ਮੈਂ ਹਾਂ ਧੀ ਪੰਜਾਬ ਦੀ,
ਮੈਂ ਕਦੇ ਡਰ ਨਈਂ ਸਕਦੀ।
ਹਾਂ ਸਿਰੜੀ ਤੇ ਮੈਂ ਹਿੰਮਤੀ,
ਮੈਂ ਕਦੇ ਹਰ ਨਈਂ ਸਕਦੀ।
ਜੋ ਵੰਸ਼ ਚਲਾਵੇ ਮਾਂ,
ਬਣਕੇ ਮਰਿਯਾਦਾ ਵਿੱਚ।
ਜੋ ਜੀਵਨ ਦੇਵਣ ਵਾਲੀ,
ਕਦੇ ਵੀ ਮਰ ਨਈਂ ਸਕਦੀ।
ਆਜ਼ਾਦ ਹਾਂ ਤੇ ਆਜ਼ਾਦੀ,
ਦੀ ਸੀਮਾਂ ਵੀ ਜਾਣਾਂ ਮੈਂ।
ਮੈਂ ਸੌੜੀ ਸੋਚ ਦੇ ਨਾਲ ਕਦੇ,
ਵੀ ਵਿਚਰ ਨਈਂ ਸਕਦੀ।
ਮੈਂ ਜਜ਼ਬਾਤਾਂ ਦੇ ਵਹਿਣਾਂ,
ਵਿੱਚ ਵਹਿੰਦੀ ਨਾ।
ਜਜ਼ਬਾਤਾਂ ਵਿੱਚ ਵਹਿ ਕੇ,
ਮੰਜ਼ਿਲ ਕਰ ਸਰ ਨਈਂ ਸਕਦੀ।
ਕੋਈ ਪਿੰਜਰੇ ਦੇ ਵਿੱਚ ਪਾ,
ਲਏ ਏਨੀ ਵੀ ਕਮਜੋਰ ਨਹੀਂ।
ਮੈਂ ਕਿਸੇ ਦੇ ਕਹਿਣ ਤੇ ਕਦੇ,
ਉਡਾਰੀ ਭਰ ਨਈਂ ਸਕਦੀ।
ਮੈਂ ਆਪਣੀਂ ਜੰਗ ਨੂੰ ਖੁਦ,
ਹੀ ਲੜਕੇ ਜਿੱਤਾਂਗੀ।
ਕੱਚੇ ਘੜੇ ਦੇ ਵਾਂਗ ਝਨਾਂ,
ਵਿੱਚ ਖਰ ਨਈਂ ਸਕਦੀ।
ਲੋਕੋ ਮੈਨੂੰ ਮਾਂ ਮੇਰੀ ਦੀ,
ਗੁੜਤੀ ਚੁੰਨੀ ਸਿਰ ਤੇ ਹੈ।
ਬੋਲੀ ਕਿਸੇ ਦਾ ਕਿਹਾ ਵੀ,
ਰਜਨੀ ਜਰ ਨਈਂ ਸਕਦੀ।
ਰਜਨੀ ਵਾਲੀਆ
ਕਪੂਰਥਲਾ