4.6 C
United Kingdom
Sunday, April 20, 2025

More

    ਚੰਨ ਸਿੰਘ ਠੱਗਿਆ ਗਿਆ

    ਡਾ. ਨਿਸ਼ਾਨ ਸਿੰਘ ਰਾਠੌਰ

    ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ

    ‘ਚੰਨ ਸਿੰਘ ਠੱਗਿਆ ਗਿਆ!!!’ ਇਹ ਖ਼ਬਰ ਸੁਣ ਕੇ ਪੂਰੇ ਬਾਜ਼ਾਰ ’ਚ ਕਿਸੇ ਵੀ ਦੁਕਾਨਦਾਰ ਨੂੰ ਯਕੀਨ ਨਾ ਹੋਇਆ ਕਿ ਚੰਨ ਸਿੰਘ ਨਾਲ ਵੀ ਠੱਗੀ ਵੱਜ ਸਕਦੀ ਹੈ। ਚੰਨ ਸਿੰਘ ਫੋਟੋਗ੍ਰਾਫ਼ਰ ਤਾਂ ਵਧੀਆ ਹੈ ਹੀ ਸੀ ਸਗੋਂ ਬੰਦਾ ਵੀ ਬਹੁਤ ਚਾਲਾਕ ਅਤੇ ਸੂਝਵਾਨ ਸੀ। ਉਹ ਆਪਣੇ ਗਾਹਕਾਂ ਨੂੰ ਮਿੱਠੀ ਬੋਲ- ਬਾਣੀ ਕਰਕੇ ਟੁੱਟਣ ਨਹੀਂ ਸੀ ਦੇਂਦਾ। ਇਸ ਲਈ ਉਸਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ। ਪਰ! ਏਨਾ ਤੇਜ਼ ਦਿਮਾਗ ਬੰਦਾ ਠੱਗਿਆ ਕਿਵੇਂ ਗਿਆ? ਬਾਜ਼ਾਰ ਦਾ ਹਰ ਦੁਕਾਨਦਾਰ ਏਸੇ ਸ਼ਸ਼ੋਪੰਜ ’ਚ ਸੀ।

    ਸੂਰਜ ਨੇ ਜਿਵੇਂ ਹੀ ਆਪਣੀ ਰੰਗਤ ਫ਼ੜੀ ਤਾਂ ਆਂਡ- ਗੁਆਂਡ ਦੇ ਦੋ- ਚਾਰ ਦੁਕਾਨਦਾਰ ਘਟਨਾ ਦੀ ਪੂਰੀ ਜਾਣਕਾਰੀ ਲੈਣ ਲਈ ਫੋਟੋਗ੍ਰਾਫ਼ਰ ਚੰਨ ਸਿੰਘ ਦੀ ਦੁਕਾਨ ਤੇ ਪਹੁੰਚ ਗਏ।

    ‘ਬਈ ਚੰਨ ਸਿਆਂ, ਸੁਣਿਐ ਕਿਸੇ ਠੱਗ ਨੇ ਤੈਨੂੰ ਠੱਗ ਲਿਐ।’ ਤਰਸੇਮ ਲਾਲ ਸੁਨਿਆਰੇ ਨੇ ਚੰਨ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ।
    ‘ਹਾਂ ਲਾਲਾ ਜੀ, ਸੱਚ ਸੁਣਿਐ ਤੁਸੀਂ।’ ਚੰਨ ਸਿੰਘ ਨੇ ਐਵੇਂ ਦਾ ਮੂੰਹ ਬਣਾਇਆ ਕਿ ਤਰਸੇਮ ਲਾਲ ਦਾ ਹਾਸਾ ਨਿਕਲ ਗਿਆ। ਉਸਨੇ ਝੱਟ ਆਪਣੇ ਮੂੰਹ ਤੇ ਰੂਮਾਲ ਰੱਖ ਲਿਆ।

    ‘ਕਿਵੇਂ?’ ਸੁਰਜੀਤ ਸਿੰਘ ਕਪੜੇ ਵਾਲੇ ਨੇ ਆਪਣਾ ਹਾਸਾ ਰੋਕਦਿਆਂ ਪੁੱਛਿਆ।
    ‘ਹਫ਼ਤਾ ਕੂ ਪਹਿਲਾਂ ਇੱਕ ਬੰਦਾ ਮੇਰੀ ਦੁਕਾਨ ਤੇ ਆਇਆ ਤੇ ਪੰਜ ਸੋ ਰੁਪਏ ਦੇ ਕੇ ਆਂਹਦਾ।
    ‘ਚੰਨ ਸਿੰਘ ਜੀ, ਮੇਰੇ ਭਰਾ ਦਾ ਵਿਆਹ ਹੈ। ਇਸ ਲਈ ਵਿਆਹ ਤੇ ਤੁਸੀਂ ਫ਼ੋਟੋਆਂ ਖਿੱਚਣੀਆਂ ਹਨ।’
    ‘ਕਦੋਂ?’ ਮੈਂ ਉਸ ਨੂੰ ਪੁੱਛਿਆ ਤਾਂ ਉਹ ਆਂਹਦਾ।
    ‘ਅਗਲੇ ਮਹੀਨੇ 28 ਤਾਰੀਕ ਨੂੰ।’

    ‘ਠੀਕ ਹੈ।’ ਆਖ ਕੇ ਮੈਂ ਪੈਸੇ ਰੱਖ ਲਏ ਅਤੇ ਕਾਪੀ ਤੇ ਉਸਦਾ ਨਾਮ ਅਤੇ ਘਰ ਦਾ ਪਤਾ ਨੋਟ ਕਰ ਲਿਆ।
    ‘ਅੱਛਾ! ਫ਼ੇਰ?’ ਤਰਸੇਮ ਲਾਲ ਨੇ ਕਾਹਲੀ ਨਾਲ ਪੁੱਛਿਆ। ਸਾਰੇ ਦੁਕਾਨਦਾਰ ਚੰਨ ਸਿੰਘ ਦੇ ਮੂੰਹ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਐਵੇਂ ਦੇਖ ਰਹੇ ਸਨ ਜਿਵੇਂ ਨਿੱਕੇ ਬੱਚੇ ਸਕੂਲ ’ਚ ਆਪਣੇ ਟੀਚਰ ਵੱਲ ਦੇਖਦੇ ਹਨ।
    ਪਰਸੋਂ ਉਹੀ ਬੰਦਾ ਫ਼ੇਰ ਆਇਆ ਤੇ ਆਂਹਦਾ।
    ‘ਚੰਨ ਸਿੰਘ ਜੀ, ਮੈਂ ਆਪਣੇ ਭਰਾ ਦੇ ਵਿਆਹ ਲਈ ਤੁਹਾਨੂੰ ਫੋਟੋਆਂ ਖਿੱਚਣ ਲਈ ਬੁਕ ਕੀਤਾ ਸੀ।’
    ‘ਹਾਂ ਜੀ, ਮੈਨੂੰ ਯਾਦ ਹੈ।’ ਮੈਂ ਉਸਨੂੰ ਪਛਾਣ ਲਿਆ ਸੀ।
    ‘ਚਲੋ ਫ਼ੇਰ, ਮੇਰੇ ਨਾਲ।’ ਉਹ ਆਂਹਦਾ।

    ਮੈਂ ਆਪਣਾ ਕਾਰੀਗਰ ਉਸ ਬੰਦੇ ਨਾਲ ਭੇਜ ਦਿੱਤਾ ਜਿਹੜਾ ਇੱਕ ਮਹੀਨਾ ਪਹਿਲਾਂ ਪੰਜ ਸੋ ਰੁਪਏ ਦੇ ਕੇ ਗਿਆ ਸੀ ਅਤੇ ਸਾਨੂੰ ਫੋਟੋਆਂ ਲਈ ਬੁਕ ਕਰ ਗਿਆ ਸੀ।
    ‘ਫ਼ੇਰ!!!’
    ਫ਼ੇਰ ਕੀ, ਉਹ ਠੱਗ ਜਦੋਂ ਪਿੰਡ ਦੇ ਕੋਲ ਪਹੁੰਚਿਆ ਤਾਂ ਮੇਰੇ ਕਾਰੀਗਰ ਨੂੰ ਆਂਹਦਾ।
    ‘ਬਈ, ਮੈਂ ਤਾਂ ਸ਼ਹਿਰ ਆਪਣੇ ਕਪੜੇ ਭੁੱਲ ਆਇਆ ਹਾਂ। ਕੱਲ੍ਹ ਨੂੰ ਬਾਰਾਤ ਨਾਲ ਜਾਣਾ ਹੈ, ਇਸ ਲਈ ਤੂੰ ਏਥੇ ਰੁਕ। ਮੈਂ ਕਪੜੇ ਚੁੱਕ ਲਿਆਵਾਂ।’
    ਮੇਰਾ ਕਾਰੀਗਰ ਮੰਨ ਗਿਆ ਤੇ ਉਹ ਠੱਗ ਮੁੜਕੇ ਵਾਪਸ ਮੇਰੀ ਦੁਕਾਨ ਤੇ ਆ ਗਿਆ ਤੇ ਆਉਂਦਿਆਂ ਹੀ ਨਾਰਾਜ਼ ਹੁੰਦਿਆਂ ਬੋਲਿਆ।
    ‘ਕੀ ਬੋਲਿਆ ਉਹ ਠੱਗ?’ ਕਿਸ਼ੋਰੀ ਲਾਲ ਨਾਰੰਗ ਨੇ ਕਾਹਲੀ ਨਾਲ ਪੁੱਛਿਆ।

    ਉਹ ਆਂਹਦਾ ‘ਚੰਨ ਸਿੰਘ ਜੀ, ਤੁਹਾਡਾ ਕੈਮਰਾ ਤਾਂ ਚੱਲਿਆ ਹੀ ਨਹੀਂ, ਉੱਧਰ ਮੁੰਡੇ ਨੂੰ ਨੁਹਾਉਣ ਲੱਗੇ ਨੇ, ਛੇਤੀ ਕਰੋ ਨਵਾਂ ਕੈਮਰਾ ਦਿਓ, ਤੁਹਾਡੇ ਕਾਰੀਗਰ ਨੇ ਕਿਹਾ ਹੈ ਕਿ ਨਵਾਂ ਕੈਮਰੇ ਛੇਤੀ ਚੁੱਕ ਲਿਆਓ, ਦੁਕਾਨ ਤੋਂ।’
    ‘ਵਾਹ ਬਈ ਵਾਹ! ਕਿਆ ਚਤੁਰ ਨਿਕਲਿਆ…!’ ਤਰਸੇਮ ਲਾਲ ਨੇ ਫ਼ੇਰ ਵਿਚੇ ਹੀ ਬੋਲਦਿਆਂ ਕਿਹਾ।
    ‘ਹਾਂ ਲਾਲਾ ਜੀ, ਠੱਗ ਸੱਚਮੁਚ ਬਹੁਤ ਤੇਜ਼ ਦਿਮਾਗੀ ਬੰਦਾ ਸੀ।’ ਚੰਨ ਸਿੰਘ ਵੀ ਠੱਗ ਦੇ ਤੇਜ਼ ਦਿਮਾਗ ਨੂੰ ਸਵੀਕਾਰ ਕਰ ਚੁਕਾ ਸੀ।
    ‘ਫ਼ੇਰ!’ ਸੁਰਜੀਤ ਸਿੰਘ ਕਪੜੇ ਵਾਲਾ ਚੰਨ ਸਿੰਘ ਦੇ ਮੂੰਹੋਂ ਪੂਰੀ ਗੱਲ ਸੁਣਨ ਲਈ ਕਾਹਲਾ ਸੀ।

    ‘ਫ਼ੇਰ ਕੀ, ਮੈਂ ਤਾਂ ਉਸ ਤੇ ਵਿਸ਼ਵਾਸ ਕਰ ਚੁਕਾ ਸੀ ਕਿਉਂਕਿ ਉਹ ਬੰਦਾ ਇੱਕ ਮਹੀਨਾ ਪਹਿਲਾਂ ਮੈਨੂੰ ਪੈਸੇ ਦੇ ਗਿਆ ਸੀ, ਫ਼ੇਰ ਮੇਰੇ ਕਾਰੀਗਰ ਨੂੰ ਵੀ ਨਾਲ ਲੈ ਗਿਆ ਸੀ, ਨਾਲੇ ਆਪਣਾ ਨਾਂ, ਪਤਾ ਵੀ ਲਿਖਵਾ ਕੇ ਗਿਆ ਸੀ। ਇਸ ਲਈ ਉਸ ਤੇ ਸ਼ੱਕ ਦੀ ਕੋਈ ਗੁੰਜ਼ਾਇਸ਼ ਹੀ ਨਹੀਂ ਸੀ।’
    ਮੈਂ ਆਪਣਾ ਨਵਾਂ ਕੈਮਰਾ, ਜਿਸਦੀ ਕੀਮਤ ਪੰਜਾਹ ਹਜ਼ਾਰ ਰੁਪਏ ਸੀ, ਉਸ ਠੱਗ ਨੂੰ ਦੇ ਦਿੱਤਾ।
    ਮੇਰਾ ਕਾਰੀਗਰ ਪਿੰਡ ਦੇ ਕੋਲ ਖੜਾ ਰਿਹਾ। ਇਧਰੋਂ ਉਹ ਠੱਗ ਮੇਰਾ ਪੰਜਾਹ ਹਜ਼ਾਰ ਰੁਪਏ ਦਾ ਕੈਮਰਾ ਲੈ ਕੇ ਰਫ਼ੂ-ਚੱਕਰ ਹੋ ਗਿਆ। ਜਦੋਂ ਢਾਈ- ਤਿੰਨ ਘੰਟੇ ਤੱਕ ਉਹ ਨਾ ਪਹੁੰਚਿਆ ਤਾਂ ਮੇਰੇ ਕਾਰੀਗਰ ਨੂੰ ਸ਼ੱਕ ਹੋਇਆ ਅਤੇ ਉਹ ਮੁੜ ਕੇ ਵਾਪਸ ਮੇਰੀ ਦੁਕਾਨ ਤੇ ਆ ਗਿਆ।
    ਮੈਂ ਆਪਣੇ ਕਾਰੀਗਰ ਨੂੰ ਪੁੱਛਿਆ, ‘ਕੈਮਰੇ ਨੂੰ ਕੀ ਗੱਲ ਹੋ ਗਈ?’
    ‘ਕਿਹੜੇ ਕੈਮਰੇ ਨੂੰ?’ ਕਾਰੀਗਰ ਨੇ ਹੈਰਾਨੀ ਨਾਲ ਮੈਨੂੰ ਸਵਾਲ ਪੁੱਛਿਆ।
    ‘ਬਈ, ਜਿਹੜਾ ਬੰਦਾ ਤੇਰੇ ਨਾਲ ਗਿਆ ਸੀ, ਉਹ ਮੇਰੇ ਕੋਲ ਆਇਆ ਸੀ ਅਤੇ ਆਂਹਦਾ ਕਿ ਤੁਹਾਡਾ ਕੈਮਰਾ ਖ਼ਰਾਬ ਹੋ ਗਿਆ ਹੈ। ਉੱਧਰ ਮੁੰਡੇ ਨੂੰ ਨੁਹਾਉਣ ਲੱਗੇ ਹਨ ਅਤੇ ਤੁਹਾਡੇ ਕਾਰੀਗਰ ਨੇ ਨਵਾਂ ਕੈਮਰਾ ਮੰਗਵਾਇਆ ਹੈ।’

    ‘ਮੈਂ ਕੋਈ ਕੈਮਰਾ ਨਹੀਂ ਮੰਗਵਾਇਆ… ਨਾਲੇ ਆਹ ਕੈਮਰਾ ਤਾਂ ਬਿਲਕੁਲ ਠੀਕ ਹੈ।’ ਕਾਰੀਗਰ ਨੇ ਆਪਣਾ ਕੈਮਰਾ ਦਿਖਾਉਂਦੇ ਹੋਏ ਕਿਹਾ।
    ‘ਅੱਛਾ!’
    ‘ਹਾਂ ਜੀ, ਉਹ ਬੰਦਾ ਤਾਂ ਮੈਨੂੰ ਪਿੰਡ ਦੇ ਨੇੜੇ ਸੋਟਰਸਾਈਕਲ ਤੋਂ ਹੇਠਾਂ ਉਤਾਰ, ਆਪ ਮੁੜ ਸ਼ਹਿਰ ਆਪਣੇ ਕਪੜੇ ਲੈਣ ਆਇਆ ਸੀ।’
    ‘ਨਹੀਂ, ਕਾਕਾ। ਉਹ ਤਾਂ ਆਪਣਾ ਕੈਮਰਾ ਲੈ ਗਿਆ।’
    ‘ਲੱਗਦੈ ਚੰਨ ਸਿੰਘ ਜੀ, ਆਪਾਂ ਨੂੰ ਠੱਗਿਆ ਗਿਆ ਹੈ।’ ਕਾਰੀਗਰ ਨੂੰ ਅਸਲ ਗੱਲ ਦਾ ਪਤਾ ਲੱਗ ਗਿਆ ਸੀ ਸ਼ਾਇਦ।
    ‘ਇਹ ਤਾਂ ਬਹੁਤ ਮਾੜੀ ਹੋਈ।’ ਕਿਸ਼ੋਰੀ ਲਾਲ ਬੋਲਿਆ।
    ‘ਬੱਸ ਜੀ, ਇਉਂ ਹੀ ਅਸੀਂ ਠੱਗੇ ਗਏ।’ ਚੰਨ ਸਿੰਘ ਨੇ ਆਪਣੇ ਸਾਥੀ ਦੁਕਾਨਦਾਰਾਂ ਨੂੰ ਸਾਰੀ ਗੱਲ ਦੱਸਦਿਆਂ ਕਿਹਾ।
    ‘ਚੰਨ ਸਿੰਘ ਜੀ ਤੁਸੀਂ ਪਿੰਡ ਜਾ ਕੇ ਉਸਦਾ ਪਤਾ ਨਹੀਂ ਕੀਤਾ।’ ਸੁਰਜੀਤ ਸਿੰਘ ਨੇ ਪੁੱਛਿਆ।
    ‘ਹਾਂ- ਹਾਂ, ਪਤਾ ਕਿਉਂ ਨਹੀਂ ਕੀਤਾ।’ ਚੰਨ ਸਿੰਘ ਨੇ ਜੁਆਬ ਦਿੱਤਾ।
    ‘ਅੱਛਾ!’

    ‘ਪਤਾ ਕੀਤਾ, ਤਾਂ ਉਸ ਨਾਮ ਦਾ ਕੋਈ ਬੰਦਾ ਹੀ ਪਿੰਡ ਵਿਚ ਨਹੀਂ ਸੀ।’
    ‘ਅੱਛਾ!’
    ‘ਹਾਂ ਜੀ, ਹੈਰਾਨੀ ਦੀ ਗੱਲ। ਉਸ ਦਿਨ ਪਿੰਡ ’ਚ ਕੋਈ ਵਿਆਹ ਵੀ ਨਹੀਂ ਸੀ, ਉਸ ਦਿਨ।’
    ‘ਅੱਛਾ!’
    ‘ਹਾਂ ਜੀ, ਠੱਗ ਨੇ ਠੱਗੀ ਮਾਰਨ ਲਈ, ਪੂਰੇ ਇੱਕ ਮਹੀਨੇ ਦਾ ਇੰਤਜ਼ਾਰ ਕੀਤਾ।’ ਤਰਸੇਮ ਲਾਲ ਨੇ ਕਿਹਾ।
    ‘ਹਾਂ ਜੀ, ਬਿਲਕੁਲ।’
    ‘ਮੇਰਾ ਤਾਂ ਪੰਜਾਹ ਹਜ਼ਾਰ ਦਾ ਨੁਕਸਾਨ ਹੋ ਗਿਆ।’
    ‘ਚਲੋ ਕੋਈ ਨਾ, ਅੱਗੇ ਤੋਂ ਸੁਚੇਤ ਰਹਿਣਾ।’
    ‘ਬਿਲੁਕੁਲ।’ ਚੰਨ ਸਿੰਘ ਨੇ ਆਪਣੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ।
    ਸਾਰੇ ਦੁਕਾਨਦਾਰ ਚੰਨ ਸਿੰਘ ਦੀ ਦੁਕਾਨ ਤੋਂ ਉੱਠ ਕੇ ਆਪਣੀਆਂ ਦੁਕਾਨਾਂ ਵੱਲ ਨੂੰ ਤੁਰ ਪਏ ਅਤੇ ਚੰਨ ਸਿੰਘ ਮੁੜ ਆਪਣੀ ਗੱਦੀ ਤੇ ਬੈਠ ਗਿਆ। ਹੁਣ ਸਭ ਨੂੰ ਯਕੀਨ ਹੋ ਚੁਕਿਆ ਸੀ ਕਿ ‘ਚੰਨ ਸਿੰਘ ਠੱਗਿਆ ਗਿਆ!!!’

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!