ਮਨਦੀਪ ਕੌਰ ਭੰਮਰਾ
ਧਰਮਾਂ ਦੇ ਨਾਂ ‘ਤੇ ਲੜਨ ਵਾਲ਼ਿਓ ਸੋਚਣਾ ਜ਼ਰਾ,
ਆਪੋ ‘ਚ ਬਹਿਸ ਕਰਨ ਵਾਲ਼ਿਓ,ਸੋਚਣਾ ਜ਼ਰਾ।
ਅੰਦਰ ਟਟੋਲਣੇ, ਆਪੋ ਆਪਣੇ ਜ਼ਿਹਨ ਕੁਰੇਦਣੇ,
ਧਰਮਾਂ,ਮਜ਼੍ਹਬਾਂ ਤੋਂ ਉੱਪਰ ਉੱਠ ਕੇ ਸੋਚਣਾ ਜ਼ਰਾ।
ਪੈਗੰਬਰਾਂ ਸਭ ਦਿਆਂ, ਕੀ ਕੀ ਕਿਹੈ ਧਰਮਾਂ ਲਈ,
ਸਭ ਧਰਮ ਬ੍ਰਾਬਰ ਨੇ,ਇਹ ਜ਼ਰੂਰ ਸੋਚਣਾ ਜ਼ਰਾ।
ਧਰਮ ਇਨਸਾਂ ਲਈ ਜਾਂ ਇਨਸਾਨ ਧਰਮਾਂ ਲਈ,
ਵਜ਼ਨ ਕਿਸ ਗੱਲ ‘ਚ ਹੈ ਜ਼ਿਆਦਾ,ਸੋਚਣਾ ਜ਼ਰਾ।
ਖਲੂਸ ਦਾ ਜੇ ਪਹਿਰਾ ਨਾ ਹੋਵੇ, ਨਾ ਮੁਹੱਬਤਾਂ ਹੋਣ,
ਬਚੇਗਾ ਕੀ ਜੀਵਨ ਵਿੱਚ, ਇਹ ਤਾਂ ਸੋਚਣਾ ਜ਼ਰਾ।
ਜੀਵਨ ਸੁਹਬਤਾਂ ਸੰਗ ਜੇ ਬੀਤ ਜਾਵੇ ਚੰਗਾ ਹੁੰਦੈ,
ਹਰ ਵੇਲੇ ਲੜਨਾ,ਬਹਿਸਣਾ,ਇਹ ਸੋਚਣਾ ਜ਼ਰਾ।
ਜ਼ਿੰਦਗੀ ਕਰਮ ਭੂਮੀ,ਕਰਮ ਕੋਈ ਵੀ ਕਰੇ ਕੋਈ,
ਧਰਮਾਂ ਸਭ ਨਾਲ਼ ਕਰੀਏ ਪਿਆਰ ਸੋਚਣਾ ਜ਼ਰਾ।