14.8 C
United Kingdom
Monday, June 22, 2026

More

    ਅੰਮ੍ਰਿਤਸਰੀਆਂ ਲਈ ਜਾਰੀ ਕੀਤੇ ਇਹ ਨਿਰਦੇਸ਼

    ਭੀੜ ਘੱਟ ਕਰਨ ਲਈ ਮੁੜ ਵਾਰੀ ਸਿਰ ਖੋਲੇ ਜਾਣਗੇ ਬਾਜ਼ਾਰ-ਡਿਪਟੀ ਕਮਿਸ਼ਨਰ

    ਰਾਤ ਦਾ ਕਰਫਿਊ ਰਹੇਗਾ ਜਾਰੀ, ਕੇਵਲ ਮੁਸਾਫਿਰਾਂ ਤੇ ਕਰਫਿਊ ਪਾਸ ਧਾਰਕਾਂ ਨੂੰ ਹੈ ਛੋਟ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਦੇ ਚੱਲਦੇ ਲਾਕਡਾਊਨ 30 ਜੂਨ ਤੱਕ ਵਧਾਉਣ ਦੇ ਦਿੱਤੇ ਗਏ ਫੈਸਲੇ ਤੋਂ ਬਾਅਦ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਥਾਵਾਂ ਉਤੇ ਨਵੀਆਂ ਰਿਆਇਤਾਂ ਲਾਗੂ ਹੋਣਗੀਆਂ। ਰਾਤ ਦਾ ਕਰਫਿਊ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਕੇਵਲ ਰੇਲ ਤੇ ਹਵਾਈ ਯਾਤਰਾ ਉਤੇ ਜਾਣ ਵਾਲੇ ਮੁਸਾਫਿਰਾਂ ਦੀ ਟਿਕਟਾਂ ਉਨਾਂ ਦਾ ਕਰਫਿਊ ਪਾਸ ਮੰਨੀਆਂ ਜਾਣਗੀਆਂ, ਇਸ ਤੋਂ ਇਲਾਵਾ ਬਾਹਰ ਨਿਕਲਣ ਲਈ ਕਰਫਿਊ ਪਾਸ ਜਰੂਰੀ ਹੋਵੇਗਾ। ਉਨਾਂ ਕਿਹਾ ਕਿ ਬਿਨਾਂ ਮਾਸਕ ਤੋਂ ਘੁੰਮਣ ਅਤੇ ਭੀੜ ਇਕੱਠੀ ਹੋਣ ਦੀ ਸੂਰਤ ਵਿਚ ਪੁਲਿਸ ਵੱਲੋਂ ਚਲਾਨ ਕੱਟਣ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿੱਥੇ ਸਾਡੇ ਸ਼ਹਿਰ ਦੇ ਜ਼ਿੰਮੇਵਾਰ ਲੋਕ ਸਰਕਾਰ ਦੀਆਂ ਹਦਾਇਤਾਂ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਵਾਇਰਸ ਨੂੰ ਫੈਲਣ ਤੋਂ ਰੋਕ ਰਹੇ ਹਨ, ਉਥੇ ਚਿੰਤਾ ਅਤੇ ਅਫਸੋਸ ਵਾਲੀ ਗੱਲ ਹੈ ਕਿ ਕੁੱਝ ਲੋਕ ਬਿਨਾਂ ਵਜਾ ਬਾਹਰ ਘੁੰਮਦੇ ਹਨ, ਬਾਜ਼ਾਰਾਂ ਵਿਚ ਨਿੱਜੀ ਦੂਰੀ ਦਾ ਧਿਆਨ ਨਹੀਂ ਰੱਖਦੇ ਅਤੇ ਮਾਸਕ ਵੀ ਨਹੀਂ ਪਾਉਂਦੇ। ਉਨਾਂ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀਆਂ ਹਦਾਇਤਾਂ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਭੀੜ ਨੂੰ ਰੋਕਣ ਲਈ ਤਿੰਨ ਗਰੁੱਪ ਬਣਾ ਕੇ ਦੁਕਾਨਾਂ ਖੁੱਲਣਗੀਆਂ। ਸਾਰੇ ਬਾਜ਼ਾਰ ਇਕੋ ਵੇਲੇ ਨਹੀਂ ਖੁੱਲ ਸਕਣਗੇ। ਅੰਦਰਲੇ ਅਤੇ ਭੀੜੇ ਬਾਜ਼ਾਰਾਂ ਵਿਚੋਂ ਇਕ-ਇਕ ਗਰੁੱਪ ਹੀ ਖੁੱਲੇਗਾ। ਵੱਡੇ ਬਾਜ਼ਾਰ ਵੀ ਪਹਿਲਾਂ ਦੀ ਤਰਾਂ ਇਕ ਸਮੇਂ ਇਕ ਪਾਸਾ ਹੀ ਖੁੱਲ ਸਕੇਗਾ। ਉਨਾਂ ਦੱਸਿਆ ਕਿ ਡੀ ਸੀ ਪੀ ਪੁਲਿਸ ਇਸ ਨੂੰ ਲਾਗੂ ਕਰਵਾਉਣਗੇ। ਉਨਾਂ ਸਪੱਸ਼ਟ ਕੀਤਾ ਕਿ ਨਵੀਆਂ ਹਦਾਇਤਾਂ ਅਨੁਸਾਰ ਸਿਨੇਮਾ ਘਰ, ਜਿੰਮਨੇਜੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ ਆਦਿ ਬੰਦ ਰਹਿਣਗੇ। ਕਿਸੇ ਵੀ ਤਰਾਂ ਦੇ ਇਕੱਠ ਉਤੇ ਮੁਕੰਮਲ ਪਾਬੰਦੀ ਰਹੇਗੀ। ਉਨਾਂ ਦੱਸਿਆ ਕਿ ਸੜਕ ਅਤੇ ਜਨਤਕ ਸਥਾਨਾਂ ਉਤੇ ਥੁਕਣ ਉਤੇ ਹੋਵੇਗੀ ਸਖਤ ਕਾਰਵਾਈ ਅਤੇ ਵਿਆਹਾਂ ਮੌਕੇ ਵੀ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਹੋਵੇਗੀ ਰੋਕ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ ਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ, ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਛੋਟ ਦੇਣ ਦਾ ਮਤਲਬ ਇਹ ਨਹੀਂ ਕਿ ਵਾਇਰਸ ਖਤਮ ਹੋ ਗਿਆ ਹੈ, ਬਲਕਿ ਸਾਡੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਛੋਟ ਦਿੱਤੀ ਗਈ ਹੈ ਅਤੇ ਇਸ ਦਾ ਨਾਜਾਇਜ਼ ਫਾਇਦਾ ਨਾ ਲਿਆ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!