ਮੋਗਾ (ਮਿੰਟੂ ਖੁਰਮੀ )

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ ਬਲਾਕ ਕਮੇਟੀ ਡੀ.ਟੀ ਅੈੱਫ ਨਿਹਾਲ ਸਿੰਘ ਵਾਲਾ ਨੇ 1 ਮਈ ਨੂੰ ਮਈ-ਦਿਵਸ ਦੇ, ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਝੰਡਾ ਬੁਲੰਦ ਕੀਤਾ। ਬਲਾਕ ਕਮੇਟੀ ਡੀ.ਟੀ.ਐਫ. ਨਿਹਾਲ ਸਿੰਘ ਵਾਲਾ ਦੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ, ਵਿੱਤ ਸਕੱਤਰ ਸੁਖਜੀਤ ਸਿੰਘ ਕੁੱਸਾ ਨੇ ਇੱਥੇ ਬਿਆਨ ਜਾਰੀ ਕਰਦੇ ਕਿਹਾ ਕਿ ਵਿਸ਼ੇਸ਼ ਹਾਲਤਾਂ ਵਿਚ ਮਨਾਏ ਜਾ ਰਹੇ ਮਈ ਦਿਵਸ ਦੀ ਮਹੱਤਤਾ ਇਸ ਕਰਕੇ ਬਹੁਤ ਜਿਆਦਾ ਵਧ ਜਾਂਦੀ ਹੈ ਕਿਉਂਕਿ ਕੇਂਦਰ ਤੇ ਸੂਬਾ ਸਰਕਾਰਾਂ ਕਰੋਨਾ ਸੰਕਟ ਦੇ ਬਹਾਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਵਿਰਾਸਤ ਨਾਲ ਪ੍ਰਾਪਤ ਕੀਤੇ ਹੱਕਾਂ ਉੱਪਰ ਡਾਕਾ ਵਿੱਢ ਦਿੱਤਾ ਹੈ। ਇਸੇ ਬਹਾਨੇ ਸਰਕਾਰਾਂ ਆਪਣੇ ਕਾਰਪੋਰੇਟ ਪੱਖੀ ਨਵ ਉਦਾਰਵਾਦੀ ਏਜੰਡੇ ਨੂੰ ਬਹੁਤ ਤੇਜੀ ਨਾਲ ਲਾਗੂ ਕਰਨ ਲਈ ਉਤਾਵਲੀਆਂ ਹਨ। ਸਰਕਾਰਾਂ ਨਿਰੋਲ ਠੇਕੇਦਾਰੀ ਸਿਸਟਮ ਲਾਗੂ ਕਰਕੇ ਕੰਮ ਦੇ ਨਿਸਚਿਤ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰਨ ਦੀ ਤਿਆਰੀ ਕਰ ਰਹੀਆਂ ਹਨ। ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਖੋਹਣ ਲਈ ਕਮਰਕੱਸੀ ਕਰ ਰਹੀਆਂ ਹਨ। ਮੁਲਾਜ਼ਮਾਂ ਦਾ ਡੀ.ਏ. ਜਾਮ ਕਰਨ, ਵਿੱਤੀ ਐਮਰਜੈਂਸੀ ਲਗਾ ਕੇ 50 ਸਾਲ ਦੀ ਉਮਰ ਵਾਲੇ ਮੁਲਾਜ਼ਮਾਂ ਨੂੰ ਸੇਵਾ ਮੁਕਤ ਕਰਨ ਦੀਆਂ ਵਿਉਤਾਂ ਘੜੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਰੈਗੂਲਰ ਕਾਮਿਆਂ ਨੂੰ ਠੇਕਾ-ਅਧਾਰਿਤ ਤੇ ਮਗਨਰੇਗਾ ਮਜ਼ਦੂਰਾਂ ਵਾਂਗ ਕੇਵਲ 202 ਰੁਪਏ ਦਿਹਾੜੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਯੂਨੀਅਨ ਆਗੂਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਜ਼ੇਲ੍ਹਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਇਸ ਨਾਜੁਕ ਦੌਰ ਵਿਚ ਮਈ ਦਿਵਸ ਮਨਾਉਂਦਿਆਂ ਡੀ.ਟੀ.ਐਫ. ਨੇ ਮਈ ਦਿਵਸ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਉੱਚਾ ਕਰਨ ਅਤੇ ਸੰਘਰਸ਼ਾਂ ਦੇ ਅਖਾੜੇ ਮਘਾਉਣ ਦਾ ਹੋਕਾ ਦਿੱਤਾ।
ੲਿਸ ਸਮੇਂ ਜਿਲਾ ਕਮੇਟੀ ਮੈਂਬਰ ਸਿੰਗਾਰਾ ਸਿੰਘ ਸੈਦੋਕੇ, ਕੁਲਵਿੰਦਰ ਚੁੱਘੇ, ਸੁਖਮੰਦਰ ਨਿਹਾਲ ਸਿੰਘ ਵਾਲਾ,ਬੇਅੰਤ ਸਿੰਘ,ਮਾ.ਬਿੱਕਰ ਸਿੰਘ ਅਧਿਅਾਪਕਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਡਟਣ ਦਾ ਅਹਿਦ ਲਿਆ।