ਮੈਲਬੌਰਨ (ਪੰਜ ਦਰਿਆ ਬਿਊਰੋ)
ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਮੌਕੇ ਐਨ ਆਰ ਆਈ ਇਨਕਲਾਬੀ ਮੰਚ ਦੇ ਵਾਈਸ ਚੇਅਰਮੈਨ ਬਲਿਹਾਰ ਸੰਧੂ (ਮੈਲਬੋਰਨ, ਅਸਟ੍ਰੇਲੀਆ) ਵਲੋਂ ਦੁਨੀਆ ਭਰ ਵਿੱਚ ਵਸਦੇ ਭਾਰਤੀ ਲੋਕਾਂ ਨੂੰ ਸਰਾਭਾ ਜੀ ਦੇ ਜਨਮ ਦਿਨ ਦੀਆਂ ਇਨਕਲਾਬੀ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਦੇ ਤਜਰਬਿਆਂ ਅਤੇ ਵਿਚਾਰਾਂ ਨੂੰ ਪੜ੍ਹਦਿਆਂ ਰਹਿਣਾ ਚਾਹੀਦਾ ਹੈ ਤਾਂ ਕਿ ਉਹਨਾਂ ਤੋਂ ਸੇਧ ਲੈਕੇ ਜਿੱਥੇ ਸਾਨੂੰ ਸਮੇਂ ਸਮੇਂ ਤੇ ਆਪਣੇ ਵਿਚਾਰਾਂ ਦੀ ਸੁਧਾਈ ਕਰਨ ਵਿੱਚ ਮੱਦਦ ਮਿਲੇਗੀ ਉੱਥੇ ਨਾਲ ਹੀ ਜੇਕਰ ਕੋਈ ਜਾਣਬੁੱਝ ਸ਼ਹੀਦਾਂ ਦੇ ਵਿਚਾਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੋਵੇ ਤਾਂ ਉਸ ਵਲੋਂ ਫੈਲਾਏ ਭੁਲੇਖੇ ਤੋਂ ਖੁਦ ਵੀ ਬਚ ਸਕਾਂਗੇ ਅਤੇ ਹੋਰਾਂ ਨੂੰ ਵੀ ਇਸ ਵਾਰੇ ਜਾਗਰੂਕ ਕਰ ਸਕਾਂਗੇ।
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੇ-ਆਜ਼ਮ ਭਗਤ ਸਿੰਘ ਆਪਣਾ ਗੁਰੂ, ਭਰਾ ਅਤੇ ਸਾਥੀ ਮੰਨਦੇ ਸਨ ਅਤੇ ਅਕਸਰ ਸਰਾਭਾ ਜੀ ਦੀ ਲਿਖਤ ਗੁਣਗੁਣਾਉਂਦੇ ਰਹਿੰਦੇ ਸਨ :-
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਅਤੇ ਭਗਤ ਸਿੰਘ ਦਾ ਕਹਿਣਾ ਸੀ ਕਿ ਹਰ ਇਨਕਲਾਬੀ ਨੂੰ ਅਧਿਐਨ ਕਰਨਾ ਚਾਹੀਦਾ ਹੈ। ਅਧਿਐਨ ਇਸ ਲਈ ਵੀ ਕਿ ਵਿਰੋਧੀਆਂ ਦੀਆਂ ਗੱਲਾਂ ਨੂੰ ਦਲੀਲ ਨਾਲ ਕੱਟਿਆ ਜਾ ਸਕੇ।
ਇਸ ਲਈ ਉਹੀ ਸੁਨੇਹਾ ਅੱਜ ਦੇ ਦਿਨ ਤੇ ਉਸ ਸਮੇਂ ਜਿੰਨਾ ਹੀ ਮਹੱਤਵਪੂਰਨ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮਦਿਨ ਦੀਆਂ ਮੁਬਾਰਕਾਂ ਦੇਣ ਦੇ ਨਾਲ ਨਾਲ ਮੇਰੇ ਵਲੋਂ ਇਹੀ ਸੁਨੇਹਾ ਵੀ ਨਾਲ ਪ੍ਰਵਾਨ ਕੀਤਾ ਜਾਵੇ ਤਾਂ ਇਸ ਦਿਨ ਦੀ ਮਹੱਤਤਾ ਅਤੇ ਮੁਬਾਰਕਾਂ ਸਾਰਥਿਕ ਹੋਣਗੀਆਂ।
ਇਨਕਲਾਬ ਜਿੰਦਾਬਾਦ