ਡਾ. ਇੰਦਰਜੀਤ ਸਿੰਘ ਸੰਧੂ
ਕੁਝ ਫੁੱਲ ਮੈਂ ਇਕ ਦਿਨ,
ਤੇਰੇ ਹੱਥਾਂ ’ਤੇ ਰੱਖੇ ਸੀ
ਕੁਝ ਫੁੱਲ ਤੂੰ ਮੇਰੀਆਂ,
ਕਿਤਾਬਾਂ ਵਿਚ ਰੱਖੇ ਸੀ
ਕੁਝ ਬਿਖਰੇ ਲਫਜ਼,
ਮੈਂ ਇਕ ਕਾਗ਼ਜ਼ ’ਤੇ ਰੱਖੇ ਸੀ
ਕੁਝ ਤਪਦੇ ਸਾਹ ਤੂੰ,
ਮੇਰੀਆਂ ਗ਼ਜ਼ਲਾਂ ’ਤੇ ਰੱਖੇ ਸੀ।
ਕੁਝ ਫੁੱਲ ਮੈਂ ਤੇਰੇ,
ਵਾਲਾਂ ਵਿਚ ਗੁੰਦੇ ਸੀ
ਭਟਕਦੇ ਮੁਹੱਬਤ ਦੇ ਪਰਿੰਦੇ,
ਦਿਲ ’ਚ ਮੁੰਦੇ ਸੀ
ਕਦੇ ਇਹੀਓ ਪਰਿੰਦੇ,
ਆਸਮਾਨਾਂ ਨੂੰ ਛੂੰਹਦੇ ਸੀ
ਖਾਬਾਂ ਨਾਲ ਮਹਿਕਦੇ,
ਕਦੇ ਉਹ ਵੀ ਦਿਨ ਹੁੰਦੇ ਸੀ।
ਕੁਝ ਫੁੱਲ ਮੈਂ ਤੇਰੀ,
ਡੋਲੀ ਵਿਚ ਸਜਾਏ ਸੀ
ਕੰਬਦੀ ਸ਼ਹਿਨਾਈ ਨੇ,
ਰਾਗ ਜਦ ਗਾਏ ਸੀ
ਮੇਰੇ ਗੀਤਾਂ ਦੇ ਲਾੜੇ,
ਓਦੋਂ ਸਜਰੇ ਵਿਆਹੇ ਸੀ
ਲਫ਼ਜਾਂ ਨੇ ਦਰਦਾਂ ਦੇ,
ਓਦੋਂ ਗਾਨੇ ਸਜਾਏ ਸੀ।
ਕੁਝ ਫੁੱਲ ਮੈਂ ਤੇਰੀ,
ਪੈੜਾਂ ਵਿਚ ਰੱਖੇ ਸੀ
ਓਹੀ ਫੁੱਲ ਮੈਂ,
ਇਬਾਦਤ ਲਈ ਰੱਖੇ ਸੀ
ਯਾਦਾਂ ਦੇ ਤਿਲ-ਫੁੱਲ,
ਮੈਂ ਪੱਥਰ ’ਤੇ ਰੱਖੇ ਸੀ
ਲੱਖਾਂ ਪੁਜਾਰੀ ਮੇਰੀ,
ਅਵਾਰਗੀ ’ਤੇ ਹੱਸੇ ਸੀ।
ਕੁਝ ਫੁੱਲ ਮੈਂ ਫਿਰ ਤੋਂ,
ਕੋਰੇ ਕਾਗਜ ਤੇ ਰੱਖੇ ਹਨ
ਇਹ ਗੀਤਾਂ ਦੇ ਸੀਨੇ ਦੀ,
ਧੜਕਣ ਲਈ ਰੱਖੇ ਹਨ
ਪਿਆਸੀ ਕਲਮ ਦਿਆਂ ਬੁੱਲ੍ਹਾਂ,
ਨੂੰ ਚੁੰਮਣ ਲਈ ਰੱਖੇ ਹਨ
ਮੁੜ ਤੋਂ ਪਰਿੰਦਿਆਂ ਦੇ,
ਆਸਮਾਨੀ ਉਡਣ ਲਈ ਰੱਖੇ ਹਨ।