ਦੁੱਖਭੰਜਨ ਸਿੰਘ ਰੰਧਾਵਾ
ਹਾਏ ਮੇਰੇ ਪੈਰਾਂ ਥੱਲੇ,
ਸੱਜਣਾਂ ਭੁਚਾਲ ਨੱਚਦੇ।
ਕਿਸੇ ਦੀ ਥੋੜ ਨੱਚਦੀ,
ਕਿਸੇ ਦੇ ਖਿਆਲ ਨੱਚਦੇ।
ਮੈਨੂੰ ਜਿੰਦਗੀ ਤੇ ਨੀਂਦਰਾਂ,
ਤੋਂ ਕਰ ਗਈ ਓ ਦੂਰ।
ਦਿਲ ਦੇ ਸ਼ੀਸ਼ੇ ਸੱਟ ਮਾਰ,
ਓਨੂੰ ਕਰ ਗਈ ਓ ਚੂਰ।
ਦਿਲ ਦੇ ਅਰਮਾਨ,
ਅੱਗਾਂ ਬਾਲ ਨੱਚਦੇ।
ਹਾਏ ਮੇਰੇ ਪੈਰਾਂ ਥੱਲੇ
ਮੈਨੂੰ ਮਾਰੀ ਐਸੀ ਮਾਰ,
ਮੇਰੇ ਭੰਨ ਸੁੱਟੇ ਗਿੱਟੇ।
ਮੇਰਾ ਢਾਹ ਤਾ ਚੁਬਾਰਾ,
ਨਾਲੇ ਤੋੜ ਸੁੱਟੇ ਇੱਟੇ।
ਮੇਰੇ ਮੂੰਹ ਵਿੱਚੋ ਨਿਕਲੇ,
ਸਵਾਲ ਨੱਚਦੇ।
ਹਾਏ ਮੇਰੇ ਪੈਰਾਂ ਥੱਲੇ
ਮੇਰੇ ਮਿੱਠੜੇ ਪਾਣੀਂ ਚ,
ਖਟਾਸ ਘੋਲ ਦਿੱਤੀ।
ਮੇਰੀ ਉਮੀਦ ਮਾਰ ਸੁੱਟੀ
ਤੇ ਆਸ ਰੋਲ ਦਿੱਤੀ।
ਹੁਣ ਮੇਰੇ ਮਨ ਵਿੱਚ
ਉੱਠਕੇ ਬਵਾਲ ਨੱਚਦੇ।
ਹਾਏ ਮੇਰੇ ਪੈਰਾਂ ਥੱਲੇ
ਕੌਣ ਭਰੇ ਪਾਣੀ ਜਾ ਕੇ,
ਹਿਜਰਾਂ ਦੇ ਖੂਹ ਤੋਂ ।
ਕੋਈ ਪਰਤੇ ਸੁਨੇਹਾ ਮੈਨੂੰ,
ਸੱਜਣਾਂ ਦੀ ਜੂਹ ਤੋਂ।
ਫੋੜੇ ਦੁਖਦੇ ਤੇ ਨਾਲੇ,
ਕਮਾਲ ਨੱਚਦੇ ।
ਹਾਏ ਮੇਰੇ ਪੈਰਾਂ ਥੱਲੇ
ਪਾਏ ਸਨ ਖਤ ਤੇ ਜਵਾਬ,
ਕੋਈ ਆਇਆ ਨੀ।
ਮੈਂ ਸੱਜਣਾਂ ਦੀ ਚਿੱਠੀ ਦਾ,
ਭੁਲੇਖਾ ਵੀ ਹੰਢਾਇਆ ਨੀ।
ਵਹਿੰਦੇ ਅੱਥਰੂ ਤੇ ਹੱਥਾਂ,
ਚ ਰੁਮਾਲ ਨੱਚਦੇ।
ਹਾਏ ਮੇਰੇ ਪੈਰਾਂ ਥੱਲੇ
ਚੁੱਪ ਦਿਆਂ ਜੰਗਲਾਂ ਚ,
ਗਮਾਂ ਦੀ ਹਨੇਰੀ ਏ।
ਦੁੱਖਭੰਜਨ ਦੀ ਜਾਨ ਚੱਲੀ,
ਤੇਰੇ ਆਵਣੇਂ ਚ ਦੇਰੀ ਏ।
ਤੇਰੇ ਹੱਥੋਂ ਸਾਹ ਹੋ ਕੇ
ਹਲਾਲ ਨੱਚਦੇ।
ਹਾਏ ਮੇਰੇ ਪੈਰਾਂ ਥੱਲੇ,
ਸੱਜਣਾਂ ਭੁਚਾਲ ਨੱਚਦੇ।