ਰਜਨੀ ਵਾਲੀਆ
ਰਹਿੰਦੇ ਰਏ ਅਸੀਂ ਝੁੱਗੀਆਂ ਦੇ ਵਿੱਚ,
ਥੋਹਰਾਂ ਉੱਗੀਆਂ-ਉੱਗੀਆਂ ਦੇ ਵਿੱਚ।
ਸਾਰੀ ਜਿੰਦਗੀ ਮਾਂ ਮੇਰੀ ਨੂੰ,
ਏ ਹੇਰਵਾ ਸਤਾਉਂਦਾ ਰਿਹਾ।
ਕਿ ਮੈਂ ਬੈਠ ਕੇ ਮੋਚੀ ਦੀ ਥਾਂ,
ਬੂਟਾਂ ਤੇ ਪਾਲਿਸ਼ਾਂ ਘਸਾਉਂਦਾ ਰਿਹਾ।
ਰੋਟੀ-ਰੋਟੀ ਕਰਦੀ ਰਈ ਮਾਂ,
ਹੱਥ ਦੇ ਨਾ ਸਕੀ ਕਿਤਾਬ।
ਭਵਿੱਖ ਮੇਰੇ ਨੂੰ ਖਾ ਕੇ ਛੱਡਿਆ,
ਇਸ ਨੋਟਾਂ ਵਾਲੇ ਨਵਾਬ।
ਪਿਓ ਦੀ ਜੁੱਤੀ ਪਾਉਣ ਲੱਗਾ ਜਦ,
ਇੱਕ ਮਿਲ ਗਈ ਤਦ ਮਹਿਬੂਬਾ।
ਦੇਖਦਿਆਂ ਹੀ ਦੇਖਦਿਆਂ ਸਾਡਾ,
ਬਣ ਗਿਆ ਪਿਆਰ ਅਜੂਬਾ।
ਦੋਵਾਂ ਨੇਂ ਸੀ ਸਾਥ ਨਿਭਾਇਆ,
ਸੀ ਪੈ ਗਈ ਯਾਰੀ ਗੂੜੀ।
ਜੋ ਉਸ ਮੰਗੀ ਮੇਰੇ ਕੋਲੋਂ,
ਓਦੇ ਲੀ ਲਿਆ ਨਾ ਸਕਿਆ ਚੂੜੀ।
ਅੱਖੀਆਂ ਵਿੱਚੋਂ ਸੋਹਣੇ ਸੁਪਨੇ,
ਹੰਝੂ ਬਣ ਵਹਿ ਜਾਂਦੇ ਰਏ।
ਮੱਥੇ ਮੇਰੇ ਗਰੀਬੀ ਦੇ ਨਾ ਦਾ,
ਕਾਲਾ ਟਿੱਕਾ ਰੋਜ ਲਗਾਂਦੇ ਰਏ।
ਬਸਤੇ ਦੇ ਨਾਲ ਜੀਣ ਦਾ ਸੁਪਨਾ,
ਮਰ ਚੁੱਕਿਆ ਹੈ।
ਮਿਹਨਤ ਕਰ ਜਿੱਤਣ ਦਾ ਜਜ਼ਬਾ,
ਹਰ ਚੁੱਕਿਆ ਹੈ।
ਮੈਂ ਬਜਰੀ ਸੀਮੈਂਟ ਰੇਤਾ ਦੇ ਨਾਲ,
ਭਾਵੇਂ ਹਾਂ ਮਜਦੂਰੀ ਕਰਦਾ।
ਮਾਂ ਭੈਣ ਦਾ ਢਿੱਡ ਭਰਨ ਦੀ ਖਾਤਿਰ,
ਰੋਟੀ ਲਈ ਮਿਹਨਤ ਪੂਰੀ ਕਰਦਾ।
ਥੱਕਿਆ, ਟੁੱਟਿਆ,
ਹੰਭਿਆ, ਹਾਰਿਆ,
ਰੋਜ਼ ਜਦੋਂ ਮੈਂ ਘਰ ਆਉਂਦਾ ਹਾਂ।
ਕੱਲ ਕੀਵੇਂ ਮੈਨੂੰ ਰੋਟੀ ਜੁੜਨੀ,
ਨਾਲ ਹੀ ਲੈ ਕੇ ਡਰ ਆਉਂਦਾ ਹਾਂ ।
ਚਾਰ ਨੇ ਮੇਰੇ ਰਿਸ਼ਤੇਦਾਰ,
ਸਰਦੀ,
ਗਰਮੀ,
ਧੁੱਪ,
ਤੇ ਛਾਂ,
ਸਭਨਾਂ ਦੇ ਨਾਲ ਹੱਸ ਕੇ ਵਰਤੇ,
ਰੋਜ਼ ਹੀ ਏਸ ਗਰੀਬ ਦੀ ਮਾਂ।
ਰਜਨੀ,
ਏ ਉੱਚੇ-ਉੱਚੇ ਮਹਿਲ ਮੁਨਾਰੇ,
ਏ ਸਭ ਇੱਕ ਮਜਦੂਰ ਉਸਾਰੇ।
ਸ਼ਾਹੂਕਾਰਾਂ ਲਈ ਬੰਗਲੇ ਤੇ ਕਾਰਾਂ,
ਕਿਰਤੀ ਕਾਮੇ ਲਈ ਬਣਦੇ ਢਾਰੇ।
ਰਜਨੀ ਵਾਲੀਆ
ਅਧਿਆਪਕਾ
ਕਪੂਰਥਲਾ