ਰੋਮੀ ਬੈਂਸ ਖਰਲਾਂ
ਕਮਾਲ ਕੀਤੇ ਲੱਖਾਂ ਸੀ,
ਮੈਦਾਨ ਵਿੱਚ ਗੋਲ।
ਉਹ ਕੋਹਿਨੂਰ ਦੇ ਹੀਰੇ ਤੋਂ,
ਸੀ ਵੱਧ ਅਨਮੋਲ।
ਸੱਚੀਂ ਹਾਕੀ ਦੀ ਖੇਡ ਦੇ,
ਸੀ ਭੀਸ਼ਮ ਪਿਤਾਮਾ।
ਸੀ ਪਿਆਰ ਸਤਿਕਾਰ,
ਜੱਗ ਕਰਦਾ ਸਲਾਮਾਂ।
ਨਿੱਘਾ ਸੀ ਸੁਭਾਅ ਤੇ,
ਉਹ ਦਿਲੋਂ ਸੂਰਬੀਰ ਸੀ।
ਉਹ ਯੋਧਾ ਬਲਵੀਰ ਤੇ,
ਨਾਂ ਵੀ ਬਲਵੀਰ ਸੀ।
ਖੇਡ ਵਿੱਚ ਸੱਚੀ ਕੋਈ,
ਜਾਦੂ ਸੀ ਕਮਾਲ ਦਾ।
ਰਿਸ਼ਤਾ ਰੁਹਾਨੀ ਸੀ,
ਹਾਕੀ ਨਾਲ ਬਾਲ ਦਾ।
ਤਿੰਨ ਜਿੱਤਕੇ ਉਲੰਪਿਕ,
ਤਿਰੰਗਾ ਝੁਲਾਇਆ ਸੀ।
ਕੋਚ ਬਣਕੇ ੧੯੭੫ ਦਾ,
ਵਰਲਡ ਕੱਪ ਵੀ ਜਿਤਾਇਆ ਸੀ।
ਲਹੂ ਵਿੱਚ ਜੋਸ਼ ਤੇ,
ਵੱਸੀ ਸਾਹਾਂ ਵਿੱਚ ਹਾਕੀ ਸੀ।
ਹੌਸਲੇ ਠਰੰਮੇ ਵਾਲੇ,
ਰੂਹ ਦੇ ਵੀ ਪਾਕੀ ਸੀ।
ਖੁਦਾ ਨੇ ਘੱਲੇ ਜੱਗ ਤੇ,
ਫੇ ਸੱਦ ਲਏ ਕੋਲ ਆਪਣੇ।
ਬਿਨਾ ਉਹਨਾਂ ਦੇ ਮੈਦਾਨ ਖੇਡ,
ਸੁੰਨੇ ਸੁੰਨੇ ਜਾਪਣੇ।
ਕਹਿ ਗਏ ਅਲਵਿਦਾ ਸਾਨੂੰ,
ਰੋਂਦਿਆਂ ਨੂੰ ਛੱਡਕੇ।
ਖੇਡ ਪ੍ਰੇਮੀਆਂ ਦੀ ਲੈ ਗਏ,
ਸੱਚੀਂ ਜਾਨ ਜਿਹੀ ਕੱਢਕੇ।
ਸਾਡੇ ਦਿਲਾਂ ਚ ਵਸੇ ਸਦਾ,
ਰਹਿਣੇ ਬਲਵੀਰ ਜੀ।
ਖਿਡਾਰੀਆਂ ਨੇ ਪੂਜਣੀ,
ਰੱਬ ਵਾਂਗ ਤਸਵੀਰ ਜੀ।
ਉਹ ਰਤਨ ਸੀ ਭਾਰਤ ਦਾ,
ਨਾਂ ਜੱਗ ਵਿੱਚ ਚਮਕਾਇਆ ਏ।
ਪਰ ਝੋਲੀ ਉਹਦੀ ਭਾਰਤ ਰਤਨ,
ਭਾਰਤ ਨੇ ਨਾਂ ਪਾਇਆ ਏ।
ਦੁੱਖ ਮੈਨੂੰ ਏਸ ਗੱਲ ਦਾ ਰਹਿਣਾ ਏਂ,
ਕੀ ਚੰਨ ਦਾ ਮੁੱਲ,ਈਦ ਪਿੱਛੋਂ ਪੈਣਾ ਏ।
ਅਲਵਿਦਾ ਸਰਦਾਰ ਬਲਵੀਰ ਸਿੰਘ ਜੀ ਅਲਵਿਦਾ।