ਰਜਨੀ ਵਾਲੀਆ, ਕਪੂਰਥਲਾ।
ਕਿਸ ਰਿਸ਼ਤੇ ਤੇ ਮਾਣ ਕਰਾਂ,
ਰਿਸ਼ਤੇ ਤਾਂ ਸਭ ਪਰਾਏ ਨੇਂ।
ਆਪਣੇਂ ਹਰ ਮਤਲਬ ਲਈ,
ਬੰਦੇ ਨੇਂ ਆਪ ਬਣਾਏ ਨੇਂ।
ਕੋਈ ਮਾਂ ਪਿਉ ਦਾ ਰਿਸ਼ਤਾ,
ਤੇ ਕੋਈ ਯਾਰ ਦਾ ਰਿਸ਼ਤਾ।
ਸਭ ਰਿਸ਼ਤਿਆਂ ਵਿੱਚ ਵੇਖੀਂ,
ਜਿੱਤ ਤੇ ਹਾਰ ਦਾ ਰਿਸ਼ਤਾ।
ਸਭ ਪੈਸੇ ਨੇਂ ਪਾਲੇ ਨੇਂ,
ਚੁਫੇਰੇ ਪੈਸੇ ਹੀ ਛਾਏ ਨੇਂ।
ਕਿਸ ਰਿਸ਼ਤੇ ਤੇ ਮਾਣ ਕਰਾਂ
ਬਿਨ ਪੈਸੇ ਕੋਈ ਸਾਕ ਨਾ ਪੁੱਛੇ,
ਬਿਨ ਪੈਸੇ ਨਾ ਰਿਸ਼ਤੇਦਾਰੀ।
ਸਭ ਡਿਗਰੀਆਂ ਜ਼ੀਰੋ ਜ਼ੀਰੋ,
ਕੁਰਸੀ ਪੈਸੇ ਨਾਲ ਮਿਲੇ ਸਰਕਾਰੀ।
ਚੰਗੇ ਹੋਣ ਜਾਂ ਮਾੜੇ ਦਿਨ,
ਸਭਨਾਂ ਨੇਂ ਹੰਢਾਏ ਨੇਂ।
ਕਿਸ ਰਿਸ਼ਤੇ ਤੇ ਮਾਣ ਕਰਾਂ
ਕੋਈ ਭੈਣ ਦਾ ਰਿਸ਼ਤਾ,
ਕੋਈ ਵੀਰ ਦਾ ਰਿਸ਼ਤਾ ਏ।
ਸਭ ਪਾਸਾ ਵੱਟ ਜਾਂਦੇ,
ਪੈਸਾ ਨਾ ਮਿਲਦਾ ਜੇ।
ਬਿਨਾਂ ਪੈਸੇ ਦੇ ਦੱਸੋ,
ਕਿਸਨੇ ਸਾਥ ਨਿਭਾਏ ਨੇਂ।
ਕਿਸ ਰਿਸ਼ਤੇ ਤੇ ਮਾਣ ਕਰਾਂ
ਪੈਸਾ ਨਾਚ ਨਚਾਉਂਦਾ ਏ,
ਇਨਸਾਨ ਵੀ ਨੱਚਦਾ ਏ।
ਓ ਤੈਨੂੰ ਸਮਝ ਕਦੋਂ ਆਉਣੀਂ
ਏ ਤੇਰਾ ਭਾਂਡਾ ਕੱਚਦਾ ਏ।
ਓ ਖੁਦ ਵੀ ਸਤਿਆ ਏ,
ਜਿੰਨੇ ਲੋਕ ਸਤਾਏ ਨੇਂ।
ਕਿਸ ਰਿਸ਼ਤੇ ਤੇ ਮਾਣ ਕਰਾਂ
ਸਭਨਾਂ ਦਿਲਾਂ ਦੇ ਵਿੱਚੋ ਓ,
ਮੁਹੱਬਤ ਮਰ ਗਈ ਏ।
ਖੁਸ਼ਕ ਸੁਭਾਅ ਹੋ ਗਏ,
ਮੇਰੀ ਰੂਹ ਤੱਕ ਡਰਗੀ ਏ।
ਹੁੰਗਾਰਾ ਨਈਂ ਮਿਲਿਆ,
ਅਸਾਂ ਹੱਥ ਵਧਾਏ ਨੇਂ।
ਕਿਸ ਰਿਸ਼ਤੇ ਤੇ ਮਾਣ ਕਰਾਂ
ਰਜਨੀ ਹਰ ਰਿਸ਼ਤੇ ਵਿੱਚ,
ਬਹਿ ਕੇ ਹੁਣ ਮਤਲਬ ਰੋਂਦਾ ਏ।
ਜਿੰਨੇਂ ਇਸ਼ਕ ਰੂਹੋਂ ਕੀਤਾ,
ਓ ਦੱਸ ਕਿੱਥੇ ਸੌਂਦਾ ਏ।
ਓ ਸੁਖੀ ਨਈਂ ਰਹਿੰਦਾ,
ਜਿੰਨੇ ਰਿਸ਼ਤੇ ਠੁਕਰਾਏ ਨੇਂ।
ਕਿਸ ਰਿਸ਼ਤੇ ਤੇ ਮਾਣ ਕਰਾਂ
ਸਭ ਰਿਸ਼ਤੇ ਪਰਾਏ ਨੇਂ