3.5 C
United Kingdom
Sunday, March 8, 2026

More

    ਕਾਫਲੇ !

    ਹਰਜਿੰਦਰ ਗੁਲਪੁਰ

    ਲਹੂ ਭਿੱਜੀਆਂ ਪੈੜਾਂ ਛੱਡ ਕੇ, ਔਹ ਜਾ ਰਹੇ ਨੇ ਕਾਫਲੇ।

    ਆਪਣੇ ਹੀ ਤਨ ਦੇ ਮਾਸ ਨੂੰ, ਔਹ ਖਾ ਰਹੇ ਨੇ ਕਾਫਲੇ।

    ਪਿੱਠਾਂ ‘ਤੇ ਟੋਟੇ ਜਿਗਰ ਦੇ, ਤੇ ਆਸ ਜਿਉਂਦੇ ਰਹਿਣ ਦੀ,

    ਪੈਰਾਂ ਨਾਲ ਮਿੱਟੀ ਦੇਸ਼ ਦੀ, ਔਹ ਗਾਹ ਰਹੇ ਨੇ ਕਾਫਲੇ।

    ਥਾਂ ਥਾਂ ਤੇ ਨਾਕੇ ਪੁਲਸ ਦੇ, ਗੈਰਾਂ ਦੀ ਬੋਲੀ ਬੋਲਦੇ,

    ਕਹਿੰਦੇ ਤਖਤੋ ਤਾਜ ਨੂੰ, ਔਹ “ਢਾਹ” ਰਹੇ ਨੇ ਕਾਫਲੇ।

    ਚੋਗਾ ਚੁਗਣ ਨੂੰ ਆਏ ਸੀ, ਪਰ ਫੰਦਿਆਂ ਨੇ ਫਾਹ ਲਏ,

    ਆਪਣੇ ਘਰਾਂ ਨੂੰ ਪਰਤਣਾ, ਜੋ ਚਾਹ ਰਹੇ ਨੇ ਕਾਫਲੇ।

    ਸਰਕਾਰ ਦਾ ਕੀ “ਦੋਸ਼” ਹੈ, ਕਿਰਤੀ ਜੇ ਮੋਏ ਸੜਕ ‘ਤੇ,

    ਸਰਕਾਰ ਮੂਹਰੇ ਅੜਚਣਾਂ, ਔਹ ਡਾਹ ਰਹੇ ਨੇ ਕਾਫਲੇ।

    ਪੱਤਿਆਂ ਦੀ ਸਰਸਰਾਹਟ ਹੈ, ਜਾਂ ਸਿਸਕੀਆਂ ਦਾ ਸ਼ੋਰ,

    ਸਮਿਆਂ ਦਾ ਘੁੱਗੂ ਬੋਲਿਆ, ਔਹ ਆ ਰਹੇ ਨੇ ਕਾਫਲੇ।

    ਹੁੰਮਸ ਬੜਾ ਹੀ ਹੋ ਗਿਆ, ਝੱਖੜ ਵੀ ਆਉਣਗੇ,
    ਬੱਦਲ ਬਣ ਅਸਮਾਨ ਵਿੱਚ, ਔਹ ਛਾ ਰਹੇ ਨੇ ਕਾਫਲੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!