਦ ਨਜਿੱਠਣ ਲੱਗ ਪਏ ਸਨ। ਅਸ਼ਾਹੂਰ ਆਬਾਦਕਾਰਾਂ ਦੇ ਹੈੱਡ ਕੁਆਟਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਸੀ। ਚੂਨੀ ਲਾਲ, ਮਲਕੀਤ ਸਿੰਘ, ਧੰਨਾ ਰਾਮ, ਜਸਵੰਤ ਸਿੰਘ ਬੁੱਕਣ, ਕਾਕਾ ਸਰਵਣ ਰਾਮ, ਕਰਤਾਰ ਸਿੰਘ, ਮੱਸਾ ਸਿੰਘ ਨਿਹੰਗ ਤੇ ਹੋਰ ਕਈ ਸਾਥੀ ਸਰਗਰਮ ਵਰਕਰਾਂ ਵਜੋਂ ਸਥਾਪਤ ਹੋ ਗਏ। ਹਰ ਦੂਸਰੇ, ਤੀਸਰੇ ਦਿਨ ਅਣਖੀ ਹੁਰਾਂ ਦੀ ਚਾਹ ਦੀ ਦੁਕਾਨ ‘ਤੇ ਇਕੱਠੇ ਹੁੰਦੇ, ਮਸਲੇ ਵਿਚਾਰੇ ਜਾਂਦੇ ਤੇ ਅਣਖੀ ਹੁਰੀਂ ਪਾਰਟੀ ਨੂੰ ਰਿਪੋਰਟ ਕਰਦੇ ਰਹਿੰਦੇ।

    ਵਿਸ਼ਾਲ ਲਾਮਬੰਦੀ
    ਅਸ਼ਾਹੂਰ ਕਾਨਫਰੰਸ ਕਾਰਨ ਆਬਾਦਕਾਰਾਂ ‘ਚ ਪੈਦਾ ਹੋਏ ਉਤਸ਼ਾਹ ਨੇ ਪੰਜਾਬ ਕਿਸਾਨ ਸਭਾ ਦੀ ਲੀਡਰਸ਼ਿਪ ‘ਚ ਵੀ ਜੋਸ਼ ਭਰ ਦਿੱਤਾ। ਸਮੁੱਚੇ ਮੰਡ ਖੇਤਰ ‘ਚ ਕਿਸਾਨ ਸਭਾ ਦੀ ਮੈਂਬਰਸ਼ਿਪ ਲਈ ਉਚੇਚੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਲਸਾੜੇ ਤੋਂ ਲੈਕੇ ਕੈਮਵਾਲਾ ਤੱਕ ਹਰ ਪਿੰਡ, ਹਰ ਕੁੱਲੀ, ਹਰ ਡੇਰੇ ਤੱਕ ਜਥੇ ਬਣਾ ਕੇ ਪਹੁੰਚ ਕੀਤੀ ਗਈ। ਇਸ ਦੇ ਨਾਲ ਈ ਆਮ ਕਿਸਾਨੀ ਤੇ ਆਬਾਦਕਾਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਲਈ ਜਨਤਕ ਮੀਟਿੰਗਾਂ, ਜਲਸੇ, ਕਾਨਫਰੰਸਾਂ ਵੱਡੇ ਪੱਧਰ ‘ਤੇ ਕਰਨ ਦਾ ਪ੍ਰੋਗਰਾਮ ਉਲੀਕ ਕੇ ਪ੍ਰਚਾਰ ਮੁਹਿੰਮ ਵੀ ਜ਼ੋਰਸ਼ੋਰ ਨਾਲ ਚਲਾ ਦਿੱਤੀ ਗਈ।
    ਸਭ ਤੋਂ ਪਹਿਲਾਂ ਨਕੋਦਰ ‘ਚ ਤਹਿਸੀਲ ਪੱਧਰੀ ਮੁਜ਼ਾਹਰਾ ਕਰਕੇ ਐੱਸ ਡੀ ਐੱਮ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਤੇ ਆਬਾਦਕਾਰਾਂ ਦੀਆਂ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਖਿੱਚਿਆ ਗਿਆ। ਉਸ ਤੋਂ ਬਾਅਦ ਨਵਾਂ ਸ਼ਹਿਰ ‘ਚ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਬਾਅਦ ਫਿਲੌਰ ਦੀ ਵਾਰੀ ਸੀ। ਇਸ ਦੀ ਤਿਆਰੀ ਲਈ ਵਰਕਰਾਂ ਨੇ ਜੀ ਤੋੜ ਮਿਹਨਤ ਕੀਤੀ। ਸਿੱਟੇ ਵਜੋਂ ਲਸਾੜਾ ਤੋਂ ਲੈ ਕੇ ਢੰਗਾਰਾ, ਮੌ ਸਾਹਿਬ, ਮੀਓਂਵਾਲ, ਅਸ਼ਾਹੂਰ, ਕੜਿਆਣਾ, ਸ਼ੌਹਲੇ, ਬਜਾੜਾਂ, ਝੁੱਗੀਆਂ ਚਾਣਚੱਕ, ਕਤਪਾਲੋਂ ਤੇ ਹੋਰਨਾਂ ਥਾਵਾਂ ਤੋਂ ਬਹੁਤ ਵੱਡੀ ਗਿਣਤੀ ‘ਚ ਆਬਾਦਕਾਰ ਤੇ ਆਮ ਕਿਸਾਨ ਫਿਲੌਰ ਪਹੁੰਚੇ। ਅਸ਼ਾਹੂਰ ਤੋਂ ਪੰਜਾਹ ਔਰਤਾਂ ਦਾ ਜਥਾ ਵੱਖਰੇ ਤੌਰ ‘ਤੇ ਸ਼ਾਮਲ ਹੋਇਆ। ਜਦ ਇਹ ਜਥਾ ਬਜ਼ਾਰਾਂ ‘ਚੋਂ ਲੰਘ ਰਿਹਾ ਸੀ ਤਾਂ ਸਾਰੇ ਦੁਕਾਨਦਾਰ ਬਾਹਰ ਖੜੋ ਕੇ ਨਾਅਰੇ ਮਾਰਦੀਆਂ ਬੀਬੀਆਂ ਦਾ ਜੋਸ਼ ਦੇਖ ਕੇ ਖੁਸ਼ ਹੋ ਰਹੇ ਸਨ। ਮੁਜ਼ਾਹਰਾਕਾਰੀ ਸ਼ਹਿਰ ‘ਚੋਂ ਮਾਰਚ ਕਰਦੇ ਐੱਸ ਡੀ ਐੱਮ ਦਫਤਰ ਪੁੱਜੇ। ਐੱਸ ਡੀ ਐੱਮ ਨੇ ਬਾਹਰ ਆ ਕੇ ਮੰਗ ਪੱਤਰ ਲਿਆ। ਫਿਲੌਰ ਵਾਲਾ ਮੁਜ਼ਾਹਰਾ ਗਿਣਤੀ ਤੇ ਅਨੁਸ਼ਾਸਨ ਪੱਖੋਂ ਬਹੁਤ ਈ ਪ੍ਰਭਾਵਸ਼ਾਲੀ ਸੀ ਤੇ ਇਸਨੇ ਆਬਾਦਕਾਰਾਂ ਤੇ ਕਿਸਾਨਾਂ ਨੂੰ ਪੂਰਾ ਉਤਸ਼ਾਹਿਤ ਕੀਤਾ। ਮੁਜ਼ਾਹਰੇ ਦੇ ਅੰਤ ‘ਚ ਜਲੰਧਰ ਸ਼ਹਿਰ ‘ਚ ਜਿਲ੍ਹਾ ਪੱਧਰ ਦੇ ਮੁਜ਼ਾਹਰੇ ਦੀ ਤਰੀਕ ਦਾ ਐਲਾਨ ਵੀ ਕਰ ਦਿੱਤਾ ਗਿਆ ਜਿਸ ਦਾ ਮੁਜ਼ਾਹਰਾਕਾਰੀਆਂ ਨੇ ਭਰਪੂਰ ਸਮਰਥਨ ਕੀਤਾ ਤੇ ਮੁਜ਼ਾਹਰਾਕਾਰੀਆਂ ਦੇ ਜਥੇ ਪੂਰੇ ਉਤਸ਼ਾਹ ‘ਚ ਨਾਅਰੇ ਮਾਰਦੇ ਆਪਣੇ ਪਿੰਡਾਂ ਨੂੰ ਚਲੇ ਗਏ।
    ਅਸ਼ਾਹੂਰ ਇਲਾਕੇ ਦੀ ਆਮ ਕਿਸਾਨੀ, ਆਬਾਦਕਾਰਾਂ ‘ਚ ਬਹੁਤ ਉਤਸ਼ਾਹ ਸੀ। ਜਿਹੜੇ ਕਿਸਾਨ ਸਭਾ ਦੇ ਘੇਰੇ ਤੋਂ ਪਰੇ ਰਹਿ ਰਹੇ ਸਨ, ਉਹ ਵੀ ਮੈਂਬਰ ਬਣ ਰਹੇ ਸਨ।

    ਪੁਲਸ-ਗੁੰਡਾ ਅਨਸਰ ਗਠਜੋੜ
    ਸਿਰੇ ਦੀਆਂ ਮੁਸੀਬਤਾਂ ਝੱਲ ਕੇ ਆਬਾਦ ਕੀਤੀਆਂ ਜ਼ਮੀਨਾਂ ਹੁਣ ਫਸਲ ਦੇਣ ਲੱਗ ਪਈਆਂ ਸਨ। ਅਫਸਰਸ਼ਾਹੀ ਦਾ ਪੰਜਾ ਇਨ੍ਹਾਂ ਜ਼ਮੀਨਾਂ ਨੂੰ ਨਿਗਲਣ ਲਈ ਉਤਾਵਲਾ ਹੋ ਰਿਹਾ ਸੀ। ਇਹ ਜ਼ਮੀਨ ਬਿਲਕੁਲ ਫਿਲੌਰ ਸ਼ਹਿਰ ਦੇ ਨਾਲ ਲਗਦੀ ਹੋਣ ਕਾਰਨ ਅਫਸਰ ਕਿਸੇ ਨਾ ਕਿਸੇ ਤਰ੍ਹਾਂ ਇਸ ਜ਼ਮੀਨ ‘ਤੇ ਹੱਥ ਮਾਰਨਾ ਚਾਹੁੰਦੇ ਸਨ। ਖਾਸਕਰ ਫਿਲੌਰ ਦੇ ਕਿਲ੍ਹੇ ਵਿਚਲੇ ਪੁਲਸ ਟਰੇਨਿੰਗ ਸੈਂਟਰ ਦੇ ਕੁੱਝ ਅਫਸਰ ਇਹ ਜ਼ਮੀਨਾਂ ਹਥਿਆਉਣ ਦੀਆਂ ਸਕੀਮਾਂ ਘੜਨ ਲੱਗ ਪਏ ਸਨ। ਉਹ ਸ਼ਿਕਾਰ ਬਹਾਨੇ ਜ਼ਮੀਨਾਂ ਵੱਲ ਗੇੜੇ ਮਾਰਦੇ ਤੇ ਆਬਾਦਕਾਰਾਂ ਨੂੰ ਦਬਕਾਉਂਦੇ ਕਿ ਤੁਸੀਂ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਐ । ਇਹ ਜ਼ਮੀਨ ਕਿਸੇ ਦੀ ਮਾਲਕੀ ਨਾ ਹੋਣ ਕਾਰਨ ਉਹ ਆਬਾਦਕਾਰਾਂ ਨੂੰ ਸਰਕਾਰ ਦਾ ਡਰ ਦੇ ਕੇ ਉਠਾਉਣਾ ਚਾਹੁੰਦੇ ਸਨ। ਪਰ ਇਹ ਕੰਮ ਏਨਾ ਸੌਖਾ ਨਹੀਂ ਸੀ। ਇਸ ਕੰਮ ਲਈ ਉਨ੍ਹਾਂ ਪਿੰਡਾਂ ਦੇ ਰੱਜੇ ਪੁੱਜੇ ਕਿਸਾਨਾਂ ਤੇ ਗੁੰਡਾ ਅਨਸਰਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ।
    ਫਿਲੌਰ ਥਾਣੇ ਦਾ ਵੇਲੇ ਦਾ ਐੱਸ ਐੱਚ ਓ, ਜਿਸ ਦਾ ਨਾਂਅ ਸ਼ਾਇਦ ਜਸਵੰਤ ਸਿੰਘ ਸੀ, ਜ਼ਮੀਨਾਂ ਹੜੱਪਣ ਲਈ ਬਹੁਤ ਕਾਹਲਾ ਸੀ। ਉਸਨੇ ਅਸ਼ਾਹੂਰ ਦੇ ਬਦਮਾਸ਼ ਭਰਾਵਾਂ ਸੰਤੋਖ ਭਲਵਾਨ ਤੇ ਜਿੰਦੇ ਨਾਲ ਜੁਗਤ ਲੜਾਈ ਕਿ ਫਿਲੌਰ ਕਿਲੇ ਦੇ ਨਾਲ ਲਗਦੇ ਮੰਡ ‘ਚੋਂ ਆਬਾਦਕਾਰਾਂ ਨੂੰ ਤੰਗ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਭਜਾ ਦਿਓ। ਇਸ ਤਿੰਨ ਸੌ ਏਕੜ ‘ਚੋਂ ਸੌ ਏਕੜ ਜ਼ਮੀਨ ਤੁਸੀਂ ਰੱਖ ਲਿਓ, ਸੌ ਏਕੜ ਮੈਂ (ਐੱਸ ਐੱਚ ਓ) ਰੱਖ ਲਵਾਂਗਾ ਤੇ ਬਾਕੀ ਸੌ ਏਕੜ ਉਪਰਲੇ ਅਫਸਰਾਂ ਨੂੰ ਦੇ ਦੇਵਾਂਗੇ। ਜੇ ਕੋਈ ਆਬਾਦਕਾਰ ਥਾਣੇ ਆਵੇਗਾ ਤਾਂ ਉਹਨੂੰ ਟਰਕਾ ਦਿਆਂਗੇ। ਜੇ ਤਹਿਸੀਲੇ ਜਾਵੇਗਾ ਤਾਂ ਰੋਜ਼ ਰੋਜ਼ ਗੇੜੇ ਮਰਵਾ ਕੇ ਥਕਾ ਦਿਆਂਗੇ। ਇਸ ਸਕੀਮ ਨੂੰ ਨੇਪਰੇ ਚਾੜ੍ਹਨ ਦੀ ਜਿੰਮੇਵਾਰੀ ਜਿੰਦੇ ਨੇ ਸਾਂਭ ਲਈ।
    ਸੰਤੋਖ ਭਲਵਾਨ ਤੇ ਉਸ ਦਾ ਭਰਾ ਰਾਜਿੰਦਰ ਜਿੰਦਾ ਇਲਾਕੇ ਦੇ ਕਹਿੰਦੇ ਕਹਾਉਂਦੇ ਬਦਮਾਸ਼ ਸਨ। ਸੰਤੋਖ ਭਲਵਾਨ ਨੇ ਇੱਕ ਵਾਰ ਥਲਾ ਪਿੰਡ ਦੀ ਇੱਕ ਔਰਤ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਔਰਤ ਦੇ ਪਰਵਾਰ ਦੇ ਮਰਦਾਂ ਨੇ ਭਲਵਾਨ ਦੀ ਬਾਂਹ ਵੱਢ ਦਿੱਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਤੌਰ ਤਰੀਕੇ ਬਦਲੇ ਨਹੀਂ ਸਨ। ਉਹ ਖਾਂਦੇ-ਪੀਂਦੇ ਕਿਸਾਨ ਸਨ। ਅੰਮ੍ਰਿਤਸਰ ਜਿਲ੍ਹੇ ਤੋਂ ਆ ਕੇ ਅਸ਼ਾਹੂਰ ਵਸੇ ਸਨ। ਉਹ ਬਾਰਡਰ ‘ਤੇ ਸਮਗਲਿੰਗ ਕਰਿਆ ਕਰਦੇ ਸਨ, ਅਸ਼ਾਹੂਰ ਆ ਕੇ ਵੀ ਸਮਗਲਿੰਗ ਦਾ ਧੰਦਾ ਜਾਰੀ ਰਿਹਾ ਤੇ ਕੁਦਰਤੀ ਤੌਰ ‘ਤੇ ਉਨ੍ਹਾਂ ਦਾ ਮਿੱਤਰਚਾਰਾ ਵੀ ਸਮਗਲਰਾਂ ਨਾਲ ਈ ਹੋਣਾ ਸੀ। ਰਿਸ਼ਤੇਦਾਰ ਵੀ ਸਮਗਲਰ ਈ ਸਨ। ਵੱਡੇ ਪੁਲਸ ਅਫਸਰ ਤੇ ਹੋਰ ਅਫਸਰ ਉਨ੍ਹਾਂ ਦੇ ਡੇਰੇ ‘ਤੇ ਆ ਕੇ ਰੰਗ ਰਲੀਆਂ ਮਨਾਉਂਦੇ ਸਨ। ਆਂਢ ਗੁਆਂਢ ਉਨ੍ਹਾਂ ਤੋਂ ਬਹੁਤ ਤੰਗ ਸੀ ਪਰ ਬੋਲਦਾ ਕੋਈ ਨਹੀਂ ਸੀ। ਉਹ ਆਪਣੇ ਖੇਤਾਂ ‘ਚ ਗਰੀਬਾਂ ਕੋਲੋਂ ਜਬਰੀ ਕੰਮ ਕਰਵਾਉਂਦੇ, ਦੁਰਕਾਰ ਕੇ ਰੱਖਦੇ ਤੇ ਜੇ ਕੋਈ ਅੱਖ ਚੁੱਕਣ ਦੀ ਹਿੰਮਤ ਕਰਦਾ ਤਾਂ ਉਸ ਦੀ ਹੱਡੀ ਪਸਲੀ ਇੱਕ ਕਰ ਦਿੰਦੇ। ਲੋਕ ‘ਚ ਉਨ੍ਹਾਂ ਦਾ ਬਹੁਤ ਖੌਫ ਸੀ।
    ਕਿਸਾਨ ਸਭਾ ਵਲੋਂ ਆਬਾਦਕਾਰਾਂ ਤੇ ਕਿਸਾਨਾਂ ਦੀ ਕੀਤੀ ਗਈ ਲਾਮਬੰਦੀ ਨੇ ਜੋ ਮਾਹੌਲ ਪੈਦਾ ਕਰ ਦਿੱਤਾ ਸੀ, ਉਹ ਇਸ ਬਦਮਾਸ਼ ਟੋਲੇ ਨੂੰ ਹਜ਼ਮ ਨਹੀਂ ਸੀ ਹੋ ਰਿਹਾ। ਲੋਕ ਹੁਣ ਉਨ੍ਹਾਂ ਨੂੰ ਰਾਹ ਜਾਂਦਿਆਂ ਸਲਾਮਾਂ ਕਰਨੋਂ ਹਟਦੇ ਜਾ ਰਹੇ ਸਨ । ਐੱਸ ਐੱਚ ਓ ਨੇ ਉਨ੍ਹਾਂ ਨੂੰ ਹੋਰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਹ ਖਰੂਦ ਦੀਆਂ ਹੱਦਾਂ ਟੱਪਣ ਲੱਗ ਪਏ। ਗਰੀਬ ਗੁਰਬਿਆਂ ਦੀ ਵੱਟਾਂ ਬੰਨਿਆਂ ਤੋਂ ਲੰਘਦਿਆਂ ਦੀ ਕੁੱਟਮਾਰ, ਬੇਇਜ਼ਤੀ, ਕੋਲੋਂ ਲੰਘਦੀਆਂ ਮੁਟਿਆਰਾਂ, ਔਰਤਾਂ ਨੂੰ ਸੁਣਾ-ਸੁਣਾ ਅਸ਼ਲੀਲ ਗੱਲਾਂ, ਗਲਤ ਹਰਕਤਾਂ ਨਿੱਤ ਦਿਨ ਦਾ ਕੰਮ ਹੋ ਗਿਆ। ਉਹ ਰੋਜ਼ਾਨਾ ਮੰਡ ‘ਚ ਜਾਂਦੇ। ਸ਼ਰਾਬ ਪੀ ਕੇ ਸ਼ਿਕਾਰ ਦੇ ਬਹਾਨੇ ਆਬਾਦਕਾਰਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ। ਮਨ੍ਹਾਂ ਕਰਨ ‘ਤੇ ਹੱਥੀਂ ਉੱਤਰ ਆਉਂਦੇ, ਬੇਇਜ਼ਤੀ ਕਰਦੇ। ਕਹਿੰਦੇ ਕਿ ਇਹ ਜ਼ਮੀਨਾਂ ਸਰਕਾਰੀ ਹਨ, ਸਾਨੂੰ ਕੋਈ ਰੋਕ ਨਹੀਂ ਸਕਦਾ। ਬਹੁਤੇ ਆਬਾਦਕਾਰ ਬਹੁਤ ਗਰੀਬ ਸਨ ਤੇ ਡਰ ਦੇ ਮਾਰੇ ਉਨ੍ਹਾਂ ਸਾਹਮਣੇ ਨਾ ਬੋਲਦੇ, ਨਾ ਕਿਸੇ ਨਾਲ ਕੋਈ ਗੱਲ ਕਰਦੇ। ਸੰਤੋਖ ਤੇ ਜਿੰਦਾ ਦਸ ਦਸ ਗੁੰਡਿਆਂ ਦਾ ਟੋਲਾ ਲੈ ਮੰਡ ਵਿੱਚ ਹਰਲ ਹਰਲ ਕਰਦੇ ਫਿਰਨ ਲੱਗੇ। ਕਿਸਾਨ ਸਭਾ ਦੇ ਵਰਕਰਾਂ, ਖਾਸਕਰ ਮਲਕੀਤ ਸਿੰਘ ਤੇ ਚੂਨੀ ਲਾਲ ਵਿਰੁੱਧ ਉਹ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ । ਉਹ ਕਹਿੰਦੇ, “ਜਦ ਗਿੱਦੜ ਦੀ ਮੌਤ ਆਉਂਦੀ ਐ ਤਾਂ ਸ਼ਿਕਾਰੀਆਂ ਦੀ ਮੁੰਨੀ ਨਾਲ ਖਹਿਣ ਲੱਗ ਪੈਂਦਾ ਹੈ।” ਇਨ੍ਹਾਂ ਤੋਂ ਤੰਗ ਆ ਕੇ ਜੇ ਕੋਈ ਆਬਾਦਕਾਰ ਥਾਣੇ ਜਾਂਦਾ, ਉਸਨੂੰ ਸਾਰਾ ਦਿਨ ਬਿਠਾ ਕੇ ਮੋੜ ਦਿੱਤਾ ਜਾਂਦਾ। ਉਸ ਦੀ ਸ਼ਿਕਾਇਤ ਸੁਣਨ ਦੀ ਥਾਂ ਸਗੋਂ ਡਰਾਵਾ ਦਿੱਤਾ ਜਾਂਦਾ ਕਿ ਇਨ੍ਹਾਂ ਨਾਲ ਆਢਾ ਨਾ ਲਓ, ਇਨ੍ਹਾਂ ਦੀ ਉੱਪਰ ਤੱਕ ਪਹੁੰਚ ਹੈ।
    ਨਾ ਕਿਸੇ ਦੀ ਪਰ੍ਹਿਆ ਪੰਚਾਇਤ ‘ਚ ਸੁਣੀ ਜਾਂਦੀ, ਨਾ ਥਾਣੇ, ਨਾ ਤਹਿਸੀਲੇ। ਦਿਨ ਬਦਿਨ ਖਰੂਦੀ ਲਾਣਾ ਹੱਦਾਂ ਟੱਪਣ ਲੱਗਾ। ਹਰ ਦਿਨ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ। ਆਬਾਦਕਾਰ ਖੁਦ ਇਹ ਮਸਲੇ ਵਿਚਾਰਦੇ ਤੇ ਫਿਰ ਪਾਰਟੀ ਤੇ ਕਿਸਾਨ ਸਭਾ ਦੇ ਧਿਆਨ ‘ਚ ਲਿਆਉਣ ਲਈ ਅਣਖੀ ਹੁਰਾਂ ਨੂੰ ਰਿਪੋਰਟ ਕਰਦੇ। ਕਿਸਾਨ ਆਗੂ ਸਥਾਨਕ ਸਾਥੀਆਂ ਨੂੰ ਲੈ ਕੇ ਮੰਡ ‘ਚ ਹਰ ਕੁੱਲੀ, ਹਰ ਡੇਰੇ ਤੱਕ ਪਹੁੰਚ ਕਰਦੇ। ਆਬਾਦਕਾਰਾਂ ਨੂੰ ਗੁੰਡਾ ਗਿਰੋਹਾਂ ਤੇ ਸਰਕਾਰੀ ਧੱਕੇ ਦਾ ਮਿਲ ਕੇ ਟਾਕਰਾ ਕਰਨ ਲਈ ਪ੍ਰੇਰਦੇ। ਆਬਾਦਕਾਰਾਂ ਤੇ ਆਮ ਲੋਕਾਂ ‘ਚ ਇਸ ਧੱਕੇਸ਼ਾਹੀ ਵਿਰੁੱਧ ਰੋਹ ਦੀ ਝਲਕ ਜਲੰਧਰ ‘ਚ ਹੋਏ ਮੁਜ਼ਾਹਰੇ ‘ਚ ਦੇਖਣ ਨੂੰ ਮਿਲੀ। ਇਸ ਮੁਜ਼ਾਹਰੇ ‘ਚ ਫਿਲੌਰ ਤਹਿਸੀਲ ‘ਚੋਂ 6 ਟਰੱਕ ਭਰਕੇ ਆਬਾਦਕਾਰ ਸ਼ਾਮਲ ਹੋਏ ਜਿਨ੍ਹਾਂ ‘ਚ ਇੱਕ ਟਰੱਕ ਔਰਤਾਂ ਦਾ ਵੀ ਸੀ। ਪੂਰੇ ਸ਼ਹਿਰ ‘ਚ ਬਹੁਤ ਵੱਡਾ ਮਾਰਚ ਕੀਤਾ ਗਿਆ। ਕੰਪਨੀ ਬਾਗ ‘ਚ ਇੱਕ ਵਿਸ਼ਾਲ ਰੈਲੀ ਕੀਤੀ ਗਈ ਤੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ।
    ਬਾਪੂ ਅਣਖੀ ਹੁਰਾਂ ਕਿਹਾ, ” ਲੈ ਬਈ ਇੰਦਰਜੀਤ, ਇਸ ਮੁਜ਼ਾਹਰੇ ਦੀਆਂ ਖਬਰਾਂ ਸਾਰੀਆਂ ਅਖਬਾਰਾਂ ਨੇ ਚਮਕਾ ਕੇ ਲਾਈਆਂ। ਸਾਰੇ ਸੂਬੇ ‘ਚ ਖਬਰਾਂ ਪੜ੍ਹ ਕੇ ਪਾਰਟੀ ਸਾਥੀ ਤੇ ਹਮਦਰਦ ਬਹੁਤ ਉਤਸ਼ਾਹਿਤ ਹੋਏ। ਅਖਬਾਰਾਂ ਦਾ ਹੁਣ ਵਰਗਾ ਹਾਲ ਨਹੀਂ ਸੀ। ਹੁਣ ਤਾਂ ਖਬਰ ਲਵਾਉਣ ਲਈ ਪਿੱਛਾ ਕਰਨਾ ਪੈਂਦੈ, ਖਬਰ ਫੇਰ ਵੀ ਚੰਡੀਗੜ੍ਹ ਨਹੀਂ ਪਹੁੰਚਦੀ। ਪਹਿਲਾਂ ਅਖਬਾਰਾਂ ਵਾਲੇ ਖਬਰ ਲਈ ਮਗਰ ਮਗਰ ਫਿਰਦੇ ਸਨ, ਹੁਣ ਕੰਮ ਉਲਟਾ ਹੋ ਗਿਐ। ਕੀ ਬਣੂ ਦੇਸ਼ ਦਾ !” ਮੀਡੀਆ ਦੇ ਹਾਲਾਤ ਬਾਰੇ ਉਨ੍ਹਾ ਦੀ ਫਿਕਰਮੰਦੀ ਗਲਤ ਨਹੀਂ ਸੀ, ਉਹ ਬਿਲਕੁਲ ਦਰੁਸਤ ਸਨ।
    ਫਿਰ ਗੱਲ ਅੱਗੇ ਤੁਰੀ । ਉਨ੍ਹਾ ਅਨੁਸਾਰ ਜਲੰਧਰ ਮੁਜ਼ਾਹਰੇ ਨੇ ਆਬਾਦਕਾਰਾਂ ‘ਚ ਇੱਕ ਨਵੀਂ ਰੂਹ ਫੂਕ ਦਿੱਤੀ ਸੀ। ਸੂਬੇ ਦੇ ਪੂਰੇ ਮੰਡ ਖੇਤਰ ਦੇ ਆਬਾਦਕਾਰ ਜਥੇਬੰਦ ਹੋਣ ਦੇ ਰਾਹ ਪੈ ਗਏ। ਗੁੰਡਾਗਰਦੀ ਵਧਣ ‘ਤੇ ਫਿਲੌਰ ਸ਼ਹਿਰ ‘ਚ ਇੱਕ ਵਾਰ ਫਿਰ ਮੁਜ਼ਾਹਰਾ ਕੀਤਾ ਗਿਆ ਜਿਸਨੂੰ ਕਾਮਰੇਡ ਚੀਮਾ ਤੋਂ ਇਲਾਵਾ ਕਾਮਰੇਡ ਸਰੀਂਹ, ਦਲੀਪ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ ਤੇ ਪੁਲਸ ਧੱਕੇਸ਼ਾਹੀ ਬੰਦ ਕੀਤੀ ਜਾਵੇ। ਜੇ ਹਾਲਾਤ ਵਿਗੜੇ ਤਾਂ ਜਿੰਮੇਵਾਰੀ ਪ੍ਸ਼ਾਸਨ ਦੀ ਹੋਵੇਗੀ।
    ਇਸ ਮੁਜ਼ਾਹਰੇ ਤੋਂ ਦੋ ਕੁ ਮਹੀਨੇ ਬਾਅਦ ਸੰਤੋਖ ਭਲਵਾਨ ਤੇ ਉਸ ਦੇ ਭਰਾ ਜਿੰਦਾ ਨੇ ਮੰਡ ‘ਚ ਬੁਰਛਾਗਰਦੀ ਵਧਾ ਦਿੱਤੀ। ਇਕੱਲੇ ਦੁਕੱਲੇ ਬੰਦੇ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦਰਿਆ ਕੰਢੇ ਦੇ ਆਬਾਦਕਾਰਾਂ ਦਾ ਫਿਲੌਰ, ਅੱਪਰਾ ਜਾਂ ਨਵਾਂ ਸ਼ਹਿਰ ਨੂੰ ਜਾਣ ਦਾ ਰਸਤਾ ਇਹੋ ਸੀ। ਕੜਿਆਣਾ, ਝੰਡੀ ਪੀਰ ਤੋਂ ਅਸ਼ਾਹੂਰ-ਨਗਰ ਜਾਣ ਲਈ ਹੋਰ ਕੋਈ ਰਸਤਾ ਨਹੀਂ ਸੀ। ਸੜਕ ਦੇ ਦੋਹੀਂ ਪਾਸੀਂ ਇਨ੍ਹਾਂ ਦੀ ਜ਼ਮੀਨ ਲਗਦੀ ਸੀ। ਉਹ ਅਕਸਰ ਸਕੂਲ ਦੇ ਸਾਹਮਣੇ ਸੜਕੋਂ ਪਾਰ ਸ਼ਾਮ-ਸਵੇਰੇ ਇਕੱਠੇ ਹੁੰਦੇ। ਸ਼ਰਾਬ ਪੀ ਕੇ ਆਉਣ ਜਾਣ ਵਾਲੇ ਨੂੰ ਬਿਨਾਂ ਵਜ੍ਹਾ ਤੰਗ ਕਰਦੇ। ਇਕ ਦੋ ਵਾਰ ਸਿਆਣੇ ਬੰਦਿਆਂ ਨੇ ਉਨ੍ਹਾਂ ਨੂੰ ਸਮਝਾਇਆ ਵੀ ਪਰ ਉਨ੍ਹਾਂ ਨੂੰ ਵੀ ਉਹ ਪੁੱਠੇ ਈ ਬੋਲੇ। ਆਪਣੀਆਂ ਖਰਮਸਤੀਆਂ ਕਾਰਨ ਉਹ ਆਮ ਲੋਕਾਂ ਦੀ ਨਫਰਤ ਦੇ ਪਾਤਰ ਬਣ ਗਏ ਸਨ। ਪਾਰਟੀ ਤੇ ਕਿਸਾਨ ਸਭਾ ਆਗੂ ਲਗਾਤਾਰ ਆਬਾਦਕਾਰਾਂ ਨਾਲ ਰਾਬਤਾ ਰੱਖ ਰਹੇ ਸਨ। ਆਬਾਦਕਾਰਾਂ ਦੀਆਂ ਲਗਾਤਾਰ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਸਨ, ਜਲਸੇ ਡਰਾਮੇ ਕਰਵਾਏ ਜਾ ਰਹੇ ਸਨ। ਅਸ਼ਾਹੂਰ ਏਰੀਏ ‘ਚ ਕਿਸਾਨ ਜਥੇਬੰਦੀ ਤਕੜੀ ਹੋ ਰਹੀ ਸੀ; ਮਲਕੀਤ ਸਿੰਘ, ਚੂਨੀ ਲਾਲ, ਮੰਗਲ ਸਿੰਘ, ਕਰਤਾਰ ਸਿੰਘ, ਮੱਸਾ ਸਿੰਘ ਨਿਹੰਗ, ਧੰਨਾ ਰਾਮ, ਜੀਤ ਰਾਮ, ਜਸਵੰਤ ਸਿੰਘ ਬੁੱਕਣ ਦੀ ਟੀਮ ਮਹਿੰਦਰ ਸਿੰਘ ਜੌਹਲ, ਕਸ਼ਮੀਰਾ ਸਿੰਘ, ਬਾਬਾ ਢੇਰੂ ਰਾਮ ਤੇ ਮਾਹੂੰ ਰਾਮ ਦੇ ਸਹਿਯੋਗ ਨਾਲ ਆਬਾਦਕਾਰਾਂ ਨੂੰ ਇੱਕਮੁੱਠ ਰੱਖ ਰਹੀ ਸੀ। ਦੂਜੇ ਪਾਸੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਭਲਵਾਨ-ਜਿੰਦੇ ਦਾ ਗੁੰਡਾ ਗਿਰੋਹ ਕੋਈ ਨਾ ਕੋਈ ਸ਼ਰਾਰਤ ਕਰਦਾ ਈ ਰਹਿੰਦਾ ਸੀ। ਬਾਹਰੋਂ ਆਉਣ ਵਾਲੇ ਕਿਸਾਨ ਵਰਕਰਾਂ ਨੂੰ ਸੁਣਾ ਸੁਣਾ ਕੇ ਤਨਜ਼ਾਂ ਕੱਸਣੀਆਂ ਉਨ੍ਹਾਂ ਲਈ ਇਕ ਆਮ ਗੱਲ ਹੋ ਗਈ ਸੀ। ਸ਼ਿਕਾਰ ਬਹਾਨੇ ਉਹ ਗਿਣ ਮਿੱਥ ਕੇ ਫਸਲਾਂ ਖਰਾਬ ਕਰਨ ਲੱਗੇ। ਵਿਰੋਧ ਕਰਨ ‘ਤੇ ਬੇਇਜ਼ਤੀ ਜਾਂ ਕੁੱਟਮਾਰ ਕਰਦੇ। ਹਰ ਦੂਸਰੇ ਤੀਸਰੇ ਦਿਨ ਮੰਡ ‘ਚੋਂ ਸ਼ਿਕਾਇਤਾਂ ਅਣਖੀ ਹੁਰਾਂ ਕੋਲ ਪੁੱਜਦੀਆਂ। ਇਸ ਸੰਬੰਧੀ ਕਾਮਰੇਡ ਚੀਮਾ ਦੀ ਅਗਵਾਈ ਹੇਠ ਇਕ ਵਫਦ(ਜਿਸ ਵਿੱਚ ਕਾਮਰੇਡ ਪੁਆਦੜਾ, ਮਲਕੀਤ, ਚੂਨੀ ਲਾਲ ਤੇ ਅਣਖੀ ਜੀ ਸ਼ਾਮਲ ਸਨ) ਤਹਿਸੀਲਦਾਰ ਤੇ ਪੁਲਸ ਅਫਸਰਾਂ ਨੂੰ ਮਿਲਿਆ, ਜਿਨ੍ਹਾਂ ਜ਼ੁਬਾਨੀ ਜਮ੍ਹਾਂ ਖਰਚ ਤੋਂ ਬਿਨਾਂ ਕੁੱਝ ਨਹੀਂ ਕੀਤਾ। ਉਲਟਾ ਪੁਲਸ ਵਾਲੇ ਇਹ ਸਮਝੌਤੀਆਂ ਦੇਣ ਲੱਗੇ ਕਿ ਤੁਸੀਂ ਆਪਣੇ ਬੰਦਿਆਂ ਨੂੰ ਸਮਝਾਓ, ਇਨ੍ਹਾਂ ਦੀ ਜ਼ੁਬਾਨ ਵੀ ਬਹੁਤ ਲੰਮੀ ਹੋ ਗਈ ਹੈ।
    ਹਾਲਾਤ ਖਰਾਬ ਹੁੰਦੇ ਦੇਖ ਪਾਰਟੀ ਆਗੂਆਂ ਨੇ ਚੰਗੀ ਤਰ੍ਹਾਂ ਵਿਚਾਰਨ ਤੋਂ ਬਾਅਦ ਫੈਸਲਾ ਕੀਤਾ ਕਿ ਅਸ਼ਾਹੂਰ ਏਰੀਏ ‘ਚ ਕੋਈ ਵੀ ਵਰਕਰ ਇਕੱਲਾ ਨਾ ਜਾਵੇ, ਘੱਟੋ ਘੱਟ ਤਿੰਨ ਵਰਕਰ ਮੀਟਿੰਗਾਂ ਕਰਵਾਉਣ ਜਾਣ ਤੇ ਰਵਾਇਤੀ ਹਥਿਆਰ ਕੋਲ ਰੱਖਣ। ਕਿਸਾਨ ਸਭਾ ਦੇ ਵਰਕਰਾਂ ਨੇ ਭਲਵਾਨ-ਜਿੰਦਾ ਗਿਰੋਹ ਦੀਆਂ ਸਰਗਰਮੀਆਂ ਦੀ ਕਨਸੋਅ ਲਈ ਉਨ੍ਹਾਂ ਦੇ ਇੱਕ ਸੇਵਾਦਾਰ ਨੂੰ ਤਿਆਰ ਕਰਨ ‘ਚ ਕਾਮਯਾਬੀ ਹਾਸਲ ਕਰ ਲਈ ਜਿਹੜਾ ਇਸ ਟੋਲੇ ਦੀ ਨਸ਼ੇ-ਪਾਣੀ ਦੀ ਸੇਵਾ ਵਾਸਤੇ ਹਰ ਵੇਲੇ ਡੇਰੇ ‘ਤੇ ਹਾਜ਼ਰ ਰਹਿੰਦਾ ਸੀ ਪਰ ਕਾਮਰੇਡਾਂ ਦਾ ਪੱਕਾ ਹਮਦਰਦ ਬਣ ਗਿਆ ਸੀ। ਉਹ ਇਸ ਟੋਲੇ ਦੇ ਭੇਦ ਬਾਬਾ ਬੰਤਾ ਸਿੰਘ ਤੇ ਬਾਬਾ ਢੇਰੂ ਰਾਮ ਨੂੰ ਦੱਸਦਾ ਰਹਿੰਦਾ। ਬੰਤਾ ਸਿੰਘ ਦੀ ਜ਼ਮੀਨ ਜਿੰਦਾ ਦੀ ਜ਼ਮੀਨ ਦੇ ਨਾਲ ਲਗਦੀ ਹੋਣ ਕਾਰਨ ਉਸ ਲਈ ਖਬਰ ਪੁੱਜਦੀ ਕਰਨਾ ਮੁਸ਼ਕਲ ਨਹੀਂ ਸੀ। ਉਹਨੇ ਕਿਹਾ ਕਿ ਮਲਕੀਤ, ਚੂਨੀ ਲਾਲ, ਮੰਗਲ ਸਿੰਘ, ਫੌਜਾ ਸਿੰਘ, ਕਰਤਾਰ ਸਿੰਘ ਨਿਹੰਗ ਇਸ ਟੋਲੇ ਤੋਂ ਹਮੇਸ਼ਾ ਖਬਰਦਾਰ ਰਹਿਣ।
    ਥੋੜ੍ਹੇ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਜਿੰਦੇ ਦੇ ਗੁੰਡਾ ਗਿਰੋਹ ਨੇ ਸਗੋਂ ਜਿਆਦਾ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ। ਉਹ ਰੋਜ਼ ਕਿਸੇ ਨਾ ਕਿਸੇ ਆਬਾਦਕਾਰ ਦੀ ਕੁੱਟਮਾਰ ਕਰਨ ਲੱਗੇ। ਉਹ ਪਸ਼ੂ ਚਾਰਨ ਆਏ ਗਰੀਬ ਗੁਰਬਿਆਂ ਨਾਲ ਗਾਲ ਮੰਦਾ ਕਰਦੇ। ਉਹ ਦਹਿਸ਼ਤ ਫੈਲਾਉਣ ‘ਚ ਕੋਈ ਕਸਰ ਬਾਕੀ ਨਾ ਛੱਡ ਰਹੇ ਸਨ। ਫਿਲੌਰ ਦਫਤਰ ਤੋਂ ਅਣਖੀ ਹੁਰਾਂ ਰਾਹੀਂ ਰੋਜ਼ਾਨਾ ਖਬਰਾਂ ਪਾਰਟੀ ਤੇ ਕਿਸਾਨ ਆਗੂਆਂ ਕੋਲ ਪੁੱਜਦੀਆਂ। ਤਹਿਸੀਲ ਕਿਸਾਨ ਸਭਾ ਨੇ ਕਈ ਵਾਰ ਐੱਸ ਡੀ ਐੱਮ ਤੇ ਤਹਿਸੀਲਦਾਰ ਦੇ ਧਿਆਨ ‘ਚ ਮਾਮਲਾ ਲਿਆਂਦਾ ਗਿਆ ਪਰ ਕਿਸੇ ਨੇ ਵੀ ਇਸ ਗੁੰਡਾ ਗਿਰੋਹ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸਿੱਟੇ ਵਜੋਂ ਗੁੰਡਾ ਅਨਸਰਾਂ ਦੇ ਹੌਸਲੇ ਵਧ ਗਏ। ਜ਼ਿਆਦਤੀਆਂ ਘਟਣ ਦੀ ਬਜਾਇ ਵਧਣ ਲੱਗੀਆਂ। ਉਹ ਆਏ ਦਿਨ ਕਿਸੇ ਨਾ ਕਿਸੇ ਗਰੀਬ ਦਾ ਬੱਕਰਾ ਚੁੱਕ ਲਿਆਉਂਦੇ, ਮੀਟ ਖਾਂਦੇ, ਸ਼ਰਾਬ ਪੀਂਦੇ ਤੇ ਗਾਲ ਮੰਦਾ ਬਕਦੇ। ਇੱਕ ਦਿਨ ਉਨ੍ਹਾਂ ਕਿਸੇ ਦਾ ਬੱਕਰਾ ਚੋਰੀ ਕਰਕੇ ਮੰਡ ‘ਚ ਇੱਕ ਟਾਊਟ ਦੇ ਡੇਰੇ ‘ਤੇ ਬਣਾਇਆ, ਸ਼ਰਾਬ ਪੀਤੀ ਤੇ ਭੂਤਰਿਆਂ ਨੇ ਇੱਕ ਗਰੀਬ ਆਬਾਦਕਾਰ ਸਾਈਂ ਦਾ ਝੋਟਾ ਬਰਛਿਆਂ ਨਾਲ ਕੋਹ ਕੇ ਮਾਰ ਦਿੱਤਾ ਤੇ ਕੁੱਲੀ ਨੂੰ ਅੱਗ ਲਾ ਦਿੱਤੀ। ਲੋਕਾਂ ਨੂੰ ਧਮਕੀਆਂ ਦੇਣ ਲੱਗ ਪਏ ਕਿ ਏਥੋਂ ਭੱਜ ਜਾਓ ਨਹੀਂ ਤਾਂ ਜਾਨੋਂ ਮਾਰ ਦਿਆਂਗੇ। ਇਸ ਬਦਮਾਸ਼ ਟੋਲੇ ਨੇ ਸਵਰਨਾ ਰਾਮ, ਜੋ ਬਾਅਦ ‘ਚ ਭਾਜਪਾ ਦੇ ਕੋਟੇ ‘ਚੋਂ ਪੰਜਾਬ ਦਾ ਮੰਤਰੀ ਬਣਿਆ ਸੀ, ਦੀ ਕੁੱਲੀ ਨੂੰ ਵੀ ਅੱਗ ਲਾ ਦਿੱਤੀ ਸੀ ਤੇ ਉਹ ਵੀ ਕਾਮਰੇਡਾਂ ਕੋਲ ਈ ਆਪਣਾ ਰੋਣਾ ਰੋਣ ਆਇਆ ਸੀ।
    ਅਣਖੀ ਹੁਰਾਂ ਨੇ ਦੱਸਿਆ, ” ਉਸੇ ਦਿਨ ਸ਼ਾਮ ਨੂੰ ਪੰਜ ਛੇ ਵਰਕਰ ਮੇਰੇ ਕੋਲ ਦਫਤਰ (ਚਾਹ ਵਾਲੀ ਦੁਕਾਨ) ਆਏ ਤੇ ਸਾਰੇ ਹਾਲਾਤ ਦੀ ਖਬਰ ਦਿੰਦਿਆਂ ਫਿਕਰਮੰਦੀ ਜਾਹਿਰ ਕੀਤੀ। ਮੈਂ ਉਨ੍ਹਾਂ ਨੂੰ ਚਾਹ ਪਾਣੀ ਪਿਆ ਕੇ ਹੌਸਲਾ ਦਿੱਤਾ ਤੇ ਦੂਸਰੇ ਦਿਨ ਦੋ ਵਜੇ ਮੰਡ ‘ਚ ਹੀ ਪਾਰਟੀ ਹਮਦਰਦ ਸਾਈਂ ਦੇ ਡੇਰੇ ‘ਤੇ ਮੀਟਿੰਗ ਰੱਖ ਲਈ। ਅਸ਼ਾਹੂਰ ਤੇ ਮੰਡ ਦੇ ਹੋਰਨਾਂ ਸਾਥੀਆਂ ਨੂੰ ਮੀਟਿੰਗ ਦੀ ਤਿਆਰੀ ਕਰਨ ਲਈ ਆਖ ਕੇ ਮੈਂ ਕਾਮਰੇਡ ਚੀਮਾ, ਪੁਆਦੜਾ ਤੇ ਹਰਬੰਸ ਮੰਢਾਲੀ ਨੂੰ ਖਬਰ ਕਰਨ ਦਾ ਜਿੰਮਾ ਲੈ ਕੇ ਤੁਰ ਪਿਆ। ਬੜੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸਾਥੀ ਨਾ ਮਿਲ ਸਕਿਆ ਕਿਉਂਕਿ ਵਰਿੰਦਰ ਗਗਨ, ਸੁਰਜੀਤ ਨਕੋਦਰ ਤੇ ਕੁਲਵੰਤ ਮੰਡਿਆਲਾ ਸੰਗੋਵਾਲ (ਨਕੋਦਰ) ਸੀਡ ਫਾਰਮ ‘ਤੇ ਚਲ ਰਹੇ ਸੰਘਰਸ਼ ‘ਚ ਰੁੱਝੇ ਹੋਏ ਸਨ ਤੇ ਕਾਮਰੇਡ ਰਾਜਿੰਦਰ ਸਿੰਘ ਸਰੀਂਹ ਤੇ ਕਾਮਰੇਡ ਚੀਮਾ ਗੁਰਦਾਸਪੁਰ ‘ਚ ਕਿਸਾਨ ਸਭਾ ਦੀ ਕਾਨਫਰੰਸ ਲਈ ਗਏ ਹੋਏ ਸਨ। ਆਖਰ ਚਾਹ ਵਾਲੀ ਦੁਕਾਨ ਇੱਕ ਮਜ਼ਦੂਰ ਹਵਾਲੇ ਕਰਕੇ ਮੈਂ ਖੁਦ ਅਸ਼ਾਹੂਰ ਪੁੱਜ ਗਿਆ। ਮਲਕੀਤ, ਚੂਨੀ ਲਾਲ, ਸਵਰਨ ਸਿੰਘ, ਮੰਗਲ ਸਿੰਘ, ਕਰਤਾਰ ਸਿੰਘ, ਫੌਜਾ ਸਿੰਘ ਨਿਹੰਗ ਪੰਦਰਾਂ ਕੁ ਬੰਦਿਆਂ ਦਾ ਜਥਾ ਤਿਆਰ ਕਰਕੇ ਬੈਠੇ ਹੋਏ ਸਨ। ਅਸੀਂ ਮੀਟਿੰਗ ਲਈ ਸਾਈਂ ਦੇ ਡੇਰੇ ਜਾਣ ਵਾਸਤੇ ਬੰਨ੍ਹੇ ਬੰਨ੍ਹ ਤੁਰ ਪਏ। ਸਾਈਂ ਦੇ ਡੇਰੇ ਇਕੱਠੇ ਹੋਏ ਆਬਾਦਕਾਰ ਸਾਡੀ ਉਡੀਕ ਕਰ ਰਹੇ ਸਨ। ਸਾਡਾ ਜਥਾ ਝੰਡੇ ਫੜੀ ਨਾਅਰੇ ਮਾਰਦਾ ਜਾ ਰਿਹਾ ਸੀ ਕਿ ਦਰਿਆ ਵਾਲੇ ਪਾਸਿਓਂ ਦਰਜਨ ਦੇ ਕਰੀਬ ਬੰਦੇ ਸਾਡੇ ਵੱਲ ਲਲਕਾਰੇ ਮਾਰਦੇ ਭੱਜੇ ਆ ਰਹੇ ਸਨ; ਕੌਣ ਓ ਜੋ ਹਰ ਰੋਜ਼ ਮੰਡ ਵੱਲ ਮੂੰਹ ਚੁੱਕੀ ਤੁਰ ਪੈਂਦੇ ਓ, ਲੋਕਾਂ ਨੂੰ ਖਰਾਬ ਕਰ ਰਹੇ ਓ। ਅੱਜ ਬੰਦੇ ਬਣਾਵਾਂਗੇ ਤੁਹਾਨੂੰ।
    ਮਲਕੀਤ ਤੇ ਚੂਨੀ ਲਾਲ ਨੇ ਦੂਰੋਂ ਪਛਾਣਦਿਆਂ ਕਿਹਾ ਕਿ ਇਹ ਤਾਂ ਜਿੰਦੇ ਹੁਰੀਂ ਆਂ ! ਮੌਕਾ ਭਾਂਪਦਿਆਂ ਮਲਕੀਤ ਨੇ ਜਥੇ ਨੂੰ ਲਲਕਾਰਿਆ ਕਿ ਹੁਣ ਲੜਾਈ ਹੋਣੀ ਆਂ, ਜਿਹਨੇ ਭੱਜਣਾ ਪਹਿਲਾਂ ਈ ਭੱਜ ਜਾਵੇ, ਦੋ ਦੋ ਹੱਥ ਕੀਤੇ ਬਿਨਾਂ ਅੱਜ ਨਹੀਂ ਜਾਣਾ। ਸਾਡੇ ਜਥੇ ‘ਚੋਂ ਇਕ ਵੀ ਬੰਦਾ ਨਹੀਂ ਯਰਕਿਆ। ਏਨੇ ਚਿਰ ਨੂੰ ਜਿੰਦੇ ਦਾ ਟੋਲਾ ਬੰਨ੍ਹ ‘ਤੇ ਉਪੜ ਗਿਆ। ਉਨ੍ਹਾਂ ਆਉਂਦਿਆਂ ਈ ਮਲਕੀਤ ਤੇ ਚੂਨੀ ਲਾਲ ਨੂੰ ਗਾਲ੍ਹਾਂ ਕੱਢਦਿਆਂ ਚੂਨੀ ਲਾਲ ਹੱਥੋਂ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ। ਮਲਕੀਤ ਨੇ ਆਪਣੇ ਜਥੇ ਨੂੰ ਕਿਹਾ ਕਿ ਪੈ ਜਾਓ ਹੁਣ ਕੋਈ ਸੁੱਕਾ ਨਾ ਜਾਵੇ। ਸਾਰਾ ਜਥਾ ਉਨ੍ਹਾਂ ‘ਤੇ ਟੁੱਟ ਪਿਆ। ਜਿੰਦੇ ਦੇ ਟੋਲੇ ਕੋਲ ਰਫਲ ਸੀ ਤੇ ਉਨ੍ਹਾਂ ਗੋਲੀ ਚਲਾ ਦਿੱਤੀ। ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਸਵਰਨ ਸਿੰਘ ਤੇ ਇਕ-ਦੋ ਹੋਰ ਸਾਥੀ ਰੈਣੇ ਲੱਗਣ ਕਾਰਨ ਜਖਮੀ ਹੋ ਗਏ। ਏਨੇ ਨੂੰ ਸਾਡੇ ਬੰਦਿਆਂ ਨੇ ਜੀਤੇ ਗੱਪੀ ਕੋਲੋਂ ਰਫਲ ਖੋਹ ਲਈ। ਰੌਲਾ ਸੁਣ ਕੇ ਸਾਈਂ ਦੇ ਡੇਰੇ ਤੋਂ ਬੰਦੇ ਸਾਡੀ ਮਦਦ ਲਈ, ਜੋ ਵੀ ਹੱਥ ਆਇਆ ਲੈ ਕੇ ਆ ਪੁੱਜੇ। ਸਾਈਂ ਦੀਆਂ ਧੀਆਂ ਬਹੁਤ ਦਲੇਰ ਸਨ। ਉਨ੍ਹਾਂ ਘੋਟਣਿਆਂ ਨਾਲ ਦੋ ਤਿੰਨ ਸ਼ਰਾਬੀਆਂ ਦੀ ਚੰਗੀ ਭੁਗਤ ਸਵਾਰੀ। ਸਾਡੇ ਬੰਦਿਆਂ ਨੇ ਗੁੰਡਾ ਟੋਲੇ ਨੂੰ ਛੇਤੀਂ ਹੀ ਕਾਬੂ ਕਰ ਲਿਆ। ਬਾਜ਼ੀ ਉਲਟੀ ਦੇਖ ਕੇ ਜਿੰਦਾ ਆਖਣ ਲੱਗਾ ਕਿ ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਓ, ਅਸੀਂ ਤੁਹਾਡੇ ਨਾਲ ਕਾਹਤੋਂ ਲੜਨਾ ਸੀ। ਅਸੀਂ ਸਲਾਹ ਕਰਕੇ ਰਫਲ ਆਪਣੇ ਕੋਲ ਰੱਖ ਲਈ ਤੇ ਉਨ੍ਹਾਂ ਨੂੰ ਕਿਹਾ ਕਿ ਹੁਣ ਤੁਸੀਂ ਜਾਵੋ, ਭਲਕੇ ਪੰਚਾਇਤ ‘ਚ ਗੱਲ ਕਰਾਂਗੇ।
    ਅਸੀਂ ਸਾਈਂ ਦੇ ਡੇਰੇ ‘ਤੇ ਮੀਟਿੰਗ ਕੀਤੀ। ਆਬਾਦਕਾਰਾਂ ‘ਚ ਡਰ ਵੀ ਸੀ ਤੇ ਸਾਡੇ ਜਥੇ ਦੀ ਦਲੇਰੀ ਕਾਰਨ ਉਤਸ਼ਾਹ ਵੀ। ਮੀਟਿੰਗ ‘ਚ ਥਾਣੇ ਜਾਣ ਦਾ ਫੈਸਲਾ ਕਰਕੇ ਅਸੀਂ ਨਾਅਰੇ ਮਾਰਦੇ ਫਿਲੌਰ ਨੂੰ ਤੁਰ ਪਏ। ਜ਼ਖਮੀਂ ਸਾਥੀਆਂ ਨੂੰ ਹਸਪਤਾਲ ਦਾਖਲ ਕਰਵਾ ਕੇ ਅਸੀਂ ਥਾਣੇ ਪੁੱਜ ਗਏ। ਥਾਣੇ ਮੂਹਰੇ ਸੜਕ ‘ਤੇ ਧਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਥਾਣੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਾਨੂੰ ਕਿਹਾ ਗਿਆ ਕਿ ਪੰਜ ਬੰਦੇ ਅੰਦਰ ਜਾ ਕੇ ਥਾਣਾ ਮੁਖੀ ਨੂੰ ਮਿਲ ਸਕਦੇ ਹਨ ਪਰ ਅਸੀਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਸੀਂ ਸਾਰੇ ਅੰਦਰ ਜਾਵਾਂਗੇ, ਨਹੀਂ ਤਾਂ ਦਿਨ ਰਾਤ ਧਰਨਾ ਚੱਲੇਗਾ। ਆਖਰ ਪੁਲਸ ਝੁਕ ਗਈ ਤੇ ਦਰਵਾਜ਼ਾ ਖੋਲ੍ਹ ਕੇ ਸਾਰਿਆਂ ਨੂੰ ਅੰਦਰ ਬੈਠਾ ਲਿਆ। ਅਸੀਂ ਸਾਰੀ ਘਟਨਾ ਦੱਸੀ ਅਤੇ ਗੁੰਡਾ ਟੋਲੇ ਦੀ ਖੋਹੀ ਰਫਲ ਤੇ ਹੋਰ ਹਥਿਆਰ ਥਾਣੇ ‘ਚ ਜਮ੍ਹਾਂ ਕਰਵਾ ਦਿੱਤੇ। ਸਾਨੂੰ ਕਿਹਾ ਗਿਆ ਕਿ ਮੁਲਜਮਾਂ ਨੂੰ ਫੜਨ ਲਈ ਪੁਲਸ ਭੇਜ ਰਹੇ ਆਂ, ਤੁਸੀਂ ਸਵੇਰੇ ਆ ਜਾਓ। ਸਾਡੇ ਨਾਲ ਹਸਪਤਾਲ ਜਾ ਕੇ ਜ਼ਖਮੀਂ ਸਾਥੀਆਂ ਦੇ ਬਿਆਨ ਵੀ ਦਰਜ ਕਰ ਲਏ। ਅਸੀਂ ਸਾਰੇ ਆਬਾਦਕਾਰਾਂ ਨੂੰ ਵਾਪਸ ਜਾਣ ਲਈ ਤੇ ਸਵੇਰ ਨੂੰ ਹੋਰ ਤਕੜੇ ਜਥੇ ਲੈ ਕੇ ਆਉਣ ਲਈ ਕਿਹਾ।”

    ਥੋੜ੍ਹਾ ਸਾਹ ਲੈ ਕੇ ਅਣਖੀ ਹੁਰੀਂ ਬੋਲੇ,” ਆਬਾਦਕਾਰਾਂ ਨੂੰ ਤਾਂ ਜਾਣ ਲਈ ਕਹਿ ਦਿੱਤਾ ਪਰ ਅਸੀਂ, ਮਹਿੰਦਰ ਸਿੰਘ ਜੌਹਲ, ਬਖਤੌਰ ਸਿੰਘ ਬੜਾ ਪਿੰਡ ਤੇ ਮੈਂ, ਫਿਲੌਰ ‘ਚ ਹੀ ਕਾਮਰੇਡ ਜੁਗਿੰਦਰ ਸਿੰਘ ਦੇ ਘਰ ਚਲੇ ਗਏ। ਕਾਰ ਦਾ ਪ੍ਰਬੰਧ ਕਰਕੇ ਅਸੀਂ ਰਾਤੋ ਰਾਤ ਕਾਮਰੇਡ ਚੀਮਾ, ਕਾਮਰੇਡ ਸਰੀਂਹ, ਕਾਮਰੇਡ ਪੁਆਦੜਾ ਤੇ ਹਰਬੰਸ ਮੰਢਾਲੀ ਨੂੰ ਸਾਰੀ ਇਤਲਾਹ ਦਿੱਤੀ ਤੇ ਉਨ੍ਹਾਂ ਨੂੰ ਨਾਲ ਲੈ ਕੇ ਸਵੇਰੇ ਅੱਠ ਵਜੇ ਤੱਕ ਫਿਲੌਰ ਕਾਮਰੇਡ ਜੁਗਿੰਦਰ ਸਿੰਘ ਦੇ ਘਰ ਪਹੁੰਚ ਗਏ। ਸਲਾਹ ਮਸ਼ਵਰਾ ਕਰਕੇ ਅਸੀਂ ਸਭ ਜਣੇ ਜਾ ਕੇ ਥਾਣੇਦਾਰ ਨੂੰ ਮਿਲੇ। ਉਹਨੇ ਦੱਸਿਆ ਕਿ ਫਾਇਰ ਕਰਨ ਵਾਲੇ ਜੀਤੇ ਗੱਪੀ ਨੂੰ ਤਾਂ ਹਵਾਲਾਤੇ ਦੇ ਦਿੱਤੈ ਤੇ ਦੂਜੇ ਵੀ ਬਾਰਾਂ ਵਜੇ ਤੱਕ ਥਾਣੇ ਲੈ ਆਉਣੇ ਆਂ। ਤੁਸੀਂ ਫਿਕਰ ਨਾ ਕਰੋ, ਪੂਰਾ ਇਨਸਾਫ਼ ਹੋਵੇਗਾ।
    ਥਾਣੇ ਤੋਂ ਬਾਹਰ ਨਿਕਲੇ ਤਾਂ ਸੰਤੋਖ ਭਲਵਾਨ ਤੇ ਉਹਦਾ ਭਣੋਈਆ ਦਲੀਪ ਸਿੰਘ ਮਿਲ ਪਏ। ਉਨ੍ਹਾਂ ਨਾਲ ਇਲਾਕੇ ਦੇ ਕਾਂਗਰਸੀ, ਅਕਾਲੀ ਸਭ ਆਏ ਹੋਏ ਸਨ। ਦਰਸ਼ਨ ਸਿੰਘ ਨੰਗਲ, ਤੇਜਾ ਸਿੰਘ, ਰਾਏਪੁਰ ਅਰਾਈਆਂ ਵਾਲਾ ਹਰੀ ਸਿੰਘ, ਕਰਨੈਲ ਸਿੰਘ ਤੇ ਬਿੱਕਰ ਸਿੰਘ ਫਿਲੌਰ ਤੇ ਹੋਰ ਵੀ ਸਨ। ਆਖਣ ਲੱਗੇ ਕਿ ਜਿੰਦੇ ਹੁਰੀਂ ਸ਼ਰਾਬੀ ਸਨ ਤੇ ਉਨ੍ਹਾਂ ਨੂੰ ਭੁਲੇਖਾ ਪੈ ਗਿਆ, ਆਪਾਂ ਗੱਲ ਵਧਾਈਏ ਨਾ ਸਗੋਂ ਨੇੜੇ ਕਰੀਏ ਨਹੀਂ ਤਾਂ ਦੋਹਾਂ ਧਿਰਾਂ ਨੂੰ ਮੁਸ਼ਕਲ ਹੋਵੇਗੀ। ਇਹ ਵੀ ਇੱਕ ਗੁੱਝੀ ਧਮਕੀ ਸੀ ਕਿ ਦੋਹਾਂ ਧਿਰਾਂ ਨੂੰ ਮੁਸ਼ਕਲ ਹੋਵੇਗੀ। ਜੁਆਬ ‘ਚ ਕਾਮਰੇਡ ਸਰੀਂਹ ਤੇ ਚੀਮਾ ਆਖਣ ਲੱਗੇ ਕਿ ਅਸੀਂ ਨਾ ਤਾਂ ਕਿਸੇ ਨੂੰ ਡਰਾਉਂਦੇ ਆਂ ਤੇ ਨਾ ਈ ਡਰਦੇ ਆਂ। ਆਪਣੇ ਵਰਕਰਾਂ ਦੇ ਜਾਨ-ਮਾਲ ਦੀ ਰਾਖੀ ਕਰਨੀ ਸਾਨੂੰ ਚੰਗੀ ਤਰ੍ਹਾਂ ਆਉਂਦੀ ਐ। ਮੰਡ ‘ਚੋਂ ਜੱਥੇ ਆ ਰਹੇ ਹਨ, ਉਹ ਜਿਸ ਤਰ੍ਹਾਂ ਆਖਣਗੇ ਉਸੇ ਤਰਾਂ ਹੋਵੇਗਾ। ਆਪਣੇ ਵਰਕਰਾਂ ਦੇ ਉਲਟ ਅਸੀਂ ਨਹੀਂ ਜਾ ਸਕਦੇ। (ਕਾਮਰੇਡ) ਕਰਨੈਲ ਸਿੰਘ ਤੇ ਬਿੱਕਰ ਸਿੰਘ ਸਾਥੀ ਸਰੀਂਹ ਤੇ ਚੀਮਾ ਜੀ ਨੂੰ ਇੱਕ ਪਾਸੇ ਲਿਜਾ ਕੇ ਆਖਣ ਲੱਗੇ ਕਿ ਇਹ ਬੜੇ ਮਾੜੇ ਬੰਦੇ ਆ, ਸਿਰੇ ਦੇ ਬਦਮਾਸ਼। ਇਨ੍ਹਾਂ ਨਾਲ ਮੁਕੱਦਮੇਬਾਜ਼ੀ ‘ਚ ਨਹੀਂ ਪੈਣਾ ਚਾਹੀਦਾ। ਸਾਡੇ ਮੂੰਹ ਮੱਥੇ ਲੱਗਣ ਵਾਲੇ ਆ, ਤੁਸੀਂ ਸਾਡੇ ਆਖੇ ਈ ਰਾਜ਼ੀਨਾਮਾ ਕਰ ਲਓ। ਦੋਹਾਂ ਸੀਨੀਅਰ ਆਗੂਆਂ ਉਨ੍ਹਾਂ ਨੂੰ ਵੀ ਸਪੱਸ਼ਟ ਕਰ ਦਿੱਤਾ ਕਿ ਮੰਡ ਤੇ ਅਸ਼ਾਹੂਰ ਦੇ ਵਰਕਰਾਂ ਦੀ ਸਹਿਮਤੀ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ।”
    ਅਣਖੀ ਹੁਰਾਂ ਦੱਸਿਆ ਕਿ ਉਨ੍ਹਾਂ ਦਿਨਾਂ ‘ਚ ਫਿਲੌਰ ਸ਼ਹਿਰ ‘ਚ ਪਾਰਟੀ(ਸੀਪੀਆਈ ਐਮ) ਨਾਲ ਕਾਮਰੇਡ ਜੁਗਿੰਦਰ ਸਿੰਘ ਦਾ ਪਰਵਾਰ ਈ ਪੱਕੇ ਤੌਰ ‘ਤੇ ਖੜਦਾ ਸੀ। ਇਹ ਪਰਵਾਰ ਹਰ ਔਖੇ ਸੌਖੇ ਸਮੇਂ ਪਾਰਟੀ ਦਾ ਸਾਥ ਦਿੰਦਾ ਸੀ। ਕਰਨੈਲ ਸਿੰਘ ਤੇ ਬਿੱਕਰ ਸਿੰਘ ਬਾਅਦ ‘ਚ ਪਾਰਟੀ ਨਾਲ ਜੁੜੇ।
    ਥਾਣੇ ਨੇੜੇ ਗੁਰੂ ਰਵਿਦਾਸ ਮੰਦਰ ‘ਚ ਆਬਾਦਕਾਰਾਂ, ਪਾਰਟੀ ਵਰਕਰਾਂ ਤੇ ਹਮਦਰਦਾਂ ਦਾ ਇੱਕ ਭਾਰੀ ਇਕੱਠ ਜੁੜਿਆ ਬੈਠਾ ਸੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਸਰੀਂਹ, ਕਾਮਰੇਡ ਚੀਮਾ ਤੇ ਹਰਬੰਸ ਮੰਢਾਲੀ ਨੇ ਵਰਕਰਾਂ ਦੀ ਬਹਾਦਰੀ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਸਾਡੇ ਲਈ ਕੋਈ ਨਵੀਆਂ ਨਹੀਂ। ਹੱਕ-ਸੱਚ ‘ਤੇ ਪਹਿਰਾ ਦੇਣ ਵਾਲਿਆਂ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਅਕਸਰ ਕਰਨਾ ਪੈਂਦਾ ਹੈ ਤੇ ਜਿੱਤ ਹਮੇਸ਼ਾ ਲੋਕ-ਹੱਕਾਂ ਲਈ ਜੂਝਣ ਵਾਲਿਆਂ ਦੀ ਹੁੰਦੀ ਹੈ। ਉਨ੍ਹਾਂ ਗੁੰਡਾ ਅਨਸਰਾਂ ਦੀ ਹੈਂਕੜ ਭੰਨਣ ਵਾਲੇ ਵਰਕਰਾਂ ਨੂੰ ਯਕੀਨ ਦੁਆਇਆ ਕਿ ਕੋਈ ਵੀ ਫੈਸਲਾ ਉਨ੍ਹਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਲਿਆ ਜਾਵੇਗਾ। ਆਗੂਆਂ ਦੀਆਂ ਤਕਰੀਰਾਂ ਨੇ ਇਕੱਠ ‘ਚ ਜੋਸ਼ ਭਰ ਦਿੱਤਾ। ਬਾਅਦ ‘ਚ ਕਾਫੀ ਸੋਚ ਵਿਚਾਰਾਂ ਹੋਈਆਂ ਕਿ ਕੀ ਕੀਤਾ ਜਾਵੇ। ਬਹੁਤੇ ਵਰਕਰਾਂ ਦੀ ਰਾਇ ਸੀ ਕਿ ਜਿੱਥੋਂ ਤੱਕ ਹੋ ਸਕੇ ਮੁਕੱਦਮੇਬਾਜ਼ੀ ਤੋਂ ਬਚਣਾ ਚਾਹੀਦੈ। ਅਖੀਰ ਗੱਲ ਸਾਡੇ ‘ਤੇ ਸੁੱਟ ਦਿੱਤੀ ਗਈ।
    ਬਾਪੂ ਅਣਖੀ ਦੱਸ ਰਹੇ ਸਨ ਕਿ ਦੂਸਰੇ ਚੌਧਰੀ ਕਿਸਮ ਦੇ ਲੋਕਾਂ ਤੋਂ ਕਮਿਊਨਿਸਟ ਕਿਰਦਾਰ ਕਿਵੇਂ ਵੱਖਰਾ ਹੁੰਦਾ ਹੈ, ਕਿਸ ਤਰ੍ਹਾਂ ਫੈਸਲੇ ਲੋਕਾਂ ‘ਚ ਬੈਠ ਕੇ, ਉਨ੍ਹਾਂ ਨੂੰ ਨਾਲ ਲੈ ਕੇ ਕੀਤੇ ਜਾਂਦੇ ਹਨ । ” ਸਰੀਂਹ ਤੇ ਚੀਮਾ ਜੀ ਨੇ ਸਾਰੇ ਇਕੱਠ ਤੋਂ ਸਹਿਮਤੀ ਲੈਣ ਤੋਂ ਬਾਅਦ ਮੈਨੂੰ, ਤਾਰਾ ਸਿੰਘ ਪੁਆਦੜਾ, ਮਹਿੰਦਰ ਸਿੰਘ ਜੌਹਲ ਤੇ ਬਖਤੌਰ ਸਿੰਘ ਬੜਾ ਪਿੰਡ ਨੂੰ ਕਿਹਾ ਕਿ ਚੂਨੀ ਲਾਲ, ਮਲਕੀਤ ਸਿੰਘ, ਬਾਬਾ ਢੇਰੂ ਰਾਮ ਤੇ ਫੌਜਾ ਸਿੰਘ ਨਿਹੰਗ ਨੂੰ ਲੈ ਕੇ ਵੱਖਰੇ ਬੈਠ ਕੇ ਸਲਾਹ ਕਰਕੇ ਦੱਸੋ। ਅਸੀਂ ਇਕੱਲੇ ਹੋ ਕੇ ਬਹਿ ਗਏ। ਕਾਫੀ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਕਿ ਮੁਕੱਦਮੇਬਾਜ਼ੀ ਤੋਂ ਬਚਿਆ ਜਾਵੇ ਤੇ ਦੋਸ਼ੀਆਂ ਤੋਂ ਲੋਕਾਂ ਦੇ ਇਕੱਠ ‘ਚ ਮੁਆਫੀ ਮੰਗਵਾਈ ਜਾਵੇ। ਜੇ ਉਹ ਮੁਆਫੀ ਨਾ ਮੰਗਣ ਤਾਂ ਫੇਰ ਭੱਜਿਆਂ ਨੂੰ ਵਾਹਣ ਇੱਕੋ ਜਿਹਾ ਈ ਐ। ਆਗੂਆਂ ਨੇ ਇਹ ਫੈਸਲਾ ਇਕੱਠ ਤੋਂ ਸਹਿਮਤੀ ਲੈਣ ਬਾਅਦ ਪੁਲਸ ਤੇ ਦੂਸਰੀ ਧਿਰ ਨੂੰ ਦੱਸ ਦਿੱਤਾ। ਕਰਨੈਲ ਸਿੰਘ, ਦਲੀਪ ਸਿੰਘ, ਦਰਸ਼ਨ ਸਿੰਘ ਨੰਗਲ ਤੇ ਸੰਤੋਖ ਸਿੰਘ ਆਖਣ ਲੱਗੇ ਕਿ ਇਕੱਠ ‘ਚ ਨਹੀਂ, ਜਿੰਦੇ ਹੁਰੀਂ ਥਾਣੇ ਅੰਦਰ ਪੰਜ-ਸੱਤ ਬੰਦਿਆਂ ਅੱਗੇ ਮੁਆਫੀ ਮੰਗ ਲੈਣਗੇ। ਜਦ ਉਹ ਨਾ ਮੰਨੇ ਤਾਂ ਅਸੀਂ ਪੁਲਸ ਨੂੰ ਕੇਸ ਦਰਜ ਕਰਨ ਲਈ ਕਿਹਾ। ਐੱਸ ਐੱਚ ਓ ਨੇ ਉਨ੍ਹਾਂ ਨੂੰ ਸੱਦ ਕੇ ਰਾਜ਼ੀਨਾਮਾ ਕਰਨ ਲਈ ਸਮਝਾਇਆ ਤੇ ਕਿਹਾ ਕਿ ਜੇ ਰਾਜ਼ੀਨਾਮਾ ਨਾ ਹੋਇਆ ਤਾਂ ਪਰਚਾ ਤਿੰਨ ਸੌ ਸੱਤ ਦਾ ਦਰਜ ਹੋਣਾ ਤੇ ਜਮਾਨਤ ਹਾਈਕੋਰਟ ਤੋਂ ਉਰੇ ਹੋਣੀ ਨਹੀਂ। ਇਸ ਦਬਕੇ ਤੋਂ ਬਾਅਦ ਉਹ ਮੁਆਫੀ ਮੰਗਣ ਲਈ ਤਿਆਰ ਹੋ ਗਏ। ਦਲੀਪ ਸਿੰਘ ਆਖਣ ਲੱਗਾ ਕਿ ਉਹ ਪਰ੍ਹਿਆ ‘ਚ ਮੁਆਫੀ ਮੰਗਣਗੇ ਪਰ ਕੋਈ ਮਾੜਾ ਚੰਗਾ ਨਾ ਬੋਲੇ। ਏਸ ‘ਤੇ ਕਾਮਰੇਡ ਚੀਮਾ ਨੇ ਗਰੰਟੀ ਦਿੱਤੀ ਕਿ ਅਜਿਹਾ ਕੁੱਝ ਨਹੀਂ ਹੋਵੇਗਾ। ਥਾਣੇ ਅੰਦਰ ਖੁੱਲ੍ਹੇ ‘ਚ ਸਾਰਾ ਇਕੱਠ ਆ ਜੁੜਿਆ। ਨਵੇਂ ਐੱਸ ਐੱਚ ਓ ਬੀਰ ਸਿੰਘ ਨੇ ਮੁਣਸ਼ੀ ਨੂੰ ਕਿਹਾ ਕਿ ਜਿੰਦੇ ਤੇ ਜੀਤੇ ਗੱਪੀ ਨੂੰ ਹਵਾਲਾਤ ‘ਚੋਂ ਕੱਢ ਕੇ ਲੈ ਆ। ਉਹ ਨੀਵੀਂ ਪਾ ਕੇ ਆ ਖੜੇ ਹੋਏ। ਥਾਣੇਦਾਰ ਨੇ ਕਿਹਾ ਕਿ ਇਹਨਾਂ ਮੋਹਤਬਰ ਲੋਕਾਂ ਨੇ ਵਿੱਚ ਪੈ ਕੇ ਰਾਜ਼ੀਨਾਮਾ ਕਰਵਾ ਕੇ ਤੁਹਾਡੇ ‘ਤੇ ਅਹਿਸਾਨ ਕੀਤਾ ਐ। ਅੱਗੇ ਤੋਂ ਬੰਦੇ ਦੇ ਪੁੱਤ ਬਣ ਕੇ ਰਹਿਣਾ, ਕੋਈ ਵੀ ਸ਼ਰਾਰਤ ਕੀਤੀ ਤਾਂ ਪਹਿਲਾਂ ਥਾਣੇ ‘ਚ ਚਾਹਟਾ ਛਕਾਵਾਂਗਾ ਤੇ ਕੇਸ ਬਾਅਦ ‘ਚ ਦਰਜ ਕਰਾਂਗਾ। ਦਲੀਪ ਸਿੰਘ ਨੇ ਜਿੰਦੇ ਤੇ ਜੀਤੇ ਗੱਪੀ ਨੂੰ ਮੁਆਫੀ ਮੰਗਣ ਲਈ ਕਿਹਾ। ਉਹ ਹੱਥ ਜੋੜ ਕੇ ਖੜੋ ਗਏ ਤੇ ਆਖਣ ਲੱਗੇ ਕਿ ਅਸੀਂ ਸ਼ਰਾਬੀ ਸੀ, ਗਲਤੀ ਹੋ ਗਈ। ਅਸੀਂ ਪਰ੍ਹਿਆ ਤੋਂ ਮੁਆਫੀ ਮੰਗਦੇ ਹਾਂ। ਅੱਗੋਂ ਕੋਈ ਸ਼ਰਾਰਤ ਨਹੀਂ ਕਰਾਂਗੇ। ਪੁਲਸ ਨੇ ਰਾਜ਼ੀਨਾਮਾ ਲਿਖ ਕੇ ਦੋਹਾਂ ਧਿਰਾਂ ਦੇ ਹਸਤਾਖਰ ਕਰਵਾ ਲਏ।”
    ਥਾਣੇ ਤੋਂ ਬਾਹਰ ਆ ਕੇ ਰਵੀਦਾਸ ਮੰਦਰ ‘ਚ ਮੁੜ ਮੀਟਿੰਗ ਕੀਤੀ। ਸਾਰੇ ਵਰਕਰ, ਆਬਾਦਕਾਰ ਖੁਸ਼ ਸਨ। ਕਾਮਰੇਡ ਚੀਮਾ ਨੇ ਸਭਨਾਂ ਨੂੰ ਸਮਝਾਇਆ ਕਿ ਇਹ ਸਭ ਕੁੱਝ ਜਥੇਬੰਦੀ ਦੇ ਸਿਰ ‘ਤੇ ਹੋਇਆ ਹੈ, ਇਸ ਲਈ ਹੁਣ ਜਥੇਬੰਦੀ ਹੋਰ ਮਜਬੂਤ ਕਰੋ। ਉਨ੍ਹਾਂ ਸਭਨਾਂ ਨੂੰ ਘਰੋ ਘਰੀ ਜਾਣ ਲਈ ਆਖਦਿਆਂ ਕਿ ਹੁਣ ਅਵੇਸਲੇ ਨਾ ਹੋਇਓ। ਸਭ ਜਣੇ ਇਕ ਨਵਾਂ ਉਤਸ਼ਾਹ ਲੈ ਕੇ ਵਾਪਸ ਗਏ ਪਰ ਲੀਡਰਸ਼ਿਪ ਨੇ ਸਾਨੂੰ ਹੋਰ ਵਧੇਰੇ ਚੌਕਸ ਹੋਣ ਲਈ ਕਿਹਾ। ਸਾਨੂੰ ਹਦਾਇਤ ਕੀਤੀ ਗਈ ਕਿ ਹਮੇਸ਼ਾ ਰਸਤਾ ਬਦਲ ਕੇ ਆਉਣਾ ਜਾਣਾ ਹੈ ਤੇ ਕਿਸੇ ਨੇ ਵੀ ਇਕੱਲਿਆਂ ਮੀਟਿੰਗ ਕਰਵਾਉਣ ਨਹੀਂ ਜਾਣਾ।
    ਅਸ਼ਾਹੂਰ ਮੰਡ ਵਿੱਚ ਲਗਪਗ ਹਰ ਕੁੱਲੀ ‘ਤੇ ਲਾਲ ਝੰਡਾ ਦੂਰੋਂ ਨਜ਼ਰ ਆਉਣ ਲੱਗ ਪਿਆ ਸੀ। ਫਿਲੌਰ ਤੋਂ ਲਸਾੜੇ ਤੱਕ, ਜਿੱਥੇ ਵੀ ਕੋਈ ਆਬਾਦਕਾਰ ਬੈਠਾ ਸੀ, ਉਹ ਕੁੱਲੀ ‘ਤੇ ਲਾਲ ਝੰਡਾ ਲਾ ਕੇ ਚੈਨ ਮਹਿਸੂਸ ਕਰਨ ਲੱਗਾ ਸੀ। ਉਹ ਕਾਮਰੇਡਾਂ ਨੂੰ ਆਪਣੇ ਡੇਰਿਆਂ ‘ਤੇ ਦੇਖ ਕੇ ਖੁਸ਼ ਹੁੰਦੇ ਸਨ। ਮੰਡ ‘ਚ ਮੀਟਿੰਗਾਂ ਲਗਾਤਾਰ ਹੋ ਰਹੀਆਂ ਸਨ ਜਿਨ੍ਹਾਂ ‘ਚ ਔਰਤਾਂ ਵੀ ਪੂਰੇ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਸਨ। ਮੀਟਿੰਗਾਂ ਦੇ ਸਿਲਸਿਲੇ ਨੇ ਇੱਕ ਵੱਡਾ ਫਰਕ ਇਹ ਲਿਆਂਦਾ ਕਿ ਘਰੇਲੂ ਮਸਲੇ ਵੀ ਇਨ੍ਹਾਂ ਮੀਟਿੰਗਾਂ ਰਾਹੀਂ ਸੁਲਝਾਏ ਜਾਣ ਲੱਗੇ। ਮਰਦ ਸ਼ਰਾਬ ਕੱਢਣ ਤੇ ਪੀਣ ਤੋਂ ਕਾਫੀ ਹੱਦ ਤੱਕ ਘਟ ਗਏ ਸਨ। ਸਿਆਸੀ ਸੂਝ ਪ੍ਰਪੱਕ ਹੋਣ ਲੱਗੀ ਸੀ। ਲੋਕ ਮਸਲਿਆਂ ਦੇ ਹੱਲ ਲਈ ਸਰਕਾਰ ਵਿਰੋਧੀ ਮੁਜ਼ਾਹਰਿਆਂ ‘ਚ ਇੱਕ ਸੁਨੇਹੇ ‘ਤੇ ਟਰੈਕਟਰ ਟਰਾਲੀਆਂ ਭਰ ਕੇ ਸ਼ਾਮਲ ਹੋਣ ਲੱਗ ਪਏ। ਉਨ੍ਹਾਂ ‘ਤੇ ਇਸ ਗੱਲ ਦਾ ਬਹੁਤ ਅਸਰ ਸੀ ਕਿ ਉਨ੍ਹਾਂ ਦੇ ਆਗੂ ਉਨ੍ਹਾਂ ਵਰਗੇ ਈ ਸਨ। ਜਦ ਦਲੀਪ ਸਿੰਘ ਜੌਹਲ, ਪੰਡਿਤ ਕਿਸ਼ੋਰੀ ਲਾਲ, ਰਾਜਿੰਦਰ ਸਿੰਘ ਸਰੀਂਹ, ਸਰਵਣ ਸਿੰਘ ਚੀਮਾ ਵਰਗੇ ਵੱਡੇ ਆਗੂ ਆਬਾਦਕਾਰਾਂ ਨਾਲ ਬੈਠ ਕੇ ਉਨ੍ਹਾਂ ਦੀ ਰੁੱਖੀ ਮਿੱਸੀ ਖਾਂਦੇ ਤਾਂ ਉਹ ਹੈਰਾਨ ਵੀ ਹੁੰਦੇ ਤੇ ਮਾਣ ਵੀ ਮਹਿਸੂਸ ਕਰਦੇ। ਤਾਰਾ ਸਿੰਘ ਪੁਆਦੜਾ, ਬਖਤੌਰ ਸਿੰਘ, ਮਹਿੰਦਰ ਸਿੰਘ ਜੌਹਲ ਤੇ ਮੈਂ ਤਾਂ ਉਨ੍ਹਾਂ ਦੇ ਪਰਵਾਰਾਂ ਦੇ ਮੈਂਬਰ ਈ ਬਣ ਗਏ ਸੀ।
    ਜਿੰਦੇ ਦਾ ਗੁੰਡਾ ਟੋਲਾ ਖੁੰਬ ਠਪਾ ਕੇ ਥਾਣੇ ‘ਚ ਮੁਆਫੀ ਮੰਗਣ ਤੋਂ ਬਾਅਦ ਤਿੰਨ ਕੁ ਮਹੀਨੇ ਚੁੱਪ ਰਿਹਾ। ਜਿਵੇਂ ਜਿਵੇਂ ਸਾਡੀ ਜਥੇਬੰਦਕ ਤਾਕਤ ਵਧ ਰਹੀ ਸੀ, ਇਹ ਲਾਣਾ ਵੀ ਵੱਧ ਖਰੂਦ ਕਰਨ ਲੱਗ ਪਿਆ ਸੀ। ਰਾਹ ਜਾਂਦੇ ਇੱਜੜ ‘ਚੋਂ ਜਬਰੀ ਲੇਲਾ ਚੁੱਕ ਲੈਣਾ, ਕੁੱਲੀਆਂ ‘ਚੋਂ ਮੁਰਗੇ-ਮੁਰਗੀਆਂ ਚੁੱਕ ਲੈਣੀਆਂ, ਧੀਆਂ-ਭੈਣਾਂ ਦੀ ਬੇਪਤੀ ਕਰਨ ਦੀਆਂ ਕੋਸ਼ਿਸ਼ਾਂ ਉਨ੍ਹਾਂ ਦਾ ਇੱਕ ਸ਼ੁਗਲ ਬਣ ਗਿਆ ਸੀ। ਪੂਰਾ ਮੰਡ ਉਨ੍ਹਾਂ ਤੋਂ ਪ੍ਰੇਸ਼ਾਨ ਹੋ ਉਠਿਆ। ਅਫਸਰਸ਼ਾਹੀ ਦੀ ਸ਼ਹਿ ਇਸ ਗੁੰਡਾ ਟੋਲੇ ਦੇ ਹੌਸਲੇ ਵਧਾ ਰਹੀ ਸੀ।
    ਅਣਖੀ ਹੁਰੀਂ ਦੱਸ ਰਹੇ ਸਨ,” 1970 ‘ਚ ਤਾਂ ਅੱਤ ਈ ਹੋ ਗਈ। ਬਾਬਾ ਢੇਰੂ ਰਾਮ ਦੀਆਂ ਧੀਆਂ ਦੇ ਵਿਆਹ ਧਰ੍ਹੇ ਹੋਏ ਸਨ। ਜਿੰਦੇ ਦੇ ਗਿਰੋਹ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਕੁੜੀਆਂ ਵਿਆਹ ਵਾਲੇ ਦਿਨ ਲਾਵਾਂ ਵਿੱਚੋਂ ਚੁੱਕ ਕੇ ਲੈ ਜਾਣੀਆਂ। ਇਹ ਕੋਈ ਛੋਟੀ ਮੋਟੀ ਧਮਕੀ ਨਹੀਂ ਸੀ। ਪੂਰੇ ਇਲਾਕੇ ‘ਚ ਜਿੱਥੇ ਇਨ੍ਹਾਂ ਧਮਕੀਆਂ ਕਾਰਨ ਸਹਿਮ ਸੀ, ਓਥੇ ਰੋਹ ਵੀ ਸੀ। ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਜਾਨਾਂ ਤੱਕ ਵਾਰਨ ਦਾ ਪੰਜਾਬੀਆਂ ਦਾ ਬੜਾ ਮਾਣਮੱਤਾ ਇਤਿਹਾਸ ਰਿਹਾ ਹੈ। ਬਾਬਾ ਢੇਰੂ ਰਾਮ ਤੇ ਬਾਬਾ ਬੰਤਾ ਸਿੰਘ ਅਜਿਹੀਆਂ ਸ਼ਖਸੀਅਤਾਂ ਸਨ, ਜਿਨ੍ਹਾਂ ਦਾ ਪੂਰਾ ਮੰਡ ਬਹੁਤ ਸਤਿਕਾਰ ਕਰਦਾ ਸੀ। ਕਿਸਾਨ ਸਭਾ ਤੇ ਪਾਰਟੀ ‘ਚ ਵੀ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਸੀ। ਅਜਿਹੇ ਵਰਕਰਾਂ ਦੀ ਰਾਖੀ ਹੋਰ ਭਲਾ ਕਿਸ ਨੇ ਕਰਨੀ ਸੀ !
    ਬਾਬਾ ਢੇਰੂ ਰਾਮ ਬਹੁਤ ਗਰੀਬ ਸੀ ਪਰ ਉਸ ਦਾ ਪੂਰਾ ਪਰਵਾਰ ਪਾਰਟੀ ਦਾ ਰੱਜ ਕੇ ਵਫਾਦਾਰ ਸੀ। ਢੇਰੂ ਰਾਮ ਬਾਅਦ ‘ਚ ਪਿੰਡ ਦੇ ਸਰਪੰਚ ਵੀ ਬਣੇ। ਵਿਆਹ ਵਾਲੇ ਦਿਨ ਵਲੰਟੀਅਰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਆ ਗਏ। ਪੰਜ ਰਫਲਾਂ ਦਾ ਪ੍ਰਬੰਧ ਵੀ ਕਰ ਲਿਆ ਸੀ । ਸਾਰਾ ਵਿਆਹ ਆਪਣੀ ਸਖਤ ਨਿਗਰਾਨੀ ਹੇਠ ਕਰਵਾਇਆ ਤੇ ਡੋਲੀਆਂ ਵੀ ਪੂਰੀ ਸੁਰੱਖਿਆ ਹੇਠ ਤੋਰੀਆਂ ਗਈਆਂ। ਬਦਮਾਸ਼ ਟੋਲੇ ਦੀ ਹਿੰਮਤ ਨਹੀਂ ਪਈ ਨੇੜੇ ਫਟਕਣ ਦੀ। ਵਿਆਹ ਮੌਕੇ ਦਿੱਤੇ ਇਸ ਪਹਿਰੇ ਨੇ ਆਮ ਲੋਕਾਂ ‘ਚ ਪਾਰਟੀ ਤੇ ਕਿਸਾਨ ਸਭਾ ਦਾ ਵੱਕਾਰ ਬਣਾ ਦਿੱਤਾ। ਪਾਰਟੀ ਵਰਕਰਾਂ ‘ਚ ਇਸ ਗੱਲ ਨੂੰ ਲੈ ਕੇ ਸਖਤ ਰੋਹ ਸੀ ਕਿ ਇਸ ਬਦਮਾਸ਼ ਟੋਲੇ ਨੇ ਬਾਬਾ ਢੇਰੂ ਰਾਮ ਦੀਆਂ ਧੀਆਂ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦੇ ਕੇ ਸਾਡੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਇਹ ਬਦਮਾਸ਼ ਟੋਲਾ ਅਜਿਹੀ ਹਿੰਮਤ ਨਹੀਂ ਕਰ ਸਕਿਆ ਪਰ ਵਰਕਰ ਅੰਦਰੋ ਅੰਦਰ ਖੌਲ ਰਹੇ ਸਨ।
    ਇਸ ਤੋਂ ਬਾਅਦ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ। ਸਿੱਟੇ ਵਜੋਂ ਪਾਰਟੀ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਦੇ ਸਬਰ ਦਾ ਪਿਆਲਾ ਵੀ ਨੱਕੋ ਨੱਕ ਭਰ ਗਿਆ। ਮਲਕੀਤ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਮੋਰਾਂਵਾਲੀ ਵਿਆਹਿਆ ਹੋਇਆ ਸੀ। ਇੱਕ ਵਾਰ ਸਹੁਰਿਆਂ ਤੋਂ ਉਸ ਦਾ ਇੱਕ ਰਿਸ਼ਤੇਦਾਰ ਪ੍ਰਾਹੁਣਾ ਅਸ਼ਾਹੂਰ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਇਆ। ਉਸ ਨੂੰ ਮਲਕੀਤ ਦੇ ਘਰ ਦਾ ਪਤਾ ਨਹੀਂ ਸੀ। ਰਸਤੇ ‘ਚ ਸੰਤੋਖ ਭਲਵਾਨ ਤੇ ਜਿੰਦੇ ਦੀ ਬਦਮਾਸ਼ ਜੁੰਡਲੀ ਨੇ ਆਪਣੇ ਡੇਰੇ ‘ਤੇ ਮਹਿਫਲ ਲਾਈ ਹੋਈ ਸੀ। ਪ੍ਰਾਹੁਣੇ ਨੇ ਆ ਕੇ ਮਲਕੀਤ ਦੇ ਘਰ ਦਾ ਰਾਹ ਪੁੱਛਿਆ। ਜਿੰਦੇ ਨੇ ਉੱਠ ਕੇ ਕਿਹਾ ਕਿ ਮੈਂ ਪਾਉਨਾ ਤੈਨੂੰ ਰਾਹੇ ! ਉਹਨੇ ਜਾ ਕੇ ਪ੍ਰਾਹੁਣੇ ਦੀ ਕੁੱਟਮਾਰ ਕਰ ਦਿੱਤੀ ਤੇ ਪੱਗ ਵੀ ਲਾਹ ਲਈ ਤੇ ਇਛਾਰਾ ਕਰਕੇ ਕਹਿਣ ਲੱਗਾ ਕਿ ਓਧਰ ਚਲਾ ਜਾ। ਪੱਗ ਨੂੰ ਹੱਥ ਪਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਉਸ ਪ੍ਰਾਹੁਣੇ ਨੇ ਜਾ ਕੇ ਆਪਣੀ ਹੱਡ ਬੀਤੀ ਸੁਣਾਈ ਤਾਂ ਮਲਕੀਤ ਆਪੇ ਤੋਂ ਬਾਹਰ ਹੋ ਗਿਆ। ਸਿਆਣੇ ਲੋਕਾਂ ਉਸ ਨੂੰ ਸ਼ਾਂਤ ਕੀਤਾ ਤੇ ਸਵੇਰ ਵੇਲੇ ਮਾਮਲਾ ਪੰਚਾਇਤ ਅੱਗੇ ਰੱਖਿਆ। ਪੰਚਾਇਤ ‘ਚ ਜਿੰਦੇ ਹੁਰਾਂ ਦੇ ਭਣੋਈਏ ਦਲੀਪ ਸਿੰਘ ਨੇ ਦੋ ਚਾਰ ਗਾਲ੍ਹਾਂ ਜਿੰਦੇ ਨੂੰ ਕੱਢ ਕੇ ਮਾਮਲਾ ਰਫਾ ਦਫਾ ਕਰਵਾ ਦਿੱਤਾ ਤੇ ਪੱਗ ਮਲਕੀਤ ਹੁਰਾਂ ਨੂੰ ਮੋੜ ਦਿੱਤੀ। ਇਹ ਦੋਵੇਂ ਘਟਨਾਵਾਂ ਇੱਕ ਖਤਰਨਾਕ ਮਾਹੌਲ ਦੀ ਨਿਸ਼ਾਨਦੇਹੀ ਕਰ ਰਹੀਆਂ ਸਨ। ” ਆਹ ਤਾਂ ਅੱਤ ਈ ਹੋ ਗਈ ! ਇਹ ਤਾਂ ਨ੍ਹੇਰ ਐ ਚਿੱਟੇ ਦਿਨ। ਏਦਾਂ ਨਹੀਂ ਸਰਨਾ, ਹੁਣ ਤਾਂ ਕੁੱਝ ਕਰਨਾ ਪਊ !” ਇਹ ਗੱਲਾਂ ਹੁਣ ਆਮ ਈ ਹੋਣ ਲੱਗੀਆਂ ਸਨ।

    ਬਾਪੂ ਅਣਖੀ ਹੁਰੀਂ ਦੱਸ ਰਹੇ ਸਨ,” ਜਿੱਦਾਂ ਕਹਿੰਦੇ ਹੁੰਦੇ ਆ ਕਿ ਕੁੱਤੇ ਦੀ ਪੂਛ ਬਾਰਾਂ ਸਾਲ ਬੰਸਰੀ ‘ਚ ਪਾਈ ਰੱਖੀ ਪਰ ਇਹ ਸਿੱਧੀ ਨਹੀਂ ਹੁੰਦੀ। ਇਹੋ ਹਾਲ ਬਦਮਾਸ਼ ਟੋਲਿਆਂ ਦਾ ਹੁੰਦਾ। ਇਕੱਠਾਂ ‘ਚ ਮੁਆਫੀਆਂ ਮੰਗ ਕੇ, ਸਿਆਣਿਆਂ ਵੱਲੋਂ ਜਾਮਨੀ ਲੈਣ ਦੇ ਬਾਵਜੂਦ ਜਿੰਦੇ ਦਾ ਟੋਲਾ ਸੁਧਰਿਆ ਨਹੀਂ, ਸਗੋਂ ਹੋਰ ਜਿਆਦਾ ਅੱਗ ਤੋਂ ਲੇਟਣ ਲੱਗਾ।

    ਕਿਸਾਨ ਸਭਾ ਦੇ ਆਗੂ ਤੇ ਵਰਕਰ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਸਾਡੇ ਹਮਦਰਦ ਸੇਵਾਦਾਰ ਨੇ ਸਾਨੂੰ ਖਬਰਦਾਰ ਕੀਤਾ ਕਿ ਇਹ ਟੋਲਾ ਹੁਣ ਤੁਹਾਨੂੰ ਖਤਮ ਕਰਨ ਦੀਆਂ ਸਕੀਮਾਂ ਘੜ ਰਿਹੈ। ਉਨ੍ਹਾਂ ਦੀ ਸਕੀਮ ਮੰਡ ‘ਚ ਹਮਲਾ ਕਰਨ ਦੀ ਹੈ ਤਾਂ ਕਿ ਤੁਹਾਡੀਆਂ ਲਾਸ਼ਾਂ ਦਰਿਆ ਬੁਰਦ ਕਰ ਦਿੱਤੀਆਂ ਜਾਣ ਤੇ ਖੁਰਾ ਖੋਜ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇ।
    ਮਾਮਲਾ ਆਗੂਆਂ ਨੇ ਮੀਟਿੰਗ ‘ਚ ਵਿਚਾਰਿਆ ਤੇ ਫੈਸਲਾ ਕੀਤਾ ਕਿ ਮੰਡ ‘ਚ ਹਮੇਸ਼ਾ ਜਥੇ ਦੇ ਰੂਪ ‘ਚ ਈ ਜਾਇਆ ਜਾਵੇ ਤੇ ਰਵਾਇਤੀ ਹਥਿਆਰ ਆਪਣੇ ਕੋਲ ਰੱਖੇ ਜਾਣ। ਪਹਿਲ ਕੀਤੀ ਨਾ ਜਾਵੇ ਤੇ ਹਮਲਾ ਹੋਣ ਦੀ ਸੂਰਤ ‘ਚ ਢਿੱਲ ਰਹਿਣ ਨਾ ਦਿੱਤੀ ਜਾਵੇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਨਾ;
    ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
    ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

    (ਜਦ ਹੀਲੇ ਇਨਸਾਫ਼ ਲਈ ਸਭੇ ਹੀ ਮੁੱਕ ਜਾਣ ।
    ਤਦੋਂ ਹਲਾਲ ਏ ਤੇਗ਼ ਦਾ ਦੇਣਾ ਤੋੜ ਮਿਆਨ ।)

    ਸਾਡੀ ਇਹ ਸਮਝ ਬਣ ਚੁੱਕੀ ਸੀ ਕਿ ਭੰਗ ਦੇ ਭਾਅ ਨਹੀਂ ਮਾਰੇ ਜਾਣਾ। ਮੰਡ ‘ਚ ਮਾਰੇ ਗਏ ਤਾਂ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਲੱਗਣਾ, ਕੋਈ ਮੁੱਲ ਨਹੀਂ ਪੈਣਾ ! ਇਸ ਲਈ ਹਰ ਵੇਲੇ ਪੂਰੀ ਤਿਆਰੀ ਰੱਖਣੀ। ਰਣਨੀਤੀ ਇਹੋ ਸੀ ਕਿ ਜਿੱਥੋਂ ਤੱਕ ਹੋ ਸਕੇ, ਲੜਾਈ ਤੋਂ ਬਚਣਾ ਹੈ ਤੇ ਜੇ ਗਲ ਆ ਈ ਪਈ ਤਾਂ ਟਾਕਰਾ ਕਰਨ ਲੱਗਿਆਂ ਕੋਈ ਕਸਰ ਬਾਕੀ ਨਹੀਂ ਛੱਡਣੀ।”
    ਪਾਰਟੀ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਲਾਂਧੜਾ, ਖਾਨਪੁਰ, ਅੱਪਰਾ ਇਲਾਕੇ ਦੇ ਪਿੰਡਾਂ, ਥਲਾ, ਬੰਸੀਆਂ, ਰਾਏਪੁਰ ਅਰਾਈਆਂ, ਸੇਲਕੀਆਣਾ, ਲਸਾੜਾ, ਦਿਆਲਪੁਰ, ਢੱਕ ਮਜਾਰਾ, ਪਿੰਡ ਮੰਡੀ , ਚੱਕ ਸਾਹਬੂ,ਅੱਪਰਾ, ਕਤਪਾਲੋਂ ਆਦਿ ‘ਚ ਅਜਿਹੀ ਲਹਿਰ ਖੜੀ ਕਰ ਦਿੱਤੀ ਸੀ ਕਿ ਇਕ ਆਵਾਜ਼ ‘ਤੇ ਕੁੱਝ ਇੱਕ ਘੰਟਿਆਂ ‘ਚ ਲੋਕ ਟਰਾਲੀਆਂ ਭਰ ਕੇ ਪਹੁੰਚ ਜਾਂਦੇ ਸਨ। ਅਜਿਹੇ ਮਾਹੌਲ ‘ਚ ਪਾਰਟੀ ਵਰਕਰਾਂ ਨਾਲ ਕਿਸੇ ਬਦਮਾਸ਼ ਟੋਲੇ ਵੱਲੋ ਆਹਢਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ।
    ਬਾਪੂ ਗੁਰਦੀਪ ਸਿੰਘ ਅਣਖੀ ਹੁਰਾਂ ਲੜੀ ਅੱਗੇ ਤੋਰੀ,” ਲੈ ਬਈ ਇੰਦਰਜੀਤ, ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਅੱਤ ਤੇ ਖੁਦਾ ਦਾ ਵੈਰ ਹੁੰਦੈ ! ਇਸ ਗੁੰਡਾ ਟੋਲੇ ਨੇ ਨ੍ਹੇਰ ਵਰਤਾਉਣ ਦਾ ਤਹੱਈਆ ਕਰ ਲਿਆ। ਹਾਂ, ਨ੍ਹੇਰ ਵਾਪਰਿਆ ਜਰੂਰ ਪਰ ਇਹ ਨ੍ਹੇਰ ਉਲਟਾ ਉਨ੍ਹਾਂ ਨੂੰ ਈ ਖਾ ਗਿਆ।
    ਗੱਲ 1970 ਦੇ ਦੁਸਹਿਰੇ ਦੀ ਹੈ। ਅਕਤੂਬਰ ਦੀ ਦਸ ਤਰੀਕ ਸੀ। ਇਸ ਟੋਲੇ ਕੋਲ ਅੰਮ੍ਰਿਤਸਰ ਤੋਂ ਬੰਦੇ ਆਏ ਹੋਏ ਸਨ। ਸਾਡੇ ਹਮਦਰਦ ਨੇ ਖਬਰ ਭੇਜੀ ਕਿ ਅੱਜ ਪੂਰੀ ਤਿਆਰੀ ਐ ਇਨ੍ਹਾਂ ਦੀ, ਹਮਲਾ ਕਿਸੇ ਵੇਲੇ ਵੀ ਹੋ ਸਕਦੈ। ਮੈਂ ਵੀ ਓਥੇ ਈ ਸੀ। ਪਿੰਡ (ਕੰਗ ਅਰਾਈਆਂ) ਕਾਮਰੇਡ ਹਰਬੰਸ ਸਿੰਘ ਪਰਵਾਨਾ ਦੇ ਬਾਪ ਬਾਬਾ ਹੀਰਾ ਸਿੰਘ ਦਾ ਭੋਗ ਸੀ। ਬਾਬਾ ਹੀਰਾ ਸਿੰਘ ਦੇਸ਼ ਭਗਤ ਸਨ। ਓਥੇ ਜਾਣਾ ਵੀ ਜਰੂਰੀ ਸੀ। ਮੈਂ ਬਾਰਾਂ ਕੁ ਵਜੇ ਪਿੰਡ ਆ ਗਿਆ। ਮਲਕੀਤ ਸਿੰਘ, ਸਵਰਨ ਸਿੰਘ, ਮੰਗਲ ਸਿੰਘ ਤੇ ਇੱਕ ਨਿਹੰਗ ਜਥਾ ਇਕੱਠੇ ਬੈਠੇ ਹੋਏ ਸਨ। ਇਹ ਨਿਹੰਗ ਮਜਹਬੀ ਸਿੱਖ ਸਨ ਤੇ ਪਾਰਟੀ ਦੇ ਹਮਦਰਦ ਸਨ। ਸ਼ਾਮ ਚਾਰ ਕੁ ਵਜੇ ਜਿੰਦੇ ਹੁਰਾਂ ਲਲਕਾਰੇ ਮਾਰਨੇ, ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮਕਾਨ ਦੀ ਛੱਤ ‘ਤੇ ਬੈਠੇ ਹੋਏ ਸਨ ਜੋ ਬਹੁਤੀ ਉੱਚੀ ਨਹੀਂ ਸੀ। ਉਨ੍ਹਾਂ ਸ਼ਰਾਬ ਜਿਆਦਾ ਪੀ ਲਈ ਸੀ। ਮਲਕੀਤ ਹੁਰੀਂ ਹੇਠਾਂ ਨਾਲ ਈ ਆਪਣੇ ਵਿਹੜੇ ‘ਚ ਬੈਠੇ ਹੋਏ ਸਨ।
    ਜਦ ਸੰਤੋਖ ਭਲਵਾਨ ਤੇ ਜਿੰਦੇ ਹੁਰਾਂ ਨੇ ਛੱਤ ਤੋਂ ਇੱਟਾਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਹਮਲਾ ਕਰਨ ਲਈ ਹੇਠਾਂ ਉਤਰਨ ਲੱਗੇ ਤਾਂ ਪਹਿਲਾਂ ਤੋਂ ਹੀ ਖਬਰਦਾਰ ਮਲਕੀਤ ਹੁਰੀਂ ਉਨ੍ਹਾਂ ਨੂੰ ਧਾਹ ਕੇ ਜਾ ਪਏ। ਬਾਹਰੋਂ ਸੱਦੇ ਬਦਮਾਸ਼ ਪਤਾ ਨਹੀਂ ਲੱਗਾ, ਕਦੋਂ ਭੱਜ ਗਏ ਤੇ ਦੋਵੇਂ ਭਰਾ ਪੰਜ ਕੁ ਮਿੰਟ ‘ਚ ਈ ਇਨ੍ਹਾਂ ਮਾਰ ਮੁਕਾਏ। ਜਿੰਦੇ ਦੀ ਲਾਸ਼ ਤਾਂ ਉਨ੍ਹਾਂ ਦੇ ਵਿਹੜੇ ‘ਚ ਡਿਗ ਪਈ ਪਰ ਸੰਤੋਖ ਭਲਵਾਨ ਦੀ ਲਾਸ਼ ਇਹ ਚੁੱਕ ਲਿਆਏ। ਇਨ੍ਹਾਂ ‘ਚ ਗੁੱਸਾ ਏਨਾ ਕਿ ਕਤਲ ਤੋਂ ਬਾਅਦ ਵੀ ਠੰਡਾ ਨਹੀਂ ਹੋਇਆ। ਇਹ ਗੁੱਸਾ ਉਨ੍ਹਾਂ ਲਾਸ਼ ਦੇ ਟੁਕੜੇ ਟੁਕੜੇ ਕਰਕੇ ਕੱਢਿਆ। ਜਦ ਸ਼ਾਮ ਪੰਜ ਵਜੇ ਦੇ ਆਸ ਪਾਸ ਪੁਲਸ ਪਹੁੰਚੀ ਤਾਂ ਇਹ ਲਾਸ਼ ਦੋ ਬਾਲਟੀਆਂ ‘ਚ ਪਾ ਕੇ ਰੱਖੀ ਸੀ ਜੋ ਨਿਹੰਗ ਸਿੰਘਾਂ ਨੇ ਦਰਿਆ ਬੁਰਦ ਕਰਨੀ ਸੀ।”
    ਇਸ ਵਾਰਦਾਤ ਦੀ ਖਬਰ ਅਣਖੀ ਹੁਰਾਂ ਕੋਲ ਪਿੰਡ ਕੰਗ ਅਰਾਈਆਂ ਪਹੁੰਚ ਗਈ। ਕਾਮਰੇਡ ਮਹਿੰਦਰ ਸਿੰਘ ਜੌਹਲ ਤੇ ਜੁਗਿੰਦਰ ਸਿੰਘ ਫਿਲੌਰ ਨੂੰ ਨਾਲ ਲੈ ਕੇ ਪਾਰਟੀ ਆਗੂਆਂ ਨੂੰ ਇਤਲਾਹ ਦਿੱਤੀ। ਸ਼ਾਮ ਤੱਕ ਖਬਰ ਪੂਰੀ ਨਹੀਂ ਸੀ ਮਿਲੀ। ਇਹ ਤਿੰਨੇ ਜਣੇ ਬਖਤੌਰ ਸਿੰਘ ਬੜਾ ਪਿੰਡ ਨੂੰ ਨਾਲ ਲੈ ਕੇ ਰਾਤ ਨੂੰ ਕਿਲ੍ਹੇ ਵਾਲੇ ਪਾਸਿਓਂ ਸਾਈਂ ਦੇ ਡੇਰੇ ਵੱਲ ਤੁਰ ਪਏ। ਖਬਰ ਲੈ ਕੇ ਵਾਪਸ ਆਉਣ ਵੇਲੇ ਹਨੇਰਾ ਬਹੁਤ ਗੂੜ੍ਹਾ ਹੋ ਗਿਆ ਸੀ ਤੇ ਦੋ ਕੁ ਮੀਲ ਦੀ ਦੂਰੀ ਤੈਅ ਕਰਨ ‘ਚ ਸਾਰੀ ਰਾਤ ਲੱਗ ਗਈ। ਪਤਾ ਨਾ ਲੱਗੇ ਕਿ ਕਿੱਧਰ ਨੂੰ ਜਾਈਏ। ਇੱਕ ਦੂਸਰੇ ਨੂੰ ਆਪਣੇ ਸਾਫੇ (ਪਰਨੇ) ਫੜਾਏ ਹੋਏ ਸਨ ਕਿ ਕੋਈ ਵਿੱਛੜ ਨਾ ਜਾਵੇ। ਤੜਕੇ ਜਾ ਕੇ ਕਿਲ੍ਹੇ ਤੱਕ ਆਏ।
    ਪਰਚੇ ‘ਚ ਮਲਕੀਤ, ਸਵਰਨ, ਮੰਗਲ, ਚੂਨੀ ਲਾਲ ਸਮੇਤ ਗਿਆਰਾਂ ਬੰਦਿਆਂ ਦੇ ਨਾਂਅ ਸਨ। ਅੱਠ ਤਾਂ ਕਿਸਾਨ ਸਭਾ ਦੇ ਵਰਕਰ ਸਨ ਜਦਕਿ ਇੱਕ ਕਿਸਾਨ ਧੰਨਾ ਸਿੰਘ ਤੇ ਉਸ ਦੇ ਦੋ ਪੁੱਤਰ ਇਸ ਲਈ ਲਪੇਟੇ ਵਿੱਚ ਆ ਗਏ ਕਿਉਂਕਿ ਉਨ੍ਹਾਂ ਦੀ ਜਿੰਦੇ ਹੁਰਾਂ ਦੇ ਭਣੋਈਏ ਦਲੀਪ ਸਿੰਘ ਨਾਲ ਲਾਗ ਡਾਟ ਸੀ।
    ਅਣਖੀ ਹੁਰਾਂ ਅਨੁਸਾਰ, ” ਸਾਡੇ ਛੇ ਬੰਦੇ ਤਾਂ ਪੁਲਸ ਨੇ ਫੜ ਲਏ ਪਰ ਸਵਰਨ ਸਿੰਘ ਤੇ ਮੰਗਲ ਸਿੰਘ ਅਸੀਂ ਭਜਾ ਦਿੱਤੇ। ਵਿਰੋਧੀ ਧਿਰ ‘ਤੇ ਦਬਾਅ ਲਈ ਅਜਿਹਾ ਕਰਨਾ ਜਰੂਰੀ ਸੀ। ਇਨ੍ਹਾਂ ਕਤਲਾਂ ਦਾ ਸੰਬੰਧਤ ਪਰਵਾਰ ਤੋਂ ਬਿਨਾ ਕਿਸੇ ਇੱਕ ਨੇ ਵੀ ਬੁਰਾ ਨਹੀਂ ਮਨਾਇਆ। ਲੋਕ ਸਗੋਂ ਵਧਾਈਆਂ ਦੇਣ ਆਉਣ ਕਿ ਕਾਮਰੇਡੋ, ਤੁਸੀਂ ਤਾਂ ਇਲਾਕੇ ਗਲੋਂ ਗੰਦ ਲਾਹ ਮਾਰਿਐ।

    ਕਤਲਾਂ ਤੋਂ ਬਾਅਦ 16 ਅਕਤੂਬਰ ਨੂੰ ਫਿਲੌਰ ‘ਚ ਇੱਕ ਬਹੁਤ ਵੱਡਾ ਮੁਜ਼ਾਹਰਾ ਕੀਤਾ ਗਿਆ ਜਿਸਨੂੰ ਪਾਰਟੀ ਦੇ ਸੀਨੀਅਰ ਆਗੂਆਂ ਕਾਮਰੇਡ ਸਰਵਨ ਸਿੰਘ ਚੀਮਾ, ਕੁਲਵੰਤ ਮੰਡਿਆਲਾ ਨੇ ਵੀ ਸੰਬੋਧਨ ਕੀਤਾ। ਇੱਥੇ ਬੋਲਦਿਆਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਨੇ ਰੋਹ ਭਰੀ ਆਵਾਜ਼ ‘ਚ ਕਿਹਾ,” ਕਤਲ ਕਰਨੇ ਜਾਂ ਕਰਵਾਉਣੇ ਸਾਡੀ ਰਵਾਇਤ ਨਹੀਂ। ਇਹ ਸਾਡੀ ਸਿਆਸਤ ਦਾ ਹਿੱਸਾ ਨਹੀਂ ਪਰ ਜਦ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਸਾਹ ਲੈਣ ਲਈ ਮੂੰਹ ਬਾਹਰ ਕੱਢਣਾ ਕੋਈ ਜੁਰਮ ਨਹੀਂ ਹੁੰਦਾ। ਸਾਡੇ ਵਰਕਰਾਂ ਨੇ ਭੜਕਾਹਟਾਂ ਤੋਂ ਬਚਣ ਲਈ ਪੂਰੀ ਵਾਹ ਲਾਈ ਪਰ ਜਦ ਗੁੰਡਾ ਗਿਰੋਹ ਨੇ ਉਨ੍ਹਾਂ ਦਾ ਜਿਊਣਾ ਈ ਮੁਸ਼ਕਲ ਕਰ ਦਿੱਤਾ ਤਾਂ ਆਪਣੇ ਬਚਾਅ ਲਈ ਹਮਲੇ ਨੂੰ ਮੋੜਨ ਤੋਂ ਇਲਾਵਾ ਹੋਰ ਕੋਈ ਰਾਹ ਸਾਡੇ ਵਰਕਰਾਂ ਕੋਲ ਨਹੀਂ ਸੀ ਬਚਿਆ ਤੇ ਸਾਡੀ ਪਾਰਟੀ ਨੂੰ ਇਨ੍ਹਾਂ ਕਤਲਾਂ ਦਾ ਕੋਈ ਅਫਸੋਸ ਨਹੀਂ ਹੈ।ਪਾਰਟੀ ਤੇ ਪੰਜਾਬ ਕਿਸਾਨ ਸਭਾ ਇਨ੍ਹਾਂ ਵਰਕਰਾਂ ਦੇ ਪਰਵਾਰਾਂ ਦੀ ਪਿੱਠ ‘ਤੇ ਖੜੀ ਹੈ। ਇਨ੍ਹਾਂ ਦੇ ਕੇਸ ਦੀ ਪੈਰਵੀ ਕਿਸਾਨ ਸਭਾ ਕਰੇਗੀ।”
    ਕਿਸਾਨ ਸਭਾ ਨੇ ਇਸ ਸਾਰੇ ਕੇਸ ਦੀ ਪੈਰਵੀ ਕੀਤੀ। ਆਬਾਦਕਾਰਾਂ ਨੇ ਆਪਣੇ ਤੌਰ ‘ਤੇ ਵੀਹ ਹਜ਼ਾਰ ਰੁਪਏ ਇਕੱਠੇ ਕਰਕੇ ਸਭਾ ਨੂੰ ਕੇਸ ਲੜਨ ਲਈ ਦਿੱਤੇ ਸਨ। ਹਰ ਪੇਸ਼ੀ ਮੌਕੇ ਕਚਹਿਰੀਆਂ ‘ਚ ਮੇਲਾ ਲੱਗ ਜਾਣਾ। ਆਬਾਦਕਾਰਾਂ ਨੇ ਮੀਟ ਬਣਾ ਲਿਆਉਣਾ ਤੇ ਪੇਸ਼ੀ ਭੁਗਤਣ ਆਏ ਸਾਥੀਆਂ ਨੂੰ ਰੋਟੀ ਪਾਣੀ ਛਕਾਉਣਾ। ਇਸ ਕੇਸ ਦੀਆਂ ਫਿਲੌਰ ਅਦਾਲਤ ‘ਚ ਤਰੀਕਾਂ ਪੈਂਦੀਆਂ ਰਹੀਆਂ ਜਿਸ ਤੋਂ ਬਾਅਦ ਇਹ ਕੇਸ ਜਲੰਧਰ ਸ਼ਹਿਰ ‘ਚ ਸੈਸ਼ਨ ਅਦਾਲਤ ‘ਚ ਚਲਾ ਗਿਆ। ਫਿਲੌਰ ਤੇ ਜਲੰਧਰ ਅਦਾਲਤ ‘ਚ ਕੇਸ ਦੀ ਪੈਰਵੀ ਵਕੀਲ ਦਰਬਾਰਾ ਸਿੰਘ ਢਿੱਲੋਂ, ਤੀਰਥ ਸਿੰਘ ਤੇ ਇੱਕ ਹੋਰ ਵਕੀਲ, ਜੋ ਰੁੜਕਾ ਕਲਾਂ ਦਾ ਸੀ, ਨੇ ਕੀਤੀ।
    ਸੀ ਪੀ ਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸਤਵੰਤ ਸਿੰਘ, ਦਲੀਪ ਸਿੰਘ ਜੌਹਲ, ਪੰਡਿਤ ਕਿਸ਼ੋਰੀ ਲਾਲ, ਗੁਰਚਰਨ ਸਿੰਘ ਰੰਧਾਵਾ, ਰਾਜਿੰਦਰ ਸਿੰਘ ਸਰੀਂਹ ਹੁਰਾਂ ‘ਚੋਂ ਕਿਸੇ ਨਾ ਕਿਸੇ ਨੇ ਪੇਸ਼ੀ ਦੌਰਾਨ ਜਰੂਰ ਪਹੁੰਚਣਾ ਤੇ ਪਿੱਛੇ ਪਰਵਾਰਾਂ ਨਾਲ ਵੀ ਸੰਪਰਕ ਰੱਖਣਾ ਤੇ ਉਨ੍ਹਾਂ ਨੂੰ ਧਰਵਾਸ ਵੀ ਦੇਣਾ। ਜਿੰਨੀ ਦੇਰ ਇਹ ਸਭ ਜੇਲ੍ਹ ‘ਚ ਰਹੇ, ਕਿਸਾਨ ਸਭਾ ਉਨ੍ਹਾਂ ਦੇ ਪਰਵਾਰਾਂ ਦੀ ਹਰ ਤਰ੍ਹਾਂ ਮਦਦ ਕਰਦੀ ਰਹੀ।
    ਜਲੰਧਰ ਅਦਾਲਤ ਨੇ ਚੂਨੀ ਲਾਲ, ਬੀਰਾ ਤੇ ਧੰਨਾ ਸਿੰਘ ਦਾ ਇੱਕ ਮੁੰਡਾ ਬਰੀ ਕਰ ਦਿੱਤੇ ਤੇ ਬਾਕੀ ਅੱਠਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਿਸ ਖਿਲਾਫ ਕਿਸਾਨ ਸਭਾ ਹਾਈ ਕੋਰਟ ਪਹੁੰਚੀ।
    ਕਾਮਰੇਡ ਗੁਰਚਰਨ ਸਿੰਘ ਰੰਧਾਵਾ ਨੂੰ ਨਾਲ ਲੈ ਕੇ ਚੰਡੀਗੜ੍ਹ ਦੇ ਉੱਘੇ ਵਕੀਲ ਦਾਰਾ ਸਿੰਘ ਤੱਕ ਕੇਸ ਲੜਨ ਲਈ ਪਹੁੰਚ ਕੀਤੀ। ਰੰਧਾਵਾ ਜੀ ਬਹੁਤ ਉੱਚ ਦੁਮਾਲੜੇ ਦੇ ਆਗੂ ਸਨ। ਉਹ ਕਾਮਰੇਡ ਰਾਜਿੰਦਰ ਸਿੰਘ ਸਰੀਂਹ ਤੇ ਵਧਾਵਾ ਰਾਮ ਸਮੇਤ ਲੁਧਿਆਣਾ ਜੇਲ੍ਹ ‘ਚੋਂ ਸੁਰੰਗ ਪੁੱਟ ਕੇ ਫਰਾਰ ਹੋਣ ਤੋਂ ਬਾਅਦ ਪੈਪਸੂ ‘ਚ ਚਲੇ ਗਏ ਸਨ ਜਿੱਥੇ ਮੁਜਾਰਾ ਲਹਿਰ ਚਲ ਰਹੀ ਸੀ ਤੇ ਉਹ ਇਸ ਲਹਿਰ ਦੇ ਸਰਕਰਦਾ ਆਗੂਆਂ ‘ਚ ਸ਼ਾਮਲ ਸਨ। ਉਹ ਪਾਰਟੀ ਦੀ ਬਠਿੰਡਾ ਜਿਲ੍ਹਾ ਇਕਾਈ ਦੇ ਸਕੱਤਰ ਵੀ ਰਹੇ। ਇਸ ਕਾਰਨ ਉਨ੍ਹਾਂ ਦਾ ਬਹੁਤ ਜਿਆਦਾ ਮਾਣ ਸਤਿਕਾਰ ਸੀ।
    ਦਾਰਾ ਸਿੰਘ, ਅਕਾਲੀ ਆਗੂ ਤੇ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪਿਤਾ ਸਨ ਤੇ ਪੈਪਸੂ ‘ਚ ਮੰਤਰੀ ਰਹਿ ਚੁੱਕੇ ਸਨ। ਉਹ ਮੁਜਾਰਾ ਲਹਿਰ ਦੇ ਹਮਦਰਦ ਸਨ। ਰੰਧਾਵਾ ਜੀ ਕਾਰਨ ਦਾਰਾ ਸਿੰਘ ਹੁਰਾਂ ਇਸ ਕੇਸ ਦੀ ਕੋਈ ਫੀਸ ਵਸੂਲ ਨਹੀਂ ਕੀਤੀ। ਦਾਰਾ ਸਿੰਘ ਦੀਆਂ ਦਲੀਲਾਂ ਅੱਗੇ ਸਰਕਾਰੀ ਵਕੀਲ ਖੜੋ ਨਹੀਂ ਸਕਿਆ ਤੇ ਇੱਕ ਸਾਲ ਦੇ ਅੰਦਰ ਅੰਦਰ ਸਾਰੇ ਸਾਥੀ ਬਰੀ ਹੋ ਗਏ। ਦਾਰਾ ਸਿੰਘ ਨੇ ਸੰਤੋਖ ਭਲਵਾਨ, ਗਵਾਹ ਬਣੇ ਉਸ ਦੇ ਸਾਲੇ, ਉਸ ਦੇ ਭਣੋਈਏ ਦਲੀਪ ਸਿੰਘ ਤੇ ਕਤਪਾਲੋਂ ਦੇ ਜਰਨੈਲ ਸਿੰਘ, ਜੋ ਸਾਰੇ ਦਸ ਨੰਬਰੀ ਸਨ, ਦੇ ਪਿਛੋਕੜ ਨੂੰ ਆਪਣੀਆਂ ਦਲੀਲਾਂ ਦਾ ਆਧਾਰ ਬਣਾਇਆ ਤੇ ਸਿੱਧ ਕਰ ਦਿੱਤਾ ਸੀ ਕਿ ਇਹ ਤਾਂ ਸਾਰੇ ਅਪਰਾਧੀ ਬਿਰਤੀ ਵਾਲੇ ਲੋਕ ਹਨ ਜਦਕਿ ਅੱਗੇ ਸਾਰੇ ਲੋਕ ਕਿਸਾਨ ਸਭਾ ਦੇ ਵਰਕਰ ਹਨ ਜਿਨ੍ਹਾਂ ਨਾਲ ਪੁਲਸ ਵੀ ਖਾਰ ਖਾਂਦੀ ਹੈ, ਜਿਸ ਕਾਰਨ ਇਨ੍ਹਾਂ ‘ਤੇ ਝੂਠਾ ਕੇਸ ਪਾਇਆ ਗਿਆ ਹੈ।
    ਉਹ ਦੱਸਦੇ ਹਨ, ” ਇਸ ਕੇਸ ‘ਚ ਮੁਲਜਮ ਬਣੇ ਵਰਕਰਾਂ ਦੇ ਪਰਵਾਰਾਂ ਦੀ ਮਦਦ ਲਈ ਸਧਾਰਨ ਆਬਾਦਕਾਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਬੀਬੀਆਂ ਵੀ ਸ਼ਾਮਲ ਸਨ। ਇਸ ਕਮੇਟੀ ਨੇ ਜੇਲ੍ਹ ‘ਚ ਬੰਦ ਵਰਕਰਾਂ ਦੀ ਮਦਦ ਕਰਨ ‘ਚ ਜਿੰਨੀ ਸੁਹਿਰਦਤਾ ਦਿਖਾਈ, ਉਸ ਦਾ ਤਾਂ ਕੋਈ ਮੁਕਾਬਲਾ ਈ ਨਹੀਂ ਕੀਤਾ ਜਾ ਸਕਦਾ।”
    ਬਾਪੂ ਅਣਖੀ ਹੁਰਾਂ ਦੱਸਿਆ, “ਇਸ ਸਾਰੇ ਘਟਨਾਕ੍ਰਮ ਕਾਰਨ ਪਾਰਟੀ ਤੇ ਕਿਸਾਨ ਸਭਾ ਦਾ ਆਧਾਰ ਮੰਡ ਵਿੱਚ ਹੀ ਨਹੀਂ, ਪੂਰੀ ਫਿਲੌਰ ਤੇ ਨਕੋਦਰ ਤਹਿਸੀਲ ‘ਚ ਬਹੁਤ ਵਧਿਆ। ਦੁੱਖ ਦੀ ਗੱਲ ਇਹ ਕਿ ਜਿਆਦਾ ਆਬਾਦਕਾਰ ਦਲਿਤ ਭਾਈਚਾਰੇ ‘ਚੋਂ ਹੋਣ ਕਾਰਨ ਆਪਣੀਆਂ ਜ਼ਮੀਨਾਂ ਸਸਤੇ ਭਾਅ ਵੇਚ ਕੇ ਇੱਧਰ ਉੱਧਰ ਚਲੇ ਗਏ, ਕਿਉਂਕਿ ਜ਼ਮੀਨ ਦੇ ਮਾਲਕੀ ਹੱਕ ਤਾਂ ਉਨ੍ਹਾਂ ਕੋਲ ਹੈ ਨਹੀਂ ਸਨ। ਉਹ ਪਾਰਟੀ ਦੇ ਸੰਪਰਕ ‘ਚ ਨਹੀਂ ਰਹਿ ਸਕੇ। ਲੁਧਿਆਣਾ ਦੇ ਅਮੀਰ ਲੋਕਾਂ ਇਹ ਜ਼ਮੀਨਾਂ ਬਹੁਤ ਸਸਤੇ ਭਾਅ ਖਰੀਦ ਲਈਆਂ। ਬਾਅਦ ‘ਚ ਅੱਤਵਾਦ ਦੇ ਦੌਰ ਨੇ ਬਹੁਤ ਨੁਕਸਾਨ ਕੀਤਾ। ਉਨ੍ਹਾਂ ਕਾਲੇ ਦਿਨਾਂ ‘ਚ ਮੰਡ ਦੇ ਆਬਾਦਕਾਰਾਂ ਨਾਲ ਲਗਾਤਾਰ ਸੰਪਰਕ ਰੱਖਣਾ ਔਖਾ ਹੋ ਗਿਆ ਸੀ। ਚੀਮਾ ਜੀ ਦੀ ਸ਼ਹਾਦਤ ਤੋਂ ਬਾਅਦ ਇਸ ਲਹਿਰ ਨੂੰ ਬਹੁਤ ਨੁਕਸਾਨ ਪੁੱਜਾ।”
    ਬਾਪੂ ਅਣਖੀ ਇਸ ਗੱਲੋਂ ਫਿਕਰਮੰਦ ਹਨ ਕਿ ਆਬਾਦਕਾਰਾਂ ਦੀ ਸਾਰ ਹੁਣ ਉਸੇ ਸ਼ਿੱਦਤ ਨਾਲ ਲਈ ਜਾ ਰਹੀ ਹੈ ਜਾਂ ਨਹੀਂ ? ਆਬਾਦਕਾਰਾਂ ਦੇ ਹਾਲਾਤ ‘ਚ ਕੋਈ ਤਬਦੀਲੀ ਆਈ ਹੈ ਜਾਂ ਨਹੀਂ? ਮੈਂ ਉਨ੍ਹਾ ਨੂੰ ਇਸ ਪੱਖੋਂ ਤਾਂ ਤਸੱਲੀ ਦਿੱਤੀ ਕਿ ਆਬਾਦਕਾਰਾਂ ਦੀ ਸਾਰ ਤਾਂ ਲਈ ਜਾ ਰਹੀ ਹੈ ਪਰ ਇਹ ਵੀ ਸਪੱਸ਼ਟ ਕੀਤਾ ਕਿ ਹਾਲਾਤ ‘ਚ ਕੋਈ ਸਿਫਤੀ ਤਬਦੀਲੀ ਨਹੀਂ ਆਈ। ਉਜਾੜੇ ਦੀ ਤਲਵਾਰ ਹਮੇਸ਼ਾ ਸਿਰ ‘ਤੇ ਲਟਕੀ ਰਹਿੰਦੀ ਹੈ। ਹੁਣ ਹਮਲੇ ਬਦਮਾਸ਼ ਟੋਲੇ ਨਹੀਂ, ਲੈਂਡ ਮਾਫੀਆ ਪੁਲਸ ਸੁਰੱਖਿਆ ਦੀ ਛਤਰੀ ਹੇਠ ਕਰਦਾ ਹੈ।

    ਮੈਨੂੰ ਯਾਦ ਆਇਆ ਕੰਨੀਆਂ ਹੁਸੈਨਾ ਦੇ ਆਬਾਦਕਾਰਾਂ ‘ਤੇ ਵਾਪਰਿਆ ਕਹਿਰ। ਉਸ ਪਿੰਡ ਦੇ ਆਬਾਦਕਾਰਾਂ ਦੀ ਕਹਾਣੀ, ਮੰਡ ਬੇਟ ਆਬਾਦਕਾਰ ਸੰਘਰਸ਼ ਕਮੇਟੀ (ਸੰਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ) ਦੀ ਅਗਵਾਈ ਹੇਠ ਲੜੇ ਗਏ ਉਨ੍ਹਾਂ ਦੇ ਸੰਘਰਸ਼ ਦਾ ਬਿਰਤਾਂਤ ਜਦ ਮੈਂ ਬਾਪੂ ਅਣਖੀ ਨਾਲ ਸਾਂਝਾ ਕੀਤਾ ਤਾਂ ਉਨ੍ਹਾ ਦੀਆਂ ਅੱਖਾਂ ‘ਚ ਚਮਕ ਆ ਗਈ।
    ਸਿੱਧਵਾਂ ਬੇਟ ਦੇ ਨਾਲ ਲਗਦਾ ਪਿੰਡ ਕੰਨੀਆਂ ਹੁਸੈਨਾ ਆਬਾਦਕਾਰਾਂ ਦਾ ਪਿੰਡ ਹੈ ਤੇ ਲਗਪਗ ਸਾਰੇ ਆਬਾਦਕਾਰ ਰਾਇ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਹਨ। ਇਹ ਆਬਾਦਕਾਰ ਦਹਾਕਿਆਂ ਤੋਂ ਇਸ ਪਿੰਡ ‘ਚ ਬੈਠੇ ਹੋਏ ਹਨ। ਗਿਰਦਾਵਰੀਆਂ ਉਨ੍ਹਾਂ ਦੇ ਨਾਂਅ ਹਨ ਪਰ ਜ਼ਮੀਨ ਦੇ ਮਾਲਕੀ ਹੱਕ ਉਨ੍ਹਾਂ ਨੂੰ ਨਹੀਂ ਦਿੱਤੇ ਗਏ। ਇਸ ਪਿੰਡ ਦੀ ਜ਼ਮੀਨ ਪੰਜਾਬ ਸਰਕਾਰ ਨੇ ਇੱਕ ਫੌਜੀ ਅਫਸਰ ਨੂੰ ਉਸ ਦੇ ਸ਼ਲਾਘਾਯੋਗ ਯੋਗਦਾਨ ਦੇ ਇਵਜ਼ ‘ਚ ਅਲਾਟ ਕਰ ਦਿੱਤੀ ਸੀ, ਜਿਸ ਨੇ ਇਸ ਜ਼ਮੀਨ ਦਾ ਕਬਜ਼ਾ ਨਹੀਂ ਸੀ ਲਿਆ। ਸਰਕਾਰ ਨੂੰ ਉਸ ਫੌਜੀ ਅਫਸਰ ਨੂੰ ਦੇਣ ਲਈ ਹੋਰ ਕੋਈ ਜ਼ਮੀਨ ਥਿਆਈ ਹੀ ਨਹੀਂ ! ਇੱਕ ਅਫਸਰ ਨੂੰ ਨਵਾਜਣ ਲਈ ਪੂਰੇ ਪਿੰਡ ਦੇ ਪਰਵਾਰਾਂ ਨੂੰ ਉਜਾੜਨ ਦਾ ਫੈਸਲਾ ਕਰ ਦਿੱਤਾ, ਪੁੱਛਣ ਵਾਲਾ ਈ ਕੋਈ ਨਹੀਂ !
    ‘ਪੰਥ ਰਤਨ’ ਸਰਦਾਰ ਬਹਾਦਰ ਪਰਕਾਸ਼ ਸਿੰਘ ਬਾਦਲ ਦੇ ਰਾਜ ਪ੍ਰਬੰਧ ਦੇ ਸਿਰ ਬਹੁਤ ਸਾਰੇ ਮਾਫੀਆ ਪਾਲਣ ਦੀਆਂ ਕਲਗੀਆਂ ਤੋਂ ਕੌਣ ਅਣਜਾਣ ਹੈ ਭਲਾ ! ਇਸ ਰਾਜ ਪ੍ਰਬੰਧ ਦੇ ‘ਲੈਂਡ ਮਾਫੀਆ’ ਦੀ ਨਜ਼ਰ ਇਸ ਜ਼ਮੀਨ ‘ਤੇ ਜਾ ਪਈ ਤੇ ਸ਼ੁਰੂ ਹੋ ਗਈਆਂ ਸ਼ਕੁਨੀ ਵਾਲੀਆਂ ਸ਼ਤਰੰਜੀ ਚਾਲਾਂ ! ਲੈਂਡ ਮਾਫੀਆ ਨੇ ਉਸ ਫੌਜੀ ਅਫਸਰ ਦੀ ਧੀ ਨੂੰ ਦਿੱਲੀਓਂ ਜਾ ਲੱਭਿਆ ਤੇ ਉਸ ਕੋਲੋਂ ਜ਼ਮੀਨ ਦਾ ਮੁਖਤਾਰਨਾਮਾ ਲਿਖਵਾ ਲਿਆ। ਫੇਰ ਇਸ ਜ਼ਮੀਨ ‘ਤੇ ਕਬਜ਼ਾ ਕਰਨ ਲਈ ਇਸ ਮਾਫੀਆ ਨੇ ਦੋ ਵਾਰ ਹੱਲੇ ਬੋਲੇ ਪਰ ਮੰਡ ਬੇਟ ਆਬਾਦਕਾਰ ਸੰਘਰਸ਼ ਕਮੇਟੀ, ਜੋ ਜਮਹੂਰੀ ਕਿਸਾਨ ਸਭਾ ਪੰਜਾਬ ਨਾਲ ਸਬੰਧਤ ਹੈ, ਦੀ ਅਗਵਾਈ ਹੇਠ ਇਹ ਹਮਲੇ ਪਛਾੜ ਦਿੱਤੇ ਗਏ। ਫਿਰ ਆਇਆ 15 ਮਈ 2015 ਦਾ ਦਿਨ, ਜੋ ਜਮਹੂਰੀ ਤੇ ਮਾਨਵੀ ਹੱਕਾਂ ਦੇ ਚਿੱਟੇ ਦਿਨ ਘਾਣ ਲਈ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਰਹੇਗਾ।
    15 ਮਈ 2015 ਦੇ ਸਵੇਰੇ ਸੁਵੱਖਤੇ ਲੈਂਡ ਮਾਫੀਆ ਨੇ ਇਸ ਪਿੰਡ ‘ਤੇ ਹੱਲਾ ਬੋਲ ਦਿੱਤਾ। ‘ਰਾਜ ਨਹੀਂ ਸੇਵਾ’ ਦੇ ਫੱਟੇ ਵਾਲੀ ਸਰਕਾਰ ਦੀ ਪੁਲਸ, ਇਸ ਮਾਫੀਆ ਦੇ ਗੁੰਡਿਆਂ ਦੀ ਰਾਖੀ ਲਈ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਨਾਲ ਆਈ ਸੀ। ਉਨ੍ਹਾਂ ਜਬਰ ਕਰਨ ਲੱਗਿਆਂ ਕੋਈ ਵਿਤਕਰਾ ਨਹੀਂ ਕੀਤਾ; ਬੱਚਾ, ਬਜ਼ੁਰਗ, ਔਰਤ, ਮੁਟਿਆਰ, ਜੋ ਵੀ ਸਾਹਮਣੇ ਆਇਆ, ਉਸ ਦੇ ਹੱਡ ਉਨ੍ਹਾਂ ਪੂਰੀ ਬੇਦਰਦੀ ਨਾਲ ਭੰਨੇ। ਲੋਕਾਂ ਨੂੰ ਘਰਾਂ ‘ਚੋਂ ਧੂਹ ਧੂਹ ਕੇ ਕੁੱਟਿਆ ਗਿਆ। ਕਸੂਰ ਸਿਰਫ ਇਹ ਕਿ ਉਹ ਦਹਾਕਿਆਂ ਤੋਂ ਇਸ ਪਿੰਡ ‘ਚ ਬੈਠ ਕੇ, ਸੱਪਾਂ ਦੀਆਂ ਸਿਰੀਆਂ ਫੇਂਹ ਕੇ ਜ਼ਮੀਨਾਂ ਆਬਾਦ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਣ ਦਾ ‘ਜੁਰਮ’ ਕਰ ਰਹੇ ਹਨ। ‘ਖਾਲਸਾ ਪੰਥ’ ਦੀ ਤਰਜਮਾਨੀ ਕਰਨ ਵਾਲੀ ਸਰਕਾਰ ਦੀ ਪੁਲਸ ਨੇ ਗੁਰਦੁਆਰਾ ਸਾਹਿਬ ਦੇ ਉਸ ਗ੍ਰੰਥੀ, ਸਾਬਤ ਸੂਰਤ ਸਿੱਖ ਨੂੰ ਕੁੱਟ ਕੁੱਟ ਕੇ ਉਸ ਦੇ ਹੱਡਾਂ ‘ਚ ਪਾਣੀ ਪਾ ਦਿੱਤਾ ਜਿਸ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਮਾਫੀਆ ਗਿਰੋਹ ਤੇ ਪੁਲਸ ਦੇ ਧਾੜਵੀ ਹੱਲੇ ਤੋਂ ਪਿੰਡ ਨੂੰ ਖਬਰਦਾਰ ਕੀਤਾ ਸੀ। ‘ਨੰਨ੍ਹੀ ਛਾਂ’ ਮੁਹਿੰਮ ਚਲਾ ਕੇ ‘ਕੁੱਖ ਤੇ ਰੁੱਖ ਦੀ ਰਾਖੀ’ ਦੀ ਕਲਗੀ ਹਾਸਲ ਕਰਨ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਾਰਟੀ ਤੇ ਪਰਵਾਰ ਦੀ ਅਗਵਾਈ ਵਾਲੀ ਰਾਜ ਸਰਕਾਰ ਦੀ ਪੁਲਸ ਨੇ ਔਰਤਾਂ ਦਾ ਜੋ ਹਸ਼ਰ ਕੀਤਾ, ਸ਼ਾਇਦ ਹੀ ਕੋਈ ਕਰ ਸਕੇ। ਇਹ ਧਾੜ ਜਦ ਵਿਹੜਿਆਂ ਦੀਆਂ ਵਲਗਣਾ ਟੱਪ ਕੇ ਦੋ ਘਰਾਂ ‘ਚ ਵੜੀ ਤਾਂ ‘ਪੁਲਸ ਦੇ ਜਵਾਨਾਂ’ ਨੇ ਨਹਾ ਰਹੀਆਂ ਨਿਰਵਸਤਰ ਬੀਬੀਆਂ ‘ਤੇ ਛਾਲਾਂ ਮਾਰ ਦਿੱਤੀਆਂ। ਸ਼ਰਮਿੰਦਗੀ ਮਹਿਸੂਸ ਕਰਨ ਦੀ ਬਜਾਇ ਉਨ੍ਹਾਂ ਬੀਬੀਆਂ ਦੀ ਖਿੱਚਾਧੂਹੀ ਕਰਕੇ ਬੇਪਤੀ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।
    ਇਸ ਧਾੜਵੀ ਹਮਲੇ ਦਾ, ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਨਾਂਅ ‘ਤੇ ਦੁਕਾਨਾਂ ਚਲਾਉਣ ਵਾਲਿਆਂ ‘ਚੋਂ ਕਿਸੇ ਨੇ ਵੀ ਨੋਟਿਸ ਨਹੀਂ ਲਿਆ। ਨੋਟਿਸ ਲੈਣ ਵੀ ਕਿਓਂ, ਇਨ੍ਹਾਂ ਗਰੀਬ ਗੁਰਬਿਆਂ ਤੋਂ ਉਨ੍ਹਾਂ ਨੂੰ ਮਿਲਣਾ ਭਲਾ ਕੀ ਸੀ ?
    ‘ਫਰਾਂਸ ‘ਚ ਪੱਗ ਸ਼ਾਨ’ ਲਈ ਦੇਸੀ ਬਦੇਸ਼ੀ ਸਰਕਾਰਾਂ ਤੇ ਕੌਮਾਂਤਰੀ ਸੰਸਥਾਵਾਂ ਨੂੰ ਖਤ ਲਿਖਣ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਗ੍ਰੰਥੀ ਸਿੰਘ ਦੀ ਕੁੱਟਮਾਰ, ਕਕਾਰਾਂ ਦੀ ਬੇਹੁਰਮਤੀ ਦਾ ਭੋਰਾ ਵੀ ਖਿਆਲ ਨਹੀਂ ਆਇਆ। ਸ਼ਾਇਦ ਉਹ ਗ੍ਰੰਥੀ ਸਿੰਘ, ‘ਸਿੱਖ ਦੀ ਪ੍ਰੀਭਾਸ਼ਾ’ ਦੇ ਦਾਇਰੇ ‘ਚ ਨਾ ਆਉਂਦਾ ਹੋਵੇ। ਹਾਂ, ਬਿਲਕੁਲ ! ਰਾਇ ਸਿੱਖ ਵੀ ਕੋਈ ਸਿੱਖ ਹੋਏ, ਸਿੱਖ ਤਾਂ ਹੁੰਦਾ ਹੈ ਮਾਡਲ ਟਾਊਨ ਦਾ ਕੋਈ ਲੰਮੀ, ਸ਼ੈਂਪੂ ਨਾਲ ਧੋਤੀ ਲਿਸ਼ਕਵੀਂ ਦਾੜ੍ਹੀ ਵਾਲਾ ਭੱਦਰ ਪੁਰਸ਼ ਜਾਂ ਮੁਰੱਬਿਆਂ ਦਾ ਮਾਲਕ ਕੋਈ ਜ਼ਿੰਮੀਦਾਰ ! ਜੇ ਅਕਾਲ ਤਖਤ ਨੂੰ ਨਹੀਂ ਪ੍ਰਵਾਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਥੋਂ ਹੋਣੀ ਸੀ ? ਇਸ ਪਿੰਡ ਦੇ ਗੁਰਦੁਆਰੇ ਦੇ ਚੜ੍ਹਾਵੇ ਨਾਲ ਤਾਂ ਗ੍ਰੰਥੀ ਸਿੰਘ ਦਾ ਗੁਜ਼ਾਰਾ ਨਹੀਂ ਚੱਲਦਾ, ਸ਼੍ਰੋਮਣੀ ਕਮੇਟੀ ਨੂੰ ਇਸ ਪਿੰਡ ਤੋਂ ਕੀ ਮਿਲਣਾ ਸੀ, ਭਲਾ ਛਿੱਕੂ ! ਤੇ ਨਾ ਹੀ ਆਬਾਦਕਾਰਾਂ ਦੀਆਂ ਅਖੌਤੀ ਜਥੇਬੰਦੀਆਂ ‘ਚੋਂ ਕਿਸੇ ਨੇ ਕੋਈ ਹਾਅ ਦਾ ਨਾਅਰਾ ਮਾਰਿਆ ! ਪੁਲਸ ਦੀ ਧਾੜ, ਇਨ੍ਹਾਂ ਆਬਾਦਕਾਰਾਂ ਦੀ ਅਗਵਾਈ ਕਰ ਰਹੇ ਮੰਡ ਬੇਟ ਆਬਾਦਕਾਰ ਸੰਘਰਸ਼ ਕਮੇਟੀ ਦੇ ਮੁਖੀ ਸਾਥੀ ਗੁਰਨਾਮ ਸਿੰਘ ਸੰਘੇੜਾ ( ਜੋ ਕੈਂਸਰ ਦੀ ਬਿਮਾਰੀ ਦੀ ਲਪੇਟ ‘ਚ ਆ ਕੇ ਸਦੀਵੀ ਵਿਛੋੜਾ ਦੇ ਗਏ ਹਨ), ਰਾਮ ਸਿੰਘ ਕੈਮਵਾਲਾ ਤੇ 20 ਤੋਂ ਵੱਧ ਆਬਾਦਕਾਰਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ, ਜਿਨ੍ਹਾਂ ‘ਚ ਔਰਤਾਂ ਵੀ ਸ਼ਾਮਲ ਸਨ।
    ਇਸ ਕਹਿਰ ਦੀ ਖਬਰ ਜਦ ਨਕੋਦਰ ਦਿਹਾਤੀ ਮਜ਼ਦੂਰ ਸਭਾ ਦੇ ਦਫਤਰ ਪੁੱਜੀ ਤਾਂ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਮਨੋਹਰ ਸਿੰਘ ਗਿੱਲ ਦੀ ਅਗਵਾਈ ਹੇਠ ਮਹਿਤਪੁਰ-ਸਿੱਧਵਾਂ ਬੇਟ ਨੂੰ ਜੋੜਨ ਵਾਲੇ ਪੁਲ ‘ਤੇ ਜਾਮ ਲਾ ਦਿੱਤਾ ਗਿਆ। ਨਕੋਦਰ ਪੁਲਸ ਨੇ ਉੱਪਰਲੇ ਅਫਸਰਾਂ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦੇ ਕੇ ਪਹਿਲੇ ਦਿਨ ਤਾਂ ਇਹ ਜਾਮ ਖੁੱਲ੍ਹਵਾ ਲਿਆ ਪਰ ਜਦ ਪ੍ਸ਼ਾਸਨ ਦੇ ਸਿਰ ਕੋਈ ਜੂੰ ਨਾ ਸਰਕੀ ਤਾਂ 17 ਮਈ ਨੂੰ ਮੁੜ ਉਸੇ ਪੁਲ ‘ਤੇ ਇਸ ਐਲਾਨ ਨਾਲ ਜਾਮ ਲਾ ਦਿੱਤਾ ਗਿਆ ਕਿ ਜਦ ਤੱਕ ਗ੍ਰਿਫਤਾਰ ਸਾਥੀ ਰਿਹਾਅ ਨਹੀਂ ਕੀਤੇ ਜਾਂਦੇ, ਉਨ੍ਹਾਂ ‘ਤੇ ਦਰਜ ਕੇਸ ਵਾਪਸ ਨਹੀਂ ਲਏ ਜਾਂਦੇ, ਇਹ ਜਾਮ ਜਾਰੀ ਰਹੇਗਾ। ਹੋਇਆ ਵੀ ਇੰਝ ਹੀ, ਪੁਲਸ ਨੂੰ ਕੇਸ ਵਾਪਸ ਲੈ ਕੇ ਗ੍ਰਿਫਤਾਰ ਸਾਥੀ ਰਿਹਾਅ ਕਰਨੇ ਪਏ। ਨੋਟ ਕਰਨ ਵਾਲੀ ਗੱਲ ਇਹ ਸੀ ਕਿ ਇੱਕ ਹਜ਼ਾਰ ਤੋਂ ਵੱਧ ਵਰਕਰਾਂ ਵਲੋਂ ਲਗਾਏ ਇਸ ਜਾਮ ਵਿੱਚ ਸੱਤ ਸੌ ਤੋਂ ਵੱਧ ਦਿਹਾਤੀ ਮਜ਼ਦੂਰ ਸਨ।
    ਅਜਿਹਾ ਨਹੀਂ ਕਿ ਅਕਾਲੀ-ਭਾਜਪਾ ਸਰਕਾਰ ਹੀ ਅਜਿਹਾ ਕਰਦੀ ਸੀ, ਕਾਂਗਰਸ ਸਰਕਾਰ ਵੀ ਕੋਈ ਵੱਖਰੀ ਨਹੀਂ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਜੰਗਲਾਤ ਮਹਿਕਮੇ ਨੂੰ ਅੱਗੇ ਕਰਕੇ ਆਬਾਦਕਾਰਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ । ਅਜਿਹੀਆਂ ਦੋ ਕੋਸ਼ਿਸ਼ਾਂ ਨੂੰ ਜਮਹੂਰੀ ਕਿਸਾਨ ਸਭਾ ਦੋ ਵਾਰ ਪਛਾੜ ਚੁੱਕੀ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ, ਜਗਤਾਰ ਚਕੋਹੀ, ਅਮਰ ਸਿੰਘ ਅਚਰਵਾਲ ਦੀ ਅਗਵਾਈ ਹੇਠ ਆਬਾਦਕਾਰਾਂ ਨੇ ਜੰਗਲਾਤ ਮਹਿਕਮੇ ਵਲੋਂ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਲਗਾਈ ਗਈ ਕੰਡਿਆਲੀ ਵਾੜ ਭਾਰੀ ਸਰਕਾਰੀ ਖਿਲਾਫ਼ਤ ਦੇ ਬਾਵਜੂਦ ਪੁੱਟ ਕੇ ਸੁੱਟ ਦਿੱਤੀ। ਇਸੇ ਤਰ੍ਹਾਂ ਬਾਰਡਰ ਏਰੀਆ ਸੰਘਰਸ਼ ਕਮੇਟੀ ਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਸਰਹੱਦੀ ਇਲਾਕੇ ‘ਚ ਵੀ ਆਬਾਦਕਾਰਾਂ ਨੂੰ ਉਜਾੜਨ ਲਈ ਕੀਤੇ ਗਏ ਅਜਿਹੇ ਹਮਲੇ ਪਛਾੜੇ ਗਏ ਹਨ। ਅਜਿਹੇ ਹਮਲਿਆਂ ਨੂੰ ਰੋਕਣ ਕਾਰਨ ਹੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ‘ਤੇ ਪੁਲਸ ਨੇ ਕੇਸ ਦਰਜ ਕੀਤਾ ਹੋਇਆ ਹੈ।
    ਸਾਡੀ ਇਹ ਲੰਮੀ ਗੱਲਬਾਤ ਬਾਪੂ ਅਣਖੀ ਹੁਰਾਂ ਦੀ ਇਸ ਟਿੱਪਣੀ ਨਾਲ ਖਤਮ ਹੋਈ,”ਆਬਾਦਕਾਰਾਂ ਦੇ ਹਾਲਾਤ ਤਾਂ ਫੇਰ ਉਹੀ ਰਹੇ, ਉਜਾੜੇ ਦੀ ਤਲਵਾਰ ਤਾਂ ਅੱਜ ਵੀ ਸਿਰਾਂ ‘ਤੇ ਹੈ। ਫਰਕ ਸਿਰਫ ਇਹ ਪਿਆ ਕੇ ਪਹਿਲਾਂ ਅਫਸਰਸ਼ਾਹੀ ਪਿੱਛੇ ਰਹਿ ਕੇ, ਗੁੰਡਿਆਂ ਨੂੰ ਅੱਗੇ ਕਰਕੇ ਹਮਲੇ ਕਰਵਾਉਂਦੀ ਸੀ, ਹੁਣ ਪੁਲਸ ਗੁੰਡਿਆਂ ਦੇ ਨਾਲ ਆਉਂਦੀ ਹੈ। ਦਰਅਸਲ ਜਿੰਨੀ ਦੇਰ ਭਾਈ ਲਾਲੋਆਂ ਦੇ ਪਹਿਰੇਦਾਰ ਆਪਸ ‘ਚ ਰਲਕੇ ਨਹੀਂ ਬੈਠਦੇ, ਮਲਿਕ ਭਾਗੋਆਂ ਨਾਲ ਆਪਣੀ ਗੁੱਝੀ ਸਾਂਝ ਖਤਮ ਨਹੀਂ ਕਰਦੇ, ਓਨੀ ਦੇਰ ਇਹ ਤਬਦੀਲੀ ਨਹੀਂ ਆ ਸਕਦੀ।”

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!