ਪਟਿਆਲਾ/ ਘਨੌਰ (ਪੰਜ ਦਰਿਆ ਬਿਊਰੋ)
ਕਰੋਨਾ ਕਾਰਨ ਜਾਰੀ ਲੌਕਡਾਊਨ ਤੇ ਕਰਫਿਊ ਦੀ ਭਾਵੇਂ ਹਰੇਕ ਵਰਗ ਨੂੰ ਮਾਰ ਪੈ ਰਹੀ ਹੈ ਪਰ ਇਸ ਦੌਰਾਨ ਪਰਵਾਸੀ ਮਜ਼ਦੂਰ ਵਧੇਰੇ ਨਪੀੜੇ ਜਾ ਰਹੇ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਪਿੱਤਰੀ ਰਾਜਾਂ ’ਚ ਵਾਪਸ ਭੇਜਣ ਲਈ ਭਾਵੇਂ ਰੇਲ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਹਜ਼ਾਰਾਂ ਮਜ਼ਦੂਰ ਪੈਦਲ ਜਾਂ ਸਾਈਕਲਾਂ ’ਤੇ ਘਰਾਂ ਨੂੰ ਪਰਤਦੇ ਵੇਖੇ ਜਾ ਸਕਦੇ ਹਨ।
ਅਜਿਹੇ ਸੌ ਤੋਂ ਵੱਧ ਪਰਵਾਸੀ ਮਜ਼ਦੂਰਾਂ, ਜਿਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਨੂੰ ਭਾਰੀ ਖ਼ੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਤੋਂ ਪੌਣੇ ਦੋ ਸੌ ਕਿਲੋਮੀਟਰ ਪੈਦਲ ਚੱਲ ਕੇ ਸਹਾਰਨਪੁਰ ਬੈਰੀਅਰ ’ਤੇ ਪੁੱਜੇ ਇਨ੍ਹਾਂ ਮਜ਼ਦੂਰਾਂ ਨੂੰ ਹਰਿਆਣਾ ਪੁਲੀਸ ਨੇ ਯੂ.ਪੀ ਵਿਚ ਦਾਖ਼ਲ ਨਾ ਹੋਣ ਦਿੱਤਾ ਤੇ ਬੱਸਾਂ ਰਾਹੀਂ ਉਨ੍ਹਾਂ ਨੂੰ ਸ਼ੰਭੂ ਬੈਰੀਅਰ ਰਾਹੀਂ ਵਾਪਸ ਪੰਜਾਬ ਛੱਡ ਦਿੱਤਾ। ਇਸ ’ਤੇ ਮਜ਼ਦੂਰਾਂ ਨੇ ਸ਼ੰਭੂ ਬੈਰੀਅਰ ’ਤੇ ਹੀ ਹਰਿਆਣਾ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮਗਰੋਂ ਪਟਿਆਲਾ ਪੁਲੀਸ ਨੇ ਉਨ੍ਹਾਂ ਵਿਚੋਂ ਕੁਝ ਨੂੰ ਰਾਜਪੁਰਾ ਖੇਤਰ ’ਚ ਧਾਰਮਿਕ ਸਥਾਨ ’ਚ ਠਹਿਰਾਇਆ ਤੇ ਕੁਝ ਲੁਧਿਆਣਾ ਪਰਤ ਗਏ ਤੇ ਕਈ ਵਾਪਸ ਹਰਿਆਣਾ ਵੱਲ ਨੂੰ ਹੀ ਖਿਸਕ ਗਏ।
ਇਨ੍ਹਾਂ ਮਜ਼ਦੂਰਾਂ ’ਚ ਸ਼ਾਮਲ ਰਾਏਬਰੇਲੀ ਵਾਸੀ ਸੂਰਜ ਕੁਮਾਰ, ਲਖਨਊ ਵਾਸੀ ਵਨੀਤਾ ਤੇ ਸਰਬਣ, ਔਰੰਗਾਬਾਦ ਵਾਸੀ ਕਮਲਾ, ਬਿੰਦਾ ਆਦਿ ਨੇ ਕਿਹਾ ਕਿ ਹਫ਼ਤਾ ਪਹਿਲਾਂ ਲੁਧਿਆਣਾ ਤੋਂ ਪੈਦਲ ਚੱਲਦਿਆਂ, ਉਹ ਅੱਜ ਸਹਾਰਨਪੁਰ ਨੇੜੇ ਪੁੱਜ ਗਏ ਸਨ ਪਰ ਹਰਿਆਣਾ ਪੁਲੀਸ ਤਿੰਨ ਬੱਸਾਂ ਵਿਚ ਬਿਠਾ ਕੇ ਉਨ੍ਹਾਂ ਨੂੰ ਵਾਪਸ ਸ਼ੰਭੂ ਬੈਰੀਅਰ ’ਤੇ ਛੱਡ ਗਈ। ਕਈ ਮਜ਼ਦੂਰਾਂ ਨੇ ਪੈਰਾਂ ’ਚ ਪਏ ਛਾਲੇ ਵੀ ਵਿਖਾਏ। ਸਾਬਕਾ ਸਰਪੰਚ ਹਰੀ ਸਿੰਘ ਢੀਂਡਸਾ ਤੇ ਨਿਰਮਲ ਧਾਲੀਵਾਲ ਨੇ ਮਜ਼ਦੂਰਾਂ ਨੂੰ ਖੱਜਲ ਕਰਨ ਦੀ ਨਿੰਦਾ ਕੀਤੀ ਹੈ।