ਗੁਰਮੇਲ ਕੌਰ ਸੰਘਾ (ਥਿੰਦ) ਲੰਡਨ
ਚੰਗੀਆਂ ਯਾਦਾਂ ਮਾਂਵਾਂ ਜਿਹੀਆਂ,
ਚੁੰਮ ਮੱਥਾ ਭਰਨ ਕਲ਼ਾਵੇ।
ਗੁਜ਼ਰੇ ਪਲਾਂ ਦੀ ਗੱਠੜੀ ਦੇ ਕੇ,
ਮਸਤੀ ਨਾਲ ਰੰਝਾਵੇ।
ਕੋਈ ਯਾਦ ਬੱਚੇ ਜਿਹੀ ਲੱਗਦੀ,
ਗੋਦੀ ਚੁੱਕ ਖਿਡਾਵਾਂ।
ਬੀਤ ਗਈਆਂ ਦੇ ਹਾਸੇ-ਹਉਂਕੇ,
ਲੋਰੀ ਵਾਂਗ ਸੁਣਾਵਾਂ।
ਵਿਛੜ ਗਿਆਂ ਦੀ ਯਾਦ ਪੰਖੇਰੂ,
ਬਣਕੇ ਸੀਨਾ ਡੁੰਗੇ।
ਦੁੱਖ-ਝੱਖੜਾਂ ਦਾ ਭੰਨਿਆਂ ਹਿਰਦਾ,
ਅੰਦਰੋ ਅੰਦਰੀ ਹੂੰਗੇ।
ਕੋਈ ਤਾਂ ਯਾਦ ਬੇਦਰਦ ਮੌਤ ਜਿਹੀ,
ਬਿਨ ਦੱਸੇ ਆ ਵਰ੍ਹਦੀ।
ਜੋ ਨਾ ਵੇਖੇ ਰਾਜਾ, ਰੰਕ, ਅੰਗ-ਸਾਕ,
ਨਾਹੀਂ ਦਰਦੀ।
ਯਾਦ ਸਿਓਂਕ, ਰੁੱਖ ਰੂਪੀ ਜਿੰਦ ਨੂੰ,
ਅੰਦਰੇ ਅੰਦਰ ਖ਼ਾਵੇ।
ਆਸਾਂ ਦੇ ਪੱਤ ਪੀਲ਼ੇ ਪੈ ਗਏ,
ਵਸਲ ਫ਼ਲ਼ ਨਾ ਆਵੇ।
ਵਾਵਰੋਲ਼ੇ ਯਾਦਾਂ, ਦਿਲ ਨੂੰ ਕੰਬਣੀਂ,
ਦੇ ਜਾਣ ਖਹਿ ਕੇ।
ਮਨ ਦਾ ਚੈਨ ਚੁਰਾ ਲੈਣ ‘ਸੰਘਾ’,
ਖ਼ਾਰੇ ਹੰਝੂ ਦੇ ਕੇ।