
-ਕਿਹਾ, ਵੀਡੀਓ ਕਾਨਫਰੰਸਿੰਗ ਰਾਹੀਂ ਸਰਕਾਰ ਦੀ ਅਗਵਾਈ ਕਰਾਂਗਾ
ਗਲਾਸਗੋ/ਲੰਡਨ (ਪੰਜ ਦਰਿਆ ਬਿਊਰੋ) ਬਰਤਾਨੀਆ ਵਿੱਚ ਮਹਾਰਾਣੀ ਦੇ ਕਰੀਬੀ ਸਹਾਇਕ ਤੋਂ ਬਾਅਦ ਉਸਦੇ ਸਪੁੱਤਰ ਰਾਜਕੁਮਾਰ ਚਾਰਲਸ ਦੇ ਟੈਸਟ ਪੌਜੇਟਿਵ ਆਉਣ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਵੀ ਟੈਸਟ ਪੌਜੇਟਿਵ ਆਉਣ ਦੀ ਖ਼ਬਰ ਹੈ। ਪ੍ਰਧਾਨ ਮੰਤਰੀ ਨੇ ਟਵਿਟਰ ਖਾਤੇ ‘ਤੇ ਵੀਡੀਓ ਰਾਹੀਂ ਜਾਣਕਾਰੀ ਜਨਤਕ ਕਰਦਿਆਂ ਕਿਹਾ ਕਿ ਉਹਨਾਂ ਨੂੰ ਕੋਰੋਨਾਵਾਇਰਸ ਦੇ ਮਾਮੂਲੀ ਲੱਛਣਾਂ ਦਾ ਅਹਿਸਾਸ ਹੋ ਰਿਹਾ ਸੀ। ਸਿਹਤ ਅਧਿਕਾਰੀਆਂ ਦੀ ਸਿਫ਼ਾਰਿਸ ‘ਤੇ ਉਹਨਾਂ ਦੇ ਦਫ਼ਤਰ ‘ਚ ਟੈਸਟ ਲਿਆ ਗਿਆ ਸੀ। ਰਿਪੋਰਟ ਆਉਣ ‘ਤੇ ਉਹਨਾਂ ਦਾ ਟੈਸਟ ਪੌਜੇਟਿਵ ਨਿੱਕਲਿਆ ਹੈ। ਉਹਨਾਂ ਕਿਹਾ ਕਿ ਉਹ ਇਕਾਂਤਵਾਸ ‘ਚ ਹਨ ਪਰ ਵੀਡੀਓ ਕਾਨਫਰੰਸਿੰਗ ਰਾਂਹੀਂ ਸਰਕਾਰ ਦੀ ਅਗਵਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਤੋਂ ਬਾਅਦ ਦੇਸ਼ ਦੇ ਸਿਹਤ ਸਕੱਤਰ ਮੈਟ ਹੈਨਕਾਕ ਦਾ ਵੀ ਟੈਸਟ ਪੌਜੇਟਿਵ ਆਉਣ ਦਾ ਸਮਾਚਾਰ ਹੈ। ਉਹ ਵੀ ਆਪਣੇ ਘਰ ਵਿੱਚ ਇਕਾਂਤਵਾਸ ਹੰਢਾ ਰਹੇ ਹਨ। ਜ਼ਿਕਰਯੋਗ ਹੈ ਕਿ ਬਰਤਾਨੀਆ ਭਰ ਵਿੱਚ ਕੋਰੋਨਾਵਾਇਰਸ ਦਾ ਪਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਮੌਤਾਂ ਦਾ ਅੰਕੜਾ ਵੀ 578 ਤੋਂ ਪਾਰ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਰਾਹੀਂ ਲੋਕਾਂ ਨੂੰ ਘਰਾਂ ‘ਚ ਰਹਿ ਕੇ ਆਪਣਾ ਤੇ ਸਮਾਜ ਦਾ ਖਿਆਲ ਰੱਖਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਇਸ ਮਹਾਂਮਾਰੀ ਨਾਲ ਲੜਨ ਲਈ ਸਾਨੂੰ ਸਭ ਨੂੰ ਆਪਸੀ ਸਹਿਯੋਗ ਦੀ ਬੇਹੱਦ ਲੋੜ ਹੈ। ਅਸੀਂ ਸਾਵਧਾਨੀ ਅਤੇ ਹਦਾਇਤਾਂ ਦੀ ਪਾਲਣਾ ਨਾਲ ਇਸ ਮਹਾਂਮਾਰੀ ਨੂੰ ਵੀ ਹਰਾ ਦੇਵਾਂਗੇ।