ਕਾਰੋਬਾਰੀ ਆਪਣੀਆਂ ਮੰਗਾਂ ਲਈ ਕੈਬਨਿਟ ਮੰਤਰੀ ਤੇ ਜਿਲਾ ਪ੍ਰਸ਼ਾਸ਼ਨ ਨੂੰ ਮਿਲੇ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਅੰਮ੍ਰਿਤਸਰ ਦੇ ਹੋਲ ਸੇਲ ਤੇ ਹੋਰ ਕਾਰੋਬਾਰੀ, ਜਿੰਨਾ ਨੂੰ ਅਜੇ ਤੱਕ ਕਰਫਿਊ ਵਿਚ ਛੋਟ ਨਹੀਂ ਦਿੱਤੀ ਜਾ ਸਕੀ, ਨੂੰ ਭਰੋਸਾ ਦਿੰਦੇ ਕਿਹਾ ਕਿ ਸਰਕਾਰ ਸਨਅਤਕਾਰਾਂ ਅਤੇ ਵਪਾਰੀਆਂ ਦੀਆਂ ਲੋੜਾਂ ਨੂੰ ਸਮਝਦੀ ਹੈ, ਪਰ ਮੌਜੂਦਾ ਕੋਵਿਡ 19 ਤੋਂ ਮਨੁੱਖੀ ਜਾਨ ਨੂੰ ਬਣੇ ਖ਼ਤਰੇ ਕਾਰਨ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਬਹੁਤ ਬਾਰੀਕੀ ਨਾਲ ਵਿਚਾਰ ਕਰਨਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਅਗਵਾਈ ਹੇਠ ਸ਼ਹਿਰ ਦੇ ਹੋਲਸੇਲ ਤੇ ਹੋਰ ਕਾਰੋਬਾਰੀਆਂ ਤੇ ਵਪਾਰੀਆਂ ਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿਚ ਕੈਬਨਿਟ ਮੰਤਰੀ ਓ ਪੀ ਸੋਨੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸੋਨੀ ਨੇ ਕਿਹਾ ਕਿ ਫਿਲਹਾਲ ਅੰਮ੍ਰਿਤਸਰ ਰੈਡ ਜੋਨ ਵਿਚ ਹੈ ਅਤੇ ਇਸ ਕਾਰਨ ਸਾਰਿਆਂ ਨੂੰ ਕੰਮਕਾਰ ਲਈ ਖੁੱਲ ਨਹੀਂ ਦਿੱਤੀ ਜਾ ਸਕਦੀ। ਉਨਾਂ ਭਰੋਸਾ ਦਿੱਤਾ ਕਿ ਅਸੀਂ ਤੁਹਾਡੀਆਂ ਸਮੱਸਿਆਵਾਂ ਉਤੇ ਵਿਚਾਰ ਕਰਾਂਗੇ, ਤਾਂ ਜੋ ਸੰਭਵ ਹੱਲ ਨਿਕਲ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਖੇਤੀ, ਸਨਅਤ ਅਤੇ ਵਪਾਰ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਮੌਜੂਦਾ ਸੰਕਟ ਨੇ ਸਾਰਾ ਧਿਆਨ ਮਨੁੱਖੀ ਜਾਨਾਂ ਬਚਾਉਣ ਵੱਲ ਖਿਚ ਲਿਆ ਹੈ, ਜੋ ਕਿ ਜਰੂਰੀ ਵੀ ਹੈ। ਉਨਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਤੁਹਾਡੇ ਮਸਲੇ ਹੱਲ ਕਰਵਾ ਲਏ ਜਾਣਗੇ। ਉਨਾਂ ਦੱਸਿਆ ਕਿ ਬੀਤੇ ਦੋ ਦਿਨ ਤੋਂ ਅੰਮ੍ਰਿਤਸਰ ਵਿਚ ਕੋਈ ਪਾਜ਼ੀਟਵ ਕੇਸ ਨਹੀਂ ਆਇਆ, ਇਸ ਲਈ ਚੰਗੇ ਦੀ ਆਸ ਕੀਤੀ ਜਾ ਸਕਦੀ ਹੈ।
ਇਸ ਮੌਕੇ ਵਫਦ ਵਿਚ ਆਏ ਸਮੀਰ ਜੈਨ, ਸਮੀਰ ਜੈਨ, ਅਸ਼ੋਕ ਕੰਧਾਰੀ, ਮੋਤੀ ਭਾਟੀਆ, ਰਾਕੇਸ਼ ਠੁਕਰਾਲ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦਿਵਾਉਂਦੇ ਸਨਅਤਾਂ ਅਤੇ ਹੋਲਸੇਲ ਦੁਕਾਨਾਂ ਖੋਲਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਬਹੁਤੇ ਕਾਰੋਬਾਰ ਸੀਜਨ ਨਾਲ ਜੁੜੇ ਹੁੰਦੇ ਹਨ ਅਤੇ ਸਮੇਂ ਸਿਰ ਕਾਰੋਬਾਰ ਦੀ ਖੁੱਲ ਨਾ ਮਿਲਣ ਕਾਰਨ ਸੀਜ਼ਨ ਲੰਘ ਜਾਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਇਸ ਲਈ ਸਰਕਾਰ ਕੰਮ-ਕਾਰ ਵਿਚ ਛੋਟ ਦੇਣ ਦੀ ਵਿਚਾਰ ਜਲਦੀ ਕਰੇ।