ਮੇਰੀ ਸੋਚ ਵਿੱਚ ਟਿਕਿਆ ਮੰਜ਼ਰ
ਕਲਮ ਮੇਰੀ ਉਤਾਰੇ ਕਾਗਜ਼ਾਂ ‘ਤੇ
ਲਾਈ ਛਹਿਬਰ ਵਿਚਾਰਾਂ ਤੇ ਸੋਚਾਂ
ਕਿਵੇਂ ਕਿਸ ਨੂੰ ਲਿਖਾਂ ਕਾਗਜ਼ਾਂ ‘ਤੇ
ਅਰਜ਼ ਕਰਾਂ ਕਲਮ ਨੂੰ ਦੇ ਦੁਹਾਈ
ਵਕਤ ਔਖਾ ਚੱਲ ਰਿਹਾ ਲੋਕਾਂ ‘ਤੇ
ਹਰਜ ਕੀ ਹੈ ਜੇ ਤੂੰ ਤੁਰੀਂ ਰਹੇ ਰਵਾਂ
ਦਰਦ ਪੀ ਤੇ ਤਰਸ ਕਰ ਲੋਕਾਂ ‘ਤੇ
ਜਿੰਦ ਹਰ ਮਲੂਕ ਹੁੰਦੀ ਹੈ ਸਭ ਦੀ
ਤਨਜ਼ ਕੱਸ ਕੋਈ ਉਹਨਾਂ ਜੋਕਾਂ ‘ਤੇ
ਸਮਾਂ ਬਰਬਾਦ ਨਾਂਹ ਕਰ ਆਪਣਾ
ਆਸ ਰੱਖ ਲਹੂ ਪੀਣੀਆਂ ਜੋਕਾਂ ‘ਤੇ
ਭੰਵਰ ਵਿੱਚ ਫਸੇ ਹਨ ਲੋਕ ਜਿਹੜੇ
ਕਿੰਝ ਭਰੋਸਾ ਕਰਨ ਉਹ ਰੋਕਾਂ ‘ਤੇ
ਜਗਣ ਦੀਵੇ ਉਮੀਦ ਦੇ ਜਦ ਮਨੀਂ
ਉਦੋਂ ਰੁਕਦਾ ਕੌਣ ਹੈ ਫਿਰ ਰੋਕਾਂ ‘ਤੇ
ਭਰਮ ਕੱਢ ਆਪਣੇ ਮਨ ਵਿੱਚੋਂ ਸਭ
ਜਾਂਚ ਸੱਚ ਨੂੰ ਤੇ ਭਾਰ ਪਾ ਮਨਾਂ ‘ਤੇ
ਜਨਮ ਇੱਕੋ ਨਕਦ ਮਿਲ਼ਿਆ ਸਾਨੂੰ
ਰਾਜ ਇਸੇ ਵਿੱਚ ਕਰਨਾ ਮਨਾਂ ‘ਤੇ!
-ਮਨਦੀਪ ਕੌਰ ਭੰਮਰਾ