ਨਿਊਜ਼ੀਲੈਂਡ ਵਾਲੇ ਲੰਬੇ ਰੂਟ ‘ਤੇ ਏਅਰ ਇੰਡੀਆ ਦਾ ਇਕ ਹੀ ਗੇੜਾ ਨਜ਼ਰ ਆ ਰਿਹੈ-4 ਨੂੰ ਆਣਾ 7 ਨੂੰ ਜਾਣਾ
-ਬਾਕੀ ਫਲਾਈਟਾਂ ਦਾ ਕੀ ਬਣਿਆ? ਕੋਈ ਪਤਾ ਨਹੀਂ।
-ਸਰਵੇਅ ਗਿਣਤੀ 2000 ਤੱਕ, 6-7 ਫੁੱਲ ਜਹਾਜ਼ਾਂ ਲਈ ਸਵਾਰੀਆਂ ਤਿਆਰ
ਔਕਲੈਂਡ 24 ਮਈ (ਹਰਜਿੰਦਰ ਸਿੰਘ ਬਸਿਆਲਾ)

ਏਅਰ ਇੰਡੀਆ ਦੇ ਨਿਊਜ਼ੀਲੈਂਡ ਨੂੰ 6 ਜਹਾਜ਼ਾਂ ਦੇ ਆਉਣ ਦੀ ਚਰਚਾ ਕਈ ਦਿਨ ਚਲਦੀ ਰਹੀ ਹੈ। ਪਰ ਅਜੇ ਤੱਕ ਇਕ ਹੀ ਜਹਾਜ਼ ਵੇਰਵਾ ਏਅਰ ਇੰਡੀਆ ਦੀ ਲਿਸਟ ਦੇ ਵਿਚ ਨਜ਼ਰ ਆ ਰਿਹਾ ਹੈ। ਅੱਜ ਏਅਰ ਇੰਡੀਆ ਨੇ ਫੇਜ-2 ਦੀ ਲਿਸਟ ਨੂੰ ਦੁਬਾਰਾ ਅੱਪਡੇਟ ਕੀਤਾ ਜੋ ਕਿ 17 ਜੂਨ ਤੱਕ ਦੀਆਂ ਅੰਤਰਰਾਸ਼ਟਰੀ ਫਲਾਈਟਾਂ ਵਿਖਾ ਰਹੀ ਹੈ ਜਿਸ ਦੇ ਵਿਚ ਇੰਡੀਆ ਤੋਂ ਬਾਹਰ ਜਾਣ ਅਤੇ ਵਾਪਿਸ ਆਉਣ ਦਾ ਵੇਰਵਾ ਹੈ। ਇਸਦੇ ਵਿਚ ਦਿੱਲੀ ਤੋਂ ਔਕਲੈਂਡ ਦੇ ਲਈ ਇਕ ਹੀ ਫਲਾਈਟ 4 ਜੂਨ ਵਾਲੀ ਨਜ਼ਰ ਆ ਰਹੀ ਹੈ ਜੋ ਕਿ 5 ਜੂਨ ਨੂੰ ਇਥੇ ਪਹੁੰਚੇਗੀ ਅਤੇ 7 ਜੂਨ ਨੂੰ ਦੁਬਾਰਾ 1.30 ਵਜੇ ਵਾਪਿਸ ਦਿੱਲੀ ਪਰਤੇਗੀ। ਬਾਕੀ ਫਲਾਈਟਾਂ ਦਾ ਕੀ ਬਣਿਆ? ਇਸ ਬਾਰੇ ਕੋਈ ਪੱਕੀ ਉਘ-ਸੁਘ ਨਹੀਂ ਹੈ। ਨਿਊਜ਼ੀਲੈਂਡ ਸਰਕਾਰ ਨੇ ਜੋ ਸਪਲੀਮੈਂਟਰੀ ਜਾਣਕਾਰੀ ਵਾਸਤੇ ਸਰਵੇਅ ਕੀਤਾ ਸੀ ਉਸਦੇ ਵਿਚ ਪਤਾ ਲੱਗਾ ਹੈ ਕਿ 2000 ਤੱਕ ਲੋਕਾਂ ਨੇ ਆਪਣੇ ਨਾਂਅ ਸ਼ਾਮਿਲ ਕੀਤੇ ਹਨ। ਇਸ ਜਾਣਕਾਰੀ ਨੂੰ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਚੈਕ ਕਰਕੇ ਹੀ ਦੱਸਣਾ ਸੀ ਕਿ ਕੌਣ-ਕੌਣ ਨਿਊਜ਼ੀਲੈਂਡ ਕੋਵਿਡ-19 ਦੇ ਨਿਯਮਾਂ ਤਹਿਤ ਆ ਸਕਦਾ ਹੈ। ਕਈ ਲੋਕਾਂ ਨੂੰ ਇਹ ਵੀ ਭਰਮ ਹੈ ਕਿ ਜਿਸਨੇ ਭਰ ਦਿੱਤਾ ਸ਼ਾਇਦ ਸਾਰੇ ਆ ਜਾਣਗੇ। ਜੇਕਰ ਸਰਵੇਅ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ 6-7 ਜਹਾਜ਼ਾਂ ਜੋਗੀਆਂ ਸਵਾਰੀਆਂ ਤਿਆਰ ਬਰ ਤਿਆਰ ਹਨ ਆਉਣ ਲਈ ਪਰ ਜਹਾਜ਼ਾਂ ਦਾ ਵੇਰਵਾ ਅਜੇ ਕੋਈ ਨਜ਼ਰ ਨਹੀਂ ਆ ਰਿਹਾ। 14 ਦਿਨ ਦੇ ਮੈਨੇਜਡ ਆਈਸੋਲੇਸ਼ਨ ਪ੍ਰੋਗਰਾਮ ਤਹਿਤ ਜੇਕਰ ਕੋਈ ਇਥੇ ਵਾਪਿਸ ਆਉਂਦਾ ਹੈ ਤਾਂ ਸਰਕਾਰੀ ਖਰਚੇ ਉਤੇ ਉਸਨੂੰ ਰੱਖਣਾ ਪੈਣਾ ਹੈ ਹੋ ਸਕਦਾ ਹੈ ਸਰਕਾਰ ਅਗਲੇਰੇ ਪ੍ਰਬੰਧ ਵੀ ਵੇਖਦੀ ਹੋਵੇ। ਔਕਲੈਂਡ ਦੇ ਕੁੱਲ 13 ਹੋਟਲ ਇਸ ਕਾਰਜ ਲਈ ਲਏ ਗਏ ਸਨ।
ਏਅਰ ਇੰਡੀਆ ਦੀ ਐਪ ਉਤੇ ਸਵੇਰੇ ਦਿੱਲੀ ਤੋਂ ਔਕਲੈਂਡ ਦੀ ਟਿਕਟ 1 ਲੱਖ 14 ਹਜ਼ਾਰ 881 ਦੀ (2502 ਡਾਲਰ) ਦੀ ਨਜ਼ਰ ਆਉਂਦੀ ਸੀ ਅਤੇ ਹੁਣ ਸੋਲਡ ਆਊਟ ਨਜ਼ਰ ਆ ਰਹੀ ਹੈ। ਟਿਕਟਾਂ ਸੇਫ ਟ੍ਰੈਵਲ ਦੇ ਭੇਜੇ ਲਿੰਕ ਰਾਹੀਂ ਮਿਲਣੀਆਂ ਹਨ ਪਰ ਟਿਕਟਾਂ ਪਤਾ ਨੀ ਕੌਣ ਖਰੀਦ ਗਿਆ।? ਨਿਊਜ਼ੀਲੈਂਡ ਮਨਿਸਟਰੀ ਆਫ ਫੌਰਨ ਅਫੇਅਰਜ਼ ਉਤੇ ਵੀ ਤਸੱਲੀਬਖਸ਼ੀ ਜਾਣਕਾਰੀ ਨਹੀਂ ਹੈ ਇਕ ਪ੍ਰਸ਼ਨ ਦੇ ਉਤਰ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਪੱਕੀ ਸੂਚਨਾ ਨਹੀਂ ਹੈ ਕਿਹੜਾ ਜਹਾਜ਼ ਨਿਊਜ਼ੀਲੈਂਡ ਨੂੰ ਜਾਣਾ ਹੈ ਪਰ ਉਹ ਭਾਰਤ ਸਰਕਾਰ ਦੇ ਨਾਲ ਸੰਪਰਕ ਵਿਚ ਹਨ।