6.9 C
United Kingdom
Saturday, March 7, 2026

More

    ਭਾਰਤ ਅਤੇ ਆਸਟ੍ਰੇਲੀਆ ‘ਚ ਹੋਇਆ ਇਤਿਹਾਸਕ ਰੱਖਿਆ ਸਮਝੌਤਾ

    ਨਵੀ ਦਿੱਲੀ (ਪੰਜ ਦਰਿਆ ਬਿਊਰੋ)

    ਭਾਰਤ ਅਤੇ ਆਸਟਰੇਲੀਆ ਨੇ ਇਕ-ਦੂਜੇ ਦੇ ਫ਼ੌਜੀ ਅੱਡਿਆਂ ਤੱਕ ਸਾਜ਼ੋ ਸਾਮਾਨ ਦੀ ਪਹੁੰਚ ਲਈ ਇਤਿਹਾਸਕ ਰੱਖਿਆ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਛੇ ਹੋਰ ਸਮਝੌਤੇ ਸਹੀਬੰਦ ਕੀਤੇ ਗਏ ਹਨ। ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਵਿਚਕਾਰ ਹੋਏ ਆਨਲਾਈਨ ਸਿਖਰ ਸੰਮੇਲਨ ਦੌਰਾਨ ਕੀਤੇ ਗਏ। ਮਿਊਚਲ ਲੌਜਿਸਟਿਕਸ ਸਪੋਰਟ ਐਗਰੀਮੈਂਟ ਨਾਲ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਮੁਰੰਮਤ ਅਤੇ ਸਪਲਾਈ ਹਾਸਲ ਕਰਨ ਲਈ ਕਰ ਸਕਣਗੀਆਂ। ਦੋਵੇਂ ਮੁਲਕਾਂ ’ਚ ਚੌਤਰਫਾ ਰੱਖਿਆ ਸਹਿਯੋਗ ਵੀ ਵਧਾਇਆ ਜਾਵੇਗਾ। ਭਾਰਤ ਨੇ ਅਜਿਹੇ ਸਮਝੌਤੇ ਅਮਰੀਕਾ, ਫਰਾਂਸ ਅਤੇ ਸਿੰਗਾਪੁਰ ਨਾਲ ਕੀਤੇ ਹੋਏ ਹਨ। ਹੋਰ ਸਮਝੌਤਿਆਂ ਤਹਿਤ ਸਾਈਬਰ, ਮਾਈਨਿੰਗ ਅਤੇ ਮਿਨਰਲ, ਮਿਲਟਰੀ ਤਕਨਾਲੋਜੀ, ਵੋਕੇਸ਼ਨਲ ਐਜੂਕੇਸ਼ਨ ਅਤੇ ਜਲ ਸਰੋਤ ਪ੍ਰਬੰਧਨ ਦੇ ਖੇਤਰਾਂ ’ਚ ਦੁਵੱਲਾ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਵਿਆਪਕ ਰਣਨੀਤਕ ਭਾਈਵਾਲੀ ਤਹਿਤ ਦੋਵੇਂ ਮੁਲਕਾਂ ਨੇ ਦੋ ਜਮ੍ਹਾਂ ਦੋ ਵਾਰਤਾ ਨੂੰ ਵੀ ਅਪਗਰੇਡ ਕੀਤਾ ਹੈ। ਇਸ ’ਚ ਵਿਦੇਸ਼ ਅਤੇ ਰੱਖਿਆ ਸਕੱਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
    ਦੋਵੇਂ ਆਗੂਆਂ ਨੇ ਗੱਲਬਾਤ ਦੌਰਾਨ ਅਤਿਵਾਦ, ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸਮੁੰਦਰੀ ਸੁਰੱਖਿਆ ਲਈ ਵੱਧ ਰਹੀਆਂ ਚੁਣੌਤੀਆਂ, ਵਿਸ਼ਵ ਵਪਾਰ ਸੰਗਠਨ ’ਚ ਸੁਧਾਰ ਅਤੇ ਕਰੋਨਾਵਾਇਰਸ ਸੰਕਟ ਨਾਲ ਸਿੱਝਣ ਦੇ ਰਾਹ ਲੱਭਣ ਸਮੇਤ ਹੋਰ ਅਹਿਮ ਮੁੱਦੇ ਵਿਚਾਰੇ। ਮੋਦੀ-ਮੌਰੀਸਨ ਵਾਰਤਾ ਤੋਂ ਬਾਅਦ ਜਾਰੀ ਸਾਂਝੇ ਬਿਆਨ ਮੁਤਾਬਕ ਦੋਵੇਂ ਮੁਲਕਾਂ ਨੇ ਭਾਰਤੀ ਕੰਪਨੀਆਂ ਦੀ ਹੁੰਦੀ ਆਮਦਨ ’ਤੇ ਟੈਕਸ ਦੇ ਮੁੱਦੇ ਬਾਰੇ ਵੀ ਵਿਚਾਰਾਂ ਕੀਤੀਆਂ ਅਤੇ ਇਸ ਦਾ ਫੌਰੀ ਹੱਲ ਵੀ ਮੰਗਿਆ। ਇਸ ’ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਦੁਵੱਲੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ) ’ਤੇ ਮੁੜ ਂ ਗੱਲਬਾਤ ਕਰਨ ਦਾ ਫ਼ੈਸਲਾ ਲਿਆ ਹੈ ਜਿਥੇ ਆਪਸੀ ਸਹਿਮਤੀ ਨਾਲ ਰਾਹ ਲੱਭੇ ਜਾਣਗੇ। ਦੋਵੇਂ ਮੁਲਕਾਂ ਨੇ ਅਤਿਵਾਦ ਨੂੰ ਖਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਮੰਨਿਆ ਅਤੇ ਇਸ ਦੀ ਨਿਖੇਧੀ ਕਰਦਿਆਂ ਜ਼ੋਰ ਦਿੱਤਾ ਕਿ ਕਿਸੇ ਵੀ ਆਧਾਰ ’ਤੇ ਅਤਿਵਾਦੀ ਸਰਗਰਮੀਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਨਲਾਈਨ ਸਿਖਰ ਸੰਮੇਲਨ ’ਚ ਹਿੱਸਾ ਲੈਂਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਤੋਂ ਦੁਨੀਆ ਨੂੰ ਛੇਤੀ ਬਾਹਰ ਕੱਢਣ ਲਈ ਤਾਲਮੇਲ ਅਤੇ ਇਕਜੁੱਟਤਾ ਨਾਲ ਕਦਮ ਵਧਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਦੁਨੀਆ ’ਚ 65 ਲੱਖ ਲੋਕ ਕਰੋਨਾ ਤੋਂ ਪੀੜਤ ਹਨ ਅਤੇ 3.88 ਲੱਖ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਆਨਲਾਈਨ ਸਿਖਰ ਸੰਮੇਲਨ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਇਸ ਨੂੰ ‘ਭਾਰਤ-ਆਸਟਰੇਲੀਆ ਗੱਠਜੋੜ ਦਾ ਨਵਾਂ ਮਾਡਲ’ ਅਤੇ ਕਾਰੋਬਾਰ ਕਰਨ ਦਾ ਵੀ ਨਵਾਂ ਮਾਡਲ ਦੱਸਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!