ਮੋਗਾ (ਮਿੰਟੂ ਖੁਰਮੀ )
ਪੰਜਾਬ ਇਸਤਰੀ ਸਭਾ ਵੱਲੋਂ ਐਨ ਐਫ ਆਈ ਡਬਲਿਊ ਦੇ ਸੱਦੇ ਤੇ ਇੱਕ ਜੂਨ ਨੂੰ ਪੂਰੇ ਪੰਜਾਬ ਵਿੱਚ ‘ਰਾਸ਼ਟਰੀ ਸ਼ੋਕ ਦਿਵਸ’ ਮਨਾਇਆ ਗਿਆ। ਮੋਗਾ ਬਲਾਕ ਇੱਕ ਵਿੱਚ ਹਰਪ੍ਰੀਤ ਤਖਾਣਵੱਧ ਦੇ ਅਗਵਾਈ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ,” ਪ੍ਰਧਾਨ ਮੰਤਰੀ ਵੱਲੋਂ ਅਚਨਚੇਤ ਲਾਕਡਾਊਨ ਲਗਾਉਣ ਕਾਰਨ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰਨਾ ਪਿਆ ਹੈ। ਆਪਣੇ ਘਰਾਂ ਨੂੰ ਪੈਦਲ ਯਾਤਰਾ ਕਰਦੇ ਸਮੇਂ ਭੁੱਖ ਪਿਆਸ ਅਤੇ ਹਾਦਸਿਆਂ ਕਾਰਨ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਤ ਦੇ ਮੂੰਹ ਪੈ ਗੲੇ। ਜੇ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਘਰਾਂ ਵਿੱਚ ਪਹੁੰਚਾਉਣ ਲਈ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਉਸ ਵਿੱਚ ਵੀ ਕੲੀ ਖਾਮੀਆਂ ਸਨ। ਕੲੀ ਟ੍ਰੇਨਾਂ ਠੀਕ ਥਾਂ ਜਾਣ ਦੀ ਬਜਾਏ ਕਿਤੇ ਹੋਰ ਹੀ ਭਟਕਦੀਆਂ ਰਹੀਆਂ,ਜਿਸ ਕਾਰਨ ਮਜ਼ਦੂਰ ਭੁੱਖ ਪਿਆਸ ਤੇ ਗਰਮੀ ਨਾਲ ਮਰਦੇ ਰਹੇ। ਹਰ ਸਟੇਸ਼ਨ ਤੇ ਗੱਡੀਆਂ ਵਿਚੋਂ ਲਾਸ਼ਾਂ ਉਤਰਦੀਆਂ ਰਹੀਆਂ। ਇਹ ਸਧਾਰਨ ਮੌਤਾਂ ਨਹੀਂ ਬਲਕਿ ਹੁਕਮਰਾਨਾਂ ਵੱਲੋਂ ਕੀਤੇ ਕਤਲ ਹਨ। ਇਹਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਉਨ੍ਹਾਂ ਲੲੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਵਾਉਣ ਲਈ ਪੂਰੇ ਦੇਸ਼ ਵਿੱਚ ਸ਼ੋਕ ਦਿਵਸ ਮਨਾਇਆ ਜਾ ਰਿਹਾ ਹੈ। ਅਸੀਂ ਪੰਜਾਬ ਇਸਤਰੀ ਸਭਾ ਵੱਲੋਂ ਮੰਗ ਕਰਦੇ ਹਾਂ ਕਿ ਸਭ ਮਜ਼ਦੂਰਾਂ ਲਈ ਖਾਣ-ਪੀਣ, ਰਹਿਣ ਅਤੇ ਕੰਮ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਕੋਰੋਨਾ ਮਹਾਂਮਾਰੀ ਕਾਰਨ ਜੋ ਪ੍ਰਵਾਸੀ ਮਜ਼ਦੂਰ ਆਪਣੇ ਘਰਾ ਨੂੰ ਜਾਣ ਲਈ ਮਜਬੂਰ ਹਨ,ਉਹਨਾ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾਵੇ ਅਤੇ 6 ਮਹੀਨੇ ਤੱਕ ਪ੍ਰਤੀ ਮਹੀਨਾ 10000 ਰੁਪਏ ਦਿੱਤੇ ਜਾਣ। ਇਸ ਮੌਕੇ ਅਰਪਨਪ੍ਰੀਤ ਕੌਰ, ਇੰਦਰਜੀਤ ਕੌਰ, ਨਛੱਤਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।