18.1 C
United Kingdom
Friday, June 19, 2026

More

    ਮੈਂ ਛੱਪੜ ਬੋਲਦਾਂ…

    ਮਨਜੀਤ ਕੁੱਸਾ
    “ਕਾਕਾ ਕੀ ਗੱਲ, ਨੱਕ ਜਿਹਾ ਚੜ੍ਹਾਉਨੈਂਂ?” ਛੱਪੜ ਕਿਨਾਰੇ ਆਪਣੇ ਸਕੂਲ ਦੀ ਬੱਸ ਉਡੀਕਦੇ ਗੁਰਕਮਲ ਨੂੰ ਛੱਪੜ ਨੇ ਪੁੱਛਿਆ।

    “ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ, ਤੁਹਾਡੀ ਇਹ ਹਾਲਤ ਕਿਵੇਂ ਬਣਗੀ? ਬਹੁਤ ਮੁਸ਼ਕ ਆਉਂਦਾ। ਤੁਸੀਂ ਸ਼ੁਰੂ ਤੋ ਹੀ ਇਹੋ ਜਿਹੇ ਹੋ?” ਗੁਰਕਮਲ ਨੇ ਪੁੱਛਿਆ।

    “ਨਹੀ ਸ਼ੇਰਾ! ਛੱਪੜ ਨੇ ਲੰਮਾਂ ਜਿਹਾਂ ਹੌਂਕਾ ਭਰਦਿਆਂ ਕਿਹਾ।

    “ਫੇਰ ਵੀ ਦੱਸੋ ਤਾਂ ਸਹੀ ਤੁਸੀਂ” ਗੁਰਕਮਲ ਨੇ ਕਿਹਾ।

    “ਲੈ ਸੁਣ ਫ਼ੇਰ ਦੱਸਦਾ ਹਾਂ ਤੈਨੂੰ, ਮੇਰੀ ਇਹ ਹਾਲਤ ਤੇਰੇ ਵੱਡੇ ਵਡੇਰਿਆਂ ਨੇ ਹੌਲੀ-ਹੌਲੀ ਕਰ ਦਿੱਤੀ। ਅਸੀਂ ਪੰਜ ਭਰਾ ਤੇ ਇਕ ਭੈਣ ਸੀ। ਸਾਰਿਆਂ ਤੋਂ ਵੱਡਾ ਕੁੱਸੇਆਣਾ ਸੀ ਮੰਦਰ ਮਾਤਾ ਸਤੀ ਕੋਲ। ਪਹਿਲਾਂ ਪਿੰਡ ਉੱਥੇ ਹੀ ਸੀ ਦੂਜਾ ਮੈਂ, ਤੀਜਾ ਮੋਰਾਂਵਾਲੀ, ਚੌਥੀ ਢਾਬ ਸੀ ਪੰਜਵਾਂ ਰਾਈਆਂ ਵਾਲ਼ਾ, ਛੇਵਾਂ ਲੋਪੋਂ ਵਾਲਾ। ਛੇਆਂ ਚੋਂ ਬਸ ਮੈਂ ਤੇ ਰਾਈਆਂ ਵਾਲ਼ਾ ਹੀ ਬਚੇ ਹਾਂ। ਬਹੁਤ ਵਧੀਆ ਦਿਨ ਲੰਘਦੇ ਸੀ ਜਦੋਂ ਵੀ ਮੇਰੇ ਵਿੱਚੋਂ ਪਾਣੀ ਦੀ ਘਾਟ ਹੁੰਦੀ ਤਾਂ ਮੇਰੇ ਲਈ ਨਹਿਰ ਦਾ ਪਾਣੀ ਅੱਠ ਪਹਿਰ ਸੀ। ਮੀਂਹਾਂ ਦੇ ਪਾਣੀ ਨਾਲ ਮੈਂ ਭਰ ਜਾਂਦਾ ਮੇਰੇ ਆਲੇ-ਦੁਆਲੇ ਬੋਹੜਾਂ ਪਿੱਪਲਾ ਦੀ ਠੰਢੀ ਛਾਂ ਹੁੰਦੀ ਤੇ ਵੱਗ ਬੈਠ ਦਾ ਹੁੰਦਾ।”

    “ਵੱਗ”? ਗੁਰਕਮਲ ਨੇ ਪਹਿਲੀ ਵਾਰ ਸੁਣੇ ਸ਼ਬਦ ਤੋਂ ਚੌਕਦਿਆ ਸਵਾਲ ਕੀਤਾ।

    “ਹਾਂ ਵੱਗ, ਮਤਲਬ ਪਹਿਲਾਂ ਘਰਾਂ ਵਿੱਚ ਦੇਸੀ ਗਾਵਾਂ ਰੱਖੀਆਂ ਹੁੰਦੀਆਂ ਤੇ ਉਹਨਾਂ ਨੂੰ ਘਰੋਂ ਛੱਡ ਜਾਂਦੇ ਜਿੱਥੇ ਬਾਲਮੀਕ ਮੰਦਰ ਹੈ ਤੇ ਆਥਣੇ ਚਾਰ ਕੁ ਵਜੇ ਛੱਡਿਆ ਜਾਂਦਾ। ਜਿਸਨੂੰ ਵੱਗਾ ਵੇਲਾ ਵੀ ਕਹਿੰਦੇ ਸਨ ਤੇ ਗਾਵਾਂ ਨੂੰ ਸੰਭਾਲਣ ਲਈ ਬੰਦੇ ਰੱਖੇ, ਜੋ ‘ਵਾਗੀ’ ਦੇ ਨਾਂ ਨਾਲ ਜਾਣੇ ਜਾਂਦੇ। ਨਾਲੇ ਉਦੋਂ ਆਹ ਮਰੀਕੀ ਗਾਵਾਂ ਨਹੀਂ ਸੀ ਹੁੰਦੀਆਂ ਤੇ ਨਾਂ ਹੀ ਕੋਈ ਆਵਾਰਾ ਘੁੰਮਦੀਆਂ। ਵੱਗ ਖਤਮ ਹੋ ਗੲੇ ਤੇ ਦੇਸੀ ਗਾਵਾਂ ਵੀ। ਹਾਂ ਮੇਰੇ ਪਾਣੀ ਵਿੱਚ ਆਮ ਹੀ ਨਹਾ ਲਿਆ ਕਰਦੇ ਪਾਣੀ ਸਾਫ਼ ਹੁੰਦਾ ਤੇਰੇ ਵਰਗੇ ਜੁਆਕਾਂ ਨੇ ਮੇਰੇ ਵਿੱਚ ਮੱਝਾਂ ਦੀਆਂ ਪੂਛਾਂ ਫੜ ਕੇ ਤੈਰਨਾ ਸਿੱਖ ਜਾਣਾ। ਮੀਂਹਾਂ ਦਾ ਪਾਣੀ ਮੈਂ ਹੀ ਸੰਭਾਲਦਾ ਸੀ ਜਦੋਂ ਪਾਣੀ ਘਟ ਜਾਣਾਂ ਤੇ ਕੱਚੀਆਂ ਇੱਟਾਂ ਬਣਾ ਲੈਣੀਆਂ ਕੲੀਆਂ ਨੇ ।ਬੁਹਤੇ ਘਰ ਕੱਚੇ ਹੀ ਹੁੰਦੇ ਸੀ ਉਹਨਾਂ ਘਰਾਂ ਨੂੰ ਪਰੋਲਾ਼ ਫੇਰਨ ਵਾਸਤੇ ਚਿੱਕ ਵੀ ਮੇਰੇ ਵਿੱਚੋਂ ਹੀ ਕੱਢਣੀ। ਹੁਣ ਤੂੰ ਪਰੋਲਾ਼ ਤੇ ਚਿੱਕ ਵਾਰੇ ਪੁੱਛੇਂ ਗਾ। ਮੈਂ ਪਹਿਲਾਂ ਹੀ ਦੱਸ ਦੇਵਾਂ ਜੋ ਮੇਰੇ ਵਿੱਚ ਪਾਣੀ ਦੇ ਥੱਲੇ ਗਾਰਾ ਹੈ ਉਸ ਵਿੱਚ ਨੀਲਾ ਕੱਚਾ ਰੰਗ ਪਾ ਕੇ ਲੀੜੇ ਦੀ ਪੋਚਾ ਬਣਾਕੇ ਕੰਧਾਂ ਉਤੇ ਫੇਰਿਆ ਜਾਂਦਾ।”
    “ਮੇਰੇ ਮਾੜੇ ਦਿਨਾਂ ਦੀ ਸ਼ੁਰੂਆਤ ਹੋਈ ਜਦੋਂ ਤੋਂ ਤੇਰੇ ਵੱਡਿਆਂ ਨੇ ਆਪਣੇ ਘਰਾਂ ਵਿੱਚ ਲੈਟਰੀਨਾ ਬਣਾ ਲੲੀਆਂ ਤੇ ਘਰ ਘਰ ਮੋਟਰਾਂ ਲਗਵਾਈਆਂ।”

    “ਨਾ ਪਹਿਲਾਂ ਕਿੱਥੇ ਜਾਂਦੇ ਸੀ?” ਗੁਰਕਮਲ ਨੇ ਪੁੱਛਿਆ।

    “ਆਹੀਂ ਮੇਰੇ ਇਸ ਪਾਸੇ ਖੇਤਾਂ ਵਿੱਚ । ਨਾਲੇ ਸ਼ੈਰ ਹੋ ਜਾਂਦੀ ਸੀ ਨਾਲੇ ਇਹ ਤੇਰੇ ਵਾਲਾ ਕੌਲਗੇਟ ਨਹੀਂ ਸੀ ਜਾਣਦਾ ਕੋਈ। ਕਿੱਕਰਾਂ ਦੀ ਦਾਤਣ ਕਰਦੇ ਸੀ ਸਾਰੇ।”

    “ਫੇਰ ਮਾੜੇ ਦਿਨ ਕਿਵੇਂ ਆ ਗਏ?” ਗੁਰਕਮਲ ਨੇ ਪੁੱਛਿਆ।

    “ਇਹ ਜੋ ਮੇਰੇ ਬਦਬੂਦਾਰ ਪਾਣੀ ਦਾ ਕਾਰਨ ਘਰਾਂ ਵਿੱਚ ਬਣਾਈਆਂ ਲੈਟਰੀਨਾਂ ਨੇ ਉਹ ਪਾਣੀ ਨੇ ਮੇਰਾ ਇਹ ਹਾਲ ਕੀਤਾ ਹੈ ਸਾਰਾ ਗੰਦ ਮੇਰੇ ਵਿੱਚ ਪਾ ਦਿੱਤਾ ਸਾਰਾ ਗੋਹਾ ਕੂੜਾ। ਇਹ ਚਾਰ ਨਾਲ਼ੇ ਭਰੇ ਆਉਂਦੇ ਆ ਦਿਨ ਰਾਤ ਤੁਸੀਂ ਸ਼ੁਕਰ ਕਰੋ ਉਹਨਾਂ ਦਾ ਜਿੰਨਾ ਨੇ ਨਹਿਰੀ ਪਾਣੀ ਬੰਦ ਕਰਵਾਇਆ ਨਹੀਂ ਤਾਂ ਪਿੰਡ ਡੁੱਬ ਜਾਂਦਾ। ਮੇਰਾ ਪਹਿਲਾ ਬੁਹਤ ਵੱਡਾ ਕੱਦ ਸੀ ਪਰ ਹੁਣ ਤਾਂ ਮੇਰੇ ਤੇ ਨਜਾਇਜ਼ ਕਬਜ਼ੇ ਹੋ ਗੲੇ ਕੁਝ ਕ ਧਰਮਿਕ ਅਸਥਾਨਾਂ ਦੇ ਕੁਝ ਕ ਵਿਕਾਸ ਦੇ ਕੰਮਾਂ ਨੇ ਮੈਨੂੰ ਹਜ਼ਾਰੇ ਮਿਸਤਰੀ ਦੇ ਸ਼ਤੀਰ ਵਾਂਗੂੰ ਛਿਲਤਾ। ਮੇਰੇ ਅੰਦਰ ਪਹਿਲਾਂ ਪ੍ਰਵਾਸੀ ਪੰਛੀਆਂ ਦੇ ਝੁੰਡਾਂ ਦੇ ਝੁੰਡ ਆਉਂਦੇ ਮੱਛੀਆਂ ਹੁੰਦੀਆਂ ਬਰਸਾਤੀ ਡੱਡੂਆਂ ਨੇ ਗੜੈਂ ਗੜੈਂ ਕਰਨਾ ਹੁਣ ਤਾਂ ਮੱਛੀਆਂ ਵੀ ਨਹੀਂ ਮਰਨਾ ਕਿਸੇ ਨੇ ਮੇਰੇ ਕੋਲ ਆ ਕੇ।”

    “ਹੁਣ ਕੋਈ ਹੱਲ ਤੇਰਾ ??” ਗੁਰਕਮਲ ਨੇ ਪੁੱਛਿਆ।

    “ਹੱਲ…..ਤਾਂ ਹੈ” ਲੰਮਾਂ ਹੌਉਕਾ ਭਰਕੇ ਛੱਪੜ ਬੋਲਿਆ “ਆਹ ਤੇਰੇ ਪਿੰਡ ਵਾਲੇ ਕੲੀ ਵਾਰ ਇਕੱਠੇ ਹੋਏ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਕੋਲ ਵੀ ਗਏ। ਉਹਨਾਂ ਕਿਹਾ ਖਾਲੀ ਕਰੋ ਹੱਲ ਹੋ ਸਕਦਾ ਰਲ਼ ਕੇ ਕਰਨ ਸਾਰਾ ਪ੍ਰੋਗਰਾਮ ਬਣਾਇਆ ਗਿਆ। ਬਲਦੇਵ ਸਰਪੰਚ ਥੱਕ ਗਿਆ ਗੁਰੂ ਘਰ ਤੋਂ ਵਾਰ ਵਾਰ ਬੇਨਤੀ ਕਰਦਾ। ਇਸ ਦੇ ਬਾਵਜੂਦ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ, ਬੈਠ ਗਏ ਹਾਰ ਕੇ। ਪਤਾ ਨਹੀਂ ਕਿਉਂ ਮੇਰੇ ਦਰਦ ਨੂੰ ਮਹਿਸੂਸ ਨਹੀਂ ਕਰਦੇ ਇਕਠੇ ਨਹੀਂ ਹੁੰਦੇ।”

    “ਹਾਂ ਜੀ ਪਿੰਡਾਂ ਵਿਚ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਆਏ” ਗੁਰਕਮਲ ਬੋਲਿਆ।

    “ਕੋਈ ਨਾ ਖਿੱਚ ਲੈਣ ਦੇ ਲੱਤਾਂ। ਮੈਂ ਵੀ ਹੁਣ ਸੌਂਹ ਖਾ ਲਈ ਐ ਨਾ ਕਰੋ ਹੱਲ ਮੇਰਾ ਤੁਸੀਂ ਜ਼ੋਰ ਲਾਓ ਮੈਨੂੰ ਗੰਦ ਨਾਲ ਭਰਨ ਤੇ ਮੈਂ ਵੀ ਘਰ ਘਰ ਕੈਂਸਰ, ਟੀਬੀ, ਕਾਲਾ ਪੀਲੀਆ, ਗੋਡੇ ਦਰਦ , ਪੀਲੀਆ, ਦੇਖ ਦੇ ਜਾਓ ਕਿਹੜੀਆਂ ਕਿਹੜੀਆਂ ਭਿਆਨਕ ਬਿਮਾਰੀਆਂ ਦਿਉਂ ਗਾ ਜੁਆਨੀ ਵਿੱਚ ਬੁਢਾਪੇ ਦੇ ਨਜ਼ਾਰੇ ਦਿਖਾ ਦਿਉਗਾ। ਮੱਛਰ ਤਾਂ ਥੋਡੇ ਸਿਆਲਾਂ ਚ ਵੀ ਰਹਿੰਦਾ ਬਦਬੂ ਤਾਂ ਮੈਂ AC ਵਿੱਚਦੀ ਸੁੱਟਾਂਗਾ ਦੇਖੂੰ ਕੋਈ ਕਿਵੇਂ ਗੇਟ ਬੰਦ ਕਰਕੇ ਪੈ ਜੂ। ਜਦੋਂ ਕੋਈ ਰਿਸ਼ਤੇਦਾਰ ਜਾਂ ਰਾਹੀਂ ਲੰਘਣ ਗੇ ਕੀ ਕਹਿਣਗੇ।”

    ਕਦੇ ਕਦੇ ਪਾਣੀ ਉੱਤਰ ਜਾਂਦਾ ਕਿਵੇਂ” ਗੂਰਕਮਲ ਨੇ ਪੁੱਛਿਆ।

    ” ਹਾਂ ਹਾਂ ਉਹ ਵੀ ਦੱਸਦਾਂ। ਪਾਇਪ ਪਾਏ ਆ ਉਹਨਾਂ ਨੂੰ ਚਲਾਉਣ ਨਾਲ ੳੁੱਤਰ ਜਾਂਦਾ।”

    “ਹੋਰ ਪੁਆ ਦੇਣ” ਗੁਰਕਮਲ ਬੋਲਿਆ।

    “ਪਾਉਂਣ ਲੱਗੇ ਸੀ ,ਪਤਾ ਨਹੀਂ ਕੀ ਹੋਇਆ ਕੰਮ ਵਿਚਾਲੇ ਹੀ ਰੁਕ ਗਿਆ। ਨਾਲੇ ਤੂੰ ਆਪੇ ਹੀ ਕਹਿੰਦਾ ਲੱਤਾਂ ਖਿੱਚਣ ਵਾਲੇ ਵੀ ਬਹੁਤ ਸਾਰੇ,,,,। ਪਤਾ ਨਹੀਂ ਇਹ ਗੁਆਂਢੀ ਪਿੰਡਾਂ ਦੇ ਛੱਪੜਾਂ ਵਿਚ ਬੂੰਦ ਪਾਣੀ ਨਹੀਂ।”
    “ਹੁਣ ਕੀ ਕਹਿਣਾ ਚਾਹੋਗੇ ਤੁਸੀਂ?” ਗੁਰਕਮਲ ਨੇ ਬੇਨਤੀ ਕੀਤੀ। “ਕਹਿਣਾ ਕੀ ਆ? ਮੈਂ ਛੱਪੜ ਹਾਂ, ਸਮਝਣਾ ਤੁਸੀਂ ਆ, ਹੱਥ ਵੱਸ ਥੋਡੇ ਆ। ਪਿੰਡ ਥੋਡਾ, ਜੁਆਕ ਥੋਡੇ, ਪੈਸਾ ਥੋਡਾ ਰਲ ਮਿਲ ਕੇ ਹੱਲ ਕਰੋ। ਲੱਤਾਂ ਨਾਂ ਖਿੱਚੋ। ਪਿੰਡ ਵਿੱਚ ਵਿਕਾਸ ਕਰੋ ਤੇ ਕਰਨ ਦਿਓ। ਵਿਰੋਧਤਾ ਕਰਨੀ ਛੱਡੋ, ਥੋਡੇ ਕੋਲ ਕਿਸੇ ਗ੍ਰਾਂਟ ਦੀ ਲੋੜ ਨਹੀਂ। ਥੋਡੇ ਕੋਲ ਮੰਦਰ ਮਾਤਾ ਸਤੀ ਕਮੇਟੀ ਹੈ, NRI ਵੀਰ ਹਨ, ਪੰਚਾਇਤ ਹੈ, ਸਰਬਸੰਮਤੀ ਨਾਲ ਕੰਮ ਕਰੋ।”
    “ਗੁਰਕਮ?????? ਆ ਪੁੱਤ, ਅੱਜ ਤੇਰੀ ਸਕੂਲ ਬੱਸ ਨਹੀਂ ਆਉਣੀ। ਕਰੋਨਾ ਕਰਕੇ ਸਕੂਲ ਬੰਦ ਕਰ ਦਿੱਤੇ” ਗੁਰਕਮਲ ਦੇ ਦਾਦੇ ਫੌਜੀ ਨੇ ਆਵਾਜ਼ ਮਾਰੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!