ਮਾਡਲ ਵਰਗੀ ਦਿੱਖ ਰੱਖਦਾ ਕਬੱਡੀ ਦਾ ਇਹ ਸੁਪਰਸਟਾਰ ਧਾਵੀ ਪਰਨੀਕ ਸਿੰਘ ਮੰਡੇਰ । ਕਬੱਡੀ ਜਗਤ ਚ ਪਿੰਕਾਜਰਗ ਦੇ ਨਾਮ ਨਾਲ ਮਸ਼ਹੂਰ ਆ ਗੱਭਰੂ । ਪਿੰਕਾ ਸਾਫ ਸੁਥਰੀ ਖੇਡ ਦਾ ਮਾਲਕ ਹੈ ਅਤੇ ਛੇਤੀ ਕਿਸੇ ਖਿਡਾਰੀ ਜਾਂ ਰੈਫਰੀ ਨਾਲ ਬਹਿਸਬਾਜੀ ਨਹੀਂ ਕਰਦਾ । ਪਿੰਕੇ ਨੂੰ ਕਬੱਡੀ ਤਾਂ ਵਿਰਸੇ ਚੋ ਪ੍ਰਾਪਤ ਹੋਈ ਆ ਕਿਉਕਿ ਪਿੰਕੇ ਨੇ ਖੇਡ ਕਬੱਡੀ ਦੀਆਂ ਬਾਰੀਕੀਆਂ ਆਪਣੇ ਪਿਤਾ ਬਲਜੀਤ ਗੋਲਾ ਤੋਂ ਸਿਖੀਆ ਕਿਉਕਿ ਉਸਦੇ ਪਿਤਾ ਜੀ ਦੀ ਖੇਡ ਮੈਦਾਨਾਂ ਚ ਵੱਡੀ ਚੜ੍ਹਤ ਰਹੀ ਆ ।ਉਹਨਾਂ ਨੂੰ ਹੀ ਆਪਣਾ ਉਸਤਾਦ ਵੀ ਮੰਨਿਆ ਪਿੰਕੇ ਦਾ ਜਨਮ ਪੰਜਾਬ ਦੇ ਮਸ਼ਹੂਰ ਪਿੰਡ ਜਰਗ ਜ਼ਿਲਾ ਲੁਧਿਆਣਾ ਚ 23 ਅਪਰੈਲ ਦੇ ਦਿਨ ਸਾਲ 1991 ਚ ਪਿਤਾ ਬਲਜੀਤ ਸਿੰਘ ਤੇ ਮਾਤਾ ਬਲਜੀਤ ਕੌਰ ਦੀ ਕੁੱਖੋਂ ਹੋਇਆ । ਪਿੰਕੇ ਦੇ ਮਾਤਾ ਜੀ ਕਿੱਤੇ ਵਜੋਂ ਅਧਿਆਪਕ ਨੇ ਸੋ ਪਹਿਲਾ ਪਿੰਕੇ ਨੇ ਪੜ੍ਹਾਈ ਵੱਲ ਧਿਆਨ ਦਿੱਤਾ,ਗਿਆਰਵੀਂ-ਬਾਰਵੀਂ ਦੀ ਪੜ੍ਹਾਈ ਕਰਦੇ ਸਮੇਂ ਪਿੰਕੇ ਨੇ ਨਾਲ ਨਾਲ ਸਕੂਲ ਦੀ ਟੀਮ ਵੱਲੋਂ ਖੇਡਣਾ ਸ਼ੁਰੂ ਕਰ ਲਿਆ,ਉਸ ਸਮੇਂ ਏਰੀਆ ਦੀ ਸਿੱਖਿਆ ਦੇ ਖੇਤਰ ਦੀ ਸਿਰਮੌਰ ਸੰਸਥਾ ਪਾਇਨੀਅਰ ਸਕੂਲ ਗੱਜਣਮਾਜਰਾ ਦੀ ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਦੀ ਵੀ ਪੂਰੀ ਚੜ੍ਹਤ ਸੀ ਤੇ ਪਿੰਕਾ ਵੀ ਉਸ ਟੀਮ ਚ ਡੀ. ਪੀ.ਰਤਨਪਾਲ ਸਿੰਘ ਦੀ ਅਗਵਾਈ ਚ ਖੇਡਿਆ ਉਸ ਸਾਲ ਟੀਮ ਪੰਜਾਬ ਜੇਤੂ ਰਹੀ ਸੀ,ਉਸ ਦਿਨ ਤੋਂ ਬਾਅਦ ਪਿੰਕੇ ਦਾ ਮਾਂ ਖੇਡ ਕਬੱਡੀ ਵੱਲ ਰੁਝਾਣ ਵਧਣ ਲਗਿਆ । ਪਹਿਲਾ ਪਹਿਲਾ ਪਿੰਕੇ ਨੇ ਪਿੰਡ ਦੇ ਮੁੰਡਿਆ ਨਾਲ ਰੱਲ ਕੇ ਤੇ ਆਪਣੇ ਵੀਰ ਹੈਰੀ ਨਾਲ ਹੀ ਟੀਮ ਬਣਾ ਕੇ ਓਪਨ ਪਿੰਡ ਪੱਧਰ ਦੇ ਮੈਚ ਖੇਡਣੇ ਸ਼ੁਰੂ ਕੀਤੇ । ਇੱਕ ਖੇਡ ਮੇਲਾ ਮੇਰੇ ਯਾਦ ਆ ਮੇਰੇ ਅੱਖੀ ਦੇਖਿਆ ਜੋ ਕੇ ਜ਼ਿਲਾ ਲੁਧਿਆਣਾ ਦੇ ਬੁਟਾਰੀ ਪਿੰਡ ਦੇ ਖੇਡ ਮੈਦਾਨਾਂ ਚ ਖੇਡਿਆ ਗਿਆ ਸੀ । ਚੋਟੀ ਦੀਆਂ ਟੀਮਾਂ ਚ ਵੱਡੇ ਸੁਪਰਸਟਾਰ ਪੁੱਜੇ ਸਨ । ਪਿੰਕੇ ਹੋਣੀ ਅਜੇ ਨਵੇਂ ਨਵੇਂ ਸੀ,ਪਿੰਕਾ ਕਬੱਡੀਆਂ ਪਾਉਂਦਾ ਸੀ ਤੇ ਹੈਰੀ ਜੱਫੇ ਲਾਉਂਦਾ ਸੀ,ਜਦੋ ਕਮੈਂਟਰ ਬੋਲਦੇ ਸੀ ਇਹ ਦੋਵੇਂ ਗੋਲੇ_ਜਰਗ ਦੇ ਪੁੱਤਰ ਨੇ ਤਾਂ ਲੋਕ ਗੱਭਰੂਆ ਨੂੰ ਤਾੜੀਆਂ ਮਾਰ ਹੌਂਸਲਾ ਦਿੰਦੇ,ਓਹੀ ਕੰਮ ਹੋਇਆ ਜਿਸਦਾ ਡਰ ਸੀ ਉਸੇ ਟੀਮ ਨਾਲ ਮੈਚ ਪਿਆ ਜਿਸ ਚ ਪਾਲਾ ਜਲਾਲਪੁਰੀਆ ਖੇਡ ਦਾ ਸੀ ਤੇ ਲੋਕ ਕਹਿੰਦੇ ਆ ਮੈਚ ਤਾਂ ਪਾਲਾ ਅਰਾਮ ਨਾਲ ਜਿੱਤ ਜਾਵੇਗਾ ਕਿਉਕਿ ਪਾਲਾ ਪੂਰਾ ਖਤਰਨਾਕ ਜਾਫ਼ੀ ਸੀ ਉਸ ਸਮੇ ਧਾਵੀ ਦੇ ਦਿਲਾਂ ਚ ਖੌਫ ਹੁੰਦਾ ਸੀ ਜਦੋਂ ਸਾਹਮਣੇ ਖੜ੍ਹਦਾ ਸੀ ਪਰ ਪਿੰਕੇ ਨੇ ਏਨੀਆਂ ਸੋਹਣੀਆਂ ਕਬੱਡੀਆਂ ਪਾਈਆ ਕੇ ਕੋਈ ਵੀ ਜੱਫਾ ਨੀ ਲਗਿਆ ਤੇ ਆਪਣੀ ਟੀਮ ਜਿਤਾਉਣ ਚ ਕਾਮਯਾਬ ਹੋਇਆ । ਉਸੇ ਦਿਨ ਤੋਂ ਤੈਅ ਸੀ ਕਿ ਇਹ ਗੱਭਰੂ ਵੱਡਾ ਸੁਪਰਸਟਾਰ ਬਣੂ ਓਵੇਂ ਹੀ ਹੋਇਆ ਹੌਲੀ ਹੌਲੀ ਪਿੰਕਾ ਤਰੱਕੀ ਕਰਦਾ ਗਿਆ । ਉਸ ਤੋਂ ਬਾਅਦ ਫਿਰ ਰਾੜਾ ਸਾਹਿਬ ਅਕੈਡਮੀ ਲਈ ਚੋਣ ਹੋਈ,ਫਿਰ ਹੁਣ ਪਿੰਕਾ ਸਟਾਰ ਬਣ ਗਿਆ ਸੀ । ਹੁਣ ਤੱਕ ਪਿੰਕਾ 3 ਵਾਰ ਇੰਗਲੈਂਡ, 4 ਵਾਰ ਕੈਨੇਡਾ ਖੇਡ ਚੁਕਿਆ,2 ਵਾਰ ਦੁਬਈ ਚ ,ਲੀਗ ਦੇ ਮੈਚਾਂ ਚ ਵੀ 2 ਵਾਰ ਖੇਡ ਚੁਕਿਆ,ਯੂ ਐੱਸ ਏ ਦਾ ਵੀਜ਼ਾ ਵੀ ਮਿਲਿਆ ਗੱਭਰੂ ਪਰ ਕਿਸੇ ਕਾਰਨੋ ਅਜੇ ਉਥੇ ਨਹੀਂ ਖੇਡਿਆ ਹੀ ਓਥੇ ਵੀ ਕਬੱਡੀਆਂ ਪਾਵੇਗਾ ਆਉਦੇ ਸਮੇਂ ਚ । ਪਿੰਕੇ ਨੇ ਦਸਿਆ ਉਸਦੇ ਖੇਡ ਪ੍ਰਾਪਤੀਆਂ ਚ ਉਸਦੇ ਪਿਤਾ ਤੋਂ ਬਿਨਾਂ ਉਸਦੇ ਮਾਤਾ ਜੀ ਤੇ ਭਰਾ ਹੈਰੀ ਦਾ ਖਾਸ ਯੋਗਦਾਨ ਆ ਇਸ ਲਈ ਉਹ ਓਹਨਾ ਦਾ ਹਮੇਸ਼ਾ ਧੰਨਵਾਦੀ ਰਵੇਗਾ। ਪਿੰਕੇ ਨੇ ਹੁਣ ਤੱਕ 3 ਮੋਟਰਸਾਈਕਲ,3 ਐੱਲ. ਈ. ਡੀ,,
ਹੋਰ ਵੀ ਕਈ ਨਕਦ ਰਾਸ਼ੀਆ ਬੈਸਟ ਬਣ ਕੇ ਜਿੱਤਿਆ,ਇਕ ਫੋਰਡ ਟਰੈਕਟਰ ਸਨਮਾਨ ਵਜੋਂ ਬੇਰ ਕਲਾ ਦੇ ਖੇਡ ਮੇਲੇ ਤੋਂ 1 ਮੋਟਰਸਾਈਕਲ ਆਲਮਗੀਰ ਤੋਂ ਮਿਲਿਆ । ਕੁਝ ਨੇ ਸੋਚਣਾ ਪਿੰਕਾ ਜ਼ਿਆਦਾ ਖੇਡਦਾ ਕਿਉ ਨੀ ਤਾਂ ਪਿੰਕੇ ਨੇ ਦਸਿਆ ਭਾਵੇਂ ਖੇਡਣੀ ਘੱਟ ਆ ਪਰ ਖੇਡਣੀ ਬਿਲਕੁਲ Natural ਆ । ਪਿੰਕੇ ਨੇ ਕਈ ਵਾਰ ਇੰਟਰਵਿਊ ਚ ਵੀ ਕਿਹਾ ਤੇ ਅੱਜ ਵੀ ਲਿਖਾਇਆ ਕੇ ਕਬੱਡੀ ਬਿਲਕੁਲ ਨਸ਼ਾ ਰਹਿਤ ਹੋਣੀ ਚਾਹੀਦੀ ਹੈ । ਪਿੰਕਾ ਕਹਿੰਦਾ ਮੈਂ ਸਿਰਫ ਕਹਿੰਦਾ ਨੀ ਅਮਲ ਵੀ ਕਰਦਾ,ਪਿੰਕੇ ਨੇ ਕਿਹਾ ਜੇ ਨਹੀਂ ਯਕੀਨ ਤਾਂ ਜਦੋ ਵੀ ਮੈਂ ਮੈਚ ਖੇਡਾਂ ਜਦੋ ਚਾਵੋ,ਮੈਚ ਤੋਂ ਪਹਿਲਾਂ,ਚਲਦੇ ਮੈਚ ਚ, ਮੈਚ ਤੋਂ ਬਾਅਦ,ਮੇਰਾ ਡੋਪ ਟੈਸਟ ਲਵੋ ਮੈਂ ਹਮੇਸ਼ਾ ਤਿਆਰ ਆ,ਕਦੇ ਕੋਈ ਹਿਚ ਹਿਚਾਕਹਟ ਨੀ ਹੋਊ । ਪਰ ਸ਼ਰਤ ਇਹ ਆ ਕਬੱਡੀ ਪੂਰੀ ਤਰ੍ਹਾਂ ਸਾਫ ਹੋਣੀ ਚਾਹੀਦੀ ਆ,ਨਹੀਂ ਤਾਂ ਇਕ ਦਿਨ ਐਸਾ ਆਵੇਗਾ ਕਬੱਡੀ ਸੰਭਾਲਿਆ ਸੰਭਾਲੀ ਨੀ ਜਾਣੀ । ਇਸ ਲਈ ਸਭ ਨੂੰ ਬੇਨਤੀ ਆ ਆਪਸੀ ਸਿਆਸਤ ਛੱਡ ਕੇ ਮਾਂ ਖੇਡ ਕਬੱਡੀ ਲਈ ਕੰਮ ਕਰੀਏ ਕੁਝ ਲੋਕ ਬਹੁਤ ਸੋਹਣਾ ਕੰਮ ਕਰ ਰਹੇ ਉਨ੍ਹਾਂ ਦਾ ਧੰਨਵਾਦ ਬਹੁਤ ਬਹੁਤ ।। ਅੱਜਕਲ ਪਿੰਕਾ ਸਰਹਾਲਾ ਰਣੂਆਂ ਦੀ ਟੀਮ ਵੱਲੋਂ ਨੋਰਥ ਫੈਡਰੇਸ਼ਨ ਦੇ ਮੈਚਾਂ ਤੇ ਖੇਡਦਾ ਪੰਜਾਬ ਦੇ ਖੇਡ ਮੈਦਾਨਾਂ ਚ, ਖਿਡਾਰੀ ਹੋਣ ਦੇ ਨਾਲ ਨਾਲ ਪਿੰਕਾ ਇਨਸਾਨ ਵੀ ਬਹੁਤ ਵਧੀਆ,ਜੇ ਪਿੰਕੇ ਨੂੰ ਅੱਜ ਦੀ ਕਬੱਡੀ ਦਾ #Real_Hero ਕਿਹਾ ਜਾਵੇ ਜਾਂ ਖਿਤਾਬ ਦਿਤਾ ਜਾਵੇ ਤਾਂ ਕੋਈ ਗਲਤ ਨੀ । ਪਰਮਾਤਮਾ ਪਿੰਕੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇ ਆਉਦੇ ਸਮੇਂ ਚ ਹੋਰ ਤਰੱਕੀ ਬਖਸ਼ੇ ਤਾਂ ਜੋ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਿਆ ਰਵੇ ।
ਹਨੀ ਚਹਿਲ
(9592964174)