ਲੁਧਿਆਣਾ 10 ਮਈ (ਖਾਲਸਾ )
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਨੇ ਸਾਂਝੇ ਰੂਪ ਵਿੱਚ ਭਾਰਤ ਸਰਕਾਰ ਤੋਂ ਜੋਰਦਾਰ ਮੰਗ ਕਰਦਿਆਂ ਹੋਇਆਂ ਕਿਹਾ ਕਿ ਸਮੁੱਚੇ ਦੇਸ਼ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਸਥਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲ ਦੇ ਅਧਾਰ ਤੇ ਸਮੂਹ ਧਾਰਮਿਕ ਅਸਥਾਨਾਂ ਅਤੇ ਗੁਰਘਰਾਂ ਦੀ ਕੀਤੀ ਗਈ ਤਾਲਾਬੰਦੀ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਮੁੜ ਖੋਲ੍ਹਣ ਦੇ ਤੁਰੰਤ ਆਦੇਸ਼ ਜਾਰੀ ਕੀਤੇ ਜਾਣ। ਅੱਜ ਜਵੱਦੀ ਟਕਸਾਲ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਤੇ ਭਾਈ ਪਰਮਜੀਤ ਸਿੰਘ ਖਾਲਸਾ ਨੇ ਸਾਂਝੇ ਤੋਰ ਤੇ ਕਿਹਾ ਕਿ ਜੇਕਰ ਭਾਰਤ ਸਰਕਾਰ ਅਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਆਪੋ-ਆਪਣੇ ਰਾਜਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹ ਸਕਦੀਆਂ ਹਨ ਤਾਂ ਧਾਰਮਿਕ ਅਸਥਾਨਾਂ ਦੇ ਕਿਵਾੜ ਖੋਲ੍ਹਣ ਵਿੱਚ ਸਰਕਾਰਾਂ ਕਿਉਂ ਨਹੀਂ ਸੁਹਿਰਦ ਹਨ? ਆਪਣੀ ਗੱਲਬਾਤ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਦੇਸ਼ ਅੰਦਰ ਵੱਸਦੇ ਵੱਖ ਵੱਖ ਧਰਮਾਂ ਦੇ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਪੋ ਆਪਣੇ ਧਾਰਮਿਕ ਅਸਥਾਨਾਂ ਨਾਲ ਸ਼ਰਧਾ ਭਾਵਨਾ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਪਾਵਨ ਤੇ ਮੁਕੱਦਸ ਅਸਥਾਨਾਂ ਤੋਂ ਅਧਿਆਤਮਕ ਤੇ ਰੁਹਾਨੀਅਤ ਗਿਆਨ ਦੀ ਪ੍ਰਾਪਤੀ ਕਰਕੇ ਸੰਗਤਾਂ ਆਪਣੇ ਮਾਨਸਿਕ ਤੇ ਸਰੀਰਿਕ ਕਸ਼ਟ ਦੂਰ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਅਤੇ ਇਤਿਹਾਸਿਕ ਗੁਰਧਾਮਾ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਸਰਕਾਰ ਨੂੰ ਇਹਨਾਂ ਅਸਥਾਨਾਂ ਦੀ ਤਾਲਾਬੰਦੀ ਨਹੀਂ ਕਰਨੀ ਚਾਹੀਦੀ ਬਲਕਿ ਇਸ ਔਖੇ ਸਮੇਂ ਵਿੱਚ ਸ਼ੋਸ਼ਲ ਡਿਸਟੈਨਸ ਦਾ ਉਚਿੱਤ ਪ੍ਰਬੰਧ ਕਰਕੇ ਸਮੂਹ ਧਾਰਮਿਕ ਅਸਥਾਨਾਂ ਸਮੇਤ ਸਿੱਖ ਧਰਮ ਨਾਲ ਸਬੰਦਿਤ ਪਾਵਨ ਪਵਿੱਚਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਰਤਸਰ ਅਤੇ ਸਮੂਹ ਇਤਿਹਾਸਿਕ ਗੁਰਧਾਮਾ ਤੇ ਗੁਰਦੁਆਰਿਆਂ ਨੂੰ ਖੋਲ੍ਹਣ ਦੇ ਤੁਰੰਤ ਆਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਦੇ ਨਾਲ ਸਬੰਧਿਕ ਸਮੂਹ ਗੁਰਧਾਮਾ ਤੋਂ ਸਮੁੱਚੀ ਮਨੁੱਖਤਾ ਨੂੰ ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਮਿਲਦਾ ਹੈ, ਖ਼ਾਸ ਕਰਕੇ ਮੌਜੂਦਾ ਸਮੇਂ ਵਿਸ਼ਵ ਭਰ ਅੰਦਰ ਫੈਲੀ ਭਿਆਨਕ ਮਹਾਮਾਰੀ ਕਰੋਨਾ ਦੌਰਾਨ ਗੁਰੂਘਰਾਂ ਨੇ ਸਮੁੱਚੀ ਲੋਕਾਈ ਦੀ ਮੱਦਦ ਕਰਨ ਦੇ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾਈ ਹੈ। ਅੱਜ ਸਮੇਂ ਦੀ ਸਰਕਾਰ ਦਾ ਵੀ ਮੁੱਢਲਾ ਫਰਜ ਬਣਦਾ ਹੈ ਕਿ ਉਕਤ ਗੁਰੂਘਰਾਂ ਦੀ ਸੇਵਾ ਸੰਭਾਲ ਕਰ ਰਹੇ ਧਰਮਿਕ ਪ੍ਰਚਾਰਕਾਂ, ਸੇਵਾਦਾਰਾਂ ਅਤੇ ਦੂਜੇ ਪ੍ਰਬੰਧਕੀ ਮੁਲਾਜਮਾਂ ਦੀ ਉਪਜੀਵਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੰਗਤਾਂ ਦੀ ਮੰਗ ਨੂੰ ਮੁੱਖ ਰਖਦਿਆਂ ਹੋਇਆਂ ਗੁਰੂਘਰਾਂ ਤੇ ਦੁੂਜੇ ਧਰਮਾਂ ਦੇ ਅਸਥਾਨਾ ਨੂੰ ਖੋਲ੍ਹਣ ਲਈ ਵੀ ਅਪਣੀ ਸੁਹਿਰਦ ਭੂਮਿਕਾ ਨਿਭਾਵੇ। ਇਸ ਸਮੇਂ ਉਨ੍ਹਾਂ ਦੇ ਨਾਲ ਸ. ਬਲਜੀਤ ਸਿੰਘ, ਭਾਈ ਗੁਰਮੇਜ ਸਿੰਘ ਸਮੇਤ ਟਕਸਾਲ ਦੇ ਪ੍ਰਮੁੱਖ ਵਿਦਿਆਰਥੀ ਹਾਜਰ ਸਨ।