ਮੁਲਾਕਾਤੀ – ਰਾਜਵਿੰਦਰ ਰੌਂਤਾ
ਲੋਕਾ ਦੇ ਦੁੱਖਾਂ ਦਾ ਦਰਦੀ ਸਮਾਜ ਸੇਵੀ ਸੁਖੀ ਨੈਣੇਵਾਲੀਆ ਨਾਲ ਗੱਲਬਾਤ।
ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਨੇ ਦਿੱਤੀ ਪਹਿਚਾਣ – ਸੁੱਖੀ
ਬਰਨਾਲਾ ਦੇ ਭਦੌੜ ਨੇੜੇ ਪਿੰਡ ਨੈਣੇਵਾਲ ਚ ਜੰਮਿਆ, ਪਲਿਆ , ਖੇਡਿਆ ਇਕ ਸਧਾਰਨ ਪਰਿਵਾਰ ਦਾ ਲੜਕਾ ਅੱਜ ਕਿਸੇ ਜਾਣ ਪਹਿਚਾਣ ਦਾ ਮਹੁਤਾਜ ਨਹੀ ਰਿਹਾ। ਦੋਸਤੋ ਅਸੀ ਗੱਲ ਕਰ ਰਹੇ ਹਾਂ ਉਘੇ ਸਮਾਜਸੇਵੀ, ਰਹਿਮ ਦਿਲ ਇਨਸਾਨ ਸੁਖਦੇਵ ਸਿੰਘ (ਸੁੱਖੀ ਨੈਣੇਵਾਲੀਆ) ਜੀ ਦੀ ।
ਨੈਣੇਵਾਲੀਆ ਜੀ ਤੀਹ ਸਾਲ ਤੋ ਆਪਣੇ ਹੱਕ ਸੱਚ ਮਿਹਨਤ ਕਰਦੇ ਹੋਏ ਨਾਲ ਨਾਲ ਸਮਾਜਸੇਵਾ ਚ ਵੀ ਹਿੱਸਾ ਪਾਉਣ ਲੱਗੇ ਤੇ ਅੱਜ ਇਕ ਬਹੁਤ ਵੱਡੇ ਸਮਾਜਸੇਵੀ ਟਰੱਸਟ ਨਾਲ ਮਿਲਕੇ ਲੋੜਬੰਦਾ ; ਬਿਮਾਰਾ ਲਈ ਕੰਮ ਕਰ ਰਹੇ ਹਨ। ਸੁੱਖੀ ਜੀ ਦੱਸਦੇ ਹਨ ਕਿ ਬਹੁਤ ਪਹਿਲਾ ਮੈ ਸੋਚਣਾ ਕਿ ਇਹ ਜੋ ਸਮਾਜਸੇਵਾ ਕਰ ਰਹੇ ਹਨ ਵੀਰ ਭੈਣ , ਵਿਹਲੇ ਹਾਂ ਤਾਂ ਹੀ ਟਾਈਮ ਕੱਢ ਲੈਂਦੇ ਆ । ਮੇਰੇ ਕੋਲ ਤਾ ਆਪਣੇ ਕੰਮ ਕਾਰ ਤੋ ਬਿਨਾ ਮਿੰਟ ਦੀ ਵਿਹਲ ਹੀ ਨਹੀ। ਫਿਰ ਵਾਹਿਗੁਰੂ ਜੀ ਨੇ ਐਸਾ ਸਿਰ ‘ਤੇ ਹੱਥ ਰੱਖਿਆ ਕਿ ਅੱਜ ਤੋ ਛੇ ਸਾਲ ਪਹਿਲਾ ਇਕ ਬਹੁਤ ਵੱਡੇ ਸਮਾਜਸੇਵੀ ਟਰੱਸਟ ; ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਨਾਲ ਜੋੜ ਦਿੱਤਾ। ਮੇਰਾ ਦੋਸਤ ਹੈ ਬਲਵੀਰ ਸਿੰਘ ਗਿੱਲ ਜੰਗੀਆਣਾ। ਉਸ ਨੇ ਮੇਰੇ ਸੇਵਾ ਵਾਲੇ ਕੀੜੇ ਨੂੰ ਦੇਖਦਿਆਂ ਆਪਣੇ ਹਾਂਗਕਾਂਗ ਵਿਚ ਰਹਿੰਦੇ ਵੱਡੇ ਭਰਾ ਮੇਜਰ ਸਿੰਘ ਗਿੱਲ ਨਾਲ ਗੱਲ ਕੀਤੀ। ਤੇ ਮੇਰੀ ਸੇਵਾ ਭਾਵਨਾ ਬਾਰੇ ਦੱਸਿਆ ।ਮੇਜਰ ਸਿੰਘ ਨੇ ਮੈਨੂੰ ਫੋਨ ਕਰਕੇ ਕੁਝ ਜਰੂਰੀ ਗੱਲਾ ਪੁੱਛੀਆਂ ਤੇ ਆਪਣੇ ਟਰੱਸਟ ਨਾਲ ਰਾਇ ਕੀਤੀ । ਟਰੱਸਟ ਵਾਲੇ ਮੇਜਰ ਸਿੰਘ ਦੀ ਗੱਲ ਸੁਣਕੇ ਬਹੁਤ ਖੁਸ਼ ਹੋਏ ਤੇ ਕਿਹਾ ਕਿ ਅਗਰ ਤੁਹਾਡਾ ਦੋਸਤ ਟਰੱਸਟ ਦੀ ਸੇਵਾ ਇਮਾਨਦਾਰੀ ਨਾਲ ਕਰੇ। ਲੋੜਬੰਦ ਤੱਕ ਪਹੁੰਚਾਵੇ ਤੇ ਆਪਾਂ ਹੋਰ ਕੀ ਲੈਣਾ । ਮੇਜਰ ਸਿੰਘ ਨੇ ਟਰੱਸਟ ਦੇ ਵਿਚ ਕਹਿ ਦਿੱਤਾ ਕਿ ਸੁੱਖੀ ਮੇਰਾ ਭਰਾ ਹੈ। ਅਗਰ ਸੇਵਾ ਪਹੁੰਚਾਉਣ ਦੇ ਵਿੱਚ ਕੋਈ ਗਲਤੀ ਕਰੇਗਾ ਤਾ ਮੈ ਜੁੰਮੇਵਾਰ ਹੋਵਾਂਗਾ।
ਓਸ ਨੂੰ ਇਕੱਲੇ ਬਰਨਾਲੇ ਜਿਲੇ ਚ ਸੇਵਾਦਾਰ ਨਿਯੁਕਤ ਕਰ ਦਿੱਤਾ । ਉਸ ਦਸਿਆ ਕਿ ਵਾਹਿਗੁਰੂ ਦੀ ਕਿਰਪਾ ਹੋਈ ਮੈ ਚਾਅ ਨਾਲ ਸੇਵਾ ਕਰਨ ਲੱਗਾ। ਤਿੰਨ ਕ਼ ਸਾਲ ਬਾਅਦ ਟਰੱਸਟ ਦੇ ਚੌਕੀਦਾਰ ਬਿੰਦਰ ਮਹਿਰਾਜ ਵਾਲਾ (ਹਾਂਗਕਾਂਗ) ਨੇ ਉਸ ਦੀ ਸੇਵਾ ਨੂੰ ਦੇਖਦਿਆਂ ਟਰੱਸਟ ਦੇ ਬਾਂਕੀ ਮੈਂਬਰਾਂ ਨਾਲ ਰਾਇ ਮਸ਼ਵਰਾ ਕੀਤਾ ਤੇ ਹੋਰ ਚਾਰ ਜਿਲਿਆਂ (ਮੋਗਾ, ਸੰਗਰੂਰ, ਲੁਧਿਆਣਾਂ, ਬਠਿੰਡਾ) ਦਾ ਮੁੱਖ ਸੇਵਾਦਾਰ ਥਾਪ ਦਿੱਤਾ। ਜਿਸ ਨਾਲ ਉਸਨੂੰ ਹੌਸਲਾ ਹੋਇਆ ਤੇ ਹੋਰ ਵੀ ਲਗਨ ਨਾਲ ਸੇਵਾ ਕਰਨ ਲੱਗ ਪਿਆ। ਇਕ ਸਵਾਲ ਦੇ ਜਵਾਬ ਵਿਚ ਨੈਣੇਵਾਲੀਆ ਨੇ ਦੱਸਿਆ ਕਿ ਜੋ ਵੀ ਲੋੜਬੰਦ ਦੀ ਵੀਡੀਓ ਸ਼ੋਸਲ ਮੀਡੀਆ ਰਾਂਹੀ, ਅਖਬਾਰਾਂ ਰਾਂਹੀ ਟਰੱਸਟ ਕੋਲ ਪਹੁੰਚਦੀ ਹੈ। ਉਹ ਟਰੱਸਟ ਵੱਲੋ ਮੇਰੇ ਕੋਲ ਭੇਜੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਦੀ ਇਨਕੁਆਰੀ ਕਰੋ ਕਿ ਵਾਕਿਆ ਹੀ ਲੋੜਬੰਦ ਹੈ? ਤਾਂ ਮੈ ਤੇ ਮੇਰੇ ਨਾਲ ਹਰ ਟਾਈਮ ਸੇਵਾਂ ਚ ਸਾਥ ਦੇਣ ਵਾਲੇ ਤਿਰਲੋਕ ਸਿੰਘ ਟੇਲਰ ਮਾਸਟਰ ਉਸ ਵੀਡੀਓ ਦੀ ਪੂਰੀ ਪੁਣਛਾਣ ਕਰਦੇ ਹਾਂ ਤੇ ਅਗਰ ਜਾਇਜ ਹੁੰਦੀ ਹੈ ਤਾ ਟਰੱਸਟ ਨੂੰ ਸੇਵਾ ਲਈ ਸਿਫਾਰਸ ਕਰ ਦੇਂਦੇ ਹਾਂ। ਟਰੱਸਟ ਦੇ ਸਤਿਕਾਰਯੋਗ ਮੈਂਬਰ ਰਾਇ ਮਸ਼ਵਰਾ ਕਰਕੇ ਮੋਹਰ ਲਾ ਦੇਂਦੇ ਹਨ। ਤੇ ਸੇਵਾ ਲੋੜਬੰਦ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਸੁੱਖੀ ਨੇ ਦਸਿਆ ਕਿ ਜਦ ਹੀ ਟਰੱਸਟ ਵੱਲੋ ਹਾਂ ਹੁੰਦੀ ਹੈ ਤਾ ਮੈ ਤੇ ਮੇਰਾ ਸਾਥੀ ਉਸ ਸੇਵਾ ਨੂੰ ਡੇਢ ਸੌ ਕਿਲੋਮੀਟਰ ਦੇ ਏਰੀਏ ਚ ਕੁਛ ਹੀ ਘੰਟਿਆਂ ਚ ਪਹੁੰਚਾ ਦੇਂਦੇ ਹਾਂ । ਇਕ ਹਫਤੇ ਚ ਚਾਹੇ ਦੋ, ਚਾਰ ਸੇਵਾਵਾਂ ਵੀ ਹੋਣ ਤਾ ਦਾਸ ਆਪਣੇ ਕੋਲੋ ਹੀ ਕਰ ਦਿੰਦਾ ਹੈ ਤੇ ਹਫਤੇ ਬਾਂਅਦ ਟਰੱਸਟ ਵੱਲੋ ਮੈਨੂੰ ਸੇਵਾ ਭੇਜ ਦਿੱਤੀ ਜਾਂਦੀ ਹੈ। ਟਰੱਸਟ ਵੱਲੋ ਬੱਚੇ ਤੋ ਲੈ ਕੇ ਤਕਰੀਬਨ ਚਾਲੀ ਕੋ ਸਾਲ ਤੱਕ ਪਹਿਲ ਦੇ ਅਧਾਰ ਤੇ ਮਰੀਜ ਦੀ ਮੱਦਦ ਕੀਤੀ ਜਾਂਦੀ ਹੈ। ਪਰ ਪਹਿਲ ਹਮੇਸ਼ਾਂ ਛੋਟੇ ਬੱਚੇ ਨੂੰ ਦਿੱਤੀ ਜਾਂਦੀ ਹੈ। ਉਹਨਾਂ ਦਸਿਆ ਕਿ ਟਰੱਸਟ ਲੰਬੇ ਸਮੇ ਤੋ ਚੱਲ ਰਿਹਾ ਹੈ। ਪਹਿਲਾ ਪਹਿਲ ਟਰੱਸਟ ਵੱਲੋ ਇਕ ਮਰੀਜ ਨੂੰ ਪੰਜਾਹ ਹਜਾਰ ਰੁਪਏ। ਫਿਰ ਪੰਝੀ ਹਜਾਰ ਰੁਪਏ ਤੇ ਅੱਜਕੱਲ ਪੰਦਰਾਂ ਹਜਾਰ ਰੁਪਏ ਸੇਵਾ ਕਰ ਦਿੱਤੀ ਗਈ ਹੈ । ਕਿਉਂਕਿ ਵੀਡੀਓ ਜਿਆਦਾ ਆਉਣ ਕਰਕੇ ਇਹ ਸੇਵਾ ਦੀ ਰਾਸ਼ੀ ਘਟਾਈ ਗਈ ਹੈ ਤਾ ਕਿ ਹਰ ਲੋੜਬੰਦ ਤੱਕ ਪਹੁੰਚ ਸਕੇ। ਸੁੱਖੀ ਨੇ ਦਸਿਆ ਇਹ ਸੇਵਾ ਸਾਰੇ ਮੈਂਬਰ ਮਹੀਨਾਵਾਰ ਆਪਣੀ ਜੇਬ ਵਿੱਚੋ ਪਾਉਂਦੇ ਹਨ ਤੇ ਪੂਰੇ ਹਾਂਗਕਾਂਗ ਦੀ ਸੰਗਤ ਵੱਲੋ ਵੀ ਸੇਵਾ ਚ ਹਿੱਸਾ ਪਾਇਆ ਜਾਂਦਾ ਹੈ । ਸੇਵਾ ਬਾਰੇ ਉਹਨਾ ਦਸਿਆ ਕਿ ਹੁਣ ਤੱਕ ਮੇਰੇ ਰਾਹੀ ਚਾਰ ਜਿਲਿਆਂਂ ਦੇ ਵਿਚ ਵਿੱਚ ਤਕਰੀਬਨ ਸੱਤਰ-ਪੰਝੱਤਰ ਮਰੀਜਾਂ ਦਾ ਸਾਰਾ ਇਲਾਜ , ਢਾਈ ਤਿੰਨ ਸੌ ਮਰੀਜ ਨੂੰ ਟਰੱਸਟ ਵੱਲੋ ਮਿਥੀ ਹੋਈ ਰਾਸ਼ੀ , ਸੌ ਕੋ ਲੋੜਬੰਦ ਗਰੀਬੀ ਤੋ ਹੇਠਲੀ ਰੇਖਾ ਵਾਲੇ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਲਗਾਤਾਰ ਦਿੱਤਾ ਜਾ ਰਿਹਾ ਹੈ ।/ਕਿਸੇ ਕਿਸੇ ਬਹੱਦ ਲੋੜਬੰਦ ਪਰਿਵਾਰ ਦੀ ਲੜਕੀ ਦੀ ਫੀਸ ਤੇ ਕਿਸੇ ਬੇਹੱਦ ਲੋੜਬੰਦ ਲੜਕੀ ਦੇ ਦੇ ਵਿਆਹ ਤੇ ਪੇਟੀ ਅਲਮਾਰੀ ਵੀ ਦੇ ਦਿੱਤੀ ਜਾਂਦੀ ਹੈ। ਪਰ ਮਰੀਜ ਦੀ ਮੱਦਦ ਤੇ ਲੋੜਬੰਦ ਪਰਿਵਾਰ ਰਾਸ਼ਨ ਨੂੰ ਪਹਿਲ ਦਿੱਤੀ ਜਾਂਦੀ ਹੈ। ਉਹਨਾਂ ਦਸਿਆ ਟਰੱਸਟ ਦੇ ਸਾਰੇ ਮੈਂਬਰ ਬਹੁਤ ਜਿਆਦਾ ਇਮਾਨਦਾਰ ਹਨ ਤੇ ਆਪਣਾ ਨਾਮ ਕੋਈ ਵੀ ਮੈਂਬਰ ਖਬਰ ਚ ਨਹੀ ਆਉਣ ਦਿੰਦਾ । ਚਾਹੇ ਕੋਈ ਮੈਬਰ ਕਿਸੇ ਦੀ ਪਰਸਨਲੀ ਵੀ ਸੇਵਾ ਕਰ ਦੇਵੇ ; ਪਰ ਨਾਮ ਟਰੱਸਟ ਵੱਲੋ ਹੀ ਲਿਖਿਆ ਜਾਂਦਾ ਹੈ। ਹੁਣ ਤਾ ਦਾਸ ਨੂੰ ਵੀ ਟਰੱਸਟ ਦਾ ਮੈਂਬਰ ਲੈ ਲਿਆ ਗਿਆ ਤੇ ਜੋ ਸਰਦਾ ਹੈ ਦਾਸ ਵੀ ਸੇਵਾ ਚ ਤਿਲਫੁਲ ਪਾ ਦਿੰਦਾ ਹੈ ।
ਇਕ ਬੇਟਾ ਤੇ ਇਕ ਬੇਟੀ ਦਾ ਪਿਤਾ ਸੁੱਖੀ ਨੈਣੇਵਾਲੀਆ ਪਰਮਾਤਮਾ ਦਾ ਵਾਰ ਵਾਰ ਧੰਨਵਾਦ ਕਰਦਾ ਨਹੀ ਥੱਕਦਾ ਕਿ ਵਾਹਿਗੁਰੂ ਨੇ ਮੈਨੂੰ ਚੰਗੇ ਪਾਸੇ ਤੋਰ ਦਿੱਤਾ ਹੈ। ਅਗਰ ਕਿਸੇ ਮਾੜੇ ਪਾਸੇ ਤੁਰ ਪੈਂਦੇ ਤੇ ਅੱਜ ਨੂੰ ਪਤਾ ਨਹੀ ਕਿੱਥੇ ਹੁੰਦੇ। ਇਕ ਗੱਲ ਤੇ ਸੁੱਖੀ ਨੇ ਗਿਲਾ ਵੀ ਜਾਹਰ ਕੀਤਾ ਕਿ ਕੁਝ ਕੋ ਵੀਰ ਜੋ ਕਿਸੇ ਲੋੜਬੰਦ ਦੀ ਵੀਡੀਓ ਬਣਾਦੇ ਹਨ ਸਹਾਇਤਾ ਵਾਸਤੇ ਤਾ ਜਦ ਉਸ ਦੀ ਇਨਕੁਆਰੀ ਕਰਦੇ ਹਾਂ ਤਾ ਉਹ ਗਲਤ ਸਾਬਤ ਹੁੰਦੀ ਹੈ। ਇੰਜ ਨਾ ਕਰਿਆ ਕਰੋ ਦੋਸਤੋ ; ਫਿਰ ਕਈ ਵਾਰੀ ਸਹੀ ਲੋੜਬੰਦ ਦਾ ਹੱਕ ਵੀ ਮਾਰਿਆ ਜਾਂਦਾ ਹੈ ।
ਆਪਣੀ ਕਾਰ ਆਪਣੇ ਖਰਚੇ ਤੇ ਆਪਣੇ ਮਿੱਤਰ ਨਾਲ ਲੋੜਵੰਦਾ ਦੇ ਘਰ ਪੁੱਜਣ ਵਾਲਾ ਸੁੱਖੀ ਨੈਣੇਵਾਲੀਆ ; ਅੱਜਕੱਲ ਆਪਣਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਸਮੇਤ ਭਦੌੜ ਰਹਿ ਰਿਹਾ ਹੈ । ਤੇ ਨਾਲ ਨਾਲ ਵਾਹਿਗੁਰੂ ਵੱਲੋ ਬਖਸ਼ੀ ਸੇਵਾ ਬਾਖੂਬੀ ਨਿਭਾਅ ਰਿਹਾ ਹੈ ।
ਦੁਆ ਕਰਦੇ ਹਾਂ ਕਿ ਵੀਰ ਸੁੱਖੀ ਦਿਨ ਬ ਦਿਨ ਹੋਰ ਤਰੱਕੀ ਕਰੇ ਤੇ ਸੇਵਾ ਦੇ ਵਿਚ ਵਧ ਚੜ ਕੇ ਸੇਵਾ ਪਾਵੇ ।