9.6 C
United Kingdom
Saturday, March 7, 2026

More

    ਮੰਦਰ ਮਸਜਿਦ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਮੰਦਰ ਨੂੰ ਤੂੰ ਛੇੜੀਂ ਨਾ,
    ਤੇ ਮਸਜਿਦ ਨੂੰ ਹੱਥ ਲਾਵੀਂ ਨਾ।
    ਮਨ ਜੇ ਤੇਰਾ ਸਾਫ ਨਹੀਂ,
    ਤੇ ਅੰਦਰ ਇਸਦੇ ਆਵੀਂ ਨਾ।

    ਬੰਦਾ ਬੰਦੇ ਨਾਲ ਨਈਂ ਬਇੰਦਾ,
    ਏ ਤਾਂ ਸਾਰੇ ਕਇੰਦੇ ਨੇਂ।
    ਪਰ ਰੋਜ਼ ਰਾਤ ਨੂੰ ਰਾਮ ਤੇ ਅੱਲਾ,
    ਇੱਕੋ ਮੰਜੇ ਤੇ ਬਹਿੰਦੇ ਨੇਂ।
    ਰੱਬ ਦੇ ਨਾ ਤੇ ਵੀ ਤੂੰ ਬੰਦਿਆ,
    ਕੋਈ ਨਵੀਂ ਹੀ ਖੇਡ ਰਚਾਵੀਂ ਨਾ।
    ਮੰਦਰ ਨੂੰ ਤੂੰ ਛੇੜੀਂ ਨਾ

    ਇੱਟ ਮਸਜਿਦ ਦੇ ਅੰਦਰ ਦੀ,
    ਰਾਮ ਰਾਮ ਪਈ ਕਰਦੀ ਏ।
    ਮੰਦਰ ਦੀ ਇੱਟ ਅੱਲਾ ਬੋਲੇ,
    ਤੇ ਕੁਦਰਤ ਪਈ ਪਾਣੀਂ ਭਰਦੀ ਏ।
    ਪਰ ਤੂੰ ਆਪਣੇ ਸ਼ੈਤਾਨ ਨੂੰ ਬੰਦਿਆ,
    ਕਦੇ ਵੀ ਮਾਰ ਮੁਕਾਵੀਂ ਨਾ।
    ਮੰਦਰ ਨੂੰ ਤੂੰ ਛੇੜੀਂ ਨਾ

    ਵਾਹਿਗੁਰੂ, ਈਸ਼ਵਰ, ਅੱਲਾ, ਰਾਮ,
    ਸੱਕੇ ਏ ਤਾਂ ਭਾਈ ਚਾਰੇ ਨੇਂ।
    ਦਸ ਜ਼ਾਤ ਪਾਤ ਦਿਆਂ ਚੱਕਰਾਂ,
    ਦੇ ਵਿੱਚ ਕਾਹਤੋਂ ਮਰਦੇ ਸਾਰੇ ਨੇਂ।
    ਰੱਬ ਤਾਂ ਮੱਤਾਂ ਦੇਂਦਾ ਫਿਰਦੈ,
    ਬੰਦਿਆ ਪਰ ਤੂੰ ਮਨ ਸਮਝਾਵੀਂ ਨਾ।
    ਮੰਦਰ ਨੂੰ ਤੂੰ ਛੇੜੀਂ ਨਾ

    ਕਿਤੇ ਭੋਗ ਪਾਠਾਂ ਦੇ ਕਿਧਰੇ ਆਰਤੀ,
    ਤੇ ਕਿੱਧਰੇ ਈਦ ਮੁਬਾਰਕ ਹੈ।
    ਇਸ਼ਕ ਹਕੀਕੀ ਜੋ ਵੀ ਕਰਦੇ,
    ਉਹਨਾਂ ਲਈ ਦੀਦ ਮੁਬਾਰਕ ਹੈ।
    ਤਰਸੇਂਗਾ ਤੂੰ ਵੀ ਉਸ ਸ਼ੈਅ ਨੂੰ,
    ਐਪਰ ਕੋਈ ਜੀ ਤਰਸਾਈਂ ਨਾ।
    ਮੰਦਰ ਨੂੰ ਤੂੰ ਛੇੜੀਂ ਨਾ

    ਵੱਖਰੀ ਹੋਵੇ ਜ਼ਮਾਤ ਓਨਾਂ ਦੀ,
    ਜੋ ਸੰਗਤ ਕਰਦੇ ਫੱਕਰਾਂ ਦੀ।
    ਵੱਖਰੀ ਹੋਵੇ ਜ਼ਮਾਤ ਓਨਾਂ ਦੀ,
    ਜੋ ਚੌਂਕੀ ਭਰਦੇ ਫੱਕਰਾਂ ਦੀ।
    ਦੁੱਖਭੰਜਨਾਂ ਤੂੰ ਫੱਕਰ ਹੋ ਲੈ,
    ਪਰ ਸ਼ਰਤ ਕਿਸੇ ਨੂੰ ਭਾਵੀਂ ਨਾ।
    ਮੰਦਰ ਨੂੰ ਤੂੰ ਛੇੜੀਂ ਨਾ,
    ਮਸਜਿਦ ਨੂੰ ਹੱਥ ਲਾਵੀਂ ਨਾ।
    ਮਨ ਜੇ ਤੇਰਾ ਸਾਫ ਨਹੀਂ,
    ਤਾਂ ਅੰਦਰ ਇਸਦੇ ਆਵੀਂ ਨਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!