ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਸਰਕਾਰ ਨੇ ਜਨਤਕ ਟ੍ਰਾਂਸਪੋਰਟ ਪ੍ਰਣਾਲੀ ਨੂੰ ਵਧੀਆ ਬਣਾਉਣ ਲਈ ਬ੍ਰਿਟੇਨ ਦੀਆਂ ਸੜਕਾਂ ਅਤੇ ਰੇਲਵੇ ਲਈ 2 ਬਿਲੀਅਨ ਪੌਂਡ ਦਾ ਐਲਾਨ ਕੀਤਾ ਹੈ। ਰੋਜ਼ਾਨਾ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਬੋਲਦੇ ਹੋਏ ਟਰਾਂਸਪੋਰਟ ਸੱਕਤਰ ਗ੍ਰਾਂਟ ਸ਼ੈੱਪਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਬ੍ਰਿਟੇਨ ਕੋਰਨਾਵਾਇਰਸ ਦੀ ਗ੍ਰਿਫਤ ਵਿੱਚੋਂ ਬਾਹਰ ਨਿਕਲਣ ਲਈ ਤਿਆਰ ਹੈ, ਮੈਂ ਸਾਡੀਆਂ ਸੜਕਾਂ ਅਤੇ ਰੇਲਵੇ ਲਈ £ 2 ਬਿਲੀਅਨ ਦਾ ਐਲਾਨ ਕਰਦਾ ਹਾਂ।” ਇਸ ਪੈਕੇਜ ਵਿੱਚ ਸਥਾਨਕ ਸੜਕਾਂ ਸ਼ਾਮਲ ਹਨ ਜੋ ਡਰਾਈਵਰਾਂ, ਮੋਟਰਸਾਈਕਲ ਸਵਾਰਾਂ, ਸਾਈਕਲ ਸਵਾਰਾਂ, ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੰਵਾਰੀਆਂ ਜਾਣਗੀਆਂ। ਸਰਕਾਰ ਨੇ ਇੰਗਲੈਂਡ ਵਿਚ ਹਰ ਮੋਟਰਵੇਅ ਸਰਵਿਸ ਖੇਤਰ ਲਈ 2023 ਤਕ ਘੱਟੋ ਘੱਟ ਛੇ ਅਤਿ-ਤੇਜ਼ ਇਲੈਕਟ੍ਰਿਕ ਵਾਹਨ ਚਾਰਜ ਪੁਆਇੰਟ ਸਥਾਪਤ ਕਰਨ ਦਾ ਟੀਚਾ ਮਿਥਿਆ ਹੈ। ਇਹ ਡਰਾਈਵਰਾਂ ਨੂੰ ਲਗਭਗ 15 ਮਿੰਟਾਂ ਵਿੱਚ ਆਪਣੀਆਂ ਕਾਰਾਂ ਦਾ ਰਿਚਾਰਜ ਕਰਨ ਦੀ ਸਹੂਲਤ ਦੇਵੇਗਾ, ਜੋ ਕਿ ਆਮ ਨਾਲੋਂ ਤਿੰਨ ਗੁਣਾ ਤੇਜ਼ ਹੈ। ਸ਼ੈਪਸ ਨੇ ਕਿਹਾ ਕਿ ਇਹ ਸਮਾਂ ਆ ਗਿਆ ਹੈ ਕਿ ਸਾਡੀ ਨਵੀਂ ਮਿਲੀ ਸਮਰੱਥਾ ਦਾ ਗਤੀ ਨਾਲ ਜਵਾਬ ਦੇਣ ਅਤੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਬਿਹਤਰ ਬਣਾਉਣ ਲਈ ਇਸਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਤੇਜ਼ੀ ਨਾਲ ਹੋਰ ਵੱਡੇ ਪ੍ਰਾਜੈਕਟ ਪੂਰੇ ਕਰ ਲਏ ਹਨ ਜਿਵੇਂ ਕਿ ਨਵੇਂ ਹਸਪਤਾਲ ਬਣਾਉਣ ਅਤੇ ਜਨਤਕ ਸੇਵਾਵਾਂ ਨੂੰ ਆਨ ਲਾਈਨ ਲਿਜਾਣਾ, ਉਹਨਾਂ ਅੱਗੇ ਕਿਹਾ: ‘ਅਸੀਂ ਇਸ ਰਫ਼ਤਾਰ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ’।