ਗੁਰਦਿੱਤ ਦੀਨਾ
ਲਕੀਰ ਦੀ ਫ਼ਕੀਰੀ ਹੀ ਤਾਂ ਸਾਡੀ
ਮਾਨਸਿਕਤਾ ਬਿਆਨਦੀ ਹੈ
ਉਨ੍ਹਾਂ ਕੋਲ ,
ਜਿਸ ਤੋ ਉਹ ਤੈਅ ਕਰਦੇ ਹਨ
ਸਾਡੇ ਉੱਪਰ ਰਾਜ ਕਰਨ ਦਾ ਸਮਾਂ।
ਇਹ ਉਨ੍ਹਾਂ ਲਈ ਹੀ ਤਾਂ ਮੁਨਾਫੇਖੋਰੀ ਬਣਦੀ ਹੈ,
ਸਾਡੇ ਵਿਚਕਾਰ ਪਈ ਆਪਸੀ
ਫਿਰਕੇ,
ਰੂਪ ,
ਪਹਿਰਾਵੇ ,
ਨਿਸ਼ਾਨੀਆਂ ਦੀ ਕੀਤੀ
ਕਤਾਰਬੰਦੀ ।
ਕੀ ਹਮੇਸ਼ਾ
ਕਿਰਤ ਵਾਲੇ ਹੱਥਾਂ ਵਿੱਚ
ਖੰਜਰ ਹੀ ਤਾਣੀ ਰੱਖਣਾ ਹੈ ?
ਆਪਣੇ ਹੀ ਤਰੀਕੇ ਨਾਲ ਪੈਦਾ ਹੋਏ
ਇਨਸਾਨ ਉੱਪਰ ।
ਇੱਕ ਅਣਦੇਖੀ /
ਅਣਸੁਣੀ
ਕਹਾਣੀ ਨੂੰ ਸੱਚ ਮੰਨਦਿਆ ।
ਕਦੇ ਸੋਚ ਕੇ ਤਾਂ ਦੇਖੋ
” ਕਿ ਇਹ ਲਿਖ਼ਤਾਂ /
ਨਿਸ਼ਾਨ ,
ਕਿਵੇਂ ,
ਕਿੱਥੋਂ ਲੱਗ ਗਏ
ਸਾਡੇ ਹੱਥ ,
ਕਿਵੇਂ ਕਿਸੇ ਨੂੰ ਯੁਕਤੀ ਕਿ
ਇੱਕ ਲੱਕੜ ਦੀ ਸਲੀਬ ਬਣਾਕੇ
ਉਸ ਦਾ ਕੁੱਝ ਹਿੱਸਾ
ਗੱਡ ਦੇਵੇ ਧਰਤੀ ਹੇਠ ।
ਕੀ ਸਾਡਾ ਕਦੇ ਮਨ ਨਹੀਂ ਕਰਦਾ
ਕਿ ਜਾਣਿਆ ਜਾਵੇ
” ਕਿ ਕੌਣ ਸੀ ਉਹ ਪਹਿਲਾ ਇਨਸਾਨ
ਜੋ ਇਸ ਉੱਪਰ ਟੰਗਿਆ ਗਿਆ ਸੀ
” ਤੇ ਕੀ ਕਾਰਨ ਸੀ ਕਿ
ਉਸਦੀ ਮੌਤ ਏਨ੍ਹੀ ਭਿਆਨਕ ਸੀ।
ਕਦੇ ਇਤਿਹਾਸ ਦੇ ਪੰਨੇ ਤਾਂ ਫਰੋਲੋ
ਪਤਾ ਤਾ ਕਰੋ
” ਕਿ ਹਜ਼ਾਰਾਂ ਦੀ ਗਿਣਤੀ ਵਿੱਚ
ਕੰਮ ਕਰਦੇ ਮਜ਼ਦੂਰਾਂ ਨੂੰ
ਇਕੱਠਾ ਕਰਨ ਲਈ
ਤਾਂ ਕਿਤੇ ਨਹੀਂ ਕੀਤੀ ਜਾਂਦੀ ਸੀ
ਇਹ ਘੰਟੀ / ਟੱਲੀ ਦੀ ਵਰਤੋਂ ।
ਬਗਾਵਤਾਂ / ਲੜਾਈਆਂ ਹਮੇਸ਼ਾ
ਦੋ ਜਮਾਤਾਂ ਵਿੱਚ ਹੁੰਦੀਆਂ ਹਨ ।
ਆਪਣੇ ਸਿਪਾਹੀਆਂ ਦੀ ਪਹਿਚਾਣ ਰੱਖਣ
“ਅਤੇ ਹਾਲਤਾਂ ਮੁਤਾਬਿਕ ਲੋੜ ਪੈਣ ਤੇ
ਜ਼ੁਲਮ ਵਿਰੁੱਧ ਵਰਤਣ
ਵਾਸਤੇ ਤਾਂ ਨਹੀਂ ਸਨ
ਇਹ ਪੰਜ ਕਕਾਰਾਂ ।
ਜਿਹੜੀਆ ਅੱਜ ਕੱਲ
ਜ਼ੁਲਮ ਦੀਆਂ ਭਾਗੀਦਾਰ ਵੀ
ਬਣਦੀਆ ਹਨ ।
ਬਿਨਾਂ ਇਹਨਾਂ ਦਾ ਮਹੱਤਵ ਜਾਣਿਆਂ ।
ਸੂਝ ਦੇ ਸਿਖ਼ਰ ਵਾਲਿਆਂ ਤੇ
ਕਿਸੇ ਇੱਕ ਦਾ ਕਬਜ਼ਾ ਨਹੀਂ ਹੋ ਸਕਦਾ
ਸਗੋਂ ਉਸਦੇ ਕੀਤੇ ਨੂੰ
ਆਪਣੇ /
ਦੁਨੀਆ ਤੇ ਲਾਗੂ ਕਰਨਾ
ਉਸਤੇ ਬਰਾਬਰ ਦਾ ਹੱਕ ਦਰਸਾਉਂਦਾ ਹੈ ।
ਆਪਣੇ ਪੁਰਖਿਆਂ ਵਾਲੇ ਪਹਿਰਾਵੇ
” ਤੇ ਰਸਤੇ ਵਿੱਚ ਲੱਗੀ ਲੋਹੇ ਦੀ ਤਾਰ ਕਰਕੇ
ਕਿਸੇ ਨੂੰ ਇੱਕ ਜਮਾਤੀ ਕਰਾਰ ਦੇਣ ਦਾ
ਤੁਹਾਨੂੰ ਕੋਈ ਹੱਕ ਨਹੀਂ ।
ਬਿਨਾਂ ਜਮਾਤ ਦਾ ਮਤਲਬ ਸਮਝਿਆ ।
ਆਓ
ਕਦੇ ਇਤਿਹਾਸ ਤੇ ਵੀ ਝਾਤ ਮਾਰੀਏ
ਕਿ ਕਦੋਂ ਇਹ ਨਿਸ਼ਾਨ
/ ਪਾਖੰਡ /
ਕੁਰੀਤੀਆਂ ,
ਸਾਡੇ ਸਿਰ ਚੜ ਬੋਲਣ ਲੱਗ ਗਈਆਂ
ਜਿਸ ਵਿੱਚ ਸਾਨੂੰ ਕੋਈ
ਕਦਰ ਨਾ ਰਹੀ
ਮਨੁੱਖੀ ਜਾਨਾਂ ਦੀ ।
ਤੇ ਕਿਵੇਂ ਅਸੀਂ
ਅਸਲ ਲੜਾਈ ਤੋ ਪਾਸਾ ਵੱਟ
ਇੱਕ ਦੂਜੇ ਵੱਲ ਅੱਖਾਂ ਕੱਢਕੇ
ਹਕੂਮਤ ਦੀ ਉਮਰ ਲੰਬੀ ਕਰਦੇ ਹਾਂ
ਧਰਮ ਦੀ ਆੜ ਹੇਠ।