✍?️ਸੁਰਜੀਤ ਸੰਧੂ
ਓਹ ਵਕਤ ਕੁਲਿਹਣਾ ਤੇ ਰਾਤ ਕੁਲਿਹਣੀ ਕਾਲੀ ਨੂੰ ,
ਦੱਸੋ ਕਿਵੇਂ ਭੁਲਾਵਾਂ ਜੂਨ ਚੁਰਾਸੀ ਵਾਲੀ ਨੂੰ !
ਧਰਤੀ ਲਾਲੋ ਲਾਲ ਹੋ ਗਈ ਰੱਤ ਜਿੱਥੇ ਸੀ ਡੁੱਲ੍ਹਿਆ,
ਓਹ ਸਾਕਾ ਨੀਲਾ ਤਾਰਾ ਵੀ ਨਾ ਗਿਆ ਕਦੇ ਭੁੱਲ੍ਹਿਆ,
ਅੱਜ ਵੀ ਤਾਜ਼ੇ ਜਖਮ ਨੇ ਚਿਰ ਹੋਇਆ ਹੋਸ਼ ਸੰਭਾਲ਼ੀ ਨੂੰ ,
ਦੱਸੋ ਕਿਵੇਂ ਭੁਲਾਵਾਂ ਜੂਨ ਚੁਰਾਸੀ ਵਾਲੀ ਨੂੰ !
ਆਪਣਿਆਂ ਨੂੰ ਆਪਣੇ ਹੱਥੀ ਮਾਰ ਮੁਕਾ ਗਏ ਸੀ,
ਗੈਰਾਂ ਦੇ ਪਿੱਛੇ ਲੱਗ ਬੇੜੀਆਂ ‘ਚ ਵੱਟੇ ਪਾ ਗਏ ਸੀ,
ਆਪੇ ਵਾੜ ਖੇਤ ਨੂੰ ਖਾ ਗਈ ਕਰੀਏ ਕੀ ਰਖਵਾਲੀ ਨੂੰ,
ਦੱਸੋ ਕਿਵੇਂ ਭੁਲਾਵਾਂ ਜੂਨ ਚੁਰਾਸੀ ਵਾਲੀ ਨੂੰ !
ਕੋਟਿ-ਕੋਟਿ ਪ੍ਰਣਾਮ ਮੇਰਾ ਓਹਨਾਂ ਰੱਬੀ ਰੂਹਾਂ ਨੂੰ,
ਸਦਾ ਲਈ ਜੋ ਵਿੱਛੜੀਆਂ ਸਾਥੋਂ ਛੱਡ ਬਰੂਹਾਂ ਨੂੰ,
ਸੁਰਜੀਤ ਸੰਧੂ ਨਿੱਤ ਰੋਵੇ ਪੂੰਝੇ ਅੱਖ ਦੀ ਲਾਲੀ ਨੂੰ,
ਦੱਸੋ ਕਿਵੇਂ ਭੁਲਾਵਾਂ ਜੂਨ ਚੁਰਾਸੀ ਵਾਲੀ ਨੂੰ !