23.7 C
United Kingdom
Sunday, June 21, 2026

More

    ਬਿੱਟੂ ਦੀ ਕਲਮ ੨੬/੦੫/੨੦੨੦

    ਹਰ ਅੱਖ ਪਾਰਖੂ ਨਹੀਂ ਹੁੰਦੀ ਤੇ ਹਰ ਨਜਰ ਪਰਖ ਤੇ ਖਰੀ ਨਹੀਂ ਉੱਤਰਦੀ, ਕਸਵੱਟੀ ਤੇ ਪਿਆ ਪਿੱਤਲ ਅਤੇ ਸੋਨਾ ਫਰਕ ਸਿਰਫ ਤਜਰਬਾ ਹੀ ਦੱਸ ਸਕਦਾ,ਹਰ ਬਿਰਤਾਂਤ ਸੱਚ ਨਹੀਂ ਹੁੰਦਾ ਤੇ ਹਰ ਸੱਚ ਨੂੰ ਬਿਆਨ ਨਹੀ ਕੀਤਾ ਜਾ ਸਕਦਾ, ਬਾਹਰੀ ਦਿੱਖ ਬਣਾਵਟੀ ਵੀ ਹੋ ਸਕਦੀ ਆ, ਸਜਾਵਟੀ ਵੀ, ਅਸਲੀ ਅਤੇ ਪਲਾਸਟਿਕ ਦੇ ਫੁੱਲਾਂ ਵਿੱਚ ਫਰਕ ਸੁੰਘਕੇ ਜਾਂ ਛੂਹਕੇ ਹੀ ਲੱਭਿਆ ਜਾ ਸਕਦਾ। ਤਰੇਲ ਦਾ ਤੁਪਕਾ ਅਤੇ ਹੰਝੂ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ, ਅੱਥਰੂ ਖੁਸ਼ੀ ਦੇ ਵੀ ਹੋ ਸਕਦੇ ਆ ਗਮੀ ਦੇ ਵੀ, ਹੱਸਦਾ ਮੁਸਕਰਾਉਂਦਾ ਚਿਹਰਾ ਮਖੌਟਾ ਵੀ ਹੋ ਸਕਦਾ, ਤੇ ਮਖੌਟਾ ਹਾਸਾ ਠੱਠਾ ਵੀ ਤੇ ਖਤਰਨਾਕ ਵੀ, ਗੁੱਸੇਖ਼ੋਰਾ ਤੇ ਅੜਬੈੜਾ ਬੰਦਾ ਦਿਲ ਦਾ ਚੰਗਾ ਤੇ ਬਹੁਤਾ ਜੀ ਜੀ ਕਰਨ ਵਾਲਾ ਮੀਸਣਾ ਵੀ ਹੋ ਸਕਦਾ। ਸੁਣੀਆ ਸੁਣਾਈਆ ਗੱਲਾ, ਆਪੇ ਸਿਰਜੇ ਵਰਗੀਕਰਨ , ਪੱਖਪਾਤੀ ਸੋਚਾ, ਕੌਮੀਅਤਾ ਦੇ ਭਰਮ ਕਈ ਵਾਰ ਸਿਰਫ ਆਪੇ ਟੰਗੇ ਬੇਵਜਹ ਪਰਦੇ ਹੁੰਦੇ ਨੇ, ਖੁੱਲੀ ਸੋਚ, ਵਿਚਾਰਧਾਰਕ ਪਰਪੱਕਤਾ, ਵਿਰੋਧ ਪ੍ਰਤੀ ਸਹਿਨਸ਼ੀਲਤਾ, ਮਨੁੱਖਤਾ ਦੇ ਗਹਿਣੇ ਨੇ, ਸਾਗਰ ਵਿੱਚ ਬੇੜੀਆ ਠੇਲਕੇ ਜੋਖਮ ਉਠਾਉਣ ਵਾਲੇ ਹੀ ਨਵੀਆਂ ਧਰਤੀਆਂ ਲੱਭਦੇ ਨੇ, ਪਹਾੜ ਤੋਂ ਝਰਨੇ ਵਾਗੂੰ ਠਾਠਾ ਮਾਰਦਾ ਜੋਸ਼, ਮੈਦਾਨੀ ਇਲਾਕੇ ਵਿੱਚ ਲੈਅਬੱਧ ਵਗਦੀ ਨਦੀ ਵਰਗਾ ਹੋਸ਼, ਕੀੜੀ ਵਾਗੂੰ ਆਪਣੇ ਭਾਰ ਤੋਂ ਕਿਤੇ ਵੱਧ ਚੁੱਕਣ ਦੀ ਸਮਰੱਥਾ, ਤੇਰਾ ਤੇਰਾ ਤੋਲਣ ਵਾਲੀ ਉਦਾਰਤਾ, ਸਵਾਤੀ ਬੂੰਦ ਦੀ ਉਡੀਕ ਵਿੱਚ ਬੈਠੇ ਪਪੀਹੇ ਜਿਹਾ ਸਬਰ, ਪਾਟੀ ਕੰਬਲੀ ਵਿੱਚ ਖੜੇ ਸ਼ਾਹ ਇਨਾਇਤ ਵਰਗਾ ਸੰਤੋਖ ਕੌਮਾ ਦੀ ਸਿਰਜਨਾ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ, ਚਰਖੜੀਆਂ ਤੇ ਚੜਕੇ ਹੀ ਕੌਮਾ ਅਗਾਹ ਨੂੰ ਗਿੜਦੀਆ ਨੇ, ਸਿਰ ਦੇਕੇ ਹੀ ਸਿਰ ਉੱਚੇ ਹੁੰਦੇ ਨੇ, ਪਰਿਵਾਰ ਵਾਰਕੇ ਕੌਮੀ ਪਰਿਵਾਰ ਵੱਧਦਾ ਫੁੱਲਦਾ। ਕੌਮੀ ਮਹਿਲ ਉਸਾਰਨ ਲਈ ਰਾਜ ਕੁਮਾਰਾ ਨੂੰ ਨੀਹਾ ਵਿੱਚ ਖੜਨਾ ਪੈਂਦਾ। ਸਰਹੱਦਾ ਸਦੀਵੀ ਨਹੀਂ ਹੁੰਦੀਆ। ਵੱਡੇ ਵੱਡੇ ਕਿਲੇ ਢਹਿੰਦੇ ਰਹਿੰਦੇ ਨੇ, ਨਵੇਂ ਨਵੇਂ ਰਾਜ ਮਹਿਲ ਉੱਸਰਦੇ ਰਹਿੰਦੇ ਨੇ। ਅਜੇ ਪਰਚਮ ਲਹਿਰਾਉਣਾ ਬੜੀ ਦੂਰ ਹੈ, ਪਹਿਲਾ ਸਾਰੇ ਰੰਗ ਮਿਲਾਕੇ ਸਤਰੰਘੀ ਪੀਂਘ ਬਣਾ ਲਵੋ, ਇੱਕੋ ਕੌਮ ਵਿੱਚ ਵੀਹ ਵੀਹ ਜਥੇਬੰਦੀਆਂ ਸਿਰਫ ਧਾੜਵੀ ਸੱਭਿਆਚਾਰ ਸਿਰਜਕੇ ਕੁਝ ਵਕਤੀ ਸਫਲਤਾਵਾ ਤਾਂ ਹਾਸਲ ਕਰ ਸਕਦੀਆ ਪਰ ਰਾਜਸੱਤਾ ਨਹੀੰ, ਪਹਿਲਾ ਫੁੱਲ ਕੱਠੇ ਕਰਕੇ ਗੁਲਦਸਤਾ ਬਣਾ ਲਵੋ, ਵਣ ਵਣ ਦੀ ਲੱਕੜੀ ਵੀ ਜੇ ਇੱਕੋ ਮੁੱਠੇ ਵਿੱਚ ਬੰਨ ਲਈ ਜਾਵੇ ਤਾਂ ਉਸਦਾ ਟੁੱਟਣਾ ਮੁਸ਼ਕਲ ਹੋ ਜਾਂਦਾ, ਸਾਡਾ ਤਾਂ ਹੈ ਹੀ ਸਭ ਕੁਝ ਸਾਂਝਾ। ਮਤਭੇਦ ਬਹਿਕੇ ਨਜਿੱਠੋ, ਆਪਾਧਾਪੀ ਵਿੱਚ ਭੱਜਣ ਨਾਲੋ ਵਿਚਾਰਕੇ ਇੱਕ ਸਾਝਾ ਰਸਤਾ ਚੁਣੋ ਤੇ ਮਿਲਕੇ ਚੱਲੋ, ਮੰਜਲ ਬਹੁਤੀ ਦੂਰ ਨਹੀ।

    ਬਿੱਟੂ ਖੰਗੂੜਾ +447877792555

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!