ਪੰਜਾਬ ਸਰਕਾਰ ਕਿਉਂ ਹੈ ਬੇਖ਼ਬਰ, ਕੇਂਦਰ ਸਰਕਾਰ ਦੇਵੇ ਜਿਉਂਦੇ ਜੀ ਭਾਰਤ ਰਤਨ
ਜਗਰੂਪ ਸਿੰਘ ਜਰਖੜ
ਇਤਿਹਾਸ ਰੋਜ਼ ਰੋਜ਼ ਨਹੀਂ ਸਿਰਜੇ ਜਾਂਦੇ ਨਾ ਹੀ ਇਤਿਹਾਸ ਸਿਰਜਣ ਵਾਲੇ ਰੋਜ਼ ਰੋਜ਼ ਜੰਮਦੇ ਹਨ ,ਇਤਿਹਾਸ ਸਿਰਜਣ ਵਾਲੀਆਂ ਸ਼ਖ਼ਸੀਅਤਾਂ ਸਦੀਆਂ ਵੱਧ ਪੈਦਾ ਹੁੰਦੀਆਂ ਹਨ ਅਜਿਹੀ ਸ਼ਖ਼ਸੀਅਤ ਹੀ ਹੈ ਹਾਕੀ ਵਾਲਾ ਬਲਵੀਰ ਸਿੰਘ ਸੀਨੀਅਰ ਜੋ ਹਾਕੀ ਵਿੱਚ ਪੰਜਾਬੀਆਂ ਦੀ ਸ਼ਾਨ ਅਤੇ ਸਿੱਖ ਕੌਮ ਦੀ ਪਹਿਚਾਣ ਬਣਿਆ ਹੈ । ਭਾਰਤੀ ਹਾਕੀ ਟੀਮ ਦਾ ਪਹਿਲਾ ਸਿੱਖ ਕਪਤਾਨ ਬਲਬੀਰ ਸਿੰਘ ਸੀਨੀਅਰ ਜਿਸਨੇ ਪੂਰੀ ਦੁਨੀਆ ਨੂੰ ਆਪਣੇ ਹਾਕੀ ਹੁਨਰ ਦਾ ਲੋਹਾ ਮਨਵਾਇਆ ਹੈ ਜੋ ਇਨਸਾਨ ਇਸ ਦੁਨੀਆ ਤੇ ਆਇਆ ਹੈ ਉਸ ਨੇ ਇਕ ਨਾ ਇਕ ਦਿਨ ਇਸ ਦੁਨੀਆ ਤੋਂ ਜਾਣਾ ਹੀ ਹੁੰਦਾ ਹੈ ਬਲਵੀਰ ਸਿੰਘ ਸੀਨੀਅਰ ਹਾਕੀ ਦੇ ਖੇਡ ਮੈਦਾਨ ਵਿੱਚ ਜੂਝਿਆ ਅਤੇ ਮੁਲਕ ਨੂੰ ਸ਼ਾਨਾ ਮੱਤਾ ਮਾਣ ਪੁਰੀ ਦੁਨੀਆਂ ਵਿੱਚ ਦਿੱਤਾ ਅੱਜ 96 ਸਾਲ ਦੀ ਉਮਰ ਵਿੱਚ ਬਲਵੀਰ ਸਿੰਘ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਦਾ ਮੁਕਾਬਲਾ ਲੜ ਰਿਹਾ ਹੈ, ਪਰਿਵਾਰ ਸਦਮੇ ਵਿੱਚ ਹੈ ਪੂਰੇ ਹਾਕੀ ਦੀ ਦੁਨੀਆ ਰੱਬ ਅੱਗੇ ਦੁਆ ਕਰ ਰਹੀ ਹੈ ਕਿ ਉਹ ਜਲਦੀ ਸਿਹਤਯਾਬ ਹੋਣ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਬਲਬੀਰ ਸੀਨੀਅਰ ਤੋਂ ਕਿਉਂ ਬੇਖ਼ਬਰ ਹੈ ਅਤੇ ਭਾਰਤ ਸਰਕਾਰ ਬਲਬੀਰ ਸਿੰਘ ਸੀਨੀਅਰ ਨੂੰ ਕਿਉਂ ਨਹੀਂ ਜਿਉਂਦੇ ਜੀ ਭਾਰਤ ਰਤਨ ਅਵਾਰਡ ਦੇ ਰਹੀ ।
ਇਤਿਹਾਸ ਗਵਾਹ ਹੈ ਕਿ ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਸਦਾ ਲਈ ਖਤਮ ਹੋ ਜਾਂਦੀ ਹੈ ਜੋ ਸਰਕਾਰਾਂ ਆਪਣੇ ਹੀਰੋਆਂ ਦੀ ਕਦਰ ਭੁੱਲ ਜਾਂਦੀਆਂ ਹਨ ਉੱਥੇ ਫਿਰ ਖੇਡਾਂ ਦੇ ਨਿਘਾਰ ਨੂੰ ਕੋਈ ਰੋਕ ਨਹੀਂ ਸਕਦਾ ਜੇਕਰ ਅੱਜ ਓਲੰਪਿਕ ਖੇਡਾਂ ਵਿਚ ਲਗਾਤਾਰ ਹਾਕੀ ਵਿੱਚ ਸੋਨ ਤਗਮੇ ਜਿੱਤਣ ਵਾਲਾ ਭਾਰਤ ਦੀ ਕੌਮੀ ਹਾਕੀ ਵਿੱਚ ਨਿਘਾਰ ਆਇਆ ਹੈ ਉਸ ਦਾ ਵੱਡਾ ਕਾਰਨ ਹਾਕੀ ਹੀਰੋਆਂ ਦੀ ਬੇਕਦਰੀ ਕਰਕੇ ਹੀ ਹੈ ।
ਬਲਬੀਰ ਸਿੰਘ ਸੀਨੀਅਰ ਹਾਕੀ ਦੇ ਜਾਦੂਗਰ ਧਿਆਨ ਚੰਦ ਤੋਂ ਬਾਅਦ ਹਾਕੀ ਦੇ ਸੁਨਹਿਰੀ ਇਤਿਹਾਸ ਦਾ ਉਹ ਪੰਨਾ ਹੈ ਕਿ ਜਿੰਨਾ ਸਮਾਂ ਇਸ ਦੁਨੀਆਂ ਵਿੱਚ ਹਾਕੀ ਦੀ ਖੇਡ ਰਹੇਗੀ ਬਲਬੀਰ ਸਿੰਘ ਸੀਨੀਅਰ ਦੀ ਗੱਲ ਕੀਤਿਆਂ ਪੂਰੀ ਦੁਨੀਆਂ ਦੀ ਹਾਕੀ ਅਧੂਰੀ ਜਾਪੇਗੀ । 10 ਅਕਤੂਬਰ 1924 ਪਿੰਡ ਹਰੀਪੁਰ ਖ਼ਾਲਸਾ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਵਾਲੇ ਬਲਬੀਰ ਸਿੰਘ ਸੀਨੀਅਰ ਨੇ 1948 ਲੰਡਨ ਓਲੰਪਿਕ ਤੋਂ ਆਪਣੇ ਅੰਤਰਰਾਸ਼ਟਰੀ ਹਾਕੀ ਕੈਰੀਅਰ ਦੀ ਸ਼ੁਰੂਆਤ ਕੀਤੀ ।ਭਾਰਤ ਨੇ ਆਪਣੇ ਮੁਢਲੇ ਮੈਚ ਵਿੱਚ ਅਰਜਨਟੀਨਾ ਨੂੰ 9-1 ਗੋਲਾਂ ਨਾਲ ਹਰਾਇਆ ਜਿਸ ਵਿੱਚ ਬਲਵੀਰ ਸਿੰਘ ਨੇ 6 ਗੋਲ ਕੀਤੇ, ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਵਿਰੁੱਧ ਦੋ ਗੋਲ ਕਰਕੇ ਆਜ਼ਾਦ ਭਾਰਤ ਨੂੰ ਓਲੰਪਿਕ ਖੇਡਾਂ ਦਾ ਪਹਿਲਾ ਸੋਨ ਤਗਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।1952 ਹੈਲਸਿੰਕੀ ਓਲੰਪਿਕ ਵਿੱਚ ਬਲਵੀਰ ਸਿੰਘ ਦਾ ਹਾਕੀ ਸਿਤਾਰਾ ਪੂਰੀ ਤਰ੍ਹਾਂ ਸਿਖਰ ਤੇ ਸੀ ਕਪਤਾਨ ਕੇਡੀ ਸਿੰਘ ਬਾਬੂ ਦੀ ਅਗਵਾਈ ਹੇਠ ਬਲਵੀਰ ਸਿੰਘ ਸੀਨੀਅਰ ਟੀਮ ਦੇ ਉੱਪ ਕਪਤਾਨ ਬਣੇ ਪੂਰੇ ਟੂਰਨਾਮੈਂਟ ਦੌਰਾਨ ਭਾਰਤ ਨੇ ਵਿਰੋਧੀ ਟੀਮਾਂ ਸਿਰ 13 ਗੋਲ ਕੀਤੇ ਜਿਨ੍ਹਾਂ ਵਿੱਚੋਂ 9 ਗੋਲ ਬਲਬੀਰ ਸਿੰਘ ਨੇ ਕੀਤੇ ਸੈਮੀਫਾਈਨਲ ਵਿੱਚ ਇੰਗਲੈਂਡ ਵਿਰੁੱਧ ਹੈਟ੍ਰਿਕ ਤੋਂ ਇਲਾਵਾ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਹਾਲੈਂਡ ਨੂੰ 6-1ਗੋਲਾਂ ਨਾਲ ਹਰਾਇਆ ਜਿਸ ਵਿੱਚ ਬਲਵੀਰ ਸਿੰਘ ਨੇ ਇਕੱਲੇ ਨੇ 5 ਗੋਲ ਕੀਤੇ ਕਿਸੇ ਓਲੰਪਿਕ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਪੰਜ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕੋਈ ਮਾਈ ਦਾ ਲਾਲ ਤੋੜ ਨਹੀਂ ਸਕਿਆ । 1956 ਮੈਲਬਰਨ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਪਹਿਲੇ ਸਿੱਖ ਕਪਤਾਨ ਬਣਨ ਦਾ ਮਾਣ ਮਿਲਿਆ ਅਤੇ ਪੂਰੀ ਦੁਨੀਆ ਨੇ ਉਨ੍ਹਾਂ ਨੂੰ “ਕਿੰਗ ਆਫ ਦਾ ਡੀ ” ਦੇ ਖਤਰਨਾਕ ਖਿਡਾਰੀ ਹੋਣ ਦਾ ਰੁਤਬਾ ਦਿੱਤਾ ਉਨ੍ਹਾਂ ਦੇ ਹਾਕੀ ਹੁਨਰ ਦਾ ਜਾਦੂ ਪੂਰੀ ਦੁਨੀਆਂ ਵਿੱਚ ਸਿਰ ਚੜ੍ਹ ਕੇ ਬੋਲਿਆ ਉਨ੍ਹਾਂ ਦੀ ਕਪਤਾਨੀ ਹੇਠ ਭਾਰਤ ਨੇ ਮੈਲਬਰਨ ਓਲੰਪਿਕ ਵਿੱਚ ਪਾਕਿਸਤਾਨ ਨੂੰ 1-0 ਗੋਲ ਨਾਲ ਹਰਾ ਕੇ ਸੋਨ ਤਗਮਾ ਜਿੱਤ ਕੇ ਆਜ਼ਾਦ ਭਾਰਤ ਦੀ ਜੇਤੂ ਹੈਟ੍ਰਿਕ ਅਤੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਛੇਵਾਂ ਸੋਨ ਤਗਮਾ ਭਾਰਤ ਦੇ ਨਾਮ ਕੀਤਾ । ਓਲੰਪਿਕ ਖੇਡਾਂ ਦੀ ਜਿੱਤ ਤੋਂ ਬਾਅਦ ਜਦੋਂ ਮੁੰਬਈ ਵਿਖੇ ਭਾਰਤੀ ਫਿਲਮੀ ਹੀਰੋਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਫਿਲਮ ਸਟਾਰ ਰਾਜ ਕਪੂਰ ਨੂੰ ਇਹ ਕਹਿਣਾ ਪਿਆ ਕਿ ਅਸੀਂ ਤਾਂ ਨਕਲੀ ਹੀਰੋ ਹਾਂ ਅਸਲ ਹੀਰੋ ਤਾ ਬਲਵੀਰ ਸਿੰਘ ਸੀਨੀਅਰ ਹੈ ਜੋ ਆਪਣੀ ਐਕਟਿੰਗ ਨਾਲ ਨਹੀਂ ਸਗੋਂ ਆਪਣੇ ਹਾਕੀ ਹੁਨਰ ਦੇ ਨਾਲ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਕੇ ਆਇਆ ਹੈ । 1956 ਓਲੰਪਿਕ ਖੇਡਾਂ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਨਾਮ ਤੇ ਡਾਕ ਟਿਕਟ ਜਾਰੀ ਕੀਤੀ ।1957 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਅਵਾਰਡ ਨਾਲ ਨਿਵਾਜਿਆ । 2006 ਸਾਲ ਵਿੱਚ ਉਨ੍ਹਾਂ ਨੂੰ ਸਰਵੋਤਮ ਸਿੱਖ ਖਿਡਾਰੀ ਦਾ ਖਿਤਾਬ, 2015 ਵਿੱਚ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਆਦਿ ਹੋਰ ਵੱਡੇ ਐਵਾਰਡ ਮਿਲੇ ਪਰ ਜਿਸ ਅੈਵਾਰਡ ਦਾ ਉਹ ਅਸਲ ਹੱਕਦਾਰ ਸੀ ਭਾਰਤ ਰਤਨ ਐਵਾਰਡ ਉਸ ਬਾਰੇ ਭਾਰਤ ਸਰਕਾਰ ਨੇ ਉਸ ਨੂੰ ਅਣਗੌਲਿਆ ਹੀ ਰੱਖਿਆ ਬਲਬੀਰ ਸਿੰਘ ਸੀਨੀਅਰ ਨੇ ਕੁੱਲ 36 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਗਮੇ ਜਿੱਤੇ ਲੰਡਨ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੂੰ ਦੁਨੀਆਂ ਦੇ 16vਆਈਕੋਨਿਕ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ 1962 ਤੋਂ ਲੈਕੇ 1982 ਤੱਕ ਉਹ ਭਾਰਤ ਦੀਆਂ ਵੱਖ ਵੱਖ ਟੀਮਾਂ ਦੇ ਬਤੌਰ ਕੋਚ ਜਾਂ ਮੈਨੇਜਰ ਰਹੇ ਇੱਥੋਂ ਤੱਕ 1975 ਵਿਸ਼ਵ ਕੱਪ ਹਾਕੀ ਦੇ ਚੈਂਪੀਅਨ ਭਾਰਤ ਟੀਮ ਦੇ ਵੀ ਉਹ ਮੈਨੇਜਰ ਸਨ। 1941 ਤੋੰ 1961 ਤੱਕ ਲਗਾਤਾਰ ਉਹ ਪੰਜਾਬ ਪੁਲੀਸ ਹਾਕੀ ਟੀਮ ਦੇ ਕਪਤਾਨ ਰਹੇ ਪੰਜਾਬ ਸਰਕਾਰ ਦੇ ਵੱਖ ਵੱਖ ਅਹੁਦਿਆਂ ਤੇ ਉਨ੍ਹਾਂ ਨੇ ਕੰਮ ਕੀਤਾ ।
ਅੱਜ ਦੀ ਘੜੀ ਬਲਵੀਰ ਸਿੰਘ ਸੀਨੀਅਰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹ ਜ਼ੇਰੇ ਇਲਾਜ ਦਾਖਲ ਹਨ ਭਾਵੇਂ ਪੰਜਾਬ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਉਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿਸੇ ਉੱਘੇ ਵਿਦਵਾਨ ਨੂੰ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਪੰਜਵੀਂ ਕਲਾਸ ਪਾਸ ਦਾ ਸਰਟੀਫਿਕੇਟ ਪ੍ਰਦਾਨ ਕਰਨ ਲਈ ਰਾਜ ਸਰਕਾਰ ਸਨਮਾਨਿਤ ਕਰੇ ਇਹ ਕਿੰਨੀ ਹਾਸੋ ਹੀਣੀ ਗੱਲ ਹੈ ਕਿ ਦੁਨੀਆ ਦੇ ਚਰਚਿਤ ਨਾਮੀ ਹਾਕੀ ਸਿਤਾਰੇ ਨੂੰ 95 ਸਾਲ ਦੀ ਉਮਰ ਵਿੱਚ ਸਟੇਟ ਐਵਾਰਡ ਮਿਲੇ ਚੱਲੋ ਅਵਾਰਡਾਂ ਸਨਮਾਨਾਂ ਨਾਲ ਨੇ ਤਾਂ ਖਾਧੀ ਕੜ੍ਹੀ ਹੁਣ ਰਾਜ ਸਰਕਾਰ ਆਪਣਾ ਕੀ ਫਰਜ਼ ਨਿਭਾ ਰਹੀ ਹੈ ਸਾਡਾ ਮਹਾਨ ਪੰਜਾਬੀ ਖਿਡਾਰੀ ਅਤੇ ਸਿੱਖ ਵਿਰਸੇ ਵਿੱਚ ਹਾਕੀ ਦੀ ਪਿਰਤ ਨੂੰ ਅੱਗੇ ਤੋਰਨ ਵਾਲਾ ਬਲਵੀਰ ਸਿੰਘ ਸੀਨੀਅਰ ਜ਼ਿੰਦਗੀ ਅਤੇ ਮੌਤ ਦੀ ਜੰਗ ਨਾਲ ਜੂਝ ਰਿਹਾ ਹੋਵੇ ਪਰ ਪੰਜਾਬ ਸਰਕਾਰ ਇਸ ਖਬਰ ਬਾਰੇ ਬੇਖ਼ਬਰ ਰਹੀ ਹੋਵੇ ਬਹੁਤ ਮੰਦਭਾਗੀ ਗੱਲ ਹੈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਅੈਵਾਰਡ ਦੇਵੇ ਤਾਂ ਜੋ ਘੱਟੋ ਘੱਟ ਇਸ ਅੈਵਾਰਡ ਦਾ ਉਸ ਨੂੰ ਜਿਊਂਦੇ ਜੀ ਸਨਮਾਨ ਅਤੇ ਸਕੂਨ ਮਿਲ ਸਕੇ ਅਤੇ ਹਾਕੀ ਦਾ ਜਾਦੂਗਰ ਸਵਰਗੀ ਧਿਆਨ ਚੰਦ ਵੀ ਇਸ ਐਵਾਰਡ ਦਾ ਹੱਕਦਾਰ ਹੈ ਪਰ ਇਸ ਮੁਲਕ ਵਿੱਚ ਜੋ ਰਾਜਨੀਤੀ ਦਾ ਭ੍ਰਿਸ਼ਟ ਮਾਹੌਲ ਚੱਲ ਰਿਹਾ ਹੈ ਉੱਥੇ ਕਿਸੇ ਇਨਸਾਫ਼ ਦੀ ਆਸ ਨਹੀਂ ਕੀਤੀ ਜਾ ਸਕਦੀ ਇਸ ਸਾਡੇ ਰਾਜਨੀਤਕ ਆਗੂਆਂ ਨੂੰ ਪ੍ਰਮਾਤਮਾ ਹੀ ਸੁਮੱਤ ਦੇਵੇ ਕਿ ਆਪਣੇ ਮੁਲਕ ਦੇ ਹੀਰੋਆਂ ਨੂੰ ਕਿਸ ਤਰ੍ਹਾਂ ਮਾਣ ਸਨਮਾਨ ਦੇਣੇ ਹਨ ਇਸ ਡੁੱਬਦੇ ਬੇੜੇ ਦਾ ਰੱਬ ਹੀ ਰਾਖਾ ਹੈ ਪਰ ਪੰਜਾਬੀਆਂ ਦਾ ਖ਼ਾਸ ਕਰਕੇ ਸਿੱਖਾਂ ਦੇ ” ਸਿੱਖ ਰਤਨ ਮਹਾਨ ਖਿਡਾਰੀ” ਨੂੰ ਅਤੇ ਉਸ ਦੀਆਂ ਪ੍ਰਾਪਤੀਆਂ ਨੂੰ ਸਮੂਹ ਪੰਜਾਬੀਆਂ ਦਾ ਸਲੂਟ ਹੈ ਪ੍ਰਮਾਤਮਾ ਉਨ੍ਹਾਂ ਨੂੰ ਜਲਦੀ ਸਿਹਤਯਾਬ ਕਰੇ ਆਪਣੀ ਜ਼ਿੰਦਗੀ ਦੇ ਕੁਝ ਵਰ੍ਹੇ ਹੋਰ ਆਨੰਦ ਲੈਣ ਸਮੂਹ ਪੰਜਾਬੀਆਂ ਦੀ ਇਹੋ ਦੁਆ ਹੈ ।ਰੱਬ ਰਾਖਾ !
ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ +91-9814300722