ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਵਾਇਰਸ ਸੰਕਟ ਦੌਰਾਨ ਪਰਿਵਾਰਾਂ ਦੀ ਮੱਦਦ ਕਰਨ ਵਾਲੇ ਇੱਕ ਕਮਿਊਨਿਟੀ ਸੈਂਟਰ ਵਿੱਚ ਪਿਆ ਸਮਾਨ ਚੋਰਾਂ ਦੁਆਰਾ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਚੋਰਾਂ ਵੱਲੋਂ ਖਾਣਾ ਅਤੇ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਚੋਰੀ ਕੀਤੇ ਹਨ। ਜਿਕਰਯੋਗ ਹੈ ਕਿ ਐਡਿਨਬਰਾ ਵਿਚ ਮੈਗਡੇਲੀਨ ਕਮਿਊਨਿਟੀ ਸੈਂਟਰ ਵਿੱਚ 22 ਮਈ ਦੀ ਰਾਤ ਨੂੰ ਲਗਭਗ £1,550 ਦਾ ਸਮਾਨ ਚੋਰੀ ਹੋ ਗਿਆ ਸੀ। ਹੋਰ ਚੀਜ਼ਾਂ ਵਿਚ ਬੱਚਿਆਂ ਦੀਆਂ ਸਾਈਕਲਾਂ, ਖਿਡੌਣੇ, ਕਿਤਾਬਾਂ, ਚਾਵਲ ਆਦਿ ਦੇ ਨਾਲ ਪੀਪੀਈ ਸਮਾਨ ਜਿਵੇਂ ਦਸਤਾਨੇ, ਮਾਸਕ, ਕੀਟਾਣੂਨਾਸ਼ਕ ਸਪਰੇਅ, ਅਤੇ ਹੈਂਡ ਸੈਨੇਟਾਈਜ਼ਰ ਵੀ ਚੋਰੀ ਕੀਤੇ ਗਏ ਸਨ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਕਮਿਊਨਿਟੀ ਸੈਂਟਰ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਇਸ ਚੋਰੀ ਕਰਕੇ ‘ਇਸ ਹਫ਼ਤੇ ਦੇ ਭੋਜਨ ਸਪਲਾਈ ਕਰਨ ਵਿੱਚ ਕੁਝ ਮੁਸ਼ਕਲ ਆ ਸਕਦੀ ਹੈ’। ਕਮਿਊਨਿਟੀ ਨੇ ਚੋਰੀ ਹੋਈਆਂ ਚੀਜ਼ਾਂ ਦੀ ਪੂਰਤੀ ਲਈ ਪੈਸਾ ਚੈਰਿਟੀ ਦੁਆਰਾ ਇਕੱਠਾ ਕੀਤਾ ਹੈ। ਇਕੱਲੇ ਫੇਸਬੁੱਕ ਉਪਭੋਗਤਾਵਾਂ ਦੁਆਰਾ ਲਗਭਗ £2,000 ਦੀ ਉਗਰਾਹੀ ਕੀਤੀ ਗਈ ਹੈ, ਜਦੋਂ ਕਿ 3,200 ਤੋਂ ਵੱਧ ਹੋਰ ਰਕਮ ਵੀ ਇਕੱਠੀ ਕੀਤੀ ਗਈ ਹੈ।