ਡਾ. ਅਵਤਾਰ ਸਿੰਘ ਫਰੀਦਕੋਟ
1994 ਵਿੱਚ ਇੱਕ ਹਿੰਦੀ ਫ਼ਿਲਮ ਨੇ ਤਹਿਲਕਾ ਮਚਾ ਦਿੱਤਾ ਸੀ, ਉਹ ਫਿਲਮ ਸੀ ‘ ਹਮ ਆਪ ਕੇ ਹੈਂ ਕੌਣ’। ਇਸ ਫਿਲਮ ਵਿੱਚ ਸਲਮਾਨ ਖ਼ਾਨ ਤੇ ਮਾਧੁਰੀ ਦੀਕਸ਼ਿਤ ਦੀ ਮਸ਼ਹੂਰ ਜੋੜੀ ਤੋਂ ਇਲਾਵਾ ਇੱਕ ਹੋਰ ਚਿਹਰਾ ਵੀ ਸੀ ਜਿਸਦੀ ਤਾਰੀਫ਼ ਹਰ ਕਿਸੇ ਦੀ ਜੁਬਾਨ ਤੋਂ ਆਪ ਮੁਹਾਰੇ ਹੁੰਦੀ ਸੀ। ਹਰ ਵੇਲ਼ੇ ਹਸੂੰ ਹਸੂੰ ਕਰਦਾ ਉਹ ਚਿਹਰਾ ਸੀ ‘ ਰੇਣੂਕਾ ਸ਼ਹਾਨੇ’। 1994 ਤੋਂ ਬਾਅਦ ਹੁਣ 2020 ਦੌਰਾਨ ਹਾਲ ਹੀ ਵਿੱਚ ਇੱਕ ਨਵੇਂ ਹਸੂੰ ਹਸੂੰ ਕਰਦੇ ਚਿਹਰੇ ਨੇ ਵਖਰੇ ਅੰਦਾਜ਼ ਵਿੱਚ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ, ਉਹ ਹੈ ਗੁਰ ਲਗਨ। ਗੁਰ ਲਗਨ ਨੇ ਆਪਣੇ ਪਲੇਠੇ ਗੀਤ ‘ ਮਹਿੰਦੀ ਰੰਗਾ’ ਨਾਲ ਸੱਚੇ ਸੁੱਚੇ ਤੇ ਸ਼ਰਬਤੀ ਸੰਗੀਤ ਨੂੰ ਚਾਹੁਣ ਤੇ ਸੁਣਨ ਵਾਲੇ ਸਰੋਤਿਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ। ਦੇਸ਼ਾਂ ਵਿਦੇਸ਼ਾਂ ਤੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਦੇ ਫ਼ਨਕਾਰਾਂ ਕਲਾਕਾਰਾਂ ਨੇ ਵੀ ਗੁਰ ਲਗਨ ਦੀ ਰੱਜ ਕੇ ਤਾਰੀਫ਼ ਕੀਤੀ। ਫੇਸ ਬੁੱਕ, ਯੂ ਟਿਊਬ ਤੇ ਟਿੱਕ ਟੋਕ ਤੇ ਇਸ ਵੇਲੇ ਗੁਰ ਲਗਨ ਦੇ ਹੀ ਚਰਚੇ ਹਨ। ਕੋਈ ਢੋਲ ਵਜਾ ਕੇ, ਕੋਈ ਤਬਲਾ ਵਜਾ ਕੇ ਤੇ ਕੋਈ ਹਰਮੋਨੀਅਮ ਤੇ ਗੁਨ ਗੁਣਾ ਕੇ ਉਸਦੇ ‘ ਮਹਿੰਦੀ ਰੰਗਾ’ ਗੀਤ ਦਾ ਤਰਜੁਮਾ ਪੇਸ਼ ਕਰ ਰਿਹਾ ਹੈ। ਕਿੱਤੇ ਵਜੋਂ ਅਧਿਆਪਕਾ ਗੁਰ ਲਗਨ ਇੱਕ ਮਿਹਨਤੀ ਤੇ ਬਹੁ ਕਲਾਤਮਿਕ ਸ਼ਖਸ਼ੀਅਤ ਹੈ। ਲਿਖਣਾ, ਗਾਉਣਾ ਤੇ ਡਾਂਸ ਕਰਨਾ ਗੁਰ ਲਗਨ ਨੂੰ ਰੱਬੀ ਸੁਗਾਤ ਵਜੋਂ ਮਿਲੇ ਹਨ। ਗਾਇਕੀ ਦੀ ਗੱਲ ਕਰੀਏ ਤਾਂ ਸਾਦਗੀ ਤੇ ਖੂਬਸੂਰਤੀ ਦੇ ਵਿਲੱਖਣ ਸੁਮੇਲ ਨਾਲ ਮਿਸ਼ਰੀ ਵਰਗੇ ਬੋਲਾਂ ਨਾਲ ਫਿਜਾਵਾਂ ਵਿੱਚ ਸ਼ਰਬਤ ਘੋਲਣ ਵਾਲੀ ਪੰਜਾਬ ਦੀ ਇਸ ਧੀ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਨੂੰ ਤਾਜ਼ਾ ਤਰੀਨ ਅੰਦਾਜ ਵਿੱਚ ਦਰਸ਼ਕਾਂ ਦੇ ਰੂ ਬਰੂ ਕੀਤਾ ਹੈ। ਇਹ ਕਹਿ ਲਿਆ ਜਾਵੇ ਕਿ ਸੁਰਿੰਦਰ ਕੌਰ ਜੀ ਦੀ ਸ਼ਵੀ ਉਸਦੀ ਸੀਰਤ ਵਿਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਗੁਰ ਲਗਨ ਦੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਧੁਰ ਅੰਦਰ ਤੱਕ ਲਹਿ ਜਾਣ ਦਾ ਜਾਦੂ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਮਸ਼ਹੂਰ ਹੋਣ ਦਾ ਨਹੀਂ ਬਲਕਿ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਲਈ ਬਣਦਾ ਫ਼ਰਜ਼ ਅਦਾ ਕਰਨ ਦਾ ਸ਼ੌਂਕ ਤੇ ਜਨੂੰਨ ਹੈ। ਸਰੋਤਿਆਂ ਦੇ ਮਣਾ ਮੂੰਹੀਂ ਪਿਆਰ ਤੇ ਦੁਲਾਰ ਨੇ ਉਸ ਅੰਦਰਲੀਆਂ ਕੋਮਲ ਭਾਵੀ ਉਡਾਰੀਆਂ ਨੂੰ ਹਕੀਕੀ ਜਾਮਾ ਪਹਿਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਕੱਲ੍ਹ ਫੋਕੀ ਵਾਹੋ ਵਾਹੀ ਪਾਉਣ ਲਈ ਨਵੇਂ ਗਾਇਕ ਹਰ ਤਰ੍ਹਾਂ ਦੇ ਪਾਪੜ ਵੇਲਦੇ ਨਜਰ ਆਉਂਦੇ ਹਨ। ਇਥੋਂ ਤੱਕ ਕੇ ਯੂ ਟਿਊਬ ਤੇ ਮੁੱਲ ਦੇ ਵਿਊਜ਼ ਦਿਖਾ ਕੇ ਆਪਣੀ ਝੂਠੀ ਸ਼ੋਹਰਤ ਸਾਬਿਤ ਕਰਨ ਤੋਂ ਵੀ ਰੈਡੀ ਮੇਡ ਗੱਵਈਏ ਪਰਹੇਜ਼ ਨਹੀਂ ਕਰਦੇ। ਪਰ ਅਸਲ ਵਿੱਚ ਜਦੋਂ ਕੋਈ ਸੁਰਾਂਗਲਾ ਸੱਜਣ ਸ਼ਹਿਦ ਨਾਲ਼ੋਂ ਮਿੱਠੇ ਵਿਸਮਾਦੀ ਬੋਲਾਂ ਨਾਲ ਦਿਲ ਟੁੰਬਵੇਂ ਅੰਦਾਜ ਵਿੱਚ ਤੱਰਨੁਮ ਭਰਪੂਰ ਕੋਈ ਸੱਭਿਆਚਾਰਕ ਰਚਨਾ ਸਰੋਤਿਆਂ ਦੀ ਕਚਹਿਰੀ ਵਿੱਚ ਸੁਹਿਰਦਤਾ ਨਾਲ ਪੇਸ਼ ਕਰਦਾ ਹੈ ਤਾਂ ਉਸਨੂੰ ਫੋਕੀ ਸ਼ੋਹਰਤ ਲਈ ਤਰਲੋ ਮੱਛੀ ਨਹੀਂ ਹੋਣਾ ਪੈਂਦਾ ਬਲਕਿ ਚੰਗਾ ਸੁਣਨ ਵਾਲੇ ਸਰੋਤੇ ਆਪ ਜਨੂਨੀਂ ਬਣ ਜਾਂਦੇ ਉਸਨੂੰ ਪਿਆਰ ਤੇ ਸਤਿਕਾਰ ਦੇਣ ਲਈ। ਤਾਂ ਹੀ ਤਾਂ ਗੁਰ ਲਗਨ ਦੇ ਪਲੇਠੇ ਗੀਤ ਨੇ ਹੀ ਸੂਝਵਾਨ ਸਰੋਤਿਆਂ ਦੇ ਦਿਲਾਂ ਵਿੱਚ ਇੱਕ ਖਾਸ ਮੁਕਾਮ ਹਾਸਿਲ ਕਰ ਲਿਆ ਹੈ। ਮਾਸੂਮ, ਪਿਆਰੀ ਤੇ ਹਰ ਵੇਲੇ ਹਸੂੰ ਹਸੂੰ ਕਰਦੀ ਖੁਸ਼ ਤਬੀਅਤ ਦੀ ਮਲਿਕਾ ਗੁਰ ਲਗਨ ਦੇ ਕੋਮਲ ਭਾਵੀ ਖੁਆਬਾਂ ਵਿੱਚ ਹਕੀਕੀ ਰਮਜ਼ਾਂ ਛੁਪੀਆਂ ਹਨ। ਇਹਨਾਂ ਰਮਜਾਂ ਨੂੰ ਖੂਬਸੂਰਤ ਹਰਕਤਾਂ, ਮੁਰਕੀਆਂ ਤੇ ਸੁਰਾਂ ਦੇ ਵਿਸਮਾਦੀ ਤੇ ਵਿਲੱਖਣ ਸੁਮੇਲ ਨਾਲ ਗੁਰ ਲਗਨ ਆਪਣੇ ਆਉਣ ਵਾਲੇ ਗੀਤਾਂ ਰਾਹੀਂ ਬਾ ਕਮਾਲ ਅੰਦਾਜ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਕਿੰਨਾ ਕੁ ਸਹਿਜ ਤੇ ਸਕੂਨ ਭਰਿਆ ਸਰੂਰ ਦੇਵੇਗੀ, ਬੇਸਬਰੀ ਨਾਲ ਉਡੀਕ ਰਹੇਗੀ।
ਡਾਕਟਰ ਅਵਤਾਰ ਸਿੰਘ
8360342500