ਜਦੋਂ ਬਾਬੇ ਰਗੜੇ ਗਏ
ਵਕੀਲ ਕਰਮਜੀਤ ਸਿੰਘ ਸਿੱਧੂ

ਬਿੰਦਰ ਨੇ ਅਜੇ ਘੰਟਾ ਕੁ ਪਹਿਲਾਂ ਕਣਕ ਵਾਲੀ ਟਰਾਲੀ ਲਿਆ ਕੇ ਵਿਹੜੇ ਚ ਖੜੀ ਕੀਤੀ ਹੀ ਸੀ ਕਿਉਂਕਿ ਲਾਕ ਡਾਊਨ ਕਰਕੇ ਅੱਜ ਕੱਲ੍ਹ ਕਾਲਜੋਂ ਛੁੱਟੀਆਂ ਚੱਲਦੀਆਂ ਇਸੇ ਕਰਕੇ ਘਰੇ ਕੰਮ ਕਰਵਾਉਣ ਲੱਗ ਗਿਆ ਹੈ। ਇਸੇ ਦੇ ਚੱਲਦਿਆਂ ਸਾਹਮਣੇ ਕਾਰ ਸੇਵਾ ਦੇ ਨਾਮ ‘ਤੇ ਹੱਟੇ ਕੱਟੇ ਅੱਠ ਦਸ ਚੋਲਿਆਂ ਵਾਲੇ ਟੋਲੇ ਨੇ ਘਰ ਦਾ ਬੂਹਾ ਮੱਲ ਲਿਆ। ਬਿੰਦਰ ਕਹਿੰਦਾ “ਕੌਣ ਓ ….???”
ਕਹਿੰਦੇ, “ਜੀ ਕਣਕ ਪਾਓ ਬਾਬਿਆਂ ਨੂੰ।”
ਬਿੰਦਰ ਕਹਿੰਦਾ, “ਬਾਬਾ ਜੀ ਅਸੀਂ ਹਰ ਸਾਲ ਸੇਵਾ ਕਰਦੇ ਹਾਂ। ਤੇ ਐਤਕੀਂ ਵੀ ਬਾਹਰ ਕੱਢੀ ਪਈ ਐ ਦੋ ਬੋਰੀਆਂ ਧਰਮਾਤਮਾ ਖ਼ਲ ਵਾਲੀਆਂ।”
ਬਾਬੇ ਕਹਿੰਦੇ, “ਧੰਨ ਐ ਕਾਕਾ ਧੰਨ ਐ।”
ਬਿੰਦਰ ਕਹਿੰਦਾ, “ਬਾਬਾ ਜੀ ਕੀ ਕਰਦੇ ਓਂ ਕਣਕ ਇਕੱਠੀ ਕਰਕੇ?”
ਬਾਬੇ ਕਹਿੰਦੇ, “ਪੁੱਤਰ ਜੀ, ਲੋੜਵੰਦਾਂ ਨੂੰ ਦਿੰਨੇ ਆਂ।”
ਬਿੰਦਰ ਕਹਿੰਦਾ, “ਬਾਬਾ ਜੀ ਬੜਾ ਵਧੀਆ ਕਾਰਜ ਆ ਤੁਹਾਡਾ, ਦੋ ਬੋਰੀਆਂ ਬਹੁਤ ਐ ਕਿ ਵੱਧ ਕਰਦਿਆਂ ਬਾਬਾ ਜੀ?”
ਬਾਬੇ ਕਹਿੰਦੇ, “ਪੁੱਤਰ ਜੀ ਸਰਧਾ ਸਮਾਨ ਬੋਰੀ ਦੋ ਬੋਰੀ।”
ਬਿੰਦਰ ਕਹਿੰਦਾ, “ਚੱਲੋ ਦੋ ਬੋਰੀ ਦੇਊਂ।”
ਬਾਬੇ ਕਹਿੰਦੇ, “ਸਤ ਬਚਨ।”
ਬਿੰਦਰ ਨੇ ਆਵਾਜ਼ ਮਾਰੀ ਚਾਹ ਬਣਾ ਦਿਓ ਪੰਜ ਸੱਤ ਕੱਪ ਤੇ ਚਾਹ ਧਰਾ ਲੀ। ਬਾਬੇ ਵੀ ਖੁਸ਼। ਬਿੰਦਰ ਨੇ ਆਪਣੇ ਸੀਰੀ ਲੀਲੇ ਦੇ ਦੇ ਕੰਨ ਚ ਵਿਚ ਕੁਝ ਕਹਿ ਕੇ ਬਾਹਰ ਵੱਲ ਭੇਜਿਆ। ਬਾਬਿਆਂ ਨੂੰ ਲੱਗਿਆ ਸ਼ਾਇਦ ਭੁਜੀਆ ਬਿਸਕੁਟ ਲੈਣ ਭੇਜਿਆ ਚਾਹ ਨਾਲ ਧਰਨ ਨੂੰ। ਬਿੰਦਰ ਕਹਿੰਦਾ, “ਬਾਬਾ ਜੀ ਕਿੰਨੀ ਕੁ ਕਣਕ ਇਕੱਠੀ ਕਰਲੀ।”
ਬਾਬੇ ਕਹਿੰਦੇ, “ਅਜੇ ਤਾਂ ਦਸ ਕੁ ਬੋਰੀਆਂ ਹੋਈਆਂ।”
ਏਨੇ ਨੂੰ ਲੀਲਾ ਸਾਹਮਣੇ ਸੱਥ ਵਿੱਚੋ ਤੇ ਆਟਾ ਚੱਕੀ ਉੱਪਰ ਬੈਠੇ ਅੱਠ ਬੰਦਿਆਂ ਨੂੰ ਲੈ ਆਇਆ।
ਬਾਬੇ ਕਹਿੰਦੇ, “ਇਹ ਕੌਣ ਨੇ?”
ਬਿੰਦਰ ਕਹਿੰਦਾ, “ਮਹਾਂਪੁਰਖੋ, ਇਹ ਸਾਡੇ ਪਿੰਡ ਦੇ ਲੋੜਵੰਦ ਪਰਿਵਾਰ ਨੇ, ਇਹਨਾਂ ਨੂੰ ਆਪਾਂ ਸੱਦਿਆ ਵੀ ਮਹਾਂਪੁਰਸ਼ ਆਏ ਆ ਗਰੀਬਾਂ ਦੀ ਮੱਦਦ ਕਰਨ, ਆਜੋ ਕਣਕ ਲੈ ਜੋ।”
ਬਾਬੇ ਹੱਕੇ ਬੱਕੇ।
ਲਓ ਜੀ ਅੱਠ ਬੰਦਿਆਂ ਨੇ ਅੱਠ ਬੋਰੀਆਂ ਮੱਲ ਲੀਆਂ। ਬਾਬੇ ਡੌਰ ਭੌਰ। ਆਹ ਕੀ ਭਾਣਾ ਵਰਤ ਗਿਆ, ਇਕੱਠੀ ਕੀਤੀ ਕਣਕ ਤੇ ਗੜੇ ਪੈ ਗੇ। ਬਾਬਿਆਂ ਨੂੰ ਗੱਲ ਨਾ ਔੜੇ।
ਬਿੰਦਰ ਕਹਿੰਦਾ, “ਬਾਬਾ ਜੀ ਥੋਡੀ ਸੇਵਾ ਸਫਲ ਹੋ ਗੀ, ਸੱਚਖੰਡ ਪਰਵਾਨ ਹੋ ਗੀ। ਹੁਣ ਜੇ ਵਾਲੀ ਤਿੜ ਫਿੜ਼ ਕੀਤੀ ਤਾਂ ਤੁਹਾਡੀ ਸੇਵਾ ਸਮੇਤ ਹਥੋਲਾ ਪਾਊ।”
ਬਾਬੇ ਬਚੀਆਂ ਦੋ ਬੋਰੀਆਂ ਨਾਲ ਹਵਾ ਨੂੰ ਗੰਢਾਂ ਦੇ ਗੇ।
ਵਕੀਲ ਕਰਮਜੀਤ ਸਿੰਘ ਸਿੱਧੂ
ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ
+91 7508599765