ਹਰਪ੍ਰੀਤ ਸਿੰਘ ਲਲਤੋਂ
ਤੀਜੀ ਚੌਥੀ ਦੇ ਵਿੱਚ ਜਦ ਮੈਂ, ਪੜਦਾ ਸੀ ਮਦਰੱਸੇ,
ਵਾਂਡੇ ਜਾਣ ਲਈ ਜੂਨ ਮਹੀਨੇ, ਤੜਾਓੁਂਦਾ ਹੁੰਦਾ ਸੀ ਰੱਸੇ।
ਮੇਰੀ ਬੇਬੇ ਨੇ ਛੱਡ ਆਉਣਾ,ਜਾਂ ਲੈ ਜਾਣਾ ਮਾਮੇ ਨੇ ਆਣਕੇ,
ਬਚਪਨ ਦੇ ਵਿੱਚ ਛੁੱਟੀਆਂ ਕੱਟਣ,ਮੈਂ ਜਾਂਦਾ ਸੀ ਆਪਣੇ ਨਾਨਕੇ।
ਨਿੱਕੀ ਉਮਰੇ ਚੱਕ ਕੇ ਖਾ ਲੈਂਦੇ ਸੀ,ਡਿੱਗੀ ਹਰ ਚੀਜੀ ਭੁੰਜੇ ਤੋਂ,
ਨਾਨਕੇ ਕੈਂਚੀ ਸਿੱਖਿਆ ਸਾਇਕਲ ਸੀ,ਆਪਣੇ ਮਾਮੇ ਦੇ ਮੁੰਡੇ ਤੋਂ,
ਖੇਡਦੇ ਸੀ ਦੋਵੇਂ ਫੋਟੋਆਂ,ਅਸੀਂ ਐਕਟਰ ਪਛਾਣਕੇ,
ਬਚਪਨ ਦੇ ਵਿੱਚ ……….।
ਖੁਆਉਂਦੀ ਸੀ ਮੇਰੀ ਮਾਮੀ ,ਤੜਕੇ ਦੁੱਧ ਨਾਲ ਖੋਏ ਦੀਆਂ ਪਿੰਨੀਆਂ,
ਅੱਜ ਵੀ ਮੰਤਰ ਮੁਗਧ ਕਰਦੀਆਂ,ਮੈਨੂੰ ਯਾਦਾਂ ਉਹ ਰਸ ਭਿੰਨੀਆਂ,
ਮਸ਼ਕਰੀ ਕਰਦੀਆਂ ਮਾਸੀਆਂ,ਸੀ ਜਾਣ ਜਾਣ ਕੇ,
ਬਚਪਨ ਦੇ ਵਿੱਚ……….।
ਮੈਨੂੰ ਮਣਾਂ ਮੂਹੀਂ ਮਿਲਦਾ ਸੀ ਪਿਆਰ,ਬੜੀ ਸੀ ਆਉ ਭਗਤ ਹੁੰਦੀ,
ਦੁੱਧ,ਮੱਖਣ ਦੀ ਨਾ ਸੀ ਕੋਈ ਤੋਟ,ਪੂਰੀ ਸੀ ਹਰ ਰਗ਼ਬਤ ਹੁੰਦੀ
ਖਾਂਦੇ ਸੀ ਪੱਕੀਆਂ ਜਾਮੁਣਾ,ਮੋਟਰ ਤੇ ਮਾਨ ਕੇ,
ਬਚਪਨ ਦੇ ਵਿੱਚ ………।
ਸਮਾਂ ਬਦਲਿਆ ਲੋਕ ਵੀ ਬਦਲੇ ,ਨਾਲੇ ਬਦਲ ਗਈਆਂ ਇੱਛਾਵਾਂ,
ਛੁੱਟੀਆਂ ਕੱਟਣ ਲਈ ਬੱਚੇ ਨਾ ਤੱਕਦੇ ,ਹੁਣ ਨਾਨਕੇ ਪਿੰਡ ਦੀਆ ਰਾਹਾਂ,
ਲਲਤੋਂ ਪਹਾੜੀ ਇਲਾਕੇ ਜਾਣਾ,ਬਹਿ ਜਾਂਦੇ ਠਾਣ ਕੇ,
ਮੈਂ ਬਚਪਨ ਦੇ ਵਿੱਚ……….।