23.1 C
United Kingdom
Sunday, June 21, 2026

More

    ਜ਼ਮਾਨਾ ਹੁਣ ਉਹ ਨਾ ਰਿਹਾ

    ਲਖਵਿੰਦਰ ਸਿੰਘ ਕੋਟਸੁਖੀਆ

    ਸੱਗੀ ਫੁੱਲ ਪਤਾ ਨਹੀ ਕਿੱਥੇ ਖੋ ਗਿਆ
    ਕੈਂਠੇ ਵਾਲਾ ਗੱਭਰੂ ਅਲੋਪ ਹੋ ਗਿਆ।

    ਸਾਹੀ ਵਿਰਸਾ ਕਿਹੜੇ ਬੱਦਲਾਂ ਚ ਖੋ ਗਿਆ
    ਕਲਜੁਗੀ ਏ ਜਮਾਨਾ ਕਿਹੜੇ ਰਾਂਹੀ ਪੈ ਗਿਆ

    ਕੁੜਤੇ ਤੇ ਚਾਦਰਾ ਦਾ ਰਿਵਾਜ ਨਾ ਰਿਹਾ
    ਛਾਬੇ ਵਾਲੀਆਂ ਰੋਟੀਆਂ ਦਾ ਸਵਾਦ ਨਾ ਰਿਹਾ

    ਕਿੱਥੇ ਖੋ ਗਈਆਂ ਚਿੜੀਆਂ ਗੁਟਾਰਾਂ ਘੁੱਗੀਆਂ
    ਭੰਗੜੇ ਚ ਗੱਭਰੂ ਨਾ ਹੁਣ ਪਾਉਣ ਲੁੱਡੀਆਂ

    ਭੱਤਾ ਲੈ ਕੇ ਖੇਤ ਮੁਟਿਆਰ ਜਾਵੇ ਨਾ
    ਬੱਲਦਾਂ ਨਾਲ ਗੱਭਰੂ ਵੀ ਹਲ ਵਾਹੇ ਨਾ

    ਵੱਧਗੀ ਕੁੜੱਤਣ ਦਿਲਾਂ ਚ ਮੋਹ ਨਾ ਰਿਹਾ
    ਬਦਲ ਗਿਆ ਜਮਾਨਾ ਹੁਣ ਉਹ ਨਾ ਰਿਹਾ

    ਭਰੂਣ ਹੱਤਿਆ ਕੁੜੀਆਂ ਨੂੰ ਖਾ ਗਈ
    ਚੜਦੀ ਜਵਾਨੀ ਨੂੰ ਸਮੈਕ ਖਾ ਗਈ

    ਬਜੁਰਗਾਂ ਦੀ ਕੋਈ ਗੱਲ ਨਾ ਸਹਾਰਦਾ
    ਨਫਰਤ ਭਰੀ ਨਜਰ ਨਾਲ ਰਹਿੰਦਾ ਤਾੜਦਾ

    ਡੀਕ ਲਾਕੇ ਪੀਵੇ ਨਾ ਕੋਈ ਘਿਓ ਦੇ ਛੰਨੇ ਨੂੰ
    ਵਿਰਲਾ ਹੀ ਚੂਪਦਾ ਏ ਹੁਣ ਕੋਈ ਗੰਨੇ ਨੂੰ

    ਮੱਕੀ ਦੇ ਦਾਣਿਆਂ ਦੀਆਂ ਨਾ ਚੱਲਣ ਭੱਠੀਆਂ
    ਚਾਟੀ ਵਾਲੀ ਮਧਾਣੀ ਦੀਆਂ ਨਾ ਮਿਲਣ ਲੱਸੀਆਂ

    ਵਧੀ ਤਕਨੀਕ ਬੜੀ ਸਾਇੰਸ ਛਾ ਗਈ
    ਹੋਈ ਜਰੂਰ ਤਰੱਕੀ ਬੜਾ ਕੁੱਝ ਖਾ ਗਈ

    ਬੋਹੜਾਂ ਵਾਲੀ ਛਾਂ ਹੁਣ AC ਖਾ ਗਏ
    ਨਵੀਆਂ ਹੀ ਲੋਕਾਂ ਚ ਬਿਮਾਰੀਆਂ ਲਾ ਗਏ

    ਪਿਆਰ ਦੇ ਰਿਸਤਿਆਂ ਚ ਖੜੋਤ ਆ ਗਈ
    ਲਖਵਿੰਦਰਾ ਜਾਪੇ ਦੁਨੀਆ ਕੁਰਾਹੇ ਪੈ ਗਈ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!