ਗਰਮ ਮੌਸਮ ਕਰਕੇ ਹਜ਼ਾਰਾਂ ਲੋਕ ਸਮੁੰਦਰੀ ਕੰਢਿਆਂ ‘ਤੇ ਉੱਤਰੇ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਲੋਕਾਂ ਨੇ ਅੱਜ ਧੁੱਪ ਵਾਲੇ ਮੌਸਮ ਦਾ ਫਾਇਦਾ ਉਠਾਇਆ ਅਤੇ ਯੂਕੇ ਦੇ ਆਲੇ ਦੁਆਲੇ ਦੇ ਸਮੁੰਦਰੀ ਕੰਢਿਆਂ ‘ਤੇ ਪਹੁੰਚ ਗਏ। ਕੁਝ ਥਾਵਾਂ ਜਿਵੇ ਕਿ ਬਰਾਈਟਨ, ਬੌਰਨਮਥ ਅਤੇ ਪੋਰਟਸਮਾਊਥ ਸਮੇਤ ਹੋਰ ਥਾਵਾਂ ‘ਤੇ ਭੀੜ ਨੇ ਧੁੱਪ ਸੇਕੀ ਅਤੇ ਤੈਰਾਕੀ ਵੀ ਕੀਤੀ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੋਰੋਨਾਵਾਇਰਸ ਦੇ ਲਾਕਡਾਉਨ ਨੂੰ ਢਿੱਲ ਦਿੱਤੀ ਸੀ ਕਿ ਲੋਕ ਹੁਣ ਬਾਹਰ ਧੁੱਪ ਵਿੱਚ ਜਾ ਕੇ ਕਸਰਤ ਕਰ ਜਾ ਸਕਦੇ ਹਨ। ਹਾਲਾਂਕਿ, ਨਵੇਂ ਨਿਯਮ ਅਜੇ ਵੀ ਕਹਿੰਦੇ ਹਨ ਕਿ ਲੋਕ ਆਪਣੇ ਘਰਾਂ ਦੇ ਬਾਹਰੋਂ ਇੱਕ ਤੋਂ ਵੱਧ ਵਿਅਕਤੀਆਂ ਨੂੰ ਇਕੋ ਸਮੇਂ ਨਹੀਂ ਮਿਲ ਸਕਦੇ, ਪਰ ਲੋਕ ਫਿਰ ਵੀ ਸਮੁੰਦਰੀ ਕੰਢਿਆ ਤੇ ਇਕੱਠੇ ਹੋਏ। ਲੰਡਨ ਦੇ ਸੇਂਟ ਜੇਮਜ਼ ਪਾਰਕ ਵਿਚ ਕੱਲ੍ਹ 26.2C ਦਾ ਉੱਚ ਪੱਧਰ ਦਾ ਤਾਪਮਾਨ ਵੇਖਿਆ ਗਿਆ।ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਗ੍ਰੇਗ ਡਿਵਰਸਟ ਨੇ ਕਿਹਾ ਕਿ ‘ਯੂਕੇ ਦੇ ਲੋਕਾਂ ਲਈ ਧੁੱਪ ਦਾ ਮੌਸਮ ਰਹੇਗਾ। ਪੂਰਬੀ ਅਤੇ ਦੱਖਣ-ਪੂਰਬੀ ਇੰਗਲੈਂਡ ਵਿਚ ਕੱਲ੍ਹ ਨੂੰ ਤੂਫਾਨ ਦਾ ਖਤਰਾ ਹੈ ਅਤੇ ਸ਼ੁੱਕਰਵਾਰ ਨੂੰ ਬਾਰਸ਼ ਤੋਂ ਪਹਿਲਾਂ 24C ਜਾਂ 25 C ਤੱਕ ਰਹਿਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ।