
ਅੰਮ੍ਰਿਤਸਰ ( ਰਾਜਿੰਦਰ ਰਿਖੀ, ਪੰਜ ਦਰਿਆ ਬਿਊਰੋ)
ਕਰੋਨਾ ਸੰਕਟ ਕਾਰਨ ਈਦ ਦਾ ਤਿਉਹਾਰ ਪਹਿਲੀ ਵਾਰ ਬਿਨਾਂ ਗਲੇ ਮਿਲੇ ਮਨਾਇਆ ਗਿਆ। ਲੋਕਾਂ ਨੇ ਇਕ-ਦੂਜੇ ਨੂੰ ਸਿਰਫ਼ ਈਦ ਮੁਬਾਰਕ ਹੀ ਆਖੀ ਅਤੇ ਘਰਾਂ ’ਚ ਨਮਾਜ਼ ਅਦਾ ਕਰਨ ਨੂੰ ਤਰਜੀਹ ਦਿੱਤੀ। ਈਦ-ਉਲ-ਫਿਤਰ ਦੇ ਮੌਕੇ ’ਤੇ ਮੁਸਲਿਮ ਭਾਈਚਾਰੇ ਵੱਲੋਂ ਅੱਜ ਵੱਖ ਵੱਖ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਗਈ ਪਰ ਨਮਾਜ਼ ਵੇਲੇ ਚੋਣਵੇਂ ਲੋਕ ਹੀ ਹਾਜ਼ਰ ਸਨ। ਅੱਜ ਇਥੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਅਤੇ ਹੋਰ ਮਸਜਿਦਾਂ ਵਿਚ ਈਦ ਦੇ ਤਿਉਹਾਰ ਮੌਕੇ ਕਰੋਨਾ ਦਾ ਪਰਛਾਵਾਂ ਭਾਰੂ ਰਿਹਾ। ਕਰੋਨਾ ਸੰਕਟ ਕਾਰਨ ਇਸ ਵਾਰ ਮਸਜਿਦਾਂ ਵਿਚ ਘੱਟ ਗਿਣਤੀ ਵਿਚ ਹੀ ਲੋਕ ਪੁੱਜੇ ਸਨ। ਰਵਾਇਤ ਅਨੁਸਾਰ ਮਸਜਿਦ ਵਿਚ ਨਮਾਜ਼ ਅਦਾ ਕੀਤੀ ਗਈ ਅਤੇ ਖੁਦਾ ਕੋਲੋਂ ਸਰਬੱਤ ਦੇ ਭਲੇ ਦੀ ਦੁਆ ਮੰਗੀ ਗਈ। ਮੁਸਲਿਮ ਆਗੂ ਅਬਦੁਲ ਨੂਰ ਨੇ ਦੱਸਿਆ ਕਿ ਅੱਜ ਈਦ ਦਾ ਤਿਉਹਾਰ ਬੜੀ ਸਾਦਗੀ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ, ‘‘ਕਰੋਨਾ ਮਹਾਮਾਰੀ ਕਾਰਨ ਮਸਜਿਦਾਂ ਵਿਚ ਗਿਣਤੀ ਦੇ ਲੋਕ ਹੀ ਪੁੱਜੇ ਸਨ। ਵਧੇਰੇ ਲੋਕਾਂ ਨੇ ਘਰਾਂ ਵਿਚ ਹੀ ਨਮਾਜ਼ ਅਦਾ ਕੀਤੀ। ਮਸਜਿਦ ਵਿਚ ਨਮਾਜ਼ ਅਦਾ ਕਰਨ ਸਮੇਂ ਨਿਸ਼ਚਿਤ ਦੂਰੀ ਬਣਾ ਕੇ ਰੱਖੀ ਗਈ।’’ ਇਸੇ ਤਰ੍ਹਾਂ ਈਦੀ ਵੰਡਣ ਦੀ ਰਵਾਇਤ ਵੀ ਅਧੂਰੀ ਰਹੀ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਕਾਰਨ ਕਾਰੋਬਾਰ ਬੰਦ ਹਨ ਜਿਸ ਕਾਰਨ ਗਰੀਬ ਪਰਿਵਾਰਾਂ ਦਾ ਮਾੜਾ ਹਾਲ ਹੈ। ‘ਫਾਲਤੂ ਖਰੀਦਦਾਰੀ ਦੀ ਥਾਂ ਅਜਿਹੇ ਪਰਿਵਾਰਾਂ ਦੀ ਮਦਦ ਕੀਤੀ ਗਈ।’ ਇਸ ਮੌਕੇ ਮਸਜਿਦ ਸਿਕੰਦਰ ਖਾਨ ’ਚ ਵੱਖ ਵੱਖ ਧਰਮਾਂ ਦੇ ਆਗੂ ਪੁੱਜੇ ਹੋਏ ਸਨ, ਜਿਨ੍ਹਾਂ ਈਦ ਦੀ ਮੁਬਾਰਕਬਾਦ ਦਿੱਤੀ। ਇਨ੍ਹਾਂ ’ਚ ਫੂਲੇ ਅੰਬੇਦਕਰ, ਐਕਸ਼ਨ ਕਮੇਟੀ ਦੇ ਰਵਿੰਦਰ ਹੰਸ, ਮੇਜਰ ਸਿੰਘ, ਡਾ. ਦਲਬੀਰ ਸਿੰਘ, ਸ਼ਾਮ ਲਾਲ ਗਾਂਧੀ, ਖੁਰਸ਼ੀਦ ਅਹਿਮਦ ਨਸੀਮ, ਮੁਹੰਮਦ ਸਲੀਮ, ਸ਼ੋਇਬ ਸ਼ਾਹਿਦ ਆਦਿ ਹਾਜ਼ਰ ਸਨ।