3.1 C
United Kingdom
Sunday, March 8, 2026

More

    ਪੁਸਤਕਾਂ ਦੀ ਮਹੱਤਤਾ

    ਹਰਮੇਸ਼ ਕੌਰ ਯੋਧੇ (ਸਟੇਟ ਐਵਾਰਡੀ)

    ਪੁਸਤਕਾਂ ਦੀ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਹੈ।ਜਿਵੇਂ ਹਰ ਮਹਾਨ ਵਿਅਕਤੀ ਦੇ ਪਿੱਛੇ ਉਸਦੀ ਮਾਂ ਅਤੇ ਉਸਦੇ ਅਧਿਆਪਕਾਂ ਦਾ ਹੱਥ ਹੁੰਦਾ ਹੈ,ਇਸੇ ਤਰ੍ਹਾਂ ਪੁਸਤਕਾਂ ਦਾ ਯੋਗਦਾਨ ਵੀ ਵਿਅਕਤੀ ਦੇ ਚਰਿੱਤਰ ਨੂੰ ਉਘਾੜਨ,ਨਿਖਾਰਨ ਤੇ ਮਹਾਨ ਬਣਾਉਣ ਵਿਚ ਅਹਿਮ ਹੁੰਦਾ ਹੈ।ਸਾਡੀ ਸ਼ਖਸ਼ੀਅਤ ਦੀ ਉਸਾਰੀ ਪੁਸਤਕਾਂ ਤੇ ਨਿਰਭਰ ਹੈ।ਜਿਵੇਂ ਇਕ ਇਮਾਰਤ ਦੀ ਮਜ਼ਬੂਤੀ ਲਈ ਉਸਦੀ ਨੀਂਹ ਦਾ ਮਜਬੂਤ ਹੋਣਾ ਲਾਜ਼ਮੀ ਹੈ,ਉਸੇ ਤਰ੍ਹਾਂ ਇੱਕ ਵਿਆਕਤੀ ਦੀ ਜ਼ਿੰਦਗੀ ਨੂੰ ਮਜਬੂਤ ਤੇ ਮਹਾਨ ਬਣਾਉਣ ਲਈ ਬਚਪਨ ਵਿੱਚ ਉਸਦੀ ਨੀਂਹ ਪੁਸਤਕਾਂ ਦੁਆਰਾ ਰੱਖੀ ਜਾਂਦੀ ਹੈ।
    ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਵੱਡਾ ਹੋ ਕੇ ਹੋਣਹਾਰ ਨਿਕਲੇ, ਕਿਸੇ ਖਾਸ ਖ਼ੇਤਰ ’ਚ ਮੱਲਾਂ ਮਾਰੇ,ਉਹ ਚੰਗਾ ਸ਼ਹਿਰੀ,ਉੱਚਕੋਟੀ ਦਾ ਵਿਦਵਾਨ, ਲੀਡਰ ,ਵਿਗਿਆਨੀ ਭਾਵ ਨਿਵੇਕਲਾ ਪ੍ਰਤਿਭਾਸ਼ਾਲੀ ਵਿਅਕਤੀਤਵ ਦਾ ਮਾਲਕ ਬਣੇ ਜੋ ਸਾਡਾ,ਸਾਡੇ ਦੇਸ਼ ਤੇ ਕੌਮ ਦਾ ਨਾਮ ਉੱਚਾ ਕਰੇ ਤਾਂ ਸਾਨੂੰ ਬੱਚੇ ਦੇ ਬਚਪਨ ਤੋਂ ਹੀ ਉਸਦੀ ਮਿਆਰੀ ਸਿੱਖਿਆ ਵੱਲ ਧਿਆਨ ਦੇਣਾ ਪਵੇਗਾ।ਇਹਨਾਂ ਪ੍ਰਾਪਤੀਆਂ ਲਈ ਸਭ ਤੋਂ ਵੱਧ ਸਾਥ ਅਸੀਂ ਪੁਸਤਕਾਂ ਦਾ ਹੀ ਲੈ ਸਕਦੇ ਹਾਂ।

    ਬੱਚੇ ਦਾ ਧਿਆਨ ਪੁਸਤਕਾਂ ਵੱਲ ਲਾਉਣ ਤੋਂ ਪਹਿਲਾਂ ਘਰ ਦਾ ਮਾਹੌਲ ਵੀ ਅਜਿਹਾ ਸਿਰਜਣਾ ਪਵੇਗਾ।ਜੇਕਰ ਬੱਚੇ ਦੇ ਸਾਹਮਣੇ ਮਾਂ-ਬਾਪ ਕਦੇ-ਕਦੇ ਕੋਈ ਪੁਸਤਕ,ਰਸਾਲਾ, ਖ਼ਬਰ ਪੜ੍ਹਨਗੇ ਤਾਂ ਉਸਦਾ ਅਸਰ ਬੱਚੇ ਤੇ ਅਵੱਸ਼ ਪਵੇਗਾ।ਜੇਕਰ ਮਾਂ ਟੀ.ਵੀ. ਅਤੇ ਫ਼ੋਨ ਤੇ ਜਿਆਦਾ ਰੁੱਝੀ ਰਹੇਗੀ ਤਾਂ ਬੱਚਾ ਉਹੋ ਜਿਹੇ ਸ਼ੌਕ ਰੱਖੇਗਾ।ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚੇ ਦੀ ਸ਼ਖਸ਼ੀਅਤ ਉਸਾਰੀ ਲਈ ਘਰ ਦਾ ਮਾਹੌਲ ਸਿਰਜੀਏ।ਇਸ ਲਈ ਸਾਨੂੰ ਕਿਸੇ ਰੈਕ,ਟੇਬਲ, ਅੰਗੀਠੀ ਆਦਿ ਤੇ ਵਧੀਆ ਪੁਸਤਕਾਂ ਰੱਖਣੀਆਂ ਚਾਹੀਦੀਆਂ ਹਨ।
    ਭਾਵੇਂ ਬੱਚੇ ਦੀ ਸਿੱਖਿਆ ਦੀ ਸ਼ੁਰੂਆਤ ਖੇਡ-ਵਿਧੀ ਰਾਹੀਂ ਵਧੀਆ ਹੋ ਸਕਦੀ ਹੈ ਪਰ ਅੱਗੇ ਜਿਉਂ-ਜਿਉਂ ਉਹ ਸਿੱਖਿਆ ਦੀ ਪੌੜੀ ਚੜ੍ਹਦਾ ਜਾਂਦਾ ਹੈ ਤਾਂ ਪੁਸਤਕਾਂ ਉਸਦੇ ਨਾਲ ਚਲਦੀਆਂ ਹਨ।
    ਬੱਚਾ ਕਿਸੇ ਵੀ ਖ਼ੇਤਰ ਵਿਚ ਉੱਚ ਮੰਜ਼ਿਲਾਂ ਨੂੰ ਛੂਹਣਾ ਚਾਹੇ,ਉਹ ਸਿਰਫ ਪੁਸਤਕਾਂ ਦੇ ਸਹਾਰੇ ਹੀ ਮੰਜ਼ਿਲ ਪਾ ਸਕਦਾ ਹੈ।ਜੇਕਰ ਬਚਪਨ ਵਿੱਚ ਹੀ ਬੱਚੇ ਨੂੰ ਮਿਆਰੀ ਪੁਸਤਕਾਂ ਪੜ੍ਹਨ ਦੀ ਆਦਤ ਪਾ ਦਿੱਤੀ ਜਾਵੇ ਤਾਂ ਇਸਦੇ ਸਾਰਥਿਕ ਤੇ ਲਾਹੇਵੰਦ ਸਿੱਟੇ ਨਿਕਲਣਗੇ।ਕਹਿੰਦੇ ਨੇ ‘ਜੈਸੀ ਸੰਗਤ ਤੈਸੀ ਰੰਗਤ’ ਇਸੇ ਤਰ੍ਹਾਂ ਪੁਸਤਕਾਂ ਵੀ ਸਾਨੂੰ ਰੰਗਤ ਦਿੰਦੀਆਂ ਹਨ।ਜਿੰਨੀਆਂ ਚੰਗੀਆਂ ਤੇ ਵੱਧ ਤੋਂ ਵੱਧ ਪੁਸਤਕਾਂ ਦੀ ਸੰਗਤ ਕਰਾਂਗੇ ਓਨ੍ਹਾਂ ਹੀ ਸਾਡੀ ਸ਼ਖਸੀਅਤ ’ਤੇ ਗੂੜ੍ਹਾ ਪੱਕਾ ਤੇ ਚਮਕੀਲਾ ਰੰਗ ਚੜ੍ਹੇਗਾ।
    ਬਚਪਨ ਵਿੱਚ ਹੀ ਬੱਚਿਆਂ ਨੂੰ ਸਿਲੇਬਸ ਤੋਂ ਇਲਾਵਾ ਕੁਝ ਕਹਾਣੀਆਂ, ਆਰਟੀਕਲ,ਬੁਝਾਰਤਾਂ,ਚੁਟਕਲੇ,ਕਵਿਤਾਵਾਂ,ਲੇਖ ਆਦਿ ਪੜ੍ਹਨ ਲਈ ਦਿੱਤੇ ਜਾਣ ਤਾਂ ਜੋ ਉਸਦੀ ਰੁਚੀ ਬਣੀ ਰਹੇ।ਬਾਲ ਸਾਹਿਤ ਪੜ੍ਹਨਾ ਵਧੇਰੇ ਲਾਭਦਾਇਕ ਹੋਵੇਗਾ।ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ‘ਪੰਖੜੀਆਂ’ ਤੇ ‘ਪ੍ਰਾਇਮਰੀ ਸਿੱਖਿਆ’ ਰਸਾਲੇ ਅਤੇ ਬਲਜਿੰਦਰ ਮਾਨ ਵੱਲੋਂ ‘ਨਿੱਕੀਆਂ ਕਰੂਬਲਾਂ’ ਰਸਾਲਾ ਹਰ ਮਹੀਨੇ ਛਾਪੇ ਜਾਂਦੇ ਹਨ।ਇਹਨਾਂ ਵਿਚ ਰੌਚਕ ਸਾਹਿਤ ਹੁੰਦਾ ਹੈ ਜੋ ਬੱਚੇ ਦੀ ਮਾਾਨਸਿਕਤਾ ਨੂੰ ਸੱਚ ਤੇ ਮਿਹਨਤ ਵੱਲ ਲਿਜਾਂਦਾ ਹੈ।ਵੱਡੇ ਬੱਚਿਆਂ ਲਈ ਲਾਇਬਰੇਰੀ ਵਿੱਚ ਬਹੁਤ ਸਾਰੀਆਂ ਪੁਸਤਕਾਂ ਉਪਲਬਧ ਹੁੰਦੀਆਂ ਹਨ,ਜੋ ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਵਿੱਚ ਹਨ।
    ਜਿਵੇਂ ਸਾਨੂੰ ਸਰੀਰ ਦੀ ਤੰਦਰੁਸਤੀ ਲਈ ਚੰਗੀ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਮਨ ਦਿਮਾਗ ਦੀ ਤੰਦਰੁਸਤੀ ਲਈ ਵਧੀਆ ਪੁਸਤਕਾਂ ਕਾਰਗਰ ਸਾਬਿਤ ਹੁੰਦੀਆਂ ਹਨ ਸੋ ਸਾਨੂੰ ਜਿਸ ਵਿਸ਼ੇ ਵਿੱਚ ਵੀ ਦਿਲਚਸਪੀ ਹੈ,ਉਸ ਵਿਸ਼ੇ ਦੀਆਂ ਪੁਸਤਕਾਂ ਪੜ੍ਹਨ ਦੀ ਆਦਤ ਵਧਾਉਣੀ ਚਾਹੀਦੀ ਹੈ।ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਤੋਂ ਵੀ ਸੇਧ ਮਿਲਦੀ ਹੈ।
    ਪੁਸਤਕ ਵਿੱਚ ਲਿਖੀ ਗੱਲ ਤੱਥਾਂ ਤੇ ਅਧਾਰਤ ਸੱਚੀ ਹੁੰਦੀ ਹੈ।ਪੁਸਤਕਾਂ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡਾ ਸਾਥ ਨਿਭਾਉਂਦੀਆਂ ਹਨ।ਇਕੱਲੇ ਮਨੁੱਖ ਲਈ ਜਾਂ ਸਫਰ ਕਰਦੇ ਸਮੇਂ ਕੋਲ ਵਧੀਆ ਪੁਸਤਕ ਹੋਵੇ ਤਾਂ ਉਸਨੂੰ ਪੜ੍ਹਨ ਵਿਚ ਸਮਾਂ ਸੁਖਾਲਾ ਬੀਤ ਜਾਂਦਾ ਹੈ।ਜਦੋਂ ਪੁਸਤਕਾਂ ਪੜ੍ਹਨ ਦੀ ਆਦਤ ਪੈ ਜਾਂਦੀ ਹੈ ਤਾਂ ਗਿਆਨ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ।ਜਿਵੇਂ ਇੱਕ ਬੂੰਦ ਨਾਲ ਸਾਗਰ ਭਰ ਜਾਂਦਾ ਹੈ ਇਸੇ ਤਰ੍ਹਾਂ ਬੱਚਾ ਜਦੋਂ ਗਿਆਨ ਦਾ ਚਾਨਣ ਹਾਸਲ ਕਰਦਾ ਹੈ ਤਾਂ ਰੋਸ਼ਨੀ ਵੇਖਕੇ ਆਪ ਹੀ ਦੰਗ ਰਹਿ ਜਾਂਦਾ ਹੈ ਕਿ ਉਸਦੇ ਗਿਆਨ ਦਾ ਦਾਇਰਾ ਵੀ ਸਾਗਰ ਦੀ ਤਰ੍ਹਾਂ ਵਿਸ਼ਾਲ ਹੋ ਗਿਆ ਹੈ।
    ਜਿਵੇਂ ਇਕ ਬੰਦ ਹਨੇਰੇ ਕਮਰੇ ਦੀ ਜੇਕਰ ਥੋੜੀ ਜਿਹੀ ਖਿੜਕੀ ਖੋਲੀਏ ਤਾਂ ਥੋੜੀ ਰੋਸ਼ਨੀ ਆ ਜਾਂਦੀ ਹੈ ਪਰ ਜੇਕਰ ਸਾਰੇ ਦਰਵਾਜੇ ਖਿੜਕੀਆਂ ਖੋਲ ਦਿੱਤੀਆਂ ਜਾਣ ਤਾਂ ਕਮਰਾ ਚਾਨਣ ਨਾਲ ਭਰ ਜਾਂਦਾ ਹੈ,ਇਸੇ ਤਰ੍ਹਾਂ ਬੱਚਾ ਵੀ ਘਰ ਬੈਠਿਆਂ-ਬੈਠਿਆਂ ਹੀ ਚੰਗੀਆਂ ਪੁਸਤਕਾਂ ਪੜ੍ਹਦਾ-ਪੜ੍ਹਦਾ ਸੁਚੇਤ,ਗਿਆਨਵਾਨ ਤੇ ਰੋਸ਼ਨ ਦਿਮਾਗ ਹੋ ਕੇ ਸਗੋਂ ਦੂਜਿਆਂ ਨੂੰ ਰੋਸ਼ਨੀ ਵੰਡਣ ਯੋਗ ਹੋ ਜਾਂਦਾ ਹੈ।
    ਪੁਸਤਕਾਂ ਪੜ੍ਹਨ ਵਾਲੇ ਇਨਸਾਨ ਹਮੇਸ਼ਾ ਸਬਰ-ਸੰਤੋਖ,ਨਿਮਰ,ਸਾਊ ਤੇ ਸਲੀਕੇ ਵਾਲੇ ਸੁਭਾਅ ਦੇ ਮਾਲਕ ਬਣ ਜਾਂਦੇ ਹਨ।ਪੁਸਤਕਾਂ ਰਾਹੀਂ ਅਸੀਂ ਘਰ ਬੈਠੇ ਦੂਰ ਦੁਰਾਡੇ ਦੀ ਸੈਰ ਕਰ ਸਕਦੇ ਹਾਂ।ਕਈ ਤਰ੍ਹਾਂ ਦੇ ਕਿੱਤਾ ਮੁੱਖੀ ਕੰਮ,ਸਿਲਾਈ ਕਢਾਈ,ਰਸੋਈ,ਖੇਤੀਬਾੜੀ ਆਦਿ ਦੀ ਸਿੱਖਿਆ ਵੀ ਹਾਸਿਲ ਕਰ ਸਕਦੇ ਹਾਂ।ਪਰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਬੱਚਾ ਕਿਧਰੇ ਸਿਲੇਬਸ ਨੂੰ ਛੱਡਕੇ ਦੂਜੀਆਂ ਪੁਸਤਕਾਂ ਵੱਲ ਵਧੇਰੇ ਰੁਚੀ ਨਾ ਰੱਖਣ ਲੱਗ ਪਵੇ।ਬੱਚਾ ਕਿਸ ਕਿਸਮ ਦੀਆਂ ਪੁਸਤਕਾਂ ਵਧੇਰੇ ਪੜ੍ਹਦਾ ਇਹ ਵੀ ਮਾਪਿਆਂ ਨੇ ਧਿਆਨ ਰੱਖਣਾ ਹੋਵੇਗਾ।ਸਕੂਲਾਂ ਵਿਚ ਲਾਇਬਰੇਰੀ ਲਈ ਇਕ ਵੀ ਪੀਰੀਅਡ ਰਾਖਵਾਂ ਨਹੀਂ ਹੈ ਜੋ ਕਿ ਹੋਣਾ ਚਾਹੀਦਾ ਹੈ।
    ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਸਾਰੀਆਂ ਉਮਰਾਂ ਦੇ ਵਿਅਕਤੀਆਂ ਲਈ ਪੁਸਤਕਾਂ ਇਕ ਗਿਆਨ ਵਧਾਊ ਖਜ਼ਾਨਾ ਹਨ ਸੋ ਸਭ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ।
    ਹਰਮੇਸ਼ ਕੌਰ ਯੋਧੇ,ਸਟੇਟ ਐਵਾਰਡੀ
    ਸ.ਸ.ਸ.ਸਕੂਲ ਮੁੱਛਲ (ਅੰਮਿ੍ਤਸਰ)
    84272-26155

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!