9.6 C
United Kingdom
Wednesday, May 14, 2025

More

    “ਲਾਕਡਾਊਨ ਦੌਰਾਨ ਮੋਗੇ ਤੋਂ ਅੰਮ੍ਰਿਤਸਰ ਦੀ ਫੇਰੀ”

    ਨਰਿੰਦਰ ਕੌਰ ਸੋਹਲ


    ‘ਕੋਰੋਨਾ ਮਹਾਂਮਾਰੀ’ ਕਾਰਨ ਲਾਕਡਾਊਨ ਦੇ ਨਾਲ-ਨਾਲ ਪੰਜਾਬ ਵਿੱਚ ਦੋ ਮਹੀਨੇ ਕਰਫਿਊ ਵੀ ਲੱਗਾ ਰਿਹਾ। ਜਿਸ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਸਨ। ਇਸੇ ਦੌਰਾਨ ਸਾਡੀ ਰਿਸ਼ਤੇਦਾਰੀ ਵਿੱਚ ਦੋ ਮੌਤਾਂ ਹੋ ਗਈਆਂ। ਜਦੋਂ 18 ਮਈ ਨੂੰ ਪੰਜਾਬ ਵਿਚੋਂ ਕਰਫਿਊ ਹਟਾ ਦਿੱਤਾ ਗਿਆ ਤਾਂ 20 ਮਈ ਨੂੰ ਅਸੀਂ ਅੰਮ੍ਰਿਤਸਰ ਜਾਣ ਦਾ ਮਨ ਬਣਾ ਲਿਆ। ਬੱਚੇ ਵੀ ਘਰੇ ਰਹਿ ਰਹਿ ਕੇ ਉਕਤਾ ਚੁੱਕੇ ਸਨ, ਇਸ ਲਈ ਕੁੱਝ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਤੁਰ ਪਏ। ਪਰ ਦਿਲ ਵਿੱਚ ਡਰ ਵੀ ਸੀ ਕਿ ਰਸਤੇ ਵਿੱਚ ਕੋਈ ਸਮੱਸਿਆ ਨਾ ਆ ਜਾਵੇ। ਮੋਗੇ ਤੋਂ ਅੰਮ੍ਰਿਤਸਰ ਤੱਕ ਥਾਂ ਥਾਂ ਲੱਗੀਆਂ ਰੋਕਾ ਹੁਣ ਵੀ, ਕਰਫਿਊ ਦੀ ਗਵਾਹੀ ਭਰ ਰਹੀਆਂ ਸਨ। ਸੜਕਾਂ ‘ਤੇ ਬੱਸਾਂ ਤੋਂ ਇਲਾਵਾ ਚਾਹੇ ਬਾਕੀ ਸਾਰੇ ਵਾਹਨ ਨਜ਼ਰ ਆ ਰਹੇ ਸਨ ਪਰ ਬੱਸਾਂ ਨਾ ਹੋਣ ਕਾਰਨ ਬੇਰੌਣਕੀ ਪ੍ਰਤੀਤ ਹੁੰਦੀ ਸੀ। ਰਸਤੇ ਵਿੱਚਲੇ ਸਭ ‘ਬੱਸ ਸਟੈਂਡ’ ਜਿਥੇ ਹਰ ਸਮੇਂ ਸਵਾਰੀਆਂ ਦੀ ਗਹਿਮਾ ਗਹਿਮੀ ਦੇ ਨਾਲ-ਨਾਲ ਡਰਾਈਵਰਾਂ, ਕੰਡਕਟਰਾਂ ਅਤੇ ਹਾਕਰਾਂ ਦੀ ਸਵਾਰੀਆਂ ਅਤੇ ਸਮੇਂ ਦੇ ਵੱਧ ਘੱਟ ਨੂੰ ਲੈਕੇ ਆਪਸ ਵਿੱਚ ਬਹਿਸ ਬਾਜ਼ੀ ਚੱਲਦੀ ਰਹਿੰਦੀ ਸੀ,ਹੁਣ ਬਿਲਕੁਲ ਸ਼ਾਂਤ ਪੲੇ ਸਨ। ਦੋ ਮਹੀਨੇ ਤੋਂ ਬੱਸਾਂ ਦਾ ਇੰਜ ਖੜ੍ਹਾ ਰਹਿਣਾ, ਬੱਸ ਮਾਲਕ ਕਦੇ ਬਰਦਾਸ਼ਤ ਨਾ ਕਰਦੇ ਜੇ ਇਹ ਕੁਦਰਤੀ ਕੋਰੋਨਾ ਮਹਾਂਮਾਰੀ ਦਾ ਵਰਤਾਰਾ ਨਾ ਵਾਪਰਿਆ ਹੁੰਦਾ। ਮਨੁੱਖ ਆਪਸ ਵਿੱਚ ਤਾਂ ਗੁੱਸਾ ਗਿਲਾ ਕਰ ਸਕਦਾ ਹੈ ਪਰ ਕੁਦਰਤ ਅੱਗੇ ਅੱਜ ਵੀ ਬੇਵੱਸ ਹੈ। ਹੁਣ ਬਜ਼ਾਰ ਖੁੱਲ੍ਹੇ ਤਾਂ ਸਨ ਪਰ ਪਹਿਲਾਂ ਵਰਗੀ ਰੌਣਕ ਉਥੇ ਵੀ ਨਹੀਂ ਸੀ। ਚੱਲ ਰਹੇ ਲਾਕਡਾਊਨ ਕਾਰਨ ਹਫ਼ਤੇ ਵਿੱਚ ਤਿੰਨ ਦਿਨ ਇੱਕ ਪਾਸੇ ਦੀਆਂ ਦੁਕਾਨਾਂ ਖੁਲਦੀਆਂ ਹਨ ਤੇ ਤਿੰਨ ਦਿਨ ਦੁਜੇ ਪਾਸੇ ਦੀਆਂ। ਕੁੱਝ ਦੁਕਾਨਦਾਰਾਂ ਨੂੰ ਛੱਡ ਕੇ, ਬਹੁਤੇ ਦੁਕਾਨਦਾਰ ਵਿਹਲੇ ਬੈਠੇ ਨਜ਼ਰ ਆਏ। ਦੁਕਾਨਦਾਰਾਂ ਅਨੁਸਾਰ ਜੇ ਗਾਹਕ ਆਉਂਦੇ ਵੀ ਨੇ ਤਾਂ ਵਧੇਰੇ ਉਧਾਰ ਵਾਲੇ ਹੀ ਹੁੰਦੇ ਹਨ। ਪਹਿਲਾਂ ਦਾ ਉਧਾਰ ਵੀ ਖੜ੍ਹਾ ਹੋਣ ਕਾਰਨ, ਉਹ ਹੋਰ ਉਧਾਰ ਦੇਣ ਤੋਂ ਅਸਮਰਥ ਹਨ। ਲਾਕਡਾਊਨ ਦੌਰਾਨ ਹੀ ਮੌਸਮ ਬਦਲ ਗਿਆ ਤੇ ਗਰਮੀ ਸ਼ੁਰੂ ਹੋ ਗਈ। ਲੋੜੀਂਦਾ ਨਵਾਂ ਸਟਾਕ ਨਾ ਆਉਣ ਕਾਰਨ ਦੁਕਾਨਦਾਰ ਪਿਛਲੇ ਸਾਲ ਦਾ ਪਿਆ ਸਮਾਨ ਹੀ ਵੇਚ ਰਹੇ ਹਨ ਤੇ ਉਹ ਵੀ ਵਧੇਰੇ ਰੇਟ ‘ਤੇ। ਦੁਕਾਨਦਾਰੀ ਚਲਦੀ ਰੱਖਣ ਨੂੰ ਲੈਕੇ, ਉਹਨਾਂ ਦੇ ਚਿਹਰਿਆਂ ‘ਤੇ ਫ਼ਿਕਰਮੰਦੀ ਦੇ ਨਿਸ਼ਾਨ ਹੁਣ ਵੀ ਸਾਫ ਦਿਖਾਈ ਦੇ ਰਹੇ ਸਨ। ਕੲੀਆਂ ਦੁਕਾਨਦਾਰਾਂ ਨੇ ਤਾਂ ਨਵਾਂ ਕੰਮ ਸ਼ੁਰੂ ਹੀ ਕੀਤਾ ਸੀ ਕਿ ਅਚਾਨਕ ਲਾਕਡਾਊਨ ਹੋ ਜਾਣ ਕਾਰਨ ਉਹਨਾਂ ਦੇ ਸਭ ਸੁਪਨੇ ਹੀ ਤਿੜਕ ਗੲੇ। ਕੰਮ ਲਈ ਚੁੱਕੇ ਕਰਜ਼ੇ ਦਾ ਫ਼ਿਕਰ ਚਿਹਰੇ ‘ਤੇ ਮੁਸਕਰਾਹਟ ਨਹੀਂ ਆਉਣ ਦੇ ਰਿਹਾ ਸੀ। ਲੰਮੇ ਸਮੇਂ ਤੱਕ ਹੋਏ ਲਾਕਡਾਊਨ ਨੇ ਹਰ ਪਾਸੇ ਇੱਕ ਅਜੀਬ ਜਿਹਾ ਮਾਹੌਲ ਸਿਰਜ ਦਿੱਤਾ ਹੈ। ਜਿਸਨੇ ਚਿਹਰਿਆਂ ਦੀ ਰੋਣਕ ਖੋਹ ਲਈ ਹੈ। ਕੋਰੋਨਾ ਤੋਂ ਡਰਦਿਆਂ ਲੋਕ ਹੁਣ ਪਹਿਲਾਂ ਵਾਂਗ ਖੁੱਲ੍ਹ ਕੇ ਨਾ ਕਿਸੇ ਦਾ ਦੁੱਖ ਵੰਡਾਉਣ ਜਾਂਦੇ ਤੇ ਨਾ ਹੀ ਸੁੱਖ। ਕੲੀ ਤਰ੍ਹਾਂ ਦੀਆਂ ਦੁਖਦਾਇਕ ਕਹਾਣੀਆਂ ਵੀ ਸੁਣਨ ਨੂੰ ਮਿਲੀਆਂ। ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਆਪਣੇ ਹੱਥੀਂ ਕੰਮ ਕਰਕੇ ਖਾਣ ਵਾਲਿਆਂ ਲਈ, ਬੰਦ ਦੌਰਾਨ ਕਿਸੇ ਅੱਗੇ ਹੱਥ ਅੱਡਣੇ ਬਹੁਤ ਔਖੇ ਸਨ। ਉਹਨਾਂ ਦੇ ਘਰਾਂ ਵਿੱਚ ਰਾਸ਼ਨ ਦੀ ਘਾਟ ਤਾਂ ਹੈ ਹੀ ਸੀ, ਦਵਾਈ ਲੲੀ ਵੀ ਪੈਸਾ ਨਹੀਂ ਸੀ ਬਚਿਆ। ਉਹਨਾਂ ਕੁੱਝ ਦਿਨ ਔਖੇ ਸੌਖੇ ਕੱਢੇ ਪਰ ਜਦੋਂ ਮਦਦ ਮੰਗਣੀ ਮਜਬੂਰੀ ਬਣ ਗਈ ਤਾਂ ਧਾਹਾਂ ਮਾਰ ਕੇ ਰੋਣ ਲੱਗ ਪੲੇ ਕਿ ਸਾਨੂੰ ਇਹ ਦਿਨ ਵੀ ਵੇਖਣੇ ਪੈਣੇ ਸਨ। ਕੁੱਝ ਸੰਸਥਾਵਾਂ ਵੱਲੋਂ ਰਾਸ਼ਨ ਦੀ ਮਦਦ ਤਾਂ ਕੀਤੀ ਗਈ ਪਰ ਉਹ ਵੀ ਕੲੀ ਸਵਾਲਾਂ ਦੇ ਜਵਾਬ ਮਿਲਣ ਤੇ ਘਰ ਬਾਰ ਵੇਖਣ ਤੋਂ ਬਾਅਦ। ਲੰਗਰ ਵੀ ਪਹਿਲਾਂ ਪਹਿਲਾਂ ਕੁੱਝ ਦਿਨ ਵੰਡਿਆ ਗਿਆ ਜੋ ਰਜਵਾਂ ਵੀ ਨਹੀਂ ਮਿਲਦਾ ਸੀ ਪਰ ਲਾਕਡਾਊਨ ਵੱਧਦਾ ਜਾਣ ਕਾਰਨ ਹੁਣ ਕੋਈ ਨਹੀਂ ਪੁੱਛਦਾ। ਭਵਿੱਖ ਦੀ ਚਿੰਤਾ ਹਰ ਕਿਸੇ ਨੂੰ ਸਤਾ ਰਹੀ ਹੈ। ਕੲੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਕਰਜ਼ੇ ਚੁੱਕੇ ਹੋਏ ਸਨ ਪਰ ਵੀਜੇ ਆਉਣ ਦੇ ਬਾਵਜੂਦ ਕੋਰੋਨਾ ਕਾਰਨ ਉਹ ਬਾਹਰ ਨਹੀਂ ਜਾ ਸਕੇ। ਫਿਲਹਾਲ ਇਹ ਵੀ ਪਤਾ ਨਹੀਂ ਕਿ ਕਦੋਂ ਸਭ ਠੀਕ ਹੋਵੇਗਾ ਪਰ ਵਿਆਜ਼ ਦਿਨੋ-ਦਿਨ ਵਧ ਰਿਹਾ ਹੈ,ਜਿਸਨੇ ਪਰਿਵਾਰਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਢੇਰ ਗੁਣਾਂ ਵਾਧਾ ਕਰ ਦਿੱਤਾ ਹੈ। ਅਚਾਨਕ ਸਭ ਬੰਦ ਹੋ ਜਾਣ ਕਾਰਨ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਜਿਥੇ ਸੀ,ਉਥੇ ਹੀ ਫਸ ਗਏ। ਇਸੇ ਤਰ੍ਹਾਂ ਤਰਨਤਾਰਨ ਦੇ ਇੱਕ ਪਰਿਵਾਰ ਦਾ ਨੌਜਵਾਨ ਬੇਟਾ ਲਾਕਡਾਊਨ ਦੌਰਾਨ ਚੰਡੀਗੜ੍ਹ ਵਿੱਚ ਹੀ ਫਸ ਗਿਆ ਸੀ ਤੇ ਅਚਾਨਕ ਇੱਕ ਦਿਨ ਅਟੈਕ ਨਾਲ ਉਥੇ ਹੀ ਉਸਦੀ ਮੌਤ ਹੋ ਗਈ। ਪਰਿਵਾਰ ਲਈ ਇਹ ਬਹੁਤ ਵੱਡੀ ਸੱਟ ਸੀ, ਉਹਨਾਂ ਨੂੰ ਇਹ ਡਰ ਵੀ ਸੀ ਕਿ ਪਤਾ ਨਹੀਂ ਆਖਰੀ ਵਾਰ ਮੂੰਹ ਵੀ ਵੇਖਣ ਨੂੰ ਮਿਲੇਗਾ ਕਿ ਨਹੀਂ। ਪਰ ਸਾਰੇ ਟੈਸਟ ਠੀਕ ਆਉਣ ਅਤੇ ਕਹਿ ਕਹਾਉਣ ਕਾਰਨ ਇੱਕ ਦਿਨ ਬਾਅਦ ਲਾਸ਼ ਪਰਿਵਾਰ ਕੋਲ ਪਹੁੰਚੀ। ਜਦੋਂ ਹੁਣ ਪਰਿਵਾਰ ਕੋਲ ਅਫਸੋਸ ਲਈ ਗੲੇ ਤਾਂ ਪਤਾ ਲੱਗਾ ਕਿ ਜਦੋਂ ਉਹ ਪੈਦਾ ਹੋਇਆ ਸੀ ਉਦੋਂ ਵੀ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਸੀ ( ਅੱਤਵਾਦ ਕਾਰਨ 1987 ਵਿੱਚ ), ਜੇ ਹੁਣ ਮੌਤ ਹੋਈ ਤਾਂ ਵੀ ਕਰਫਿਊ ਲਗਾ ਹੋਇਆ ਸੀ। ਗੱਲਬਾਤ ਕਰਦਿਆਂ ਹੋਰ ਵੀ ਦੁਖਦਾਇਕ ਘਟਨਾਵਾਂ ਦਾ ਜ਼ਿਕਰ ਹੋਇਆ। ਕਰਫਿਊ ਦੌਰਾਨ ਹੀ ਇੱਕ ਪਿੰਡ ਵਿੱਚ ਨੌਜਵਾਨ ਦਾ ਕਤਲ ਹੋ ਗਿਆ, ਜਦੋਂ ਸਸਕਾਰ ਕਰਨਾ ਸੀ ਤਾਂ ਕੋਈ ਦੁਕਾਨ ਖੁੱਲੀ ਨਾ ਹੋਣ ਕਾਰਨ,ਉਸਨੂੰ ‘ਕਫ਼ਨ’ ਵੀ ਨਸੀਬ ਨਹੀਂ ਹੋਇਆ। ਅਜਿਹਾ ਵਰਤਾਰਾ ਪਤਾ ਨਹੀਂ ਕਿਥੇ ਕਿਥੇ ਵਾਪਰਿਆ ਹੋਵੇਗਾ। ਸੜਕਾਂ ਤੇ ਤੁਰ ਰਹੇ ਮਜ਼ਦੂਰਾਂ ਦਾ ਦਰਦ ਵੀ ਸਭ ਦੀ ਜ਼ੁਬਾਨ ‘ਤੇ ਸੀ ਕਿ ਸਰਕਾਰ ਦੀ ਨਲਾਇਕੀ ਦਾ ਹਰਜਾਨਾ ਇਹਨਾਂ ਮਜ਼ਦੂਰਾਂ ਨੂੰ ਤਾਰਨਾ ਪੈ ਰਿਹਾ ਹੈ। ਕੋਰੋਨਾ ਮਹਾਂਮਾਰੀ ਦਾ ਇਹ ਦੌਰ ਕਦੇ ਨਾ ਭੁੱਲਣ ਵਾਲੇ ਗਹਿਰੇ ਜ਼ਖ਼ਮ ਦੇ ਗਿਆ।
    ਇਸ ਮਾਹੌਲ ਵਿੱਚੋਂ ਨਿਕਲਣ ਲਈ ਅੱਗੇ ਅਸੀਂ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਪਹਿਲਾਂ ਜਦੋਂ ਵੀ ਦਰਬਾਰ ਸਾਹਿਬ ਜਾਈਦਾ ਸੀ ਬਹੁਤ ਭੀੜ ਹੋਣ ਕਾਰਨ ਅੰਦਰ ਦਰਬਾਰ ਤੱਕ ਜਾ ਕੇ ਮੱਥਾ ਟੇਕਣ ਦਾ ਮੌਕਾ ਹੀ ਨਹੀਂ ਮਿਲਦਾ ਸੀ। ਹੁਣ ਬੰਦ ਹੋਣ ਕਾਰਨ ਬਹੁਤ ਘੱਟ ਸੰਗਤ ਹੀ ਦਰਬਾਰ ਸਾਹਿਬ ਆਉਂਦੀ ਹੈ, ਇਸ ਕਰਕੇ ਸਾਡੀ ਅੰਦਰ ਤੱਕ ਜਾਣ ਦੀ ਇੱਛਾ ਪੂਰੀ ਹੋ ਸਕਦੀ ਸੀ। ਜਦੋਂ ਉਥੇ ਪਹੁੰਚੇ ਤਾਂ ਸਭ ਬਜ਼ਾਰ ਬੰਦ ਹੋਣ ਕਾਰਨ ਚਾਰੇ ਪਾਸੇ ਸੁੰਨ ਪਸਰੀ ਹੋਈ ਸੀ,ਬਹੁਤ ਘੱਟ ਲੋਕ ਹੀ ਆ ਜਾ ਰਹੇ ਸਨ। ਦੋ ਚਾਰ ਤੁਰ ਫਿਰ ਕੇ ਸਮਾਨ ਵੇਚਣ ਵਾਲੇ ਵੀ ਨਜ਼ਰ ਪੲੇ। ਇਹ ਹਾਲਾਤ ਪਹਿਲੀ ਵਾਰ ਵੇਖੇ ਕਿਉਂਕਿ ਪਹਿਲਾਂ ਜਦੋਂ ਵੀ ਆਉਂਦੇ ਇਥੇ ਪੈਰ ਰੱਖਣ ਦੀ ਥਾਂ ਤੱਕ ਨਾ ਹੁੰਦੀ। ਅੱਗੋਂ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਵਾਲਾ ਮੁੱਖ ਰਸਤਾ ਬੰਦ ਕੀਤਾ ਹੋਇਆ ਸੀ ਤੇ ਪੁਲਿਸ ਸੰਗਤ ਨੂੰ ਅੰਦਰ ਜਾਣ ਤੋਂ ਰੋਕ ਰਹੀ ਸੀ। ਬਹੁਤ ਗਰਮੀ ਵਿੱਚ ਅਸੀਂ ਅੱਧਾ ਘੰਟਾ ਉਥੇ ਖੜੇ ਰਹੇ,ਲੱਗਦਾ ਸੀ ਸਾਡੀ ਮੁਰਾਦ ਪੂਰੀ ਨਹੀਂ ਹੋਣੀ। ਪਰ ਫਿਰ ਕਿਸੇ ਨੇ ਦੱਸਿਆ ਕਿ ਪਿਛਲੇ ਪਾਸੇ ਦੀ ( ਲੰਗਰ ਹਾਲ ਵੱਲੋਂ ) ਅੰਦਰ ਜਾ ਸਕਦੇ ਹਾਂ। ਅਸੀਂ ਉਧਰ ਤੁਰ ਤਾਂ ਪੲੇ ਪਰ ਚਿੰਤਾ ਲੱਗੀ ਹੋਈ ਸੀ ਕਿ ਪਤਾ ਨਹੀਂ ਅੰਦਰ ਜਾ ਸਕਾਂਗੇ ਕਿ ਨਹੀਂ,ਬੱਚੇ ਗਰਮੀ ਨਾਲ ਬੇਹਾਲ ਹੋਈ ਜਾ ਰਹੇ ਸਨ। ਜਦੋਂ ਉਸ ਰਸਤੇ ਕੋਲ ਪਹੁੰਚੇ ਤਾਂ ਉਥੇ ਕੋਈ ਰੋਕ ਨਹੀਂ ਸੀ। ਇਹ ਵੇਖ ਕੇ ਸੁੱਖ ਦਾ ਸਾਹ ਆਇਆ ਅਤੇ ਅਸੀਂ ਆਰਾਮ ਨਾਲ ਅੰਦਰ ਦਾਖਲ ਹੋ ਗੲੇ। ਸੇਨੇਟਾਈਜਰ ਦਾ ਹਰ ਥਾਂ ਪ੍ਰਬੰਧ ਕੀਤਾ ਹੋਇਆ ਸੀ। ਸੰਗਤ ਬਹੁਤ ਥੋੜ੍ਹੀ ਸੀ ਫਿਰ ਵੀ ਮੱਥਾ ਟੇਕਣ ਲਈ ਅਗਲੇ ਤੇ ਪਿਛਲੇ ਦਰਵਾਜੇ ਰਾਹੀਂ ਵੰਡ ਕੇ ਸੰਗਤ ਨੂੰ ਅੰਦਰ ਭੇਜਿਆ ਜਾ ਰਿਹਾ ਸੀ। ਬਹੁਤੀ ਦੇਰ ਖੜਨ ਨਹੀਂ ਦਿੱਤਾ ਜਾਂਦਾ ਫਿਰ ਵੀ ਅਸੀਂ ਬੱਚਿਆਂ ਨੂੰ ਅੰਦਰ ਦਰਬਾਰ ਦੇ ਹਰ ਪਾਸੇ ਝਾਤੀ ਮਰਵਾ ਦਿੱਤੀ। ਤੇਜਸ ਪਹਿਲੀ ਵਾਰ ਅੰਦਰ ਤੱਕ ਮੱਥਾ ਟੇਕਣ ਗਿਆ ਸੀ। ਸਭ ਕੁੱਝ ਵੇਖ ਕੇ ਬੱਚੇ ਬਹੁਤ ਖੁਸ਼ ਸਨ ਕਿਉਂਕਿ ਟੀ ਵੀ ਅਤੇ ਕਿਤਾਬਾਂ ਵਿੱਚ ਵੇਖੀਆਂ ਤਸਵੀਰਾਂ,ਅੱਜ ਹਕੀਕਤ ‘ਚ ਨਜ਼ਰ ਆ ਰਹੀਆਂ ਸਨ। ਅਸਲ ਵਿੱਚ ਤੇਜਸ ਦੀ ਪੰਜਾਬੀ ਦੀ ਕਿਤਾਬ ਵਿਚ ਇੱਕ ਪਾਠ ‘ਦਰਬਾਰ ਸਾਹਿਬ’ ਬਾਰੇ ਹੈ। ਪਾਠ ਪੜਦਿਆਂ ਕੲੀ ਸਵਾਲ ਉਸਦੇ ਮਨ ਵਿੱਚ ਆਉਂਦੇ ਤੇ ਮੈਨੂੰ ਪੁੱਛਦਾ ਰਹਿੰਦਾ। ਸਭ ਤੋਂ ਵੱਡਾ ਸਵਾਲ ਹੁੰਦਾ ਕਿ ਸੱਚੀਂ ਦਰਬਾਰ ਸਾਹਿਬ ਸੋਨੇ ਦਾ ਬਣਿਆ? ਹੁਣ ਉਸਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਕੲੀ ਜਵਾਬ ਮਿਲ ਗੲੇ ਸਨ। ਜਦੋਂ ਅੰਮ੍ਰਿਤਸਰ ਤੋਂ ਵਾਪਸ ਮੋਗੇ ਵੱਲ ਆ ਰਹੇ ਸਾਂ ਤਾਂ ਉਦੋਂ ਸ਼ਾਮ ਦਾ ਸਮਾਂ ਸੀ। 6 ਵਜੇ ਹੀ ਸਭ ਬਜ਼ਾਰ ਬੰਦ ਹੋਣ ਕਾਰਨ ਸੁੰਨ ਪਸਰੀ ਹੋਈ ਸੀ,ਸਿਰਫ਼ ਚੋਂਕ ਵਿੱਚ ਪੁਲਿਸ ਖੜੀ ਪੁਛਗਿੱਛ ਕਰ ਰਹੀ ਸੀ। ਇਹ ਸਭ ਵੇਖ ਕੇ ਅੱਤਵਾਦ ਦਾ ਉਹ ਦੌਰ ਯਾਦ ਆ ਗਿਆ ਜਦੋਂ ਲੋਕ ਸ਼ਾਮ ਪੰਜ ਵਜੇ ਹੀ ਘਰਾਂ ਵਿੱਚ ਬੰਦ ਹੋ ਜਾਂਦੇ ਸਨ ਤੇ ਹਰ ਗਲੀ ਮੁਹੱਲੇ ਵਿੱਚ ਸੁੰਨ ਪਸਰ ਜਾਂਦੀ ਸੀ। ਲੋਕ ਦਹਿਸ਼ਤ ਦੇ ਸਾਏ ਹੇਠ ਸਾਹ ਲੈਣ ਲਈ ਮਜਬੂਰ ਸਨ ਤੇ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਕਾਮਨਾ ਕਰਦੇ ਹਾਂ ਕਿ ਇਹ ਉਦਾਸੀ ਦਾ ਆਲਮ ਜਲਦੀ ਖ਼ਤਮ ਹੋਵੇ ਤੇ ਫਿਰ ਸਭ ਚਿਹਰਿਆਂ ‘ਤੇ ਪਹਿਲਾਂ ਵਰਗੀ ਰੌਣਕ ਖੇਡੇ ਆਮੀਨ!!

    ਨਰਿੰਦਰ ਕੌਰ ਸੋਹਲ
    9464113255

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!