
ਤੋਤੇ ਨੂੰ ਪਈ ਮੈਨਾਂ ਪੁੱਛਦੀ,
ਕਿਉਂ ਸਾਰੀ ਕਾਇਨਾਤ ਹੈ ਰੁੱਸਗੀ?
ਨਾ ਕੋਈ ਬੋਲੇ, ਨਾ ਕੋਈ ਹੱਸੇ,
ਦਿਲ ਦੀ ਗੱਲ ਨਾ ਕੋਈ ਦੱਸੇ?
ਨਾ ਕੋਈ ਝਰਨਾ ਕਲ-ਕਲ ਵਗਦਾ,
ਨਾ ਸੀਤਲ ਕੋਈ ਪੌਣ ਵਗੇਂਦੀ,
ਨਾ ਬਾਬਲ ਦੇ ਵਿਹੜੇ ਵਿੱਚ ਅੱਜ,
ਧੀ-ਰਾਣੀ ਕੋਈ ਰਾਗ ਗਵੇਂਦੀ!
ਪੰਛੀ ਨੇ ਅੱਜ ਕਿਉਂ ਕੁਰਲਾਉਂਦੇ,
ਲੱਗਦਾ ਹੈ ਕੁਛ ਕਹਿਣਾ ਚਾਹੁੰਦੇ?
ਕੋਇਲ ਵੀ ਅੱਜ ਕਿਉਂ ਵੈਣ ਜੇ ਪਾਵੇ,
ਗਾਉਣਾ ਕਾਹਤੋਂ ਭੁੱਲਦੀ ਜਾਵੇ?
ਬੁਲਬੁਲ ਬੈਠੀ ਹੰਝੂ ਕੇਰੇ,
ਲੱਗਦੈ ਭੁੱਲਗੀ ਖੁਸ਼ੀਆਂ ਖੇੜੇ
ਮੋਰ ਵੀ ਭੁੱਲਿਆ ਪੈਲ੍ਹਾਂ ਪਾਉਣੋ,
ਕੁਦਰਤ ਭੁੱਲਗੀ ਨਾਦ ਵਜਾਉਣੋ
ਐਡੀ ਕੀ ਅੱਜ ਆਫ਼ਤ ਆ-ਗੀ?
ਜੱਗ ‘ਤੇ ਐਡੀ ਚੁੱਪ ਕਿਉਂ ਛਾਅ-ਗੀ?
ਹਵਾ ਕੀਰਨੇ ਪਾਉਂਦੀ ਵਗਦੀ,
ਪਤਾ ਨੀ ਕੀ ਇਹਨੂੰ ਚੌਂਧੀ ਲੱਗ-ਗੀ?
ਨਾ ਕੋਈ ਕਾਗ ਸੁਨੇਹਾਂ ਦਿੰਦੇ,
ਬੈਠ ਬਨੇਰੀਂ ਹੰਝੂ ਕੇਰਨ
ਘੋਰ ਉਦਾਸ ਚਕੋਰਾਂ ਵੀ ਅੱਜ,
ਕਾਹਤੋਂ ਚੰਦ ਤੋਂ ਮੂੰਹ ਜਿਹਾ ਫੇਰਨ?
ਕੀ ਹੈ ਦੁਖੜਾ ਇਹਨਾਂ ਦਾ ਦੱਸ,
ਕਿਉਂ ਸਾਰੇ ਇਹ ਦੁਖੀ ਨੇ ਹੋਏ?
ਚਿੜੀਆਂ ਵੀ ਨਾ ਚੂਕਦੀਆਂ ਅੱਜ,
ਕਿਹੜੇ ਦਰਦ ਨੇ ਜਿਗਰ ਸਮੋਏ??
ਜਾਂ ਪ੍ਰਹਿਲਾਦ ਕੋਈ ਥੰਮ੍ਹ ਹੈ ਬੱਧਾ,
ਜਾਂ ਗੁਰੂ ਦਾ ਲਾਲ ਕੋਈ ਫ਼ੜਿਆ?
ਜਾਂ ਕੋਈ ਤੱਤੀ ਤਵੀ ਬਿਠਾਇਆ,
ਜਾਂ ਕੋਈ ਈਸਾ ਸੂਲ਼ੀ ਚੜ੍ਹਿਆ?
ਜਾਂ ਕੰਧਾਂ ਵਿੱਚ ਚਿਣ-ਤਾ ਕੋਈ,
ਜਾਂ ਰਾਜਾ, ਜਾਂ ਬਲੀ ਕੋਈ ਮੋਇਆ?
ਜਾਂ ਕੋਈ ਸੂਰਜ ਟੁਕੜੇ ਕਰਤਾ,
ਜਾਂ ਚੰਦਰਮਾਂ ਫੱਟੜ ਹੋਇਆ?
ਜਾਂ ਫਿਰ ਮੁੜ ਅਬਦਾਲੀ ਆਇਆ,
ਮੱਸਾ ਰੰਘੜ ਕਿਸੇ ਨੇ ਤੱਕਿਆ
ਜਾਂ ਫ਼ਿਰ ਨੰਨ੍ਹੇ ਬਾਲ ਦਾ ਦਿਲ ਅੱਜ,
ਫ਼ੇਰ ਬਾਪ ਦੇ ਮੂੰਹ ਵਿੱਚ ਧੱਕਿਆ?
ਐਡੀ ਕੀ ਅਣਹੋਣੀ ਬੀਤੀ,
ਐਨਾਂ ਸੋਗ ਕਿਉਂ ਜੱਗ ਨੇ ਕਰਿਆ?
ਜਾਂ ਕਿਸੇ ਵਿਧਵਾ ਮਾਤਾ ਦਾ ਦੱਸ,
ਕੋਈ ਅਕੇਲਾ ਪੁੱਤਰ ਮਰਿਆ?…..
….ਜੱਗੋਂ ਤੇਰ੍ਹਵੀਂ ਹੋਗੀ ਮੈਨਾਂ?
ਧਰਤੀ ਅਤੇ ਪਤਾਲ਼ ਹੈ ਰੋਂਦਾ।
ਰੈਣਾਂ ਨੂੰ ਦਿਨ ਪੀੜ ਸੁਣਾਵੇ,
ਸੀਨੇਂ ਤੱਤੀ ਸੀਖ ਪਰੋਂਦਾ।
ਕਟਕ ਫੌਜ ਦੇ ਚੜ੍ਹ ਕੇ ਆਏ,
ਦਿੱਲੀਓਂ ਚੱਲੀ ਧਾੜ ਨੀ ਮੈਨਾਂ।
ਦੁੱਧ ਚੁੰਘਦੇ ਉਹਨਾ ਬੱਚੇ ਮਾਰੇ,
ਸੀਨਾਂ ਹੋਇਆ ਭਰਾੜ੍ਹ ਨੀ ਮੈਨਾਂ।
ਐਡਾ ਕਹਿਰ ਹਰਿਮੰਦਰ ਵਰ੍ਹਿਆ,
ਗੋਲ਼ੇ ਦਾਗੇ, ਸੰਗਤ ਮਾਰੀ।
ਆਦਮ ਨਾ ਅੱਜ ਰੱਬ ਤੋਂ ਡਰਦਾ,
ਕਰਨੀ ਭਰਨੀ ਪੈਣੀ ਭਾਰੀ।
ਕਿਸੇ ਦੇ ਹੱਥ ਵਿੱਚ ਜਾਮ ਛਲਕਦਾ,
ਕੋਈ ਪਿਆ ਕਿਤੇ ਲੱਡੂ ਵੰਡੇ।
ਦਿੱਲੀ ਘਰ ਚਿਰਾਗ ਪਏ ਬਲ਼ਦੇ,
ਚੁੱਲ੍ਹੇ ਨੇ ਪਏ ਸਾਡੇ ਠੰਢੇ।
ਬੰਦੇ ਨਾਲ਼ੋਂ ਪੰਛੀ ਚੰਗੇ,
ਜਿਹੜੇ ਪੀੜ ਦਿਲਾਂ ਦੀ ਜਾਨਣ।
ਕਈ ਜਿੰਨ ਦਿੱਲੀ ਵਿੱਚ ਬੈਠੇ,
ਸੁਣ-ਸੁਣ ਖ਼ਬਰਾਂ ਖੁਸ਼ੀਆਂ ਮਾਨਣ।
“ਆਦਮ ਬੋ – ਆਦਮ ਬੋ” ਕਰਦਾ,
ਪਾਪੀ ਕੀ-ਕੀ ਪਾਪ ਕਮਾਉਂਦਾ,
ਤਖਤਾਂ ਦੇ ਓਸ ਤਖਤ ਦੇ ਅੱਗੇ,
“ਜੱਗੀ ਕੁੱਸਾ” ਸੀਸ ਝੁਕਾਉਂਦਾ।