ਲਾਕਡਾਊਨ ਚ ਢਾਡੀ ਰਸ ਦੀ ਸੰਜੀਦਾ ਪੇਸ਼ਕਾਰੀ
ਡਾ. ਸੁਰਜੀਤ ਸਿੰਘ ਭਦੌੜ*
ਕਲਾਕਾਰ ਦੀ ਆਮ ਸਰੋਤਿਆਂ ਜਾਂ ਦਰਸ਼ਕਾਂ ਤੋਂ ਭਿੰਨਤਾ ਸ਼ਾਇਦ ਏਹੀ ਹੁੰਦੀ ਹੈ ਕਿ ਕਲਾਕਾਰ ਆਪਣੇ ਆਲੇ ਦੁਆਲੇ ਵਿੱਚ ਵਾਪਰਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਮੌਕੇ ਤੇ ਆਪਣੀ ਕਲਾ ਨਾਲ ਰੂ ਬ ਰੂ ਹੁੰਦੇ ਹਨ । ਇਹੀ ਕਾਰਨ ਹੈ ਕਿ ਆਮ ਲੋਕਾਂ ਦੇ ਚੇਤਿਆਂ ਚ ਕਲਾਕਾਰਾਂ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਪੇਸ਼ਕਾਰੀਆਂ ਦਾ ਅਸਰ ਵਸਿਆ ਹੁੰਦਾ ਹੈ । ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮਾਜ ਤੇ ਪਈ ਕਿਸੇ ਵੀ ਭੀੜ ਦਾ ਮੁਕਾਬਲਾ ਕਰਨ ਲ਼ਈ ਜਿੱਥੇ ਤਕਨੀਕੀ ਸਾਜੋ ਸਮਾਨ ਦੀ ਜਰੂਰਤ ਹੁੰਦੀ ਹੈ, ਉਥੇ ਪੀੜ ਦੇ ਦਰਦ ਨੂੰ ਘੱਟ ਕਰਨ ਲਈ ਸੱਭਿਆਚਾਰਕ ਮਲਮ ਵੀ ਲੋੜੀਂਦੀ ਹੁੰਦੀ ਹੈ । ਢਾਡੀ ਕਲਾ ਸਾਡੇ ਸਮਾਜ ਦੀ ਪਰੰਪਰਿਕ ਗਾਇਨ ਸ਼ੈਲੀ ਦੀ ਮਹਾਨ ਵਿਰਾਸਤ ਹੈ । ਇਸ ਕਲਾ ਨੂੰ ਗੁਰੂ ਸਾਹਿਬਾਨਾਂ ਵੱਲੋਂ ਵੀ ਥਾਪੜਾ ਪ੍ਰਾਪਤ ਹੈ । ਬੀਰ ਰਸ ਭਰਪੂਰ ਇਹ ਗਾਇਨ ਸ਼ੈਲੀ ਸਾਡੇ ਸਮਾਜ ਦੇ ਲੋਕਾਂ ਦੇ ਮਨਾਂ ਤੇ ਆਪਣਾ ਇੱਕ ਵਿਸ਼ੇਸ ਪ੍ਰਭਾਵ ਰੱਖਦੀ ਹੈ। ਕੋਰੋਨਾ ਮਹਾਂਮਾਰੀ ਵਿੱਚ ਜਿੱਥੇ ਵੱਖ ਵੱਖ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਨਾਲ ਲੋਕਾਂ ਨੂੰ ਸੰਗੀਤਕ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਕਈ ਵਰਿਆਂ ਤੋਂ ਢਾਡੀ ਕਲਾ ਨੂੰ ਸਮਰਪਿਤ ਲੋਹੀਆਂ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਅੱਜ ਰਿਲੀਜ ਆਪਣੀ ਸੰਗੀਤਕ ਪੇਸ਼ਕਾਰੀ “ ਠੇਕਿਆਂ ਤੇ ਲੱਗੀ ਭੀੜ ਦੱਸਦੀ , ਰੋਟੀ ਤੋਂ ਜਰੂਰੀ ਦਾਰੂ ਹੋ ਗਈ ” ਨਾਲ ਚਰਚਿਤ ਹੈ । ਬਹੁਤ ਹੀ ਸੰਜੀਦਗੀ ਨਾਲ ਇਸ ਸ਼ਿੱਖਅਕ ਗੀਤ ਦੀ ਪੇਸ਼ਕਾਰੀ ਤੋਂ ਇਹ ਸਪੱਸਟ ਹੁੰਦਾ ਹੈ ਕਿ ਜੇ ਤੁਹਾਡੇ ਅੰਦਰ ਕਲਾ ਜਿਊਂਦੀ ਹੈ ਤਾਂ ਤੁਹਾਨੂੰ ਆਪਣੀ ਗੱਲ ਕਹਿਣ ਲਈ ਹਮੇਸ਼ਾ ਵੱਡੇ ਲਾਮ ਲਸ਼ਕਰ ਜਾਂ ਸਟੇਜਾਂ ਦੀ ਜਰੂਰਤ ਨਹੀਂ ਹੁੰਦੀ । ਇਹ ਵਰਨਣਯੋਗ ਹੈ ਕਿ ਗੁਰਜੰਟ ਸਿੰਘ ਪਟਿਆਲਾ ਦੀ ਐਨ ਮੌਕੇ ਦੇ ਹਾਲਾਤਾਂ ਤੇ ਲਿਖੀ ਹੋਈ ਰਚਨਾ ਨੂੰ ਬੀਬੀ ਕਰਮਜੀਤ ਕੌਰ ਖਾਲਸਾ ਅਤੇ ਬੀਬੀ ਦਲਜੀਤ ਕੌਰ ਖਾਲਸਾ ਨੇ ਆਪਣੀਆਂ ਸੁਰੀਲੀਆਂ ਅਵਾਜਾਂ ਵਿੱਚ ਬਾ-ਖੂਬੀ ਪੇਸ਼ ਕੀਤਾ ਹੈ । ਇਸ ਗੀਤ ਦੀ ਪੇਸ਼ਕਾਰੀ ਐਨ ਉਦੋਂ ਸਾਹਮਣੇ ਆਈ ਜਦੋਂ ਕੋਰੋਨਾ ਵਰਗੀ ਮਹਾਂਮਾਰੀ ਦੇ ਭਿਆਨਕ ਸਮੇਂ ਵਿੱਚ ਸਰਕਾਰਾਂ ਨੂੰ ਜਦੋਂ ਰੋਟੀ ਦੀ ਬਜਾਇ ਸ਼ਰਾਬ ਵਰਤਾਉਣ ਦਾ ਫਿਕਰ ਸਤਾਉਣ ਲਗਾ ਹੈ । ਸ਼ਰਾਬ ਦੇ ਠੇਕਿਆਂ ਦੇ ਖੁੱਲ ਜਾਣ ਦੀ ਪ੍ਰਕਿਰਿਆ ਇਸ ਲਈ ਜਿਆਦਾ ਖਬਰਾਂ ਦੀ ਸੁਰਖੀਆਂ ਵਿੱਚ ਦੇਖੀ ਜਾ ਰਹੀ ਹੈ, ਕਿਉਂਕਿ ਰੋਟੀ ਅਤੇ ਰਾਸ਼ਨ ਦੀ ਮੰਗ ਕਰਦੇ ਲੋਕਾਂ ਨੂੰ ਸ਼ਰਾਬ ਦੇ ਠੇਕਿਆਂ ਤੇ ਲੱਗੀਆਂ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਖੜੇ ਦੇਖਿਆ ਜਾ ਰਿਹਾ ਹੈ । ਇਹ ਠੇਕਿਆਂ ਦੀ ਭੀੜ ਨੇ ਕਈ ਦਿਨ ਤੋਂ ਸੁੱਖ ਦਾ ਸਾਹ ਲੈ ਰਹੀਆਂ ਸੁਆਣੀਆਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਲਿਆ ਖੜੀਆਂ ਕੀਤੀਆਂ ਹਨ । ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਐਨ ਸਮੇਂ ਦੀ ਨਬਜ ਨੂੰ ਦਰਸਾਉਂਦੀ ਢਾਡੀ ਰਸ ਦੀ ਇਸ ਪੇਸਕਾਰੀ ਲਈ ਦੋਨੋਂ ਬੀਬੀਆਂ ਵਧਾਈ ਦੀਆ ਪਾਤਰ ਹਨ ।
*98884-88060