3.1 C
United Kingdom
Sunday, March 8, 2026

More

    ‘ਦੋਸਤੀ’/ਕਵਿਤਾ

    ਕੈਨੇਡਾ ਵਸਦੇ ਇੱਕ ਬੇਹੱਦ ਅਜ਼ੀਜ਼ ਦੋਸਤ ਦੇ ਨਾਂ!

    ਮਨਦੀਪ ਕੌਰ ਭੰਮਰਾ

    ਦੋਸਤੀ ਨਿਰਾ ਲਫ਼ਜ਼ ਨਹੀਂ ਹੁੰਦਾ
    ਦੋਸਤੀ ਵਿੱਚ ਜ਼ਿੰਦਗੀ ਦੇ ਦੋ ਸੱਤ ਹੁੰਦੇ
    ਸੱਚੀ ਹੋਵੇ ਤਾਂ ਮੁਹੱਬਤ ਨਾਲ਼ ਲਬਰੇਜ਼ ਹੁੰਦੀ
    ਦੋਸਤੀ ਤਾਅ ਉਮਰ ਨਿਭ੍ਹਦੀ
    ਕੋਈ ਤਾਕਤ ਵੀ ਇਸ ਜਜ਼ਬੇ ਨੂੰ
    ਕਮਜ਼ੋਰ ਕਰ ਨਹੀਂ ਸਕਦੀ
    ਅਰਥ ਰੱਖਦੀ ਹੈ ਦੋਸਤੀ
    ਹੈ ਜ਼ਿੰਦਗੀ ਦੇ ਮਾਇਨੇ ਬਦਲ ਦਿੰਦੀ
    ਦੋਸਤੀ ਜੇ ਸੱਚੀ ਤੇ ਸੁੱਚੀ ਹੋਵੇ
    ਤਾਂ ਜ਼ਿੰਦਗੀ ਦਾ ਪੰਧ ਹੀ ਬਦਲ ਦਿੰਦੀ
    ਜ਼ਿੰਦਗੀ ਨੂੰ ਨਿੱਤ ਨਵੀਂ ਨੁਹਾਰ ਦਿੰਦੀ

    ਇਹ ਵੀ ਸੱਚ ਹੈ ਕਿ ਦੋਸਤੀ ਮੁਹੱਬਤ ਨਹੀਂ ਹੁੰਦੀ
    ਦੋਸਤੀ ਬੱਸ ਦੋਸਤੀ ਹੁੰਦੀ ਹੈ
    ਆਪਣੇ ਆਪ ਵਿੱਚ ਸਮਰੱਥ
    ਜਜ਼ਬਾ ਹੁੰਦਾ ਦੋਸਤੀ ਦਾ
    ਦੋਸਤੀ ਜ਼ਿੰਦਗੀ ਦਾ ਚਾਨਣ ਹੁੰਦੀ
    ਹਨ੍ਹੇਰੇ ਰਾਹਾਂ ਨੂੰ ਰੁਸ਼ਨਾ ਦੇਣ ਦਾ
    ਦਮ ਰੱਖਦੀ ਹੈ ਦੋਸਤੀ
    ਬਲਿਹਾਰ ਜਾਣ ਦਾ ਦੂਜਾ ਨਾਂ ਹੁੰਦੀ ਹੈ ਦੋਸਤੀ
    ਦੋਸਤ ਨੂੰ ਮਹਾਨ ਬਣਦਾ ਦੇਖਣ
    ਦੀ ਚਾਹਵਾਨ ਹੁੰਦੀ ਹੈ ਦੋਸਤੀ
    ਦੋਸਤੀ ਰੂਹ ਦੀ ਬੁਲੰਦੀ ਦਾ ਮੂਕ ਇਜ਼ਹਾਰ ਹੁੰਦੀ

    ਦੋਸਤ ਜਦ ਸੱਚਾ ਹੁੰਦਾ ਹੈ
    ਤਾਂ ਜਲਵਾਗਰ ਹੁੰਦੀ ਹੈ ਦੋਸਤੀ
    ਅੰਤਹਕਰਣ ਵਿੱਚ ਮਹਿਸੂਸ ਹੁੰਦੀ ਹੈ ਦੋਸਤੀ
    ਖੁਦਗਰਜ਼ੀ ਤੋਂ ਰਹਿਤ ਹੁੰਦੀ ਹੈ
    ਅਤੇ ਦੋਸਤ ਦੀ ਕਦਰਦਾਨ ਹੁੰਦੀ ਹੈ ਦੋਸਤੀ
    ਦੋਸਤ ਲਈ ਜਹਾਨ ਹੁੰਦੀ ਹੈ ਦੋਸਤੀ
    ਮਹਿਬੂਬੀਅਤ ਦੀ ਸ਼ਾਨ ਹੁੰਦੀ ਹੈ
    ਅਤੇ ਨਿਸ਼ਚਿਆਂ ਦੀ ਜ਼ਾਮਨ ਹੁੰਦੀ ਹੈ ਦੋਸਤੀ
    ਭਾਵਾਂ ਦੀ ਖ਼ੂਬਸੂਰਤ ਤਰਜ਼ਮਾਨੀ ਕਰਨਾ ਜਾਣਦੀ
    ਬੜੀ ਮਹੀਨ ਹੁੰਦੀ ਦੋਸਤੀ
    ਬੱਸ ਕਮਾਲ ਹੁੰਦੀ ਦੋਸਤੀ

    ਨਿਰੇ ਸੁੱਚਮ ਨਾਲ਼ ਭਰੇ ਅਹਿਸਾਸ ਹੁੰਦੇ
    ਦੋਸਤ ਜਦ ਇੱਕ ਦੂਜੇ ਲਈ ਹੱਸਾਸ ਹੁੰਦੇ
    ਜਜ਼ਬਿਆਂ ਦੇ ਮੋਢਿਆਂ ਤੇ ਮਨ ਸਵਾਰ ਹੁੰਦੇ
    ਕਾਗ਼ਜ਼ ਦੀ ਕਿਸ਼ਤੀ ਨਾਲ਼ ਵੀ ਸਮੁੰਦਰ ਪਾਰ ਹੁੰਦੇ
    ਦੋਸਤ ਜ਼ਿੰਦਗੀ ਦੇ ਜਦ ਸ਼ਾਹ ਅਸਵਾਰ ਹੁੰਦੇ
    ਸਾਂਝੇ ਦੋਸਤਾਂ ਦੇ ਫਿਰ ਪਰਿਵਾਰ ਹੁੰਦੇ
    ਜੀਵਨ ਜਿਉਣਾ ਦੁਸ਼ਵਾਰ ਨਾ ਹੁੰਦਾ
    ਕਦਰਦਾਨ ਜਦ ਸੱਚੇ ਯਾਰ ਹੁੰਦੇ
    ਬੜਾ ਪਾਕ ਪਵਿੱਤਰ ਜਿਹਾ ਖਲੂਸ
    ਨਾਲ਼ ਭਰਿਆ ਇਹ ਸਭ ਧਰਵਾਸ ਹੁੰਦੈ
    ਉਸੇ ਨੂੰ ਪਤਾ ਹੁੰਦੈ ਦੋਸਤ ਜਿਸ ਦਾ ਕੋਈ ਖਾਸ ਹੁੰਦੈ

    ਮੰਜ਼ਿਲਾਂ ਮਿਲ ਜਾਂਦੀਆਂ ਨਾਲ਼ ਦੁਆਵਾਂ ਦੇ
    ਕਈ ਰਿਸ਼ਤਿਆਂ ਵਿੱਚ ਵੀ ਪਿਆਰ ਹੁੰਦੈ
    ਮਾਵਾਂ ਧੀਆਂ ਦੀ ਦੋਸਤੀ ਕਹੀ ਜਾਂਦੀ
    ਸੱਸਾਂ ਨੂੰਹਾਂ ਵਿੱਚ ਵੀ ਦੋਸਤੀ ਦਾ ਇਕਰਾਰ ਹੁੰਦੈ
    ਮਾਣ ਸਕਦੈ ਕੋਈ ਇਸ ਪਾਕ ਰਿਸ਼ਤੇ ਨੂੰ
    ਦੋਸਤੀ ਵਿੱਚ ਇਹ ਸਭ ਸ਼ੁਮਾਰ ਹੁੰਦੈ
    ਬੱਚਿਆਂ ਨਾਲ਼ ਜੋ ਕਰ ਲਵੇ ਦੋਸਤੀ
    ਮਾਪਾ ਨਹੀਂ ਜੇ ਕਦੀ ਖੁਆਰ ਹੁੰਦੈ
    ਜਿਉਂਦਾ ਰਹਿ ਮੇਰੇ ਦੋਸਤਾ!
    ਸਦਾ ਮੇਰੀ ਸ਼ਾਨ ਬਣਕੇ ਮੈਂ ਤੇਰੇ ਸਾਹੀਂ ਵਸਾਂ
    ਤੇਰੀ’ਦੋਸਤੀ’ ਵਿਚਲੇ ਪਿਆਰ ਦਾ ਕਰਜ਼ਾ ਉਤਾਰ ਸਕਾਂ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!