ਕੁਲਜੀਤ ਕੌਰ ਗ਼ਜ਼ਲ
ਇੱਕ ਤੇਰੇ ਅੱਗੇ ਮਿਹਰ ਦੀ ਫਰਿਆਦ ਕੁਦਰਤ ਰਾਣੀਏ,
ਰਹਿਣਦੇ ਇਹ ਬਸਤੀਆਂ ਆਬਾਦ ਕੁਦਰਤ ਰਾਣੀਏ।
ਚੋਰ ਦਾ ਹੀ ਸ਼ੋਰ ਹੈ, ਮਜ਼ਲੂਮ ਤਾਂ ਖਾਮੋਸ਼ ਹੈ
ਬੰਦਾ ਦਰਿੰਦਾ ਹੈ, ਮਗਰ ਮਾਸੂਮ ਦਾ ਕੀ ਦੋਸ਼ ਹੈ ?
ਨਾ ਹੋਣ ਦੇ ਨਿਰਦੋਸ਼ ਨੂੰ ਬਰਬਾਦ ਕੁਦਰਤ ਰਾਣੀਏ…।

ਇੱਕ ਤੇਰੇ ਅੱਗੇ ਮਿਹਰ ਦੀ ਫਰਿਆਦ ਕੁਦਰਤ ਰਾਣੀਏ।
ਰਹਿਣਦੇ ਇਹ ਬਸਤੀਆਂ ਆਬਾਦ ਕੁਦਰਤ ਰਾਣੀਏ ।
ਮੰਨਿਆ ਜੁਲਮ ਦਾ ਦੌਰ ਹੈ, ਪਰ ਹਰ ਮਨੁੱਖ ਜ਼ਾਲਮ ਨਹੀਂ
ਕਿਉਂ ਹੈ ਸਜਾ ਸਭ ਦੇ ਲਈ? ਗੁਨਾਹਗਾਰ ਕੁੱਲ ਆਲਮ ਨਹੀਂ
ਇਹ ਕੈਸਾ ਹੈ ਤੂੰ ਛੇੜਿਆ ਜਿਹਾਦ ਕੁਦਰਤ ਰਾਣੀਏ ?
ਇੱਕ ਤੇਰੇ ਅੱਗੇ ਮਿਹਰ ਦੀ ਫਰਿਆਦ ਕੁਦਰਤ ਰਾਣੀਏ,
ਰਹਿਣਦੇ ਇਹ ਬਸਤੀਆਂ ਆਬਾਦ ਕੁਦਰਤ ਰਾਣੀਏ।
ਇਹ ਡਗਮਗਾਉਂਦੀ ਜਿੰਦਗੀ, ਕਿਤੇ ਮੌਤ ਹੈ ਕਿਤੇ ਭੁੱਖ ਹੈ
ਕਿਉਂ ਬੇ-ਹਿਸਾਬਾ, ਬੇ-ਲਿਹਾਜਾ, ਲਾ-ਇਲਾਜਾ ਦੁੱਖ ਹੈ ?
ਕਰ ਦੇ ਅਜਿਹੇ ਦੁੱਖ ਤੋਂ ਆਜ਼ਾਦ ਕੁਦਰਤ ਰਾਣੀਏ…।
ਇੱਕ ਤੇਰੇ ਅੱਗੇ ਮਿਹਰ ਦੀ ਫਰਿਆਦ ਕੁਦਰਤ ਰਾਣੀਏ,
ਰਹਿਣਦੇ ਇਹ ਬਸਤੀਆਂ ਆਬਾਦ ਕੁਦਰਤ ਰਾਣੀਏ।
ਡਿਕਡੋਲੇ ਖਾਂਦਾ ਧਰਮ ਕਿਉਂ ? ਕਿੱਥੇ ਗਿਆ ਈਮਾਨ ਹੈ ?
ਇਹ ਲਾਲ ਕਿਉਂ ਅਸਮਾਨ ਹੈ ? ਇਹ ਧਰਤ ਕਿਉਂ ਪਰੇਸ਼ਾਨ ਹੈ ?
ਤੇਰੀ ਹੋ ਗਈ ਔਲਾਦ ਕਿਉਂ ਜੱਲਾਦ ਕੁਦਰਤ ਰਾਣੀਏ ?
ਇੱਕ ਤੇਰੇ ਅੱਗੇ ਮਿਹਰ ਦੀ ਫਰਿਆਦ ਕੁਦਰਤ ਰਾਣੀਏ,
ਰਹਿਣਦੇ ਇਹ ਬਸਤੀਆਂ ਆਬਾਦ ਕੁਦਰਤ ਰਾਣੀਏ।
ਬੰਦੇ, ਪਰਿੰਦੇ, ਜਾਨਵਰ, ਫੁੱਲ- ਬੂਟੇ, ਕੀੜੇ- ਮੱਕੜੀਆਂ,
ਸਭਨਾਂ ਦੇ ਸਾਹ ਦੀਆਂ ਡੋਰੀਆਂ ਤੇਰੇ ਹੱਥਾਂ ਵਿੱਚ ਨੇ ਪਕੜੀਆਂ
ਛਿੜਿਆ ਰਹੇ ਤੇਰੇ ਪਿਆਰ ਵਾਲਾ ਨਾਦ ਕੁਦਰਤ ਰਾਣੀਏ।
ਇੱਕ ਤੇਰੇ ਅੱਗੇ ਮਿਹਰ ਦੀ ਫਰਿਆਦ ਕੁਦਰਤ ਰਾਣੀਏ,
ਰਹਿਣਦੇ ਇਹ ਬਸਤੀਆਂ ਆਬਾਦ ਕੁਦਰਤ ਰਾਣੀਏ।