ਬਠਿੰਡਾ (ਪੰਜ ਦਰਿਆ ਬਿਊਰੋ)
ਇਨਕਲਾਬੀ ਆਗੂਆਂ ਰਣਵੀਰ ਸਿੰਘ ਰੰਧਾਵਾ ਅਤੇ ਹਰਦੀਪ ਕੌਰ ਕੋਟਲਾ ਨੇ ਸਾਦਾ ਢੰਗ ਨਾਲ ਵਿਆਹ ਕਰਾ ਲਿਆ ਹੈ। ਰਣਵੀਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਹੈ ਜਦੋਂਕਿ ਹਰਦੀਪ ਕੌਰ ਹੁਣ ਪੰਜਾਬ ਸਟੂਡੈਂਟਸ ਯੂਨੀਅਨ ’ਚ ਸੀਨੀਅਰ ਮੀਤ ਪ੍ਰਧਾਨ ਹੈ। ਦੋਵੇਂ ਹੀ ਸਮਾਜੀ ਗੰਦ ਨੂੰ ਸਾਫ ਕਰਨ ਅਤੇ ਬਰਾਬਰੀ ਲਈ ਘਰੋਂ ਤੁਰੇ ਹੋਏ ਹਨ। ਇਹ ਵਿਆਹ ਕਰਕੇ ਦੋਵਾਂ ਨੇ ਸਮਾਜਿਕ ਰੀਤੀ ਰਿਵਾਜ਼ਾਂ ਨੂੰ ਤਿਲਾਂਜਲੀ ਦਿੱਤੀ ਹੈ। ਉਨਾਂ ਦਾ ਵਿਆਹ ਪੂਰੀ ਤਰਾਂ ਸਾਦਾ ਹੋਣ ਦੇ ਬਾਵਜੂਦ ਇਸ ’ਚ ਕਾਫੀ ਕੁਝ ਖਾਸ ਵੀ ਰਿਹਾ। ਕੋਈ ਬੈਂਡ ਵਾਜਾ ਨਹੀਂ ਵੱਜਿਆ ਤੇ ਕੋਈ ਫਾਲਤੂ ਰਸਮਾਂ ਨਹੀਂ ਕੀਤੀਆਂ ਹਨ। ਬੱਸ ਵਿਚਾਰਾਂ ਦੇ ਮੇਲ ਨੇ ਇਸ ਵਿਆਹ ਨੂੰ ਨੇਪਰੇ ਚਾੜਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਰਣਵੀਰ ਅਤੇ ਹਰਦੀਪ ਨੇ ਇੱਕ ਦੂਜੇ ਦੇ ਹਾਰ ਪਾਕੇ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ ਹੈ। ਵਿਆਹ ’ਚ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਨਾ ਹੀ ਕੋਈ ਧੂਮ ਧੜੱਕਾ ਸੀ। ਰਣਵੀਰ ਰੰਧਾਵਾ ਅਤੇ ਹਰਦੀਪ ਕੌਰ ਇਸ ਵੇਲੇ ਇਨਕਲਾਬੀ ਸਫਾਂ ਦੇ ਮੋਹਰੀ ਆਗੂ ਹਨ।