ਸਵੇਰ ਦੀਆਂ ਖਾਹਿਸ਼ਾਂ ਨੂੰ,
ਸ਼ਾਮ ਤੱਕ ਟਾਲਿਆ।
ਖਿੱਲਰਦੀ ਜਿੰਦਗੀ ਨੂੰ
ਇਉਂ ਸੀ ਸੰਭਾਲਿਆ।
ਕਿਸੇ ਨੂੰ ਹਸਾਉਂਦੇ ਰਏ,
ਕਿਸੇ ਨੂੰ ਮਨਾਉਂਦੇ ਰਏ।
ਰੋਸਿਆਂ ਮਨਾਉਣਿਆਂ ਚ
ਜਿੰਦਗੀ ਨੂੰ ਗਾਲਿਆ।
ਭਖਦੇ ਰਏ ਕੋਇਲੇ ਵਾਂਗੂ
ਚਾਅ ਸਾਡੇ ਵੈਰੀਆ।
ਤੰਦੂਰ ਅਸਾਂ ਹਿਜਰਾਂ ਦਾ,
ਹਿੱਕੜੀ ਚ ਬਾਲਿਆ।
ਆਪਣੇ ਜਜਬੇ ਆਪਣੇ ਅੰਦਰੋਂ,
ਅਸਾਂ ਹਊ ਪਰੇ ਕੀਤੈ।
ਥਾਲ ਲੈ ਕੇ ਪੀੜਾਂ ਦਾ ,
ਸਾਲੂ ਵੀ ਸਵਾ ਲਿਆ।
ਗੁੱਸਾ ਵੀ ਕਾਹਦਾ ਤੇ
ਰੋਸੜਾ ਵੀ ਕਾਹਦਾ ਹੁਣ।
ਤੈਨੂੰ ਤਾਂ ਆਪਾਂ ਬੜੇ,
ਚਿਰ ਦਾ ਅਜ਼ਮਾ ਲਿਆ।
ਪੀੜਾਂ, ਹੌਕੇ,ਹਾਅ,ਹੰਝੂ
ਕਸਕਾਂ ਤੇ ਚੀਸਾਂ ਨੂੰ ।
ਸੌਣ ਲੱਗਿਆਂ ਨੇਂ ਯਾਰਾ,
ਨਾਲ ਹੀ ਸਵਾ ਲਿਆ।
ਸ਼ਬਦ ਸ਼ਬਦ ਖੇਡਦੀ ਰਈ,
ਸ਼ਬਦਾਂ ਨਾਲ ਸ਼ਬਦ ਹੋਈ।
ਔਖੇ ਵੇਲੇ ਔਖੀ ਹੋ ਕੇ,
ਰਜਨੀ ਨੇਂ ਹਿਰਖ ਪਾਲਿਆ।
ਰਜਨੀ ਵਾਲੀਆ
ਕਪੂਰਥਲਾ