ਮਨਦੀਪ ਕੌਰ ਭੰਮਰਾ
ਕਦਮਾਂ ਵਿੱਚ ਭੱਖੜੇ ਹੋਣ ਤੇ ਚਾਹੇ ਫੁੱਲਾਂ ‘ਤੇ ਤੁਰੀਂ,
ਮਟਕ ਪਰ ਕਾਇਮ ਰੱਖੀਂ ਬੇਸ਼ੱਕ ਸੂਲ਼ਾਂ ‘ਤੇ ਤੁਰੀਂ,
ਹੁਸਨ ਇਸ ਕਾਇਨਾਤ ਦਾ ਤੂੰ ਸੁਰਤ ਵਿੱਚ ਰੱਖੀਂ,
ਕੋਸ਼ਿਸ਼ ਕਰੀਂ ਤੇ ਅਕਸਰ ਹੀ ਤੂੰ ਅਸੂਲਾਂ ‘ਤੇ ਤੁਰੀਂ!

ਮੰਨਿਆ ਕਿ ਇਹ ਪੰਧ ਬੜਾ ਹੀ ਮੁਸ਼ਕਲ ਹੁੰਦਾ ਏ,
ਗੱਲ ਅਸੂਲ ਦੀ ਨੂੰ ਕਰਨਾ ਬੜਾ ਆਸਾਨ ਹੁੰਦਾ ਏ,
ਅਸਲ ਜ਼ਿੰਦਗੀ ਵਿੱਚ ਤਾਂ ਬੜੀ ਹੀ ਜੰਗ ਹੁੰਦੀ ਏ,
ਭਾਵਨਾਵਾਂ ਸੰਗ ਬੌਧਿਕਤਾ ਦਾ ਸਾਮ੍ਹਣਾ ਹੁੰਦਾ ਏ।
ਜੀਵਨ ਦੇ ਹਰ ਮੋੜ ‘ਤੇ ਮੁਸ਼ਕਲਾਂ ਮਿਲ਼ਦੀਆਂ ਹਨ,
ਅੜਚਨਾਂ ਹੀ ਸਦਾ ਇਨਸਾਨ ਨੂੰ ਸਿਖਾਂਦੀਆਂ ਹਨ,
ਜਾਵਣ ਲਈ ਪਾਰ ਹੌਸਲਾ ਬੁਲੰਦ ਰੱਖਣਾ ਪੈਂਦਾ ਹੈ,
ਮੁਸੀਬਤਾਂ ਤਾਂ ਹਰ ਵਕਤ ਤਿਆਰ ਰਹਿੰਦੀਆਂ ਹਨ।
ਜ਼ਿੰਦਗੀ ਤੋਰਨ ਲਈ ਅਕਲ ਲਤੀਫ਼ ਹੋਣਾ ਹੁੰਦਾ ਏ,
ਜਜ਼ਬਿਆਂ ਨਾਲ਼ ਪਰੁੱਚ ਬੰਦਾ ਬੱਸ ਖੁਆਰ ਹੁੰਦਾ ਏ,
ਸਮਝ ਬੜੀ ਦੇਰ ਨਾਲ਼ ਆਉਂਦੀ ਪਰ ਆ ਜਾਂਦੀ ਏ,
ਆਖਰ ਤਾਂ ਬੰਦਾ ਹੈ ਨਾ ਅਖੀਰ ਜੁ ਤਿਆਰ ਹੁੰਦਾ ਏ।
ਡੁਲ੍ਹਿਆਂ ਬੇਰਾਂ ਦਾ ਕੁੱਝ ਨਹੀਂ ਵਿਗੜਦਾ ਕਦੇ ਹੁੰਦਾ,
ਜਿਉਣ ਦਾ ਢੰਗ ਆ ਜਾਵੇ ਬੰਦਾ ਕਾਮਯਾਬ ਹੁੰਦਾ,
ਭਰੋਸਾ ਰੱਖ ਡੌਲ਼ਿਆਂ ‘ਤੇ ਜੁ ਨਿੱਤਰ ਪੈਂਦੇ ਹਨ ਬੰਦੇ,
ਇੱਕਦਿਨ ‘ਅਕੀਦਾ’ਉਹਨਾਂ ਦਾ ਹੀ ਪ੍ਰਵਾਨ ਹੁੰਦਾ।