ਸਰਬਜੀਤ ਸਿੰਘ, ਜਿਉਣ ਵਾਲਾ
ਹਮੇਸ਼ਾ ਕਿਸੇ ਵੀ ਮਨੁੱਖ ਜਾਂ ਸਮਾਜ ਦੇ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ। ਤਬਦੀਲੀ ਕੁਦਰਤ ਦਾ ਇੱਕ ਅਟੱਲ ਵਰਤਾਰਾ ਹੈ। ਆਦਿ ਮਨੁੱਖ ਤੋਂ ਲੈ ਕੇ ਹੁਣ ਤੱਕ ਮਨੁੱਖ ਨੂੰ ਕਈ ਔਖੇ-ਸੌਖੇ ਪੜਾਵਾਂ ਵਿੱਚੋਂ ਲੰਘਣਾ ਪਿਆ ਹੈ। ਮਨੁੱਖ ਨੂੰ ਹੁਣ ਤੱਕ ਆਈਆਂ ਇਹ ਦਰਪੇਸ਼ ਸਮੱਸਿਆਵਾਂ ਨੇ ਮਨੁੱਖ ਨੂੰ ਇੱਕ ਨਵਾਂ ਸਬਕ ਸਿਖਾਇਆ ਹੈ, ਜਿਸਦੇ ਫਲਸਰੂਪ ਉਸ ਵਿੱਚ ਅੱਗੇ ਨਾਲੋਂ ਵੀ ਸੰਘਰਸ਼ ਕਰਨ ਦਾ ਮਾਦਾ ਪੈਦਾ ਹੋਇਆ ਹੈ। ਕਈ ਮਨੁੱਖ ਅਜਿਹੀਆਂ ਸਮੱਸਿਆਵਾਂ ਨੂੰ ਅਸਾਨੀ ਤੇ ਸਬਰ ਨਾਲ ਸਹਿ ਲੈਂਦੇ ਹਨ ਤੇ ਕਈ ਅਜਿਹੇ ਹਾਲਾਤ ਵਿੱਚ ਆਪਣਾ ਸੰਤੁਲਨ ਗਵਾ ਲੈਂਦੇ ਹਨ। ਅੱਜ ਸਾਰੇ ਸੰਸਾਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨੇ ਹਰੇਕ ਸਮਾਜ ਦੀ ਦਸ਼ਾ ਹੀ ਬਦਲ ਦਿੱਤੀ ਹੈ, ਜਿਸਦੇ ਭਿਆਨਕ ਨਤੀਜੇ ਨਿਕਲੇ ਹਨ ਤੇ ਬਿਮਾਰੀ ਦੇ ਖਾਤਮਾ ਮਗਰੋਂ ਫੈਲਣ ਵਾਲੀ ਭਿਆਨਕ ਆਰਥਿਕ ਮੰਦੀ ਕਾਰਨ ਇਸਦਾ ਹੋਰ ਵੀ ਵਿਕਰਾਲ ਰੂਪ ਸਾਨੂੰ ਵੇਖਣ ਲਈ ਮਿਲੇਗਾ। ਭਾਵੇਂ ਕਿ ਸਹਿਜ ਰੂਪ ਨਾਲ ਵੇਖੀਏ ਤਾਂ ਇਸ ਨਾਲ ਸਾਡਾ ਵਾਤਾਵਰਨ ਵੀ ਸ਼ੁੱਧ ਹੋਇਆ ਹੈ। ਮਨੁੱਖ ਨੂੰ ਥੋੜੀ ਵਿਹਲ ਵੀ ਮਿਲੀ ਹੈ ਜਿਹੜੀ ਮਿਲਣੀ ਪਹਿਲਾਂ ਨਾਮੁਮਕਿਨ ਸੀ। ਸਾਨੂੰ ਪਰਿਵਾਰ ਵਿੱਚ ਵੱਧ ਤੋਂ ਵੱਧ ਸਮਾਂ ਗੁਜਾਰਨ ਦਾ ਅਵਸਰ ਵੀ ਪ੍ਰਾਪਤ ਹੋਇਆ ਹੈ। ਸਭ ਤੋਂ ਅਹਿਮ ਗੱਲ ਹੈ ਕਿ ਗਰੀਬ ਵਰਗ ਦਾ ਇਸ ਨਾਲ ਵੱਡਾ ਨੁਕਸਾਨ ਹੋਇਆ ਹੈ, ਜੋ ਗਰੀਬ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ , ਉਸਦਾ ਕੰਮ ਬੰਦ ਹੋਣ ਕਾਰਨ ਸਾਰਾ ਧੰਦਾ ਹੀ ਚੌਪਟ ਹੋ ਗਿਆ। ਇਸ ਨਾਲ ਇੱਕ ਹੋਰ ਵੱਡਾ ਨੁਕਸਾਨ ਸਕੂਲ ਵਿੱਚ ਪੜੵਨ ਵਾਲੇ ਵਿਦਿਆਰਥੀਆਂ ਦਾ ਹੋਇਆ ਹੈ। ਭਾਵੇਂ ਕਿ ਆਨ ਲਾਈਨ ਪੜਾਈ ਨਾਲ ਬੱਚੇ ਕੁੱਝ ਹੱਦ ਤੱਕ ਪੜਾਈ ਨਾਲ ਜੁੜੇ ਹਨ ਪਰ ਫਿਰ ਵੀ ਕਈ ਅਨਪੜ੍ਹ ਮਾਪੇ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਹ ਕੁਦਰਤੀ ਆਫਤ ਦੇ ਵਾਪਰਨ ਦੀ ਕੋਈ ਪਹਿਲੀ ਕਹਾਣੀ ਨਹੀਂ ਹੈ ਸਗੋਂ ਇਤਿਹਾਸ ਵਿੱਚ ਪਹਿਲਾਂ ਵੀ ਕਈ ਵਾਰੀ ਅਜਿਹੀਆਂ ਹੋਰ ਵੀ ਕੁਦਰਤੀ ਮਹਾਂਮਾਰੀਆਂ ਵੀ ਫੈਲੀਆਂ ਹਨ। 165 ਤੋਂ 180 ਈਸਵੀ ਦੇ ਦਰਮਿਆਨ ਪਲੇਗ ਨਾਲ ਪੰਜਾਹ ਲੱਖ ਲੋਕਾਂ ਦੀ ਮੌਤ ਹੋਈ ਸੀ। ਇਸਤੋਂ ਮਗਰੋਂ 735 ਤੋਂ 737 ਈਸਵੀ ਦਰਮਿਆਨ ਜਪਾਨ ਵਿੱਚ ਛੋਟੀ ਮਾਤਾ ਨਾਲ ਦਸ ਲੱਖ ਦੇ ਕਰੀਬ ਲੋਕ ਮਰੇ ਸਨ। 1747 ਤੋਂ 1751 ਈਸਵੀ ਵਿੱਚ ਚੂਹੇ ਤੇ ਮੱਖੀਆਂ ਨਾਲ ਯੂਰਪ ਤੇ ਏਸੀਆ ਵਿੱਚ ਵੀਹ ਮਿਲੀਅਨ ਲੋਕਾਂ ਦੀ ਮੌਤ ਹੋਈ ਸੀ। 1918-19 ਈਸਵੀ ਵਿੱਚ ਦੁਨੀਆਂ ਭਰ ਵਿੱਚ ਸਪੈਨਿਸ ਫਲੂ ਨਾਲ ਚਾਰ-ਪੰਜ ਕਰੋੜ ਲੋਕਾਂ ਦੀ ਜਾਨ ਗਈ ਸੀ। ਸੰਨ 1981 ਵਿੱਚ ਐੱਚ.ਆਈ. ਵੀ.(ਏਡਜ) ਨਾਲ ਤਿੰਨ ਕਰੋੜ ਲੋਕਾਂ ਦੀ ਜਾਨ ਗਈ ਸੀ। ਸੰਨ 2009-10 ਵਿੱਚ ਸਵਾਈਨ ਫਲੂ ਨਾਲ ਦੁਨੀਆਂ ਭਰ ਵਿੱਚ ਦੋ ਲੱਖ ਲੋਕਾਂ ਦੀ ਮੌਤ ਹੋਈ ਸੀ। ਇਸਤੋਂ ਮਗਰੋਂ ਸੰਨ 2002 ਵਿੱਚ ਸਾਰਸ, ਸੰਨ 2014 ਵਿੱਚ ਏਬੋਲਾ ਨਾਲ ਕਰੋੜਾਂ ਲੋਕਾਂ ਦੀ ਮੌਤ ਹੋਈ। ਦਸੰਬਰ, 2019 ਦੇ ਅਖੀਰ ਵਿੱਚ ਕੋਰੋਨਾ ਦੀ ਸ਼ੁਰੂਆਤ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਸੀ, ਜਿਹੜੀ ਸੰਨ 2020 ਦੇ ਸ਼ੁਰੂ ਵਿੱਚ ਸਾਰੇ ਸੰਸਾਰ ਵਿੱਚ ਅੱਗ ਵਾਂਗ ਫੈਲ ਗਈ। ਅੱਜ ਭਾਵੇਂ ਮਈ ਮਹੀਨੇ ਦੇ ਅੱਧ ਵਿੱਚ ਸੰਸਾਰ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 44,43,981ਹੈ, ਜਿਨ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ। ਛੇ ਮਹੀਨੇ ਤੋਂ ਚਲਿਆ ਆ ਰਿਹਾ ਇਹ ਮਹਾਂਮਾਰੀ ਦਾ ਸਿਲਸਿਲਾ ਪਤਾ ਨਹੀਂ ਕਦੋਂ ਤੱਕ ਚੱਲੂਗਾ। ਅਜੇ ਤੱਕ ਕਿਸੇ ਵੀ ਦੇਸ ਤੋੰ ਇਸ ਮਹਾਂਮਾਰੀ ਦੀ ਦਵਾਈ ਨਾ ਬਣਨਾ ਤੇ ਐਨੀਆਂ ਬੇਸ਼ਕੀਮਤੀ ਜਾਨਾਂ ਦਾ ਜਾਣਾ ਬੜੇ ਅਚੰਭੇ ਵਾਲੀ ਗੱਲ ਹੈ। ਭਾਵੇਂ ਕਿ ਇਸ ਔਖੇ ਸਮੇਂ ਦੌਰਾਨ ਡਾਕਟਰਾਂ ਤੇ ਨਰਸਾਂ ਦੀ ਪ੍ਰਸ਼ੰਸਾ ਹੋ ਰਹੀ ਹੈ ਪਰ ਫਿਰ ਵੀ ਸਾਡੀਆਂ ਮੈਡੀਕਲ ਸਿਹਤ ਸੇਵਾਵਾਂ ਤੇ ਵੱਡੇ ਪ੍ਰਸ਼ਨ ਉੱਠ ਰਹੇ ਹਨ। ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਅਸਫਲ ਰਹੀ ਹੈ ਤੇ ਆਪਣੇ ਦੋਸ਼ ਦਾ ਠੀਕਰਾ ਹੋਰ ਪਾਸੇ ਭੰਨ ਰਹੀ ਹੈ। ਇਸ ਕੋਰੋਨਾ ਮਹਾਂਮਾਰੀ ਨਾਲ ਨਸ਼ਾਤੰਤਰ ਨੂੰ ਇਕਦਮ ਕਿਵੇਂ ਠੱਲ ਪੈ ਗਈ ਹੈ ਤੇ ਹੋਰ ਕਈ ਕੁੱਝ ਜਿਵੇਂ ਪਖੰਡੀ ਬਾਬਾਵਾਦ ਆਦਿ ਆਪਣੇ-ਆਪ ਸਵਾਲਾਂ ਦੇ ਘੇਰੇ ਵਿੱਚ ਹੈ। ਹੁਣ ਭਾਵੇਂ ਲਾਕਡਾਉਨ ਵਿੱਚ ਥੋੜੀ ਖੁੱਲ੍ਹ ਦੇ ਕੇ ਲੋਕਾਂ ਨੂੰ ਆਪਣੇ ਕੰਮ ਧੰਦੇ ਚਲਾਉਣ ਲਈ ਸਰਕਾਰ ਨੇ ਥੋੜੀ ਪਹਿਲਕਦਮੀ ਕਦਮੀਂ ਕੀਤੀ ਹੈ ਪਰ ਠੇਕਿਆਂ ਨੂੰ ਪਹਿਲ ਦੇ ਅਧਾਰ ਤੇ ਖੋਲਣ ਦਾ ਸਰਕਾਰ ਦਾ ਫੈਸਲਾ ਕਾਫੀ ਵਿਵਾਦ ਦਾ ਮੁੱਦਾ ਬਣਿਆ ਹੈ। ਇਹ ਅੱਜ ਦੇ ਮੁੱਦੇ ਭਾਵੇਂ ਭਵਿੱਖ ਵਿੱਚ ਆਉਣ ਵਾਲੇ ਮੁੱਦੇ ਉਦੋਂ ਤੱਕ ਸੁਲਝ ਨਹੀਂ ਸਕਦੇ, ਜਦੋਂ ਤੱਕ ਮਨੁੱਖ ਵਿੱਚ ਪੂਰੀ ਤਰਾਂ ਜਾਗ੍ਰਿਤੀ ਨਹੀਂ ਆਉਂਦੀ। ਇਹ ਸਾਡੀ ਨਾਕਾਮੀ ਰਹੀ ਹੈ ਕਿ ਅਸੀਂ ਗਲਤ ਸਰਕਾਰਾਂ ਜਾਂ ਗਲਤ ਨੁਮਾਇੰਦਿਆਂ ਨੂੰ ਚੁਣ ਕੇ ਭਲੇ ਦੀ ਆਸ ਕਰਦੇ ਹਾਂ ਜਾਂ ਆਪਣੇ ਸੁਆਰਥ ਲਈ ਕੁਦਰਤ ਨਾਲ ਛੇੜਛਾੜ ਕਰਕੇ ਚੰਗਾ ਵਾਪਰਨ ਦੀ ਆਸ ਕਰਦੇ ਹਾਂ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761