ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮਨੁੱਖ ਆਪਣੇ ਆਪ ਉੱਦੋਂ ਤੱਕ ਸੱਭਿਅਕ ਕਹਾਉਣ ਦਾ ਹੱਕਦਾਰ ਨਹੀਂ ਜਦੋਂ ਤੱਕ ਇਹ ਆਪਣੇ ਔਗੁਣਾਂ ਨੂੰ ਮਾਰ ਨਹੀਂ ਲੈਂਦਾ । ਇਸਦੇ ਬਹੁਤ ਸਾਰੇ ਔਗੁਣਾਂ ਵਿੱਚੋਂ ਇੱਕ ਮੁੱਖ ਔਗੁਣ ਈਰਖਾ ਹੈ । ਇਹ ਈਰਖਾ ਇਸਦੇ ਆਤਮ ਵਿਕਾਸ ਵਿੱਚ ਵੱਡੀ ਰੁਕਾਵਟ ਹੈ ।
ਈਰਖਾ ਤੰਗ ਸੋਚ ਦੀ ਉਪਜ ਹੈ । ਇਹ ਇੱਕ ਅਜਿਹਾ ਅੰਦਰ ਕੀੜਾ ਹੈ ਜੋ ਗਿੱਲੇ ਬਾਲਣ ਵਾਂਗ ਹਮੇਸ਼ਾ ਧੁੱਖਦਾ ਰਹਿੰਦਾ ਹੈ । ਈਰਖਾ ਤੋਂ ਭਾਵ ਕਿ ਆਪਣੇ ਤੋਂ ਵੱਧ ਗੁਣਵਾਨ ਤੇ ਵਿਕਸਤ ਮਨੁੱਖ ਪ੍ਰਤੀ ਸਾੜੇ ਜਾਂ ਨਫ਼ਰਤ ਦੀ ਭਾਵਨਾ ਰੱਖਣਾ ਹੈ । ਈਰਖਾ ਇੱਕ ਤਰ੍ਹਾਂ ਦਾ ਮਨੋਵਿਕਾਰ ਹੈ , ਜਿਸਨੂੰ ਸਾੜਾ , ਜਲਣ ਜਾਂ ਤਾਤ ਪਰਾਈ ਵੀ ਕਿਹਾ ਜਾਂਦਾ ਹੈ । ਇਹ ਅਸਲ ਵਿੱਚ ਹਊਮੇਂ ਦੀ ਛੋਟੀ ਭੈਣ ਹੈ । ਕਿਸੇ ਹੋਰ ਦੀ ਤਰੱਕੀ ਪ੍ਰਤੀ ਅਸਹਿਣਸ਼ੀਲਤਾ ਤੋਂ ਹੀ ਇਸਦਾ ਜਨਮ ਹੁੰਦਾ ਹੈ । ਜਦੋਂ ਮਨੁੱਖ ਲੋਭ ਤੇ ਮੋਹ ਅਧੀਨ ਕਿਸੇ ਵਸਤੂ ਦੀ ਕਾਮਨਾ ਕਰਦਾ ਹੈ ਤਾਂ ਅਪ੍ਰਾਪਤੀ ਤੇ ਹੰਕਾਰ ਨੂੰ ਚੋਟ ਵੱਜਣ ਉਪਰੰਤ ਈਰਖਾ ਹਰਕਤ ਵਿੱਚ ਆਉਂਦੀ ਹੈ । ਆਮ ਲੋਕਾਂ ਦੀ ਤਾਂ ਗੱਲ ਛੱਡੋ ਸਗੋਂ ਧਰਮੀ ਕਹਾਉਣ ਵਾਲੇ ਲੋਕ ਵੀ ਇਸਦੀ ਗ੍ਰਿਫ਼ਤ ਵਿੱਚ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਈਰਖਾ ਸੰਬੰਧੀ ਇਉਂ ਬਿਆਨ ਕਰਦੇ ਹਨ-
ਛੋਡਿਹੁ ਨਿੰਦਾ ਤਾਤਿ ਪਰਾਈ ।।
ਅੱਜ ਮਨੁੱਖ ਆਪਣੇ ਦੁੱਖ ਕਰਕੇ ਦੁੱਖੀ ਨਹੀਂ ਸਗੋਂ ਦੂਜਿਆਂ ਨਾਲ ਕੀਤੇ ਸਾੜੇ ਕਰਕੇ ਦੁੱਖੀ ਹੈ । ਅਜਿਹੇ ਮਨੁੱਖ ਆਂਢ-ਗੁਆਂਢ ਵਿੱਚ ਅਕਸਰ ਤੁਸੀਂ ਦੇਖ ਸਕਦੇ ਹੋ । ਇਨਾਂ ਲੋਕਾਂ ਦੀ ਹਰ ਥਾਂ ਭਰਮਾਰ ਦੇਖੀ ਜਾਂਦੀ ਹੈ । ਈਰਖਾ ਬਿਰਤੀ ਦੇ ਲੋਕ ਬਿਨਾਂ ਵਜ੍ਹਾ ਹੀ ਆਪਣੇ-ਆਪ ਨੂੰ ਤਪਾਉਂਦੇ ਰਹਿੰਦੇ ਹਨ । ਮਨੁੱਖ ਭਾਵੇਂ ਕੋਈ ਵੀ ਸੰਪੂਰਨ ਨਹੀਂ ਹੁੰਦਾ ਪਰ ਫਿਰ ਵੀ ਉਹ ਚਾਹੇ ਤਾਂ ਆਪਣੀਆਂ ਭੈੜੀਆਂ ਬਿਰਤੀਆਂ ਨੂੰ ਮਾਰ ਸਕਦਾ ਹੈ । ਅਸਲ ਵਿੱਚ ਇਹ ਭੈੜੀ ਵਾਦੀ ਉਦੋਂ ਪੈਦਾ ਹੁੰਦੀ ਹੈ ਜਦੋਂ ਮਨੁੱਖ ਆਪਣੇ ਨਿੱਜ ਤੱਕ ਸੀਮਿਤ ਹੋ ਜਾਂਦਾ ਹੈ । ਜਦੋਂ ਉਹ ਸੋਚਦਾ ਹੈ ਕਿ ਸਾਹਮਣੇ ਵਾਲਾ ਮੇਰੇ ਤੋਂ ਸ੍ਰੇਸ਼ਟ ਕਿਉਂ ਹੈ , ਉਸ ਕੋਲ ਕਿਹੜੀ ਅਜਿਹੀ ਕਲਾ ਹੈ ਜੋ ਮੇਰੇ ਕੋਲ ਨਹੀਂ ਹੈਂ । ਕਿਸੇ ਦੇ ਹੁਨਰ , ਗੁਣ ਤੇ ਪਦਾਰਥਾਂ ਵਿੱਚੋਂ ਪੈਦਾ ਹੋਇਆ ਸਾੜਾ ਈਰਖਾਲੂ ਨੂੰ ਨਿਗੂਣਾ ਬਣਾ ਦਿੰਦਾ ਹੈ । ਅਜਿਹਾ ਮਨੁੱਖ ਆਪਣੀ ਬੁੱਧੀ ਨੂੰ ਵਿਆਪਕ ਬਣਾਉਣ ਦੀ ਥਾਂ ਤੇ ਈਰਖਾ ਕਰਕੇ ਤੰਗ ਸੋਚ ਵਾਲਾ ਬਣ ਜਾਂਦਾ ਹੈ । ਆਪਣੀ ਈਰਖਾ ਵੱਸ ਉਹ ਦੂਜੇ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਤੱਕ ਸੀਮਿਤ ਹੋ ਜਾਂਦਾ ਹੈ । ਮੰਨ ਲਓ , ਜੇਕਰ ਦੀਵਾ ਸੂਰਜ ਅੱਗੇ ਗਿਲ੍ਹਾ ਕਰਦਾ ਹੈ ਕਿ ਤੇਰਾ ਪ੍ਰਕਾਸ਼ ਮੇਰੇ ਨਾਲੋਂ ਵੱਧ ਕਿਉਂ ਹੈ ਤਾਂ ਇਸ ਵਿੱਚ ਸੂਰਜ ਦਾ ਕੋਈ ਦੋਸ਼ ਨਹੀਂ ਹੈ । ਇਹ ਦੀਵੇ ਦੀ ਅਗਿਆਨਤਾ ਹੈ । ਪਰਿਵਾਰ ਦੇ ਇੱਕ ਜੀਅ ਵਿੱਚ ਪਨਪੀ ਈਰਖਾ ਸਾਰਿਆਂ ਨੂੰ ਈਰਖਾਲੂ ਬਣਾ ਦਿੰਦੀ ਹੈ ਕਿਉਂਕਿ ਜੈਸੀ ਸੰਗਤ ਵੈਸੀ ਰੰਗਤ ਦਾ ਅਸਰ ਹੋਣਾ ਲਾਜ਼ਿਮ ਹੈ । ਈਰਖਾ ਦੀ ਬਿਰਤੀ ਆਮ ਤੌਰ ਤੇ ਰਜੋ ਗੁਣੀ ਲੋਕਾਂ ਵਿੱਚ ਹੀ ਜ਼ਿਆਦਾਤਰ ਦੇਖੀ ਜਾਂਦੀ ਹੈ । ਈਰਖਾ ਕਰਕੇ ਮਨੁੱਖ ਦਾ ਸੁਭਾਅ ਚਿੜਚਿੜਾ , ਸੁਆਰਥੀ , ਹੰਕਾਰੀ , ਸੜੀਅਲ ਤੇ ਅਸ਼ਾਤੀ ਵਾਲਾ ਹੋ ਜਾਂਦਾ ਹੈ । ਈਰਖਾਲੂ ਮਨੁੱਖ ਚਿੰਤਨ ਪੱਖੋਂ ਖੁੰਢਾ ਹੋਣ ਕਰਕੇ ਚਿੰਤਾ ਗ੍ਰਸਤ ਰਹਿੰਦਾ ਹੈ । ਅਜਿਹੇ ਮਨੁੱਖਾਂ ਨੂੰ ਖ਼ਸ਼ੀ ਘੱਟ ਹੀ ਨਸੀਬ ਹੁੰਦੀ ਹੈ । ਈਰਖਾ ਕਰਨ ਵਾਲੇ ਲੋਕ ਉਦੋਂ ਖ਼ੁਸ਼ ਹੁੰਦੇ ਹਨ , ਜਦੋਂ ਸਾਹਮਣੇ ਵਾਲੇ ਦਾ ਨੁਕਸਾਨ ਹੁੰਦਾ ਹੈ । ਉਸ ਵੇਲੇ ਅਜਿਹੇ ਲੋਕ ਬਾਗੋਬਾਗ ਹੁੰਦੇ ਹਨ । ਈਰਖਾ ਕਾਰਨ ਅਜਿਹੇ ਮਨੁੱਖ ਨਿੰਦਕ ਬਿਰਤੀ ਦੇ ਬਣ ਜਾਂਦੇ ਹਨ। ਸਿੱਧੇ ਤੌਰ ਤੇ ਅਜਿਹੇ ਮਨੁੱਖ ਸਾਹਮਣੇ ਵਾਲੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਪਰ ਅਸਿੱਧੇ ਤੌਰ ਤੇ ਨਿੰਦਿਆਂ ਦੁਆਰਾ ਨੁਕਸਾਨ ਪਹੁੰਚਾਉਣ ਦਾ ਜਤਨ ਕਰਦੇ ਹਨ । ਈਰਖਾ ਕਰਨ ਵਾਲਿਆਂ ਦੇ ਚਿਹਰੇ ਤੇ ਰੰਗਤ ਘੱਟ ਹੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਸਦਾ ਕਾਰਨ ਅੰਦਰਲਾ ਸਾੜਾ ਹੈ ।
ਅੱਜ ਸਾਰਾ ਸੰਸਾਰ ਈਰਖਾ ਦੀ ਵਾਦੀ ਤੋਂ ਪੀੜਿਤ ਹੈ । ਦੇਸ਼ਾਂ ਵਿੱਚ ਆਪਸੀ ਟਕਰਾਓ ਦਾ ਕਾਰਨ ਈਰਖਾ ਹੈ ਕਿਉਂਕਿ ਇਹ ਈਰਖਾ ਹੀ ਹੰਕਾਰ ਤੇ ਨਫ਼ਰਤ ਨੂੰ ਜਨਮ ਦਿੰਦੀ ਹੈ । ਪਰਿਵਾਰਾਂ ਵਿੱਚ ਕਲੇਸ਼ ਦਾ ਕਾਰਨ ਵੀ ਈਰਖਾ ਹੀ ਹੈ । ਈਰਖਾ ਬਿਗਾਨੇ ਜਾਂ ਪ੍ਰਦੇਸੀ ਦੀ ਨਹੀਂ ਹੁੰਦੀ ਸਗੋਂ ਨਜ਼ਦੀਕੀ ਦੀ ਹੁੰਦੀ ਹੈ । ਜਿਸਦੇ ਫਲਸਰੂਪ ਸਾਂਝੇ ਪਰਿਵਾਰ ਟੁੱਟ ਰਹੇ ਹਨ । ਰਿਸ਼ਤੇ ਤਹਿਸ਼-ਨਹਿਸ਼ ਹੋ ਰਹੇ ਹਨ । ਇਹ ਈਰਖਾ ਰੂਪੀ ਕੀੜਾ ਹਰ ਵਰਗ ਤੇ ਕਿੱਤੇ ਦੇ ਲੋਕਾਂ ਵਿੱਚ ਪਾਇਆ ਜਾਂਦਾ ਹੈ । ਇਹ ਇੱਕ ਲਾਇਲਾਜ ਬਿਮਾਰੀ ਹੈ । ਇਹ ਅੰਦਰ ਦਾ ਸਾੜਾ ਹੈ ਜੋ ਸੱਪ ਵਾਂਗ ਜ਼ਹਿਰ ਉਗਲਦਾ ਰਹਿੰਦਾ ਹੈ । ਈਰਖਾ ਕਰਨ ਵਾਲਾ ਆਪ ਤਾਂ ਦੁੱਖੀ ਹੁੰਦਾ ਹੈ ਸਗੋਂ ਸਾਹਮਣੇ ਵਾਲੇ ਨੂੰ ਦੁੱਖੀ ਕਰਦਾ ਰਹਿੰਦਾ ਹੈ । ਭਾਵੇਂ ਕਿ ਆਮ ਹੀ ਕਿਹਾ ਜਾਂਦਾ ਹੈ –
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਜਾਂ
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
ਪਰ ਫਿਰ ਵੀ ਜੇ ਮਨੁੱਖ ਚਾਹੇ ਤਾਂ ਨਿੱਜ ਤੋਂ ਉੱਪਰ ਉੱਠ ਕੇ ਇਸ ਭੈੜੀ ਆਦਤ ਦਾ ਤਿਆਗ ਕਰ ਸਕਦਾ ਹੈ । ਈਰਖਾ ਵਿੱਚੋਂ ਉਪਜਿਆ ਸਾੜਾ ਆਤਮਾ ਲਈ ਨੁਕਸਾਨਦਾਇਕ ਅਤੇ ਆਤਮ ਵਿਕਾਸ ਵਿੱਚ ਅੜਿੱਕਾ ਹੈ । ਈਰਖਾ ਗੁਣਾਂ ਨੂੰ ਦੇਖ ਨਹੀਂ ਸਕਦੀ ਅਤੇ ਨਾ ਹੀ ਗ੍ਰਹਿਣ ਕਰ ਸਕਦੀ ਹੈ । ਇਹ ਅਸਲ ਵਿੱਚ ਵਸਤੂ ਕੇਂਦਰਿਤ ਨਹੀਂ ਬਲਕਿ ਵਿਅਕਤੀ ਕੇਂਦਰਿਤ ਹੁੰਦੀ ਹੈ ।ਇਹ ਉਸੇ ਵਿਅਕਤੀ ਲਈ ਮਾੜੀ ਹੈ , ਜਿਸਦੇ ਅੰਦਰ ਇਹ ਪਨਪਦੀ ਹੈ । ਜੇਕਰ ਅਸੀਂ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ ਜਾਂ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਕ ਬਣਨਾ ਹੈ ਤਾਂ ਸਾਨੂੰ ਪਹਿਲਾਂ ਇਸ ਭੈੜੀ ਵਾਦੀ ਦਾ ਆਪ ਤਿਆਗ ਕਰਨਾ ਪਵੇਗਾ । ਆਦਰਸ਼ ਜੀਵਨ-ਜਾਚ ਦੇ ਪਰਿਪੇਖ ਵਿੱਚ ਈਰਖਾ ਮੁਕਤ ਹੋਣਾ ਅਤਿ ਜ਼ਰੂਰੀ ਹੈ । ਈਰਖਾ ਤੋਂ ਬਚਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਇਉਂ ਤਾਕੀਦ ਕਰਦੇ ਹਨ-
ਸੁਆਦ ਬਾਦ ਈਰਖ ਮਦ ਮਾਇਆ
ਇਨ ਸੰਗਿ ਲਾਗਿ ਰਤਨ ਜਨਮ ਗਵਾਇਆ ।।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761